27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਸਰਦੀਆਂ ਵਿਚ ਸੇਕੋ ਧੁੱਪ ਤੇ ਪੀਓ ਸੂਪ

ਸਰਦੀਆਂ ਵਿਚ ਸੇਕੋ ਧੁੱਪ ਤੇ ਪੀਓ ਸੂਪ

Ad Position 21
No active advertisement
ਅਜੀਤ ਡੈਸਕ 27-11-2026

ਠੰਢ ਵਿਚ ਸੂਰਜ ਦੀ ਧੁੱਪ ਨਾਲ ਹੱਡੀਆਂ ਅਤੇ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਜਦ ਕਿ ਫਲ-ਸਬਜ਼ੀਆਂ ਦੇ ਸੂਪ ਨਾਲ ਸਰੀਰ ਨੂੰ  ਸ਼ਕਤੀ ਮਿਲਦੀ ਹੈ | ਠੰਢ ਦੀ ਕੋਸੀ-ਕੋਸੀ ਧੁੱਪ ਨਾਲ ਜੋ ਅਨੰਦ ਮਿਲਦਾ ਹੈ, ਉਹੀ ਅਨੰਦ ਗਰਮਾ-ਗਰਮ ਸੂਪ ਪੀਣ ਨਾਲ ਵੀ ਮਿਲਦਾ ਹੈ | ਸੂਰਜ ਦੀ ਧੁੱਪ ਘਰ ਦੇ ਬਾਹਰ ਮਿਲਦੀ ਹੈ ਜਦ ਕਿ ਫਲ-ਸਬਜ਼ੀਆਂ ਦਾ ਸੂਪ ਘਰ ਦੇ ਅੰਦਰ ਮਿਲਦਾ ਹੈ |

ਸੂਰਜ ਦੀ ਧੁੱਪ ਵਿਟਾਮਿਨ 'ਡੀ' ਦੀ ਪੂਰਤੀ ਕਰਨ ਵਾਲਾ ਇਕਮਾਤਰ ਕੁਦਰਤੀ ਮੁਫ਼ਤ ਸਰੋਤ ਹੈ | ਇਹ ਸੂਰਜ ਦੀ ਧੁੱਪ ਵਿਚ ਹਮੇਸ਼ਾ ਮੌਜੂਦ ਰਹਿੰਦਾ ਹੈ ਪਰ ਠੰਢ ਦੇ ਸਮੇਂ ਦਿਨ ਭਰ ਅਤੇ ਗਰਮੀਆਂ ਵਿਚ ਸਵੇਰ ਦਾ ਸਮਾਂ ਇਸ ਦੀ ਪ੍ਰਾਪਤੀ ਲਈ ਬਿਹਤਰ ਸਮਾਂ ਹੁੰਦਾ ਹੈ |
ਠੰਢ ਵਿਚ 2 ਤੋਂ 3 ਘੰਟੇ ਦੀ ਧੁੱਪ ਨਾਲ ਅਤੇ ਗਰਮੀਆਂ ਵਿਚ ਸਵੇਰੇ 20 ਮਿੰਟ ਵਿਚ ਵਿਟਾਮਿਨ 'ਡੀ' ਸਾਨੂੰ ਭਰਪੂਰ ਮਾਤਰਾ ਵਿਚ ਮਿਲ ਜਾਂਦਾ ਹੈ | ਇਸ ਦੀ ਕਮੀ ਨਾਲ ਹੱਡੀਆਂ ਦੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ | ਇਸ ਦੀ ਕਮੀ ਨਾਲ ਸੋਕਾ ਰੋਗ, ਆਸਿਟੀਓਪੋਰੋਸਿਸ, ਉਦਾਸੀ ਅਤੇ ਵਜ਼ਨ ਵਧਣ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ |
ਸੂਰਜ ਦੀ ਧੁੱਪ ਤਾਂ ਹਮੇਸ਼ਾ ਬੈਕਟੀਰੀਆ ਅਤੇ ਰੋਗਾਣੂ ਨੂੰ  ਖ਼ਤਮ ਕਰਦੀ ਹੈ ਪਰ ਸਵੇਰੇ ਭਾਵ ਸੂਰਜ ਚੜ੍ਹਨ ਸਮੇਂ ਇਸ ਦੀਆਂ ਕਿਰਨਾਂ ਵਿਚ ਰੋਗ-ਪ੍ਰਤੀਰੋਧੀ ਸ਼ਕਤੀ ਜ਼ਿਆਦਾ ਹੁੰਦੀ ਹੈ | ਇਸ ਦੀਆਂ ਸਵੇਰੇ ਦੀਆਂ ਕਿਰਨਾਂ ਅਤੇ ਧੁੱਪ ਅਤੇ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ | ਟੀ.ਬੀ., ਖੂਨ ਦੀ ਕਮੀ, ਹੱਡੀਆਂ ਦੀ ਕਮਜ਼ੋਰੀ, ਚਮੜੀ ਰੋਗ, ਸਿਰ ਦਰਦ, ਖੰਘ, ਜੋੜਾਂ ਵਿਚ ਦਰਦ, ਸੋਕਾ ਰੋਗ, ਉਦਾਸੀ ਆਦਿ ਵੱਖ-ਵੱਖ ਤਰ੍ਹਾਂ ਦੇ ਸਰੀਰਕ ਵਿਕਾਰ ਖ਼ਤਮ ਹੋ ਜਾਂਦੇ ਹਨ |
ਵਿਟਾਮਿਨ 'ਡੀ' ਅਤੇ ਸੂਰਜ ਦੀ ਧੁੱਪ
ਮੱਛੀ, ਆਂਡਾ, ਮੱਛੀ ਦਾ ਤੇਲ ਆਦਿ ਤੋਂ ਪ੍ਰਾਪਤ ਹੋਣ ਵਾਲਾ ਵਿਟਾਮਿਨ 'ਡੀ' ਸਾਨੂੰ ਸੂਰਜ ਦੀ ਧੁੱਪ ਤੋਂ ਵੀ ਮਿਲਦਾ ਹੈ | ਇਸ ਵਿਚ ਸੂਰਜ ਦੀ ਧੁੱਪ ਤੋਂ ਹਾਸਿਲ ਵਿਟਾਮਿਨ 'ਡੀ' ਸਰਬੋਤਮ ਹੈ, ਜੋ ਸਭ ਨੂੰ  ਬਿਨਾਂ ਕੁਝ ਖ਼ਰਚ ਕੀਤਿਆਂ ਮਿਲ ਜਾਂਦਾ ਹੈ | ਇਸ ਨਾਲ ਦਿਲ ਦਾ ਦੌਰਾ ਅਤੇ ਸ਼ੂਗਰ ਦਾ ਖ਼ਤਰਾ ਘੱਟ ਹੁੰਦਾ ਹੈ | ਇਹ ਬੱਚਿਆਂ ਦੇ ਵਿਕਾਸ ਵਿਚ ਸਹਾਇਕ ਹੁੰਦਾ ਹੈ ਅਤੇ ਬਜ਼ੁਰਗਾਂ ਦੀ ਉਮਰ ਨੂੰ  ਵਧਾਉਂਦਾ ਹੈ | ਇਹ ਹੱਡੀਆਂ ਨੂੰ  ਮਜ਼ਬੂਤ ਕਰਨ ਤੋਂ ਇਲਾਵਾ ਸਿਹਤਮੰਦ ਦਿਮਾਗ਼ ਦੇ ਵਿਕਾਸ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ |
ਇਹ ਦਿਮਾਗੀ ਸੰਤੁਲਨ ਬਣਾਈ ਰੱਖਦਾ ਹੈ | ਇਹ ਲਾਭ ਗਰਭਵਤੀ ਔਰਤ ਦੇ ਗਰਭ 'ਚ ਬੱਚੇ ਨੂੰ  ਵੀ ਮਿਲਦਾ ਹੈ | ਇਸ ਨਾਲ ਖੂਨ ਦਾ ਥੱਕਾ ਜੰਮਣ ਦੀ ਸੰਭਾਵਨਾ ਨਾਂਹ ਦੇ ਬਰਾਬਰ ਹੁੰਦੀ ਹੈ | ਸੂਰਜ ਦੀ ਧੁੱਪ ਅਨੇਕ ਬਿਮਾਰੀਆਂ ਦੇ ਖ਼ਤਰੇ ਤੋਂ ਬਚਾ ਕੇ ਜੀਵਨ ਉਮਰ ਨੂੰ  ਵਧਾਉਂਦੀ ਹੈ | ਸੂਰਜੀ ਧੁੱਪ ਤੋਂ ਮਿਲੇ ਵਿਟਾਮਿਨ 'ਡੀ' ਨਾਲ ਭੋਜਨ ਦਾ ਕੈਲਸ਼ੀਅਮ ਮਿਲ ਕੇ ਹੱਡੀਆਂ ਤੇ ਮਾਸਪੇਸ਼ੀਆਂ ਨੂੰ  ਮਜ਼ਬੂਤ ਬਣਾਉਂਦਾ ਹੈ | 
ਸੂਰਜ ਦੀ ਧੁੱਪ ਸਿਹਤ ਸਮੱਸਿਆਵਾਂ ਨੂੰ  ਦੂਰ ਕਰਕੇ ਸਿਹਤਮੰਦ, ਨਿਰੋਗੀ ਤੇ ਲੰਮੀ ਉਮਰ ਬਣਾਉਂਦੀ ਹੈ | ਇਸ ਨਾਲ ਪਿੱਠ ਦਰਦ, ਲੱਕ ਦਰਦ, ਜੋੜਾਂ ਵਿਚ ਦਰਦ, ਲੱਕ ਝੁਕਾਉਣ ਦੀ ਸ਼ਿਕਾਇਤ ਘੱਟ ਹੁੰਦੀ ਹੈ | ਹੱਡੀਆਂ ਦੇ ਟੁੱਟਣ ਦਾ ਖ਼ਤਰਾ ਘੱਟ ਹੁੰਦਾ ਹੈ | ਹੱਡੀਆਂ ਛੇਤੀ ਜੁੜਦੀਆਂ ਹਨ | ਮਾਸਪੇਸ਼ੀਆਂ ਵਿਚ ਦਰਦ ਤੇ ਅੜਾਂਟਾ ਨਹੀਂ ਹੁੰਦੀ | ਦੰਦ ਸਿਹਤਮੰਦ ਅਤੇ ਮਜ਼ਬੂਤ ਹੁੰਦੇ ਹਨ | ਸੋਜ, ਮੋਟਾਪੇ ਤੋਂ ਮੁਕਤੀ ਮਿਲਦੀ ਹੈ |
ਸਰਦੀ ਵਿਚ ਸਵੇਰੇ ਸੂਰਜ ਚੜ੍ਹਨ ਤੋਂ 9 ਵਜੇ ਤੱਕ ਸੂਰਜ ਦੀ ਧੁੱਪ ਲੈ ਸਕਦੇ ਹੋ | ਇਹ ਲਾਭ 5 ਮਿੰਟ ਤੋਂ ਅੱਧੇ ਘੰਟੇ ਦੀ ਧੁੱਪ ਤੋਂ ਮਿਲ ਸਕਦਾ ਹੈ | ਇਹ ਰੋਗ ਪ੍ਰਤੀਰੋਧੀ ਸ਼ਕਤੀ ਵਧਾ ਕੇ ਅਨੇਕ ਬਿਮਾਰੀਆਂ ਤੋਂ ਬਚਾਉਂਦਾ ਹੈ ਪਰ ਸੂਰਜ ਦੀ ਜ਼ਿਆਦਾ ਧੁੱਪ ਸੇਕਣ ਜਾਂ ਤਿੱਖੀ ਧੁੱਪ ਨਾਲ ਚਮੜੀ ਝੁਲਸ ਕੇ ਕਾਲੀ ਪੈ ਜਾਂਦੀ ਹੈ | ਕਾਲੇ ਤੇ ਲਾਲ ਚਕੱਤੇ ਹੋ ਜਾਂਦੇ ਹਨ | ਇਸ ਦੀਆਂ ਪੈਰਾਬੈਂਗਨੀ ਕਿਰਨਾਂ ਦੀ ਜ਼ਿਆਦਾ ਮਾਤਰਾ ਨਾਲ ਚਮੜੀ ਦਾ ਕੈਂਸਰ ਹੋਣ ਦਾ ਖ਼ਤਰਾ ਵੀ ਰਹਿੰਦਾ ਹੈ, ਇਸ ਤੋਂ ਬਚਣ ਲਈ ਸਵੇਰ ਦੀ ਮੱਠੀ-ਮੱਠੀ ਧੁੱਪ ਦਾ ਲਾਭ ਲਓ | ਕਿਸੇ ਵੀ ਮੌਸਮ ਵਿਚ ਤਿੱਖੀ ਧੁੱਪ ਹੋਵੇ, ਉਦੋਂ ਇਸ ਤੋਂ ਬਚਣ ਦੀ ਕੋਸ਼ਿਸ਼ ਕਰੋ |
ਫਲ-ਸਬਜ਼ੀਆਂ ਦਾ ਸੂਪ
ਸਰੀਰ ਨੂੰ  ਸ਼ਕਤੀ ਦੇਣ ਵਿਚ ਸੂਪ ਸਿੱਧਾ ਮਾਧਿਅਮ ਹੈ | ਠੰਢ ਵਿਚ ਸਾਗ-ਸਬਜ਼ੀਆਂ ਦੀ ਬਹਾਰ ਰਹਿੰਦੀ ਹੈ, ਇਸ ਮੌਸਮ ਵਿਚ ਇਨ੍ਹਾਂ ਦੇ ਸੂਪ ਵੀ ਜ਼ਰੂਰ ਵਰਤੋ | ਦਾਲਾਂ ਦਾ ਪਤਲਾ ਸੂਪ ਜਾਂ ਚੌਲਾਂ ਨੂੰ  ਜ਼ੀਰਾ ਆਦਿ ਨਾਲ ਤੜਕਾ ਲਗਾ ਕੇ ਸਵਾਦ ਅਨੁਸਾਰ ਹਲਕਾ ਸੇਂਧਾ ਨਮਕ ਪਾ ਕੇ, ਹਲਕੀ ਗਰਮ ਸਥਿਤੀ ਵਿਚ ਹੌਲੀ-ਹੌਲੀ ਪੀਓ | ਸਾਗ-ਸਬਜ਼ੀਆਂ ਨੂੰ  ਕੁੱਕਰ ਵਿਚ ਹਲਕਾ ਉਬਾਲ ਕੇ ਉਸ ਵਿਚ ਮਸਲੋ ਅਤੇ ਮਿਕਸੀ ਨਾਲ ਇਕਸਾਰ ਕਰ ਲਓ | ਫਿਰ ਉਸ ਨੂੰ  ਸਵਾਦ ਅਨੁਸਾਰ ਪੀਓ | ਕੁਝ ਲੋਕ ਇਸ ਸੂਪ ਨੂੰ  ਪੌਸ਼ਟਿਕ ਤੇ ਸਵਾਦੀ ਬਣਾਉਣ ਲਈ ਦੁੱਧ ਅਤੇ ਹਲਕੀ ਸ਼ੱਕਰ ਵੀ ਮਿਲਾਉਂਦੇ ਹਨ | ਉਬਾਲੇ ਗਏ ਹਲਕੇ ਕੋਸੇ-ਕੋਸੇ ਸੂਪ ਵਿਚ ਜੇਕਰ ਅਦਰਕ, ਜੀਰਾ, ਕਾਲੀ ਮਿਰਚ ਮਿਲੀ ਹੋਵੇ ਤਾਂ ਉਸ ਦਾ ਗੁਣ ਵਧ ਜਾਂਦਾ ਹੈ | ਇਹ ਭੁੱਖ ਵਧਾਉਂਦਾ ਹੈ | ਭੋਜਨ ਨੂੰ  ਹਜ਼ਮ ਕਰਦਾ ਹੈ ਅਤੇ ਸਰੀਰ ਨੂੰ  ਸ਼ਕਤੀ ਨਾਲ ਭਰ ਦਿੰਦਾ ਹੈ |
ਸੂਪ ਤੁਸੀਂ 12 ਮਹੀਨੇ ਪੀ ਸਕਦੇ ਹੋ | ਸਰੀਰ ਸੂਪ ਦੀ ਪੌਸ਼ਟਿਕਤਾ ਨੂੰ  ਛੇਤੀ ਸਵੀਕਾਰਦਾ ਹੈ, ਇਸ ਲਈ ਡਾਕਟਰ ਕਮਜ਼ੋਰ ਅਤੇ ਰੋਗੀ ਵਿਅਕਤੀਆਂ ਨੂੰ  ਸੂਪ ਪਿਲਾਉਣ ਦੀ ਸਲਾਹ ਦਿੰਦੇ ਹਨ | ਕੁਝ ਡਾਕਟਰ ਸਿੱਧੇ ਦਾਲ ਪਾਣੀ, ਚੌਲ ਪਾਣੀ ਜਾਂ ਸਾਗ ਸਬਜ਼ੀ ਨਾਲ ਬਣੇ ਸੂਪ ਪੀਣ ਦੀ ਸਲਾਹ ਦਿੰਦੇ ਹਨ | ਵਰਤੋਂਕਾਰ ਨੂੰ  ਜੋ ਸੂਪ ਚੰਗਾ ਲੱਗੇ, ਉਸ ਨੂੰ  ਜ਼ਰੂਰ ਪੀਓ ਅਤੇ ਲਾਭ ਲਓ |

Ad Position 22
No active advertisement
ਪਿਛਲੀ ਖ਼ਬਰ ਅੰਤਰਰਾਸ਼ਟਰੀ ਕਾਨਫਰੰਸਾਂ ਤੇ ਪੰਜਾਬੀਆਂ ਦੇ ਸਰੋਕਾਰ ਅਗਲੀ ਖ਼ਬਰ ਸਵਾਦ ਅਤੇ ਸਿਹਤ ਦਾ ਖਜ਼ਾਨਾ ਸਲਾਦ
Ad Position 24