ਕਬਜ਼ ਤੇ ਅੰਤੜੀ ਸੋਜ਼ ਕਿਉਂ ਤੇ ਇਲਾਜਅੰਤੜੀ ਦੀ ਸੋਜ਼ : ਅੰਤੜੀ ਦਾ ਰੋਗ ਸਾਡੇ ਪੇਟ ਵਿਚ ਇਕ ਤਰ੍ਹਾਂ ਨਾਲ ਅੰਤੜੀਆਂ ਦੀ ਸੋਜ਼ ਦਾ ਸਿੱਟਾ ਹੈ | ਸਾਡੇ ਪੇਟ ਵਿਚ ਕੀਟਾਣੂ ਗੰਦੇ ਪਾਣੀ ਦੁਆਰਾ ਚਲੇ ਜਾਂਦੇ ਹਨ | ਇਹ ਕੀਟਾਣੂ ਪੇਟ ਅੰਦਰ ਜਾ ਕੇ ਅੰਤੜੀਆਂ ਦੇ ਆਸ-ਪਾਸ ਲੱਗੀ ਝਿੱਲੀ ਅਤੇ ਅੰਤੜੀਆਂ ਵਿਚ ਜਾ ਕੇ ਪਨਪਦੇ ਹਨ, ਜਿਸ ਕਰਕੇ ਅੰਤੜੀਆਂ ਵਿਚ ਸੋਜ਼ ਆ ਜਾਂਦੀ ਹੈ | ਵਿਅਕਤੀ ਅੰਤੜੀ ਦਾ ਰੋਗੀ ਹੋ ਜਾਂਦਾ ਹੈ | ਮਰੀਜ਼ ਨੂੰ ਕਈ ਵਾਰ ਪਖਾਨਾ, ਪਖਾਨੇ ਨਾਲ ਲੇਸ ਤੇ ਖ਼ੂਨ ਆਉਂਦਾ ਹੈ | ਜੀਭ 'ਤੇ ਚਿੱਟੀ ਪਰਤ ਤੇ ਪੇਟ ਦਰਦ ਹੁੰਦਾ ਹੈ | ਅੰਤੜੀ ਦੇ ਮਰੀਜ਼ ਨੂੰ ਕਈ ਵਾਰ ਬਹੁਤ ਪਖਾਨਾ ਆਉਂਦਾ ਹੈ | ਵਾਰ-ਵਾਰ ਪਖਾਨੇ ਨਾਲ ਲੇਸ ਤੇ ਚਰਬੀ ਵੀ ਆਉਂਦੀ ਹੈ | ਪਰ ਕਈ ਵਾਰ ਤੇਜ਼ ਦਰਦ ਵੀ ਹੁੰਦਾ ਹੈ | ਪਖਾਨੇ ਨਾਲ ਹਲਕਾ ਖੂਨ ਵੀ ਨਿਕਲਦਾ ਹੈ | ਜਦ ਅੰਤੜੀਆਂ ਦੀ ਅੰਦਰਲੀ ਝਿੱਲੀ ਸੜ ਜਾਂਦੀ ਹੈ ਤਾਂ ਲੇਸ ਬਣ ਕੇ ਨਿਕਲਦੀ ਹੈ | ਪੇਟ ਵਿਚ ਕੁਝ ਨਹੀਂ ਪਚਦਾ ਅਤੇ ਜਦੋਂ ਵੀ ਅਸੀਂ ਕੁਝ ਖਾਂਦੇ ਹਾਂ ਤਾਂ ਪੇਟ ਵਿਚ ਹਲਕਾ ਦਰਦ ਉੱਠਦਾ ਹੈ | ਦਿਲ ਘਬਰਾਉਂਦਾ ਹੈ ਤੇ ਉਲਟੀ ਆਉਣ ਨਾਲ ਸਰੀਰ ਵਿਚ ਪਾਣੀ ਦੀ ਘਾਟ ਹੋ ਜਾਂਦੀ ਹੈ |

ਇਲਾਜ : ਇਸ ਬਿਮਾਰੀ ਤੋਂ ਬਚਣ ਲਈ ਸਾਫ਼-ਸੁਥਰਾ ਪਾਣੀ ਉਬਾਲ ਕੇ, ਠੰਢਾ ਕਰਕੇ ਪੀਓ | ਆਪਣੇ ਆਲੇ-ਦੁਆਲੇ ਦੇ ਵਾਤਾਵਰਨ ਨੂੰ ਸਾਫ-ਸੁਥਰਾ ਰੱਖੋ | ਪਾਣੀ ਵਿਚ ਕਲੋਰੀਨ ਦੀਆਂ ਗੋਲੀਆਂ ਦੀ ਵਰਤੋਂ ਕਰੋ, ਜਿਨ੍ਹਾਂ ਇਲਾਕਿਆਂ ਵਿਚ ਇਹ ਬਿਮਾਰੀ ਹੋਵੇ, ਕੁਝ ਦੇਰ ਉਸ ਇਲਾਕੇ ਦਾ ਪਾਣੀ ਨਾ ਵਰਤੋ | ਹੈਾਡ ਪੰਪ ਦੁਆਰਾ ਪਾਣੀ ਖਿੱਚਣ ਨਾਲ ਸੀਵਰੇਜ ਦੀਆਂ ਨਾਲੀਆਂ ਦਾ ਪਾਣੀ 'ਤੇ ਜ਼ੋਰ ਪੈਣ ਨਾਲ ਕੀਟਾਣੂ ਤੇ ਗੰਦਾ ਪਾਣੀ ਸਾਫ਼ ਪਾਣੀ ਨਾਲ ਮਿਲ ਜਾਂਦਾ ਹੈ | ਬਰਸਾਤ ਦੇ ਮੌਸਮ ਵਿਚ ਬਾਜ਼ਾਰ ਦੇ ਕੱਟੇ ਹੋਏ ਫਲ, ਜ਼ਿਆਦਾ ਪੱਕੇ ਹੋਏ ਫਲ ਤੇ ਕੱਟੀਆਂ ਸਬਜ਼ੀਆਂ ਨਾ ਵਰਤੋ | ਮੱਖੀਆਂ ਤੋਂ ਭੋਜਨ ਤੇ ਪਾਮੀ ਨੂੰ ਬਚਾ ਕੇ ਰੱਖੋ |
ਕਬਜ਼ ਕੀ ਹੈ : ਪਖਾਨਾ ਸਮੇਂ ਸਿਰ ਨਾ ਆਉਣਾ ਇਕ ਆਮ ਬਿਮਾਰੀ ਹੈ | ਕਬਜ਼ ਹੋਣ ਕਰਕੇ ਸਾਡੇ ਸਰੀਰ ਵਿਚ ਕਈ ਤਰ੍ਹਾਂ ਦੇ ਰੋਗ ਜਿਵੇਂ ਸਿਰਦਰਦ, ਪੇਟ ਵਿਚ ਹਲਕਾ ਦਰਦ, ਭੁੱਖ ਨਾ ਲੱਗਣਾ, ਸਰੀਰ ਸੁਸਤ ਤੇ ਪੇਟ ਵਿਚ ਅਫਾਰਾ ਤੇ ਗੈਸ ਬਣਨਾ ਆਦਿ ਹੋ ਸਕਦੇ ਹਨ | ਜਦੋਂ ਵੀ ਕਿਸੇ ਦੀ ਪਖਾਨਾ ਜਾਣ ਦੀ ਆਦਤ ਵਿਚ ਤਬਦੀਲੀ ਹੋ ਜਾਵੇ ਤਾਂ ਉਸ ਨੂੰ ਕਬਜ਼ ਦੀ ਤਕਲੀਫ਼ ਕਿਹਾ ਜਾਂਦਾ ਹੈ | ਸਾਡੇ ਲੋਕਾਂ ਵਿਚ ਕਬਜ਼ ਬਾਰੇ ਕਈ ਵਾਰ ਗ਼ਲਤ ਧਾਰਨਾਵਾਂ ਹਨ |
ਜੇਕਰ ਕਿਸੇ ਆਮ ਕਰਕੇ ਦੋ ਜਾਂ ਤਿੰਨ ਵਾਰ ਪਖਾਨਾ ਆਉਂਦਾ ਹੈ ਤਾਂ ਫਿਰ ਪਖਾਨਾ ਆਉਣ ਵੇਲੇ ਸਮਾਂ ਜ਼ਿਆਦਾ ਲਗਦਾ ਹੈ ਜਾਂ ਸਖ਼ਤ ਪਖਾਨਾ ਆਉਂਦਾ ਹੈ ਤਾਂ ਇਹ ਕੋਈ ਕਬਜ਼ ਦੀ ਨਿਸ਼ਾਨੀ ਨਹੀਂ | ਆਮ ਤੌਰ 'ਤੇ ਜਿਸ ਤਰ੍ਹਾਂ ਦਾ ਅਸੀਂ ਭੋਜਨ ਕਰਦੇ ਹਾਂ, ਉਸੇ ਤਰ੍ਹਾਂ ਦਾ ਹੀ ਮਲ ਪਦਾਰਥ ਸਾਡੇ ਸਰੀਰ ਅੰਦਰੋਂ ਬਾਹਰ ਨਿਕਲਦਾ ਹੈ | ਉਦਾਹਰਨ ਦੇ ਤੌਰ 'ਤੇ ਜੇ ਕਿਸੇ ਨੂੰ ਪਿਛਲੇ 8-10 ਸਾਲਾਂ ਤੋਂ 2-3 ਦਿਨ ਬਾਅਦ ਪਖਾਨਾ ਜਾਣ ਦੀ ਆਦਤ ਹੋਵੇ ਤਾਂ ਇਸ ਨੂੰ ਅਸੀਂ ਕਬਜ਼ ਦੀ ਤਕਲੀਫ਼ ਕਹਿ ਸਕਦੇ ਹਾਂ |
ਕਾਰਨ : ਅੱਜ ਦੇ ਇਸ ਲੇਖ ਵਿਚ ਅਸੀਂ ਕਬਜ ਦੇ ਕਾਰਨਾਂ ਤੇ ਉਸ ਦੇ ਇਲਾਜ ਬਾਰੇ ਜਾਣਕਾਰੀ ਦੇਵਾਂਗੇ | ਕਬਜ਼ ਦੇ ਇਲਾਜ ਲਈ ਕਬਜ਼ ਦੇ ਕਾਰਨਾਂ ਦੀ ਜਾਣਕਾਰੀ ਹੋਣਾ ਜ਼ਰੂਰੀ ਹੈ | ਜਿਹੜਾ ਵੀ ਕਬਜ਼ ਦਾ ਕਾਰਨ ਹੈ, ਜੇਕਰ ਉਸ ਤੋਂ ਛੁਟਕਾਰਾ ਮਿਲ ਜਾਵੇ ਤਾਂ ਕਬਜ਼ ਦਾ ਇਲਾਜ ਗਿਣਿਆ ਜਾਂਦਾ ਹੈ |
ਭੋਜਨ : ਸੁੱਕਾ ਭੋਜਨ ਖਾਣ ਕਰਕੇ ਭੋਜਨ ਪਦਾਰਥਾਂ ਵਿਚ ਤਰਲ ਪਦਾਰਥਾਂ ਦੀ ਕਮੀ | • ਭੋਜਨ ਵਿਚ ਹਰੀਆਂ ਸਬਜ਼ੀਆਂ 'ਤੇ ਸਲਾਦ ਦੀ ਕਮੀ |
ਅੰਤੜੀਆਂ ਦਾ ਘੱਟ ਕੰਮ ਕਰਨਾ : • ਜੋ ਲੋਕ ਜ਼ਿਆਦਾ ਚਿਰ ਬੈਠ ਕੇ ਕੰਮ ਕਰਦੇ ਹਨ, ਦਫ਼ਤਰ ਵਿਚ ਜਾਂ ਕਿਤੇ ਹੋਰ ਤਾਂ ਜ਼ਿਆਦਾ ਬੈਠਣ ਨਾਲ ਵੀ ਕਬਜ਼ ਹੋ ਜਾਂਦੀ ਹੈ | • ਚਿੰਤਾ, ਜ਼ਿਆਦਾ ਸੋਚਣਾ, ਨਾਜ਼ੁਕ ਜਿਹੇ ਸੁਭਾਅ ਦਾ ਹੋਣਾ | • ਅੰਤੜੀਆਂ ਜਾਂ ਪੇਟ ਦੀਆਂ ਮਾਸਪੇਸ਼ੀਆਂ ਦਾ ਕਮਜ਼ੋਰ ਹੋਣਾ, ਕਈ ਤਰ੍ਹਾਂ ਦੀਆਂ ਦਵਾਈਆਂ ਜਿਵੇਂ ਦਰਦ ਨਿਵਾਰਕ ਗੋਲੀਆਂ ਦੀ ਵਰਤੋਂ, ਅਫੀਮ ਜਾਂ ਹੋਰ ਨਸ਼ੇ ਜਾਂ ਜ਼ਿਆਦਾ ਆਇਰਨ ਦੀਆਂ ਗੋਲੀਆਂ ਖਾਣ ਕਰਕੇ ਵੀ ਕਬਜ ਹੋ ਜਾਂਦੀ ਹੈ |
ਭੋਜਨ ਹਜ਼ਮ ਕਰਨ ਵਾਲੇ ਤੱਤਾਂ ਦੀ ਕਮੀ : • ਜਿਗਰ ਦੀ ਕਮਜ਼ੋਰੀ ਕਰਕੇ, • ਜ਼ਿਆਦਾ ਉਲਟੀਆਂ ਆਉਣ ਕਰਕੇ, • ਸਰੀਰ ਵਿਚ ਚਮੜੀ ਰਾਹੀਂ ਜਾਂ ਗੁਰਦੇ ਰਾਹੀਂ ਜ਼ਿਆਦਾ ਪਾਣੀ ਦੀ ਮਾਤਰਾ ਨਿਕਲਣ ਕਰਕੇ ਵੀ ਕਬਜ਼ ਹੋ ਜਾਂਦੀ ਹੈ |
ਲੱਛਣ : • ਕਬਜ਼ ਵਾਲੇ ਮਰੀਜ਼ ਨੂੰ ਸਿਰਦਰਦ, ਕਮਜ਼ੋਰੀ, ਸਰੀਰ ਸੁਸਤ, ਚਿੰਤਾ ਆਦਿ ਦੀ ਤਕਲੀਫ਼ ਬਹੁਤ ਹੁੰਦੀ ਹੈ | • ਮਰੀਜ਼ ਇਸ ਤਕਲੀਫ਼ ਬਾਰੇ ਜਿੰਨਾ ਸੋਚਦਾ ਹੈ, ਤਕਲੀਫ਼ ਵੱਧ ਜਾਂਦੀ ਹੈ • ਮਰੀਜ਼ ਦੀ ਜੀਭ ਹਰ ਵੇਲੇ ਸੁੱਕੀ ਰਹਿੰਦੀ ਹੈ | • ਕਈ ਵਾਰ ਮਰੀਜ਼ ਨੂੰ ਕਬਜ਼ ਨਾਲ ਬਵਾਸੀਰ ਵੀ ਹੋ ਜਾਂਦੀ ਹੈ |