24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਮੋਬਾਈਲ ਦੀ ਚਮਕ ਤੇ ਜੰਕ ਫੂਡ ਦਾ ਸੁਆਦ : ਕਿੱਧਰ ਜਾ ਰਿਹਾ ਸਾਡਾ ਬਚਪਨ?

ਮੋਬਾਈਲ ਦੀ ਚਮਕ ਤੇ ਜੰਕ ਫੂਡ ਦਾ ਸੁਆਦ : ਕਿੱਧਰ ਜਾ ਰਿਹਾ ਸਾਡਾ ਬਚਪਨ?

Ad Position 21
No active advertisement
ਅਜੀਤ ਡੈਸਕ 25-09-2026

ਬੱਚਿਆਂ ਦੇ ਹੱਥਾਂ 'ਚ ਕਿਤਾਬਾਂ ਤੇ ਖਿਡੌਣਿਆਂ ਦੀ ਥਾਂ ਮੋਬਾਈਲ, ਖਾਣੇ ਦੀ ਮੇਜ਼ 'ਤੇ ਘਰ ਦੇ ਭੋਜਨ ਦੀ ਥਾਂ ਜੰਕ ਫੂਡ ਕੀ ਅਸੀਂ ਆਧੁਨਿਕਤਾ ਦੇ ਨਾਂ 'ਤੇ ਆਪਣੇ ਬੱਚਿਆਂ ਤੋਂ ਉਨ੍ਹਾਂ ਦਾ ਸਿਹਤਮੰਦ ਬਚਪਨ ਤਾਂ ਨਹੀਂ ਖੋਹ ਰਹੇ? ਕਦੇ ਬਚਪਨ ਦਾ ਮਤਲਬ ਗਲੀਆਂ 'ਚ ਦੌੜਦੇ, ਪਾਰਕਾਂ 'ਚ ਖੇਡਦੇ ਬੱਚਿਆਂ ਦੇ ਟੋਲੇ, ਮਿੱਟੀ ਨਾਲ ਲਿੱਬੜੇ ਕੱਪੜਿਆਂ ਕਰਕੇ ਮਾਂ ਦੀਆਂ ਝਿੜਕਾਂ ਤੇ ਅਗਲੇ ਦਿਨ ਮੁੜ ਖੇਡਣ ਦੀ ਉਡੀਕ ਹੁੰਦੀ ਸੀ | ਪਰ ਅੱਜ ਤਸਵੀਰ ਬਦਲ ਗਈ ਹੈ | ਬੱਚੇ ਪਰਿਵਾਰ ਵਿਚਕਾਰ ਬੈਠੇ ਹਨ, ਪਰ ਗੱਲਬਾਤ ਸਕਰੀਨ ਨਾਲ ਕਰ ਰਹੇ ਹਨ | ਉਨ੍ਹਾਂ ਦੇ ਇਕ ਹੱਥ ਵਿੱਚ ਮੋਬਾਈਲ ਹੈ ਤੇ ਦੂਜੇ 'ਚ ਚਿਪਸ ਦਾ ਪੈਕਟ, ਬਰਗਰ ਜਾਂ ਫ੍ਰੈਂਚ ਫਰਾਈਜ਼ ਹਨ | ਇਹ ਸਾਡੇ ਸਮਾਜ ਦੀ ਬਦਲ ਰਹੀ ਜੀਵਨ-ਸ਼ੈਲੀ ਦਾ ਉਹ ਚਿਹਰਾ ਹੈ, ਜਿਸ ਨੂੰ  ਦੇਖ ਕੇ ਹੁਣ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ |

ਸਵਾਲ ਇਹ ਨਹੀਂ ਕਿ ਮੋਬਾਈਲ ਮਾੜਾ ਹੈ ਜਾਂ ਜੰਕ ਫੂਡ ਜ਼ਹਿਰ ਹੈ | ਦਰਅਸਲ ਸਵਾਲ ਅਸੀਂ ਇਨ੍ਹਾਂ ਦੋਵਾਂ ਨੂੰ  ਆਪਣੇ ਬੱਚਿਆਂ ਦੀ ਜ਼ਿੰਦਗੀ 'ਚ ਇੰਨੀ ਜਗ੍ਹਾ ਦੇ ਦਿੱਤੀ ਹੈ ਕਿ ਬਚਪਨ ਦੀਆਂ ਸਭ ਚੰਗੀਆਂ  ਚੀਜ਼ਾਂ ਪਿੱਛੇ ਛੁੱਟ ਰਹੀਆਂ ਹਨ | ਤਕਨਾਲੋਜੀ ਨੇ ਸਾਡੀ ਜ਼ਿੰਦਗੀ ਬਦਲ ਦਿੱਤੀ ਹੈ | ਮੋਬਾਈਲ ਫੋਨ ਅੱਜ ਜਾਣਕਾਰੀ, ਸਿੱਖਿਆ, ਸੰਚਾਰ ਤੇ ਮਨੋਰੰਜਨ ਦਾ ਮਹੱਤਵਪੂਰਨ ਸਾਧਨ ਹੈ | ਪਰ ਜਦੋਂ ਇਹ ਸਾਧਨ ਬੱਚੇ ਦੀ ਲੋੜ ਦੀ ਬਜਾਏ ਹਰ ਵੇਲੇ ਦੀ ਮੰਗ ਬਣ ਜਾਵੇ ਤਾਂ ਸੋਚਣਾ ਪਵੇਗਾ | ਛੋਟੇ ਬੱਚੇ ਦੇ ਰੋਣ 'ਤੇ ਮੋਬਾਈਲ ਦੇ ਦੇਣਾ, ਰੋਟੀ ਨਾ ਖਾਣ 'ਤੇ ਵੀਡੀਓ ਚਲਾ ਦੇਣੀ | ਬੱਚੇ ਦੇ ਸ਼ਰਾਰਤ ਕਰਨ ਜਾਂ ਬਾਹਰ ਜਾਣ ਦੀ ਜ਼ਿਦ ਕਰਨ 'ਤੇ ਮੋਬਾਈਲ ਹੱਥ ਵਿਚ ਫੜਾ ਦੇਣਾ ਮਾਪਿਆਂ ਲਈ ਸਹੂਲਤ ਤੇ ਬੱਚੇ ਦੀ ਆਦਤ ਬਣ ਗਈ ਅਤੇ ਫਿਰ ਇਸ ਆਦਤ ਨੇ ਨਿਰਭਰਤਾ ਦਾ ਰੂਪ ਧਾਰ ਲਿਆ | ਅੱਜਕਲ੍ਹ ਸਰੀਰਕ ਖੇਡਾਂ ਦੀ ਥਾਂ ਆਨਲਾਈਨ ਗੇਮਾਂ ਨੇ ਲੈ ਲਈ ਹੈ | ਬੱਚੇ ਇੱਕਠੇ ਬੈਠੇ ਵੀ ਗੱਲਬਾਤ ਕਰਨ ਦੀ ਥਾਂ ਚੈਟ ਕਰਨ ਤੇ ਵੀਡੀਓ ਦੇਖਣ 'ਚ ਰੁੱਝੇ ਰਹਿੰਦੇ ਹਨ | ਇਸ ਬਦਲਾਅ ਕਾਰਨ ਬੱਚੇ ਦੀ ਰੋਜ਼ਾਨਾ ਸਰੀਰਕ ਸਰਗਰਮੀ ਘਟ ਰਹੀ ਹੈ, ਬੱਚੇ ਦਾ ਦੌੜਨਾ, ਖੇਡਣਾ, ਡਿਗਣਾ, ਉੱਠਣਾ ਜ਼ਰੂਰੀ ਹੈ  |
ਬੱਚਿਆਂ ਦੀ ਖੁਰਾਕ ਵੀ ਤੇਜ਼ੀ ਨਾਲ ਬਦਲੀ ਹੈ, ਘਰ ਦੇ ਬਣੇ ਪਰੌਂਠੇ, ਸਬਜ਼ੀ, ਦਾਲ, ਦਹੀਂ, ਫਲ ਤੇ ਹੋਰ ਪੌਸ਼ਟਿਕ ਖਾਣਿਆਂ ਦੀ ਥਾਂ ਬਾਜ਼ਾਰ ਦੇ ਚਟਪਟੇ ਖਾਣੇ ਬੱਚਿਆਂ ਦੀ ਪਸੰਦ ਬਣ ਰਹੇ ਹਨ | ਬਰਗਰ, ਪੀਜ਼ਾ, ਫ੍ਰੈਂਚ ਫਰਾਈਜ਼, ਚਿਪਸ, ਨੂਡਲਜ਼, ਪੈਕਟ ਵਾਲੇ ਸਨੈਕਸ, ਕੋਲਡ ਡਰਿੰਕ ਹੁਣ ਕਦੇ-ਕਦਾਈਾ ਦੀ 'ਟ੍ਰੀਟ' ਦੀ ਬਜਾਏ ਬੱਚਿਆਂ ਦੇ ਰੋਜ਼ਾਨਾ ਜੀਵਨ ਦਾ ਹਿੱਸਾ ਬਣ ਰਹੇ ਹਨ | ਬਾਜ਼ਾਰ ਵੀ ਬੱਚਿਆਂ ਦੀ ਪਸੰਦ ਨੂੰ  ਮਜ਼ਬੂਤ ਕਰਨ ਲਈ ਰੰਗੀਨ ਪੈਕਿੰਗ, ਕਾਰਟੂਨ ਕਿਰਦਾਰ, ਆਕਰਸ਼ਕ ਇਸ਼ਤਿਹਾਰ ਤੇ ਸੋਸ਼ਲ ਮੀਡੀਆ ਦੀ ਚਮਕਦਾਰ ਦੁਨੀਆ ਬੱਚੇ ਦੇ ਮਨ ਨੂੰ  ਅਜਿਹਾ ਪ੍ਰਭਾਵਿਤ ਕਰਦੀ ਹੈ, ਕਿ ਉਨ੍ਹਾਂ ਨੂੰ  ਘਰ ਦਾ ਸਾਦਾ ਖਾਣਾ ਚੰਗਾ ਨਹੀਂ ਲਗਦਾ | ਅੱਜ ਮਾਪਿਆਂ ਨੂੰ  ਬੱਚਿਆਂ ਦੇ ਵਧਦੇ ਵਜ਼ਨ, ਖਾਣ-ਪੀਣ ਦੀਆਂ ਗਲਤ ਆਦਤਾਂ, ਨੀਂਦ ਦੀ ਰੁਟੀਨ ਅਤੇ ਸਰੀਰਕ ਸਰਗਰਮੀ ਦੀ ਕਮੀ ਸਾਵਧਾਨ ਹੋਣ ਦੀ ਲੋੜ ਹੈ | 
ਬੱਚਾ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਸਕੂਲ ਵਿਚ ਬਿਤਾਉਂਦਾ ਹੈ | ਸਕੂਲਾਂ ਦੀ ਜ਼ਿੰਮੇਵਾਰੀ ਸਿਰਫ਼ ਪਾਠਕ੍ਰਮ ਪੂਰਾ ਕਰਨ ਤੱਕ ਸੀਮਿਤ ਨਹੀਂ, ਉਨ੍ਹਾਂ ਨੂੰ  ਬੱਚਿਆਂ ਨੂੰ  ਸਿਹਤਮੰਦ ਖੁਰਾਕ, ਸਰੀਰਕ ਸਰਗਰਮੀ ਤੇ ਡਿਜੀਟਲ ਸੰਤੁਲਨ ਬਾਰੇ ਉਮਰ ਦੇ ਅਨੁਸਾਰ ਸਿੱਖਿਆ ਦੇਣੀ ਪਵੇਗੀ | ਸਕੂਲ ਕੈਂਟੀਨਾਂ ਤੇ ਆਲੇ-ਦੁਆਲੇ ਮਿਲਣ ਵਾਲੇ ਖਾਣਿਆਂ ਬਾਰੇ ਵੀ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ | ਆਧੁਨਿਕ ਹੋਣ ਦਾ ਮਤਲਬ ਇਹ ਨਹੀਂ ਕਿ ਅਸੀਂ ਕੁਦਰਤੀ ਜੀਵਨ-ਸ਼ੈਲੀ ਨੂੰ  ਭੁੱਲ ਜਾਈਏ | ਜੇਕਰ ਮੋਬਾਈਲ ਤੇ ਇੰਟਰਨੈੱਟ ਜ਼ਰੂਰੀ ਹਨ ਤਾਂ ਖੇਡ ਮੈਦਾਨ ਵੀ ਜ਼ਰੂਰੀ ਹੈ | ਕਦੇ-ਕਦਾਈਾ ਪੀਜ਼ਾ ਹੋਵੇ, ਪਰ ਘਰ ਦੀ ਦਾਲ-ਸਬਜ਼ੀ ਹਮੇਸ਼ਾ ਰਹੇ |
ਜੇਕਰ ਅੱਜ ਬੱਚਿਆਂ ਦਾ ਬਚਪਨ ਮੋਬਾਈਲ ਦੀ ਸਕਰੀਨ ਤੇ ਜੰਕ ਫੂਡ ਦੇ ਪੈਕਟ ਵਿਚ ਸਿਮਟ ਕੇ ਰਹਿ ਗਿਆ ਤਾਂ ਕੱਲ੍ਹ ਸਾਨੂੰ ਉਨ੍ਹਾਂ ਦੀ ਸਿਹਤ ਦੀ ਕੀਮਤ ਚੁਕਾਉਣੀ ਪਵੇਗੀ | ਬਚਪਨ ਨੂੰ  ਵੱਡਾ ਹੋਣ ਤੇ ਸਿਹਤਮੰਦ ਇਨਸਾਨ ਬਣਨ ਲਈ ਸਮਾਂ ਚਾਹੀਦਾ ਹੈ | ਇਸ ਲਈ ਅੱਜ ਬੱਚੇ ਦੇ ਹੱਥੋਂ ਮੋਬਾਈਲ  ਖੋਹਣ ਦੀ ਬਜਾਏ ਉਸ ਦੇ ਹੱਥ ਵਿਚ ਗੇਂਦ ਵੀ ਦੇਈਏ | ਉਸ ਦੀ ਜੰਕ ਫੂਡ ਦੀ ਆਦਤ ਘਟਾਉਣ ਲਈ ਉਸ ਨੂੰ  ਸਿਹਤਮੰਦ ਖਾਣੇ ਦਾ ਸੁਆਦ ਵੀ ਸਿਖਾਈਏ | ਹੁਣ ਸਵਾਲ ਇਹ ਨਹੀਂ ਕਿ ਬੱਚੇ ਬਦਲਣਗੇ ਜਾਂ ਨਹੀਂ | ਸਵਾਲ ਇਹ ਹੈ ਕੀ ਅਸੀਂ ਵੱਡੇ ਆਪਣੇ ਆਪ ਨੂੰ  ਬਦਲਣ ਲਈ ਤਿਆਰ ਹਾਂ? 
 

-ਮਕਸੂਦਾਂ (ਜਲੰਧਰ) ਮੋਬਾ : 97803-89428

Ad Position 22
No active advertisement
ਪਿਛਲੀ ਖ਼ਬਰ ਉਥਲ-ਪੁਥਲ ਭਰੀ ਸਿਆਸਤ ਵਿਚ ਅਹਿਮ ਮੋੜ ਹੋ ਸਕਦੀਆਂ ਹਨ ਪੰਜਾਬ ਚੋਣਾਂ ਅਗਲੀ ਖ਼ਬਰ ਕਬਜ਼ ਤੇ ਅੰਤੜੀ ਸੋਜ਼ ਕਿਉਂ ਤੇ ਇਲਾਜ
Ad Position 24