27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਸਵਾਦ ਅਤੇ ਸਿਹਤ ਦਾ ਖਜ਼ਾਨਾ ਸਲਾਦ

ਸਵਾਦ ਅਤੇ ਸਿਹਤ ਦਾ ਖਜ਼ਾਨਾ ਸਲਾਦ

Ad Position 21
No active advertisement
ਅਜੀਤ ਡੈਸਕ 27-11-2026

ਸਲਾਦ ਭੋਜਨ ਦਾ ਜ਼ਰੂਰੀ ਅੰਗ ਹੈ ਜੋ ਭੋਜਨ ਕਰਦੇ ਸਮੇਂ ਸਭ ਤੋਂ ਪਹਿਲਾਂ ਖਾਧਾ ਜਾਂਦਾ ਹੈ | ਸਲਾਦ ਵਿਟਾਮਿਨ ਤੇ ਖਣਿਜਾਂ ਨਾਲ ਭਰਪੂਰ ਹੁੰਦਾ ਹੈ ਜੋ ਸਰੀਰ ਨੂੰ  ਸਿਹਤਮੰਦ ਅਤੇ ਮਨ ਨੂੰ  ਹਲਕਾ ਰੱਖਦਾ ਹੈ | ਸਲਾਦ ਸਰੀਰ ਨੂੰ  ਭਰਪੂਰ ਰੇਸ਼ਾ ਪ੍ਰਦਾਨ ਕਰਦਾ ਹੈ | ਸਲਾਦ ਹਮੇਸ਼ਾ ਤਾਜ਼ੀਆਂ ਸਬਜ਼ੀਆਂ ਅਤੇ ਫਲਾਂ ਦਾ ਲੈਣਾ ਚਾਹੀਦਾ ਹੈ | ਖਾਣੇ ਤੋਂ ਕੁਝ ਹੀ ਸਮਾਂ ਪਹਿਲਾਂ ਸਲਾਦ ਕੱਟਣਾ ਚਾਹੀਦਾ ਹੈ ਤਾਂ ਕਿ ਉਸ ਦੀ ਤਾਜ਼ਗੀ ਬਰਕਰਾਰ ਰਹੇ | ਸਲਾਦ ਖ਼ਰੀਦਦੇ ਸਮੇਂ ਧਿਆਨ ਰੱਖੋ ਕਿ ਫਲ ਅਤੇ ਸਬਜ਼ੀਆਂ ਗਲੀਆਂ ਹੋਈਆਂ ਨਾ ਹੋਣ | ਸਲਾਦ 'ਤੇ ਨਮਕ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ | ਸਲਾਦ ਬਣਾਉਂਦੇ ਸਮੇਂ ਖੀਰਾ, ਪੱਤਾ ਗੋਭੀ, ਗਾਜਰ, ਪਿਆਜ਼, ਮੂਲੀ, ਟਮਾਟਰ, ਨਿੰਬੂ, ਚੁਕੰਦਰ ਦੀ ਹਰੀਆਂ ਸਬਜ਼ੀਆਂ ਦੇ ਰੂਪ ਵਿਚ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਫਲਾਂ ਵਿਚ ਸੇਬ, ਕੇਲਾ, ਅੰਗੂਰ, ਪਾਈਨਐੱਪਲ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ | ਉਂਝ ਦਾਲਾਂ ਨੂੰ  ਪੁੰਗਾਰ ਕੇ ਉਨ੍ਹਾਂ ਵਿਚ ਕੱਚੀਆਂ ਸਬਜ਼ੀਆਂ ਪਾ ਕੇ ਵੀ ਸਲਾਦ ਦੇ ਰੂਪ ਵਿਚ ਖਾਧਾ ਜਾ ਸਕਦਾ ਹੈ | ਸਲਾਦ ਦੇ ਸਵਾਦ ਨੂੰ  ਵਧਾਉਣ ਲਈ ਅਤੇ ਹੋਰ ਪੌਸ਼ਟਿਕ ਬਣਾਉਣ ਲਈ ਉਸ ਵਿਚ ਕੁਝ ਸੁੱਕੇ ਮੇਵੇ ਤੇ ਹਰਾ ਨਾਰੀਅਲ ਵੀ ਪਾਇਆ ਜਾ ਸਕਦਾ ਹੈ |
ਪੁੰਗਰਿਆ ਸਲਾਦ 
ਸਮੱਗਰੀ : 100 ਗ੍ਰਾਮ ਮੂੰਗੀ ਦੀ ਪੁੰਗਰੀ ਦਾਲ, ਇਕ ਟਮਾਟਰ, ਇਕ ਦਰਮਿਆਨੇ ਆਕਾਰ ਦਾ ਖੀਰਾ, ਇਕ ਪਿਆਜ਼, ਅੱਧਾ ਉੱਬਲਿਆ ਚੁਕੰਦਰ, ਅੱਧਾ ਉੱਬਲਿਆ ਆਲੂ, ਹਰਾ ਧਨੀਆ, ਹਰੀ ਮਿਰਚ, ਇਕ ਨਿੰਬੂ, ਨਮਕ ਅਤੇ ਸਵਾਦ ਅਨੁਸਾਰ ਚਾਟ ਮਸਾਲਾ | 
ਵਿਧੀ : ਪੁੰਗਲੀ ਦਾਲ ਅਤੇ ਸਭ ਸਬਜ਼ੀਆਂ ਨੂੰ  ਧੋ ਕੇ ਛਿੱਲ ਕੇ ਬਾਰੀਕ-ਬਾਰੀਕ ਕੱਟ ਕੇ ਵਿਛਾ ਦਿਓ | ਉਸ 'ਤੇ ਸਵਾਦ ਅਨੁਸਾਰ ਚਾਟ ਮਸਾਲਾ ਅਤੇ ਨਮਕ ਮਿਲਾਓ ਅਤੇ ਇਕ ਨਿੰਬੂ ਦਾ ਰਸ ਨਿਚੋੜ ਦਿਓ | ਅਖੀਰ ਵਿਚ ਸਭ ਚੀਜ਼ਾਂ ਨੂੰ  ਚੰਗੀ ਤਰ੍ਹਾਂ ਮਿਲਾ ਕੇ ਭਾਂਡੇ ਵਿਚ ਪਾ ਕੇ ਖਾਣੇ ਤੋਂ ਪਹਿਲਾਂ ਖਾਓ ਅਤੇ ਪਰਿਵਾਰ ਦੇ ਮੈਂਬਰਾਂ ਨੂੰ  ਵੀ ਖਾਣ ਲਈ ਦਿਓ |
ਰਸ਼ੀਅਨ ਸਲਾਦ 
ਸਮੱਗਰੀ : 50 ਗ੍ਰਾਮ ਗਾਜਰ, 500 ਗ੍ਰਾਮ ਮਟਰ, 50 ਗ੍ਰਾਮ ਫ੍ਰੈਂਚ ਬੀਨਸ, ਇਕ ਉੱਬਲਿਆ ਆਂਡਾ, 50 ਗ੍ਰਾਮ ਆਲੂ, 50 ਗ੍ਰਾਮ ਅੰਗੂਰ, ਦੋ ਸਲਾਈਸ ਪਾਈਨਐੱਪਲ, 50 ਗ੍ਰਾਮ ਪੱਤਾ ਗੋਭੀ, ਇਕ ਚੌਥਾਈ ਕੱਪ ਗਾੜ੍ਹੀ ਕ੍ਰੀਮ, ਨਮਕ, ਚਾਟ ਮਸਾਲਾ ਅਤੇ ਅੱਧਾ ਚਮਚ ਚੀਨੀ |
ਵਿਧੀ : ਸਲਾਦ ਸੌਸ ਇਕ ਬਾਊਲ ਵਿਚ ਪਾਓ | ਸਭ ਸਬਜ਼ੀਆਂ ਧੋ ਕੇ, ਬਾਰੀਕ ਕੱਟ ਲਓ | ਉਸ ਨੂੰ  ਸਲਾਦ ਚਟਨੀ ਬਾਊਲ ਵਿਚ ਪਾਓ | ਉਸ 'ਤੇ ਗਾੜ੍ਹੀ ਕ੍ਰੀਮ ਫੈਲਾ ਦਿਓ | ਨਮਕ, ਚਾਟ ਮਸਾਲਾ, ਚੀਨੀ ਚੰਗੀ ਤਰ੍ਹਾਂ ਮਿਲਾ ਕੇ ਉਸ ਨੂੰ  ਥੋੜ੍ਹੀ ਦੇਰ ਫਰਿੱਜ ਵਿਚ ਰੱਖੋ ਅਤੇ ਠੰਢਾ ਕਰ ਕੇ ਪਰੋਸੋ |
ਡਿਪ ਸਲਾਦ
ਸਮੱਗਰੀ : 200 ਗ੍ਰਾਮ ਦਹੀਂ, ਖੀਰਾ, ਪਿਆਜ਼, ਟਮਾਟਰ, ਗਾਜਰ, ਨਮਕ, ਚਾਟ ਮਸਾਲਾ, ਪੀਸੀ ਕਾਲੀ ਮਿਰਚ |
ਵਿਧੀ : ਦਹੀਂ ਨੂੰ  ਕਿਸੇ ਸਾਫ਼ ਮਲਮਲ ਦੇ ਕੱਪੜੇ ਵਿਚ ਬੰਨ੍ਹ ਕੇ ਲਟਕਾ ਦਿਉ | ਜਦੋਂ ਉਸ ਦਾ ਪਾਣੀ ਨਿਕਲ ਜਾਵੇ ਤਾਂ ਉਸ ਨੂੰ  ਇਕ ਭਾਂਡੇ ਵਿਚ ਪਾ ਕੇ ਥੋੜ੍ਹਾ ਫੈਂਟ ਲਓ | ਸਾਰੀਆਂ ਸਬਜ਼ੀਆਂ ਨੂੰ  ਚਾਹੋ ਤਾਂ ਮੋਟਾ ਕੱਦੂਕਸ਼ ਕਰ ਲਓ ਜਾਂ ਬਾਰੀਕ ਕੱਟ ਲਓ | ਉਸ 'ਤੇ ਦਹੀਂ ਦਾ ਡਿਪ ਪਾ ਕੇ ਮਿਲਾਓ | ਇਸ ਨੂੰ  ਠੰਢਾ ਕਰਕੇ ਜਾਂ ਇਸ ਤਰ੍ਹਾਂ ਹੀ ਖਵਾਓ ਅਤੇ ਖ਼ੁਦ ਵੀ ਖਾਓ |
ਪੱਤਾ ਗੋਭੀ ਦਾ ਸਲਾਦ
ਸਮੱਗਰੀ : ਅੱਧਾ ਕੱਪ ਕੱਟੀ ਹੋਈ ਗਾਜਰ, ਅੱਧਾ ਕੱਪ ਕੱਟੀ ਹੋਈ ਪੱਤਾ ਗੋਭੀ, ਅੱਧਾ ਕੱਪ ਕੱਟਿਆ ਹੋਇਆ ਸੇਬ, 3 ਵੱਡੇ ਚਮਚ ਸਲਾਦ ਸਾਸ, ਨਮਕ, ਕਾਲੀ ਮਿਰਚ |
ਵਿਧੀ : ਸਭ ਕੱਟੀ ਹੋਈ ਸਮੱਗਰੀ ਇਕ ਭਾਂਡੇ ਵਿਚ ਪਾ ਕੇ ਮਿਲਾਓ, ਉਸ 'ਤੇ ਸਲਾਦ ਵਾਲੀ ਸੌਸ ਪਾਓ | ਨਮਕ ਅਤੇ ਕਾਲੀ ਮਿਰਚ ਸਵਾਦ ਅਨੁਸਾਰ ਪਾ ਕੇ ਚੰਗੀ ਤਰ੍ਹਾਂ ਮਿਸ਼ਰਨ ਨੂੰ  ਹਿਲਾਓ ਅਤੇ ਇਸ ਨੂੰ  ਸਜਾ ਕੇ ਪੇਸ਼ ਕਰੋ |
ਫ੍ਰੈਂਚ ਡ੍ਰੇਸਿੰਗ
ਸਮੱਗਰੀ : ਖੀਰਾ, ਟਮਾਟਰ, ਚੁਕੰਦਰ, ਪੱਤਾ ਗੋਭੀ, ਪਿਆਜ਼, ਇਕ ਵੱਡਾ ਚਮਚ ਤੇਲ, 2 ਚਮਚ ਸਿਰਕਾ, ਚੁਟਕੀ ਭਰ ਨਮਕ, ਪੀਸੀ ਸਰ੍ਹੋਂ, ਪੀਸੀ ਕਾਲੀ ਮਿਰਚ ਅਤੇ ਚੀਨੀ ਸਵਾਦ ਅਨੁਸਾਰ |
ਵਿਧੀ : ਮਿਕਸਰ ਵਿਚ ਸਭ ਚੀਜ਼ਾਂ ਨੂੰ  ਮਿਲਾ ਕੇ 3-4 ਮਿੰਟ ਤੱਕ ਪੀਸੋ | ਕੱਟੀਆਂ ਹੋਈਆਂ ਸਭ ਸਬਜ਼ੀਆਂ ਖੁੱਲ੍ਹੇ ਭਾਂਡੇ ਵਿਚ ਫੈਲਾਓ ਅਤੇ ਉਨ੍ਹਾਂ 'ਤੇ ਸਭ ਪੀਸੀਆਂ ਹੋਈਆਂ ਚੀਜ਼ਾਂ ਫੈਲਾ ਦਿਓ | ਸਲਾਦ ਦਾ ਸਾਰਾ ਸਾਮਾਨ ਪਹਿਲਾਂ ਤੋਂ ਸਜਾ ਲਓ, ਫਿਰ ਉਸ 'ਤੇ ਮਿਕਸ ਕੀਤਾ ਮਸਾਲਾ ਪਾਓ |

Ad Position 22
No active advertisement
ਪਿਛਲੀ ਖ਼ਬਰ ਸਰਦੀਆਂ ਵਿਚ ਸੇਕੋ ਧੁੱਪ ਤੇ ਪੀਓ ਸੂਪ ਅਗਲੀ ਖ਼ਬਰ ਤੰਦਰੁਸਤ ਰਹਿਣ ਲਈ ਬਦਲੋ ਕੁਝ ਆਦਤਾਂ
Ad Position 24