15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਜਲ੍ਹਿਆਂਵਾਲੇ ਬਾਗ਼ ਦੇ ਖੂਨੀ ਸਾਕੇ ਦਾ ਇਤਿਹਾਸਕ ਪਿਛੋਕੜ ਅਤੇ ਸਰਦਾਰ ਊਧਮ ਸਿੰਘ ਦੀ ਸ਼ਹਾਦਤ

ਜਲ੍ਹਿਆਂਵਾਲੇ ਬਾਗ਼ ਦੇ ਖੂਨੀ ਸਾਕੇ ਦਾ ਇਤਿਹਾਸਕ ਪਿਛੋਕੜ ਅਤੇ ਸਰਦਾਰ ਊਧਮ ਸਿੰਘ ਦੀ ਸ਼ਹਾਦਤ

Ad Position 21
No active advertisement
ਅਜੀਤ ਡੈਸਕ 15-08-2026

ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਅੰਗਰੇਜ਼ਾਂ ਅਤੇ ਸਿੱਖਾਂ ਦੀ ਦੂਜੀ ਲੜਾਈ 1848-49 ਮਗਰੋਂ ਭਾਰਤ ਦੇ ਗਵਰਨਰ ਜਰਨਲ ਲਾਰਡ ਡਲਹੌਜ਼ੀ ਨੇ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿਚ ਸ਼ਾਮਿਲ ਕਰ ਲਿਆ ਸੀ। ਅੰਗਰੇਜ਼ ਸਰਕਾਰ ਵਲੋਂ ਖ਼ਾਲਸਾ ਸੈਨਾ ਤੋੜ ਦਿੱਤੀ ਗਈ ਸੀ। ਪੰਜਾਬੀਆਂ ਵਿਸ਼ੇਸ਼ ਕਰਕੇ ਸਿੱਖਾਂ ਦੇ ਮਨਾਂ ਵਿਚ ਅੰਗਰੇਜ਼ਾਂ ਵਿਰੁੱਧ ਵਿਦਰੋਹ ਦੀਆਂ ਭਾਵਨਾਵਾਂ ਉੱਸਲਵੱਟੇ ਲੈਂਦੀਆਂ ਰਹੀਆਂ।
12 ਅਪ੍ਰੈਲ 1857 ਈ. ਵਿਚ ਵਿਸਾਖੀ ਵਾਲੇ ਦਿਨ ਬਾਬਾ ਰਾਮ ਸਿੰਘ ਨੇ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਇਕ ਨਵੀਂ ਜਥੇਬੰਦੀ ਦੀ ਨੀਂਹ ਰੱਖੀ, ਜਿਸ ਨੂੰ ਨਾਮਧਾਰੀ ਜਾਂ ਕੂਕਾ ਲਹਿਰ ਆਖਿਆ ਜਾਂਦਾ ਹੈ। ਇਸ ਸੰਸਥਾ ਦਾ ਉਦੇਸ਼ ਧਾਰਮਿਕ ਅਤੇ ਸਮਾਜਿਕ ਖੇਤਰ ਵਿਚ ਸੁਧਾਰ ਦੇ ਨਾਲ ਨਾਲ ਦੇਸ਼ ਨੂੰ ਆਜ਼ਾਦ ਕਰਵਾਉਣਾ ਸੀ। ਇਸੇ ਲਈ ਉਨ੍ਹਾਂ ਨੇ ਅੰਗਰੇਜ਼ਾਂ ਪ੍ਰ੍ਰਤੀ ਅਸਹਿਯੋਗ ਦੀ ਨੀਤੀ ਅਪਣਾਈ ਅਤੇ ਸਰਕਾਰੀ ਸਕੂਲਾਂ, ਕਾਲਜਾਂ ਅਤੇ ਅਦਾਲਤਾਂ ਦਾ ਬਾਈਕਾਟ ਕੀਤਾ।
ਅੰਗਰੇਜ਼ਾਂ ਨੇ 'ਪਾੜੋ ਤੇ ਰਾਜ ਕਰੋ' ਦੀ ਨੀਤੀ ਅਧੀਨ ਪੰਜਾਬ ਵਿਚ ਥਾਂ-ਥਾਂ ਬੁੱਚੜਖਾਨੇ ਖੋਲ੍ਹ ਦਿੱਤੇ। ਨਾਮਧਾਰੀਆਂ ਨੇ ਗਊ ਰੱਖਿਆ ਦੇ ਨਾਲ-ਨਾਲ ਬੁੱਚੜਾਂ ਨੂੰ ਮਾਰਨਾ ਸ਼ੁਰੂ ਕੀਤਾ। ਅੰਗਰੇਜ਼ ਸਰਕਾਰ ਨੇ 49 ਕੂਕਿਆਂ ਨੂੰ 17 ਜਨਵਰੀ 1872 ਈ. ਨੂੰ ਤੋਪਾਂ ਨਾਲ ਉਡਾ ਦਿੱਤਾ ਗਿਆ ਅਤੇ ਕਮਿਸ਼ਨਰ ਫੌਰਸਿਥ ਵਲੋਂ 30 ਕੂਕੇ ਫਾਂਸੀ 'ਤੇ ਲਟਕਾ ਦਿੱਤੇ ਗਏ। ਬਾਬਾ ਰਾਮ ਸਿੰਘ ਨੂੰ ਦੇਸ ਨਿਕਾਲਾ ਦੇ ਕੇ ਰੰਗੂਨ ਭੇਜ ਦਿੱਤਾ। 1885 ਵਿਚ ਬਾਬਾ ਰਾਮ ਸਿੰਘ ਪ੍ਰਲੋਕ ਸਿਧਾਰ ਗਏ।
ਅੰਗਰੇਜ਼ ਸਰਕਾਰ ਦੁਆਰਾ ਭੂਮੀ ਕਰ ਅਤੇ ਸਿੰਜਾਈ ਕਰ ਵਿਚ ਵੱਡੇ ਵਾਧੇ ਕਾਰਨ ਕਿਸਾਨਾਂ ਵਿਚ ਅਸੰਤੁਸ਼ਟਤਾ ਦੀ ਲਹਿਰ ਦੌੜ ਗਈ। ਸਿੱਟੇ ਵਜੋਂ ਪੰਜਾਬ ਵਿਚ ਕਿਸਾਨੀ ਲਹਿਰਾਂ ਨੇ ਜਨਮ ਲਿਆ। ਉਨ੍ਹਾਂ ਲਹਿਰਾਂ ਦੀ ਅਗਵਾਈ ਸ. ਅਜੀਤ ਸਿੰਘ, ਲਾਲਾ ਲਾਜਪਤ ਰਾਏ, ਸੂਫੀ ਅੰਬਾ ਪ੍ਰਸਾਦ ਵਰਗੇ ਨੇਤਾਵਾਂ ਨੇ ਕੀਤੀ। ਬੰਕੇ ਦਿਆਲ ਦਾ ਲਿਖਿਆ ਗੀਤ - ''ਪਗੜੀ ਸੰਭਾਲ ਜੱਟਾ'' ਘਰ-ਘਰ ਵਿਚ ਗੂੰਜਣ ਲੱਗਾ ਸੀ।
ਵਿਦੇਸ਼ਾਂ ਵਿਚ ਗਏ ਪੰਜਾਬੀਆਂ ਨੇ ਬਾਹਰ ਰਹਿ ਕੇ ਵੀ ਦੇਸ਼ ਦੀ ਆਜ਼ਾਦੀ ਲਈ ਯਤਨ ਕੀਤੇ। ਉਨ੍ਹਾਂ ਯਤਨਾਂ ਵਿਚ ਇਕ ਮਹੱਤਵਪੂਰਨ ਯਤਨ ਸੀ ਗ਼ਦਰ ਅੰਦੋਲਨ। ਉਨ੍ਹਾਂ ਅਮਰੀਕਾ ਦੇ ਸ਼ਹਿਰ ਅਸਟੋਰੀਆ ਵਿਚ ਰਹਿ ਕੇ 'ਪੈਸੀਫਿਕ ਕੋਸਟ ਹਿੰਦੁਸਤਾਨ ਐਸੋਸੀਏਸ਼ਨ' ਨਾਂਅ ਦੀ ਸੰਸਥਾ ਦੀ ਸਥਾਪਨਾ ਕੀਤੀ ਜੋ ਜਲਦੀ ਹੀ 'ਗ਼ਦਰ ਪਾਰਟੀ' ਵਜੋਂ ਜਾਣੀ ਜਾਣ ਲੱਗੀ। ਬਾਬਾ ਸੋਹਣ ਸਿੰਘ ਭਕਨਾ ਅਤੇ ਲਾਲਾ ਹਰਦਿਆਲ ਇਸ ਦੇ ਮੋਢੀ ਸੰਸਥਾਪਕਾਂ ਵਿਚੋਂ ਸਨ। ਨਵੰਬਰ 1913 ਵਿਚ ਇਨ੍ਹਾਂ ਵਲੋਂ 'ਗ਼ਦਰ' ਨਾਂਅ ਦਾ ਹਫ਼ਤਾਵਰੀ ਅਖ਼ਬਾਰ ਸ਼ੁਰੂ ਕੀਤਾ ਗਿਆ। ਇਸ ਲਹਿਰ ਨੇ ਸੁਤੰਤਰਤਾ ਸੰਗਰਾਮ ਨੂੰ ਪ੍ਰਚੰਡ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ।
ਅੰਗਰੇਜ਼ੀ ਸਰਕਾਰ ਨੇ ਅਜਿਹੀਆਂ ਸਰਗਰਮੀਆਂ ਨੂੰ ਦਬਾਉਣ ਲਈ ਪਹਿਲੀ ਸੰਸਾਰ ਜੰਗ ਦੌਰਾਨ 'ਡਿਫੈਂਸ ਆਫ ਇੰਡੀਆ ਐਕਟ, 1915' ਬਣਾਇਆ। ਇਸ ਐਕਟ ਦੀ ਮਿਆਦ ਤਿੰਨ ਸਾਲ ਸੀ। ਇਸ ਦੇ ਬਾਵਜੂਦ ਅੰਗਰੇਜ਼ ਹਕੂਮਤ ਪ੍ਰਤੀ ਭਾਰਤੀਆਂ ਦੇ ਮਨ ਵਿਚਲਾ ਹਿੰਸਕ ਰੋਹ ਦਿਨੋ-ਦਿਨ ਵਧ ਰਿਹਾ ਸੀ। 19ਵੀਂ ਸਦੀ ਦੇ ਅੰਤਲੇ ਵਰ੍ਹਿਆਂ ਦੌਰਾਨ ਬੰਬਈ ਪ੍ਰਾਂਤ ਵਿਚ ਸ਼ੁਰੂ ਹੋਈਆਂ ਸਰਗਰਮੀਆਂ ਅਗਲੇ ਕੁਝ ਸਾਲਾਂ ਵਿਚ ਦੇਸ਼ ਭਰ ਵਿਚ ਫੈਲ ਗਈਆਂ।  ਇਨ੍ਹਾਂ ਦਾ ਮੁੱਖ ਕੇਂਦਰ ਪੰਜਾਬ ਅਤੇ ਬੰਗਾਲ ਬਣੇ। ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਗਵਰਨਰ ਜਨਰਲ ਨੇ 10 ਦਸੰਬਰ 1917 ਨੂੰ ਇਕ ਕਮੇਟੀ ਬਣਾਈ ਜਿਸ ਦਾ ਮੁਖੀ ਜਸਟਿਸ ਸਿਡਨੀ ਰੋਲਟ ਨੂੰ ਬਣਾਇਆ ਗਿਆ। ਇਸ ਕਮੇਟੀ ਦੀਆਂ ਸਿਫਾਰਸ਼ਾਂ ਦੇ ਆਧਾਰ 'ਤੇ ਹੀ 10 ਮਾਰਚ 1919 ਨੂੰ ਦਿੱਲੀ ਵਿਚ ਸ਼ਾਹੀ ਵਿਧਾਨ ਪ੍ਰੀਸ਼ਦ ਦੁਆਰਾ ਪਾਸ ਕੀਤਾ ਗਿਆ, 'ਦੀ ਅਨਾਰਕੀਕਲ ਐਂਡ ਰੈਵੋਲਿਊਸ਼ਨਰੀ ਕ੍ਰਾਈਮਜ਼ ਬਿਲ' ਜੋ ਰੋਲਟ ਐਕਟ ਵਜੋਂ ਜਾਣਿਆ ਗਿਆ। ਇਸ ਕਾਨੂੰਨ ਅਨੁਸਾਰ ਸੀ.ਆਈ.ਡੀ. ਦੀ ਰਿਪੋਰਟ ਦੇ ਆਧਾਰ 'ਤੇ ਕਿਸੇ ਵੀ ਵਿਅਕਤੀ ਉੱਪਰ ਦੇਸ਼ ਧ੍ਰੋਹ ਦਾ ਦੋਸ਼ ਲਗਾਇਆ ਜਾ ਸਕਦਾ ਸੀ ਅਤੇ ਉਸ ਨੂੰ ਕੋਈ ਮੌਕਾ ਨਹੀਂ ਸੀ ਦਿੱਤਾ ਜਾਣਾ, ਨਾ ਹੀ ਇਸ ਖਿਲਾਫ਼ ਅਦਾਲਤ ਵਿਚ ਜਾਇਆ ਜਾ ਸਕਦਾ ਸੀ। ਪੁਲਿਸ ਨੂੰ ਚਾਰਜ਼ਸੀਟ ਵੀ ਫਾਈਲ ਕਰਨ ਦੀ ਲੋੜ ਨਹੀਂ ਸੀ।  ਇਹ ਲੋਕਾਂ ਦੀ ਆਜ਼ਾਦੀ ਅਤੇ ਨਿਆਂ ਦੇ ਅਸੂਲਾਂ ਦੇ ਵਿਰੁੱਧ ਸੀ, ਜਿਸ ਵਿਚ ਨਾ ਅਪੀਲ, ਨਾ ਦਲੀਲ, ਨਾ ਵਕੀਲ ਦਾ ਅਧਿਕਾਰ ਸੀ। ਇਸ ਐਕਟ ਦੇ ਬਣਨ ਤੋਂ ਬਾਅਦ ਪੂਰੇ ਦੇਸ਼ ਵਿਚ ਇਸ ਦੇ ਖਿਲਾਫ਼ ਆਵਾਜ਼ਾਂ ਉੱਠਣੀਆਂ ਸ਼ੁਰੂ ਹੋਈਆਂ। ਪੰਜਾਬ ਵਿਚ ਅੰਮ੍ਰਿਤਸਰ ਇਸ ਕਾਲੇ ਕਾਨੂੰਨ ਵਿਰੁੱਧ ਸੰਘਰਸ਼ ਦਾ ਕੇਂਦਰ ਬਣ ਕੇ ਉੱਭਰਿਆ। ਇਸ ਐਕਟ ਖਿਲਾਫ਼ ਮਹਾਤਮਾ ਗਾਂਧੀ ਨੇ 30 ਮਾਰਚ, 1919 ਨੂੰ ਇਕ ਦਿਨ ਦੀ ਹੜਤਾਲ ਦਾ ਸੱਦਾ ਦਿੱਤਾ, ਪਰ ਪਿੱਛੋਂ ਇਸ ਨੂੰ ਮੁਲਤਵੀ ਕਰਕੇ 6 ਅਪ੍ਰੈਲ ਕਰ ਦਿੱਤਾ ਗਿਆ, ਪ੍ਰੰਤੂ ਅੰਮ੍ਰਿ੍ਰਤਸਰ ਦੋਵੇਂ ਦਿਨ ਬੰਦ ਰਿਹਾ। ਜਲ੍ਹਿਆਂਵਾਲੇ ਬਾਗ਼ ਵਿਚ ਲਗਭਗ 35 ਹਜ਼ਾਰ ਲੋਕਾਂ ਨੇ ਭਾਗ ਲਿਆ। ਇਸ ਇਕੱਠ ਵਿਚ ਡਾ. ਸੈਫ ਉਦ-ਦੀਨ ਕਿਚਲੂ ਨੇ ਬੜੀ ਸਰਗਰਮ ਤਕਰੀਰ ਕੀਤੀ। 6 ਅਪ੍ਰੈਲ ਨੂੰ ਪੂਰੇ ਦੇਸ਼ ਵਿਚ ਸੱਤਿਆਗ੍ਰਹਿ ਦਿਵਸ ਮਨਾਇਆ ਗਿਆ। ਰੋਲਟ ਐਕਟ ਵਿਰੁੱਧ ਪੂਰੇ ਦੇਸ਼ ਵਿਚ ਹੜਤਾਲ ਹੋਈ। ਅੰਮ੍ਰਿਤਸਰ ਵਿਚ ਇਕੱਠ ਦੀ ਗਿਣਤੀ ਵਧ ਕੇ 50 ਹਜ਼ਾਰ ਹੋ ਗਈ। 9 ਅਪ੍ਰੈਲ ਨੂੰ ਰਾਮ ਨੌਮੀ ਦਾ ਤਿਉਹਾਰ ਹਿੰਦੂਆਂ ਅਤੇ ਮੁਸਲਮਾਨਾਂ ਨੇ ਰਲ ਕੇ ਮਨਾਇਆ। ਇਸ ਏਕਤਾ ਪ੍ਰਦਰਸ਼ਨ ਨੇ ਅੰਗਰੇਜ਼ ਹਕੂਮਤ ਨੂੰ ਕੰਬਣੀ ਛੇੜ ਦਿੱਤੀ। ਪੰਜਾਬ ਦੇ ਗਵਰਨਰ ਸਰ ਮਾਈਕਲ ਓਡਵਾਇਰ ਨੇ ਭਾਰਤ ਸੁਰੱਖਿਆ ਐਕਟ ਅਧੀਨ, ਦੋਵਾਂ ਲੀਡਰਾਂ, ਡਾ. ਕਿਚਲੂ ਅਤੇ ਡਾ. ਸੱਤਿਆਪਾਲ ਨੂੰ ਗ੍ਰਿਫਤਾਰ ਕਰਕੇ ਅੰਮ੍ਰਿਤਸਰ ਤੋਂ ਦੂਰ ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਭੇਜ ਦਿੱਤਾ। ਇਨ੍ਹਾਂ ਦੋਵਾਂ ਦੀ ਗ੍ਰਿਫਤਾਰੀ ਨੇ ਬਲਦੀ 'ਤੇ ਤੇਲ ਦਾ ਕੰਮ ਕੀਤਾ। ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਸ਼ਹਿਰੀਆਂ ਦੀ ਭੀੜ ਨੇ ਡੀ.ਸੀ. ਦਫ਼ਤਰ ਵੱਲ ਮਾਰਚ ਕੀਤਾ। ਰੇਲਵੇ ਪੁਲਿਸ ਨੇ ਲੋਕਾਂ ਉਪਰ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ਨਤੀਜੇ ਵਜੋਂ 20 ਲੋਕ ਸ਼ਹੀਦ ਹੋ ਗਏ ਅਤੇ ਅਨੇਕ ਜ਼ਖਮੀ ਹੋ ਗਏ। ਗੁੱਸੇ ਵਿਚ ਭੜਕੀ ਭੀੜ ਨੇ ਸਰਕਾਰੀ ਦਫ਼ਤਰਾਂ, ਰੇਲਵੇ ਸਟੇਸ਼ਨ, ਡਾਕ ਘਰ ਤੇ ਬੈਂਕਾਂ ਵਿਚ ਹਮਲਾ ਬੋਲ ਦਿੱਤਾ। ਭੰਨ-ਤੋੜ ਕੀਤੀ ਗਈ। ਅੰਗਰੇਜ਼ ਮਿਸ਼ਨਰੀ ਮਿਸ ਸੇਰਵੁਡ ਨੂੰ ਘੇਰ ਕੇ ਕੁੱਟਿਆ ਗਿਆ। ਸਿਵਲ ਪ੍ਰਸ਼ਾਸਨ ਨੇ ਉਸੇ ਦਿਨ ਫ਼ੌਜ ਨੂੰ ਬੁਲਾ ਲਿਆ ਸੀ। 11 ਅਪ੍ਰੈਲ ਦਾ ਦਿਨ ਸ਼ਾਂਤਮਈ ਰਿਹਾ ਅਤੇ ਉਸੇ ਦਿਨ ਸ਼ਾਮ ਨੂੰ ਜਨਰਲ ਡਾਇਰ (1864-1927) 475 ਬ੍ਰਿਟਿਸ਼ ਤੇ 710 ਭਾਰਤੀ ਸਿਪਾਹੀ ਲੈ ਕੇ ਅੰਮ੍ਰਿਤਸਰ ਪਹੁੰਚ ਗਿਆ। ਜਨਰਲ ਡਾਇਰ ਨੇ ਰਾਤ ਨੂੰ ਅੰਮ੍ਰਿਤਸਰ ਦੀ ਕਮਾਨ ਸੰਭਾਲਦਿਆਂ ਹੀ ਕਈ ਲੋਕਾਂ ਦੀ ਗ੍ਰਿਫਤਾਰੀ ਦੇ ਹੁਕਮ ਜਾਰੀ ਕਰ ਦਿੱਤੇ। ਲੋਕਾਂ ਨੂੰ ਸ਼ਹੀਦਾਂ ਦੇ ਅੰਤਿਮ ਸੰਸਕਾਰ ਵਿਚ ਭਾਗ ਨਹੀਂ ਲੈਣ ਦਿੱਤਾ ਗਿਆ। ਕਿਸੇ ਵੀ ਅਰਥੀ ਨਾਲ ਚਾਰ ਤੋਂ ਵੱਧ ਲੋਕ ਸ਼ਾਮਿਲ ਨਾ ਹੋਣ ਦਿੱਤੇ ਗਏ। ਜਲਸਿਆਂ 'ਤੇ ਪਾਬੰਦੀਆਂ ਲਗਾ ਦਿੱਤੀਆਂ ਗਈਆਂ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਲੋਕ ਇਕੱਠੇ ਹੋ ਰਹੇ ਹਨ। ਪ੍ਰਸ਼ਾਸਨ ਨੇ ਸਜ਼ਾ ਦੇ ਤੌਰ 'ਤੇ ਸ਼ਹਿਰ ਦੀ ਬਿਜਲੀ ਅਤੇ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ। 13 ਅਪ੍ਰੈਲ ਨੂੰ ਸ਼ਹਿਰ ਵਿਚ ਵੱਖ-ਵੱਖ ਥਾਵਾਂ 'ਤੇ ਮੁਨਿਆਦੀ ਕਰਵਾਈ ਗਈ ਕਿ ਸ਼ਹਿਰ ਵਿਚ ਕੋਈ ਵੀ ਜਲਸਾ ਨਹੀਂ ਹੋਵੇਗਾ, ਪ੍ਰੰਤੂ ਲੋਕਾਂ ਵਿਚ ਜ਼ਬਰਦਸਤ ਰੋਸ ਸੀ। ਵੱਡੀ ਗਿਣਤੀ ਵਿਚ ਲੋਕ ਜਲ੍ਹਿਆਂਵਾਲੇ ਬਾਗ਼ ਵਿਚ ਇਕੱਤਰ ਹੋਏ। ਸ਼ਾਮ ਨੂੰ ਲਗਭਗ 4:30 ਵਜੇ ਜਲਸਾ ਸ਼ੁਰੂ ਹੋਇਆ। ਉਸ ਸਮੇਂ ਜਲਸੇ ਦਾ ਆਖਰੀ ਬੁਲਾਰਾ ਦੁਰਗਾ ਪ੍ਰਸਾਦ ਬੋਲ ਰਿਹਾ ਸੀ, ਜਦੋਂ ਜਨਰਲ ਡਾਇਰ 90 ਗੋਰਖਾ ਅਤੇ ਬਲੋਚੀ ਸੈਨਿਕਾਂ ਨਾਲ ਜਲ੍ਹਿਆਂਵਾਲੇ ਬਾਗ਼ ਦੇ ਤੰਗ ਰਸਤੇ ਰਾਹੀਂ ਅੰਦਰ ਦਾਖ਼ਲ ਹੋਇਆ ਅਤੇ ਮੁੱਖ ਲਾਂਘੇ ਨੂੰ ਬੰਦ ਕਰਕੇ ਲਗਭਗ ਸ਼ਾਮ 5:30 ਵਜੇ ਸੈਨਾਵਾਂ ਨੂੰ ਨਿਹੱਥੇ ਲੋਕਾਂ ਉੱਪਰ ਗੋਲੀਆਂ ਚਲਾਉਣ ਦਾ ਹੁਕਮ ਦੇ ਦਿੱਤਾ। ਨਿਰੰਤਰ ਦਸ ਮਿੰਟ ਤੱਕ ਗੋਲੀ ਚਲਦੀ ਰਹੀ। ਅੰਗਰੇਜ਼ੀ ਰਿਕਾਰਡ ਅਨੁਸਾਰ ਇਸ ਖੂਨੀ ਸਾਕੇ ਵਿਚ 379 ਲੋਕ ਮਾਰੇ ਗਏ ਅਤੇ 1200 ਤੋਂ ਵੱਧ ਜ਼ਖਮੀ ਹੋਏ ਪ੍ਰੰਤੂ ਇੰਡੀਅਨ ਨੈਸ਼ਨਲ ਕਾਂਗਰਸ ਦੁਆਰਾ ਆਪਣੇ ਪੱਧਰ 'ਤੇ ਕਰਵਾਈ ਜਾਂਚ ਮੁਤਾਬਿਕ ਇਕ ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਅਤੇ 1500 ਤੋਂ ਵਧੇਰੇ ਜ਼ਖਮੀ ਹੋਏ। ਮਰਨ ਵਾਲਿਆਂ ਵਿਚ ਇਕ ਸੱਤ ਹਫ਼ਤੇ ਦਾ ਬੱਚਾ ਵੀ ਸ਼ਾਮਿਲ ਸੀ।
ਸਰਦਾਰ ਊਧਮ ਸਿੰਘ ਜੋ ਕਿ ਸਮਾਗਮ ਸਮੇਂ ਇਕ ਛਬੀਲ 'ਤੇ ਜਲ ਦੀ ਸੇਵਾ ਕਰ ਰਿਹਾ ਸੀ, ਉਸ ਨੇ ਇਹ ਖੂਨੀ ਮੰਜ਼ਰ ਆਪਣੇ ਅੱਖੀਂ ਦੇਖਿਆ। ਉਹ ਇਸ ਮੌਕੇ ਦਾ ਚਸ਼ਮਦੀਦ ਗਵਾਹ ਸੀ। ਉਸ ਨੇ ਪਿਸ਼ਾਵਰ ਤੋਂ ਆਈ ਇਕ ਔਰਤ ਦੇ ਪਤੀ ਦੀ ਲਾਸ਼ ਵੀ ਲੱਭ ਕੇ ਦਿੱਤੀ। ਲਾਸ਼ਾਂ ਦੇ ਢੇਰਾਂ ਨੇ ਊਧਮ ਸਿੰਘ ਦੇ ਮਨ 'ਤੇ ਗਹਿਰਾ ਅਸਰ ਛੱਡਿਆ। ਸਾਰੀ ਰਾਤ ਉਹ ਆਪਣੇ ਯਤੀਮਖਾਨੇ ਦੇ ਸਾਥੀਆਂ ਨਾਲ ਮਿਲ ਕੇ ਜ਼ਖਮੀਆਂ ਦੀ ਮੱਲ੍ਹਮ-ਪੱਟੀ ਕਰਦਾ ਰਿਹਾ ਅਤੇ ਲਾਸ਼ਾਂ ਨੂੰ ਟਿਕਾਣੇ ਲਗਾਉਣ ਦਾ ਕੰਮ ਕਰਦਾ ਰਿਹਾ। ਊਧਮ ਸਿੰਘ ਨੇ ਜਨਰਲ ਡਾਇਰ ਦੀ ਬਜਾਇ ਸਰ ਮਾਈਕਲ ਓਡਵਾਇਰ ਨੂੰ ਇਸ ਕਾਂਡ ਦਾ ਦੋਸ਼ੀ ਠਹਿਰਾਇਆ ਅਤੇ ਪ੍ਰਣ ਕੀਤਾ ਕਿ ਮਨੁੱਖਤਾ ਦੇ ਇਸ ਕਾਤਲ ਨੂੰ ਆਪਣੇ ਕੀਤੇ ਦੀ ਸਜ਼ਾ ਜ਼ਰੂਰ ਦੇਵੇਗਾ। ਕੁਝ ਸਮੇਂ ਬਾਅਦ ਉਸ ਨੇ ਯਤੀਮਖਾਨੇ ਦੇ ਬੰਦਸ਼ਾਂ ਭਰਪੂਰ ਜੀਵਨ ਨੂੰ ਤਿਆਗ ਕੇ ਆਜ਼ਾਦ ਪੰਛੀ ਵਾਂਗ ਰਹਿਣਾ ਸ਼ੁਰੂ ਕਰ ਦਿੱਤਾ। ਉਧਰ 31 ਮਈ, 1919 ਨੂੰ ਅੰਗਰੇਜ਼ ਸਰਕਾਰ ਵਲੋਂ ਸਰ ਮਾਈਕਲ ਓਡਵਾਇਰ ਨੂੰ ਵਾਪਸ ਲੰਡਨ ਬੁਲਾ ਲਿਆ ਗਿਆ ਅਤੇ ਪੰਜਾਬ ਵਿਚ ਕੀਤੀਆਂ ਸੇਵਾਵਾਂ ਬਦਲੇ 20 ਹਜ਼ਾਰ ਪੌਂਡ ਦੀ ਥੈਲੀ ਭੇਟ ਕੀਤੀ ਗਈ।
ਊਧਮ ਸਿੰਘ ਦੇ ਸੀਨੇ ਵਿਚ ਬਲਦੀ ਬਦਲੇ ਦੀ ਅੱਗ ਉਸ ਨੂੰ ਇਕ ਥਾਂ ਟਿਕ ਕੇ ਨਹੀਂ ਸੀ ਬਹਿਣ ਦਿੰਦੀ। ਮੁੜ ਅੰਮ੍ਰਿਤਸਰ ਆ ਗਿਆ ਅਤੇ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਘੰਟਾ ਘਰ ਵਾਲੇ ਪਾਸੇ ਪੇਂਟਰ ਦੀ ਦੁਕਾਨ ਖੋਲ੍ਹ ਲਈ। ਇਥੇ ਉਸ ਨੇ ਰਾਮ ਮੁਹੰਮਦ ਸਿੰਘ ਅਜ਼ਾਦ ਦੇ ਨਾਂਅ 'ਤੇ ਆਪਣਾ ਪਾਸਪੋਰਟ ਬਣਵਾ ਲਿਆ। ਇਸ ਪਾਸਪੋਰਟ ਉੱਤੇ ਸਵਿਟਜ਼ਰਲੈਂਡ, ਜਰਮਨੀ, ਹਾਲੈਂਡ ਤੇ ਫਰਾਂਸ ਹੁੰਦਾ ਹੋਇਆ 1937 ਵਿਚ ਇੰਗਲੈਂਡ ਪਹੁੰਚ ਗਿਆ।  21 ਸਾਲ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਊਧਮ ਸਿੰਘ ਨੂੰ ਬਦਲਾ ਲੈਣ ਦਾ ਮਨਭਾਉਂਦਾ ਮੌਕਾ ਮਿਲ ਗਿਆ। 13 ਮਾਰਚ 1940 ਨੂੰ ਲੰਡਨ ਵਿਚਲੇ ਕੈਕਸਟਨ ਹਾਲ ਦੇ ਟਿਊਡਰ ਰੂਮ ਵਿਚ ਈਸਟ ਇੰਡੀਆ ਐਸੋਸੀਏਸ਼ਨ ਅਤੇ ਰਾਇਲ ਏਸ਼ੀਅਨ ਸੁਸਾਇਟੀ ਦੀ ਮੀਟਿੰਗ ਹੋਣੀ ਸੀ, ਜਿਥੇ ਬਰਤਾਨੀਆ ਹਕੂਮਤ ਦੀ ਭਾਰਤ ਵਿਰੋਧੀ ਅੰਗਰੇਜ਼ ਜ਼ਾਲਮ ਜੁੰਡਲੀ ਨੇ ਇਕੱਠਿਆਂ ਹੋਣਾ ਸੀ। ਜਿਨ੍ਹਾਂ ਵਿਚ ਸਰ ਮਾਈਕਲ ਓਡਵਾਇਰ ਤੋਂ ਇਲਾਵਾ ਸਰ ਲੂਇਸ ਡੇਨ ਵੀ. ਸੀ. ਜੋ 1908 ਤੋਂ 1913 ਤੱਕ ਪੰਜਾਬ ਦਾ ਗਵਰਨਰ ਰਿਹਾ ਸੀ। ਲਾਰਡ ਜੈਟਲੈਂਡ ਜੋ ਸੈਕਟਰੇਟਰੀ ਆਫ ਸਟੇਟ ਸੀ ਅਤੇ ਲਾਰਡ ਲੈਮਿੰਗਟਨ ਜੋ ਉਸ ਵੇਲੇ ਈਸਟ ਇੰਡੀਆ ਐਸੋਸੀਏਸ਼ਨ ਦਾ ਪ੍ਰਧਾਨ ਸੀ। ਜਦੋਂ ਸਰ ਮਾਈਕਲ ਓਡਵਾਇਰ ਸਟੇਜ 'ਤੇ ਖੜ੍ਹਾ ਹੋ ਕੇ ਭਾਰਤ ਵਿਚ ਵਿਸ਼ੇਸ਼ ਕਰਕੇ ਪੰਜਾਬ ਵਿਚ ਆਪਣੇ ਕੀਤੇ ਜ਼ੁਲਮਾਂ ਦੀ ਸ਼ੇਖੀ ਮਾਰ ਰਿਹਾ ਸੀ ਤਾਂ ਊਧਮ ਸਿੰਘ ਦਾ ਖੂਨ-ਖੌਲ ਉੱਠਿਆ, ਉਸ ਨੇ ਆਪਣੀ ਕਿਤਾਬ ਵਿਚ ਛੁਪਾਇਆ ਪਿਸਤੌਲ ਕੱਢਿਆ ਅਤੇ ਸਰ ਮਾਈਕਲ ਓਵਡਾਇਰ ਨੂੰ ਗੋਲੀਆਂ ਨਾਲ ਭੁੰਨ ਦਿੱਤਾ । ਲਾਰਡ ਜੈਟਲੈਂਡ ਅਤੇ ਸਰ ਲੂਇਸ ਡੇਨ ਵੀ ਜ਼ਖਮੀ ਹੋ ਗਏ। ਊਧਮ ਸਿੰਘ ਨੇ ਜਲ੍ਹਿਆਂਵਾਲੇ ਬਾਗ਼ ਦੇ ਖੂਨੀ ਸਾਕੇ ਦੇ ਮੁੱਖ ਦੋਸ਼ੀ ਤੋਂ 13 ਅਪ੍ਰੈਲ 1919 ਨੂੰ ਕੀਤੇ ਮਨੁੱਖਤਾ ਦੇ ਘਾਣ ਅਤੇ ਭਾਰਤੀਆਂ ਦੇ ਅਪਮਾਨ ਦਾ ਬਦਲਾ ਲੈ ਕੇ ਆਪਣੀ ਪ੍ਰ੍ਰਤਿੱਗਿਆ ਪੂਰੀ ਕਰ ਵਿਖਾਈ।
5 ਜੂਨ, 1940 ਨੂੰ ਫਾਂਸੀ ਦਾ ਹੁਕਮ ਸੁਣਾਇਆ ਗਿਆ ਅਤੇ 31 ਜੁਲਾਈ, 1940 ਨੂੰ ਪੈਟਨਵਿਲਾ ਜੇਲ੍ਹ ਵਿਚ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ।
-# 6, ਗਲੀ ਨੰ.4, ਗਰੀਨ ਐਨਕਲੇਵ, ਸੂਲਰ, ਪਟਿਆਲਾ।
ਮੋਬਾਈਲ : 98727-281

Ad Position 22
No active advertisement
ਪਿਛਲੀ ਖ਼ਬਰ ਨੌਜਵਾਨਾਂ ਦੇ ਅੰਦੋਲਨ ਨੇ ਜਮਹੂਰੀਅਤ ਨੂੰ ਦਿੱਤੀ ਨਵੀਂ ਦਿਸ਼ਾ ਅਗਲੀ ਖ਼ਬਰ ਮਹਾਂਸ਼ਕਤੀ ਬਣਨ ਲਈ ਸਰਬਪੱਖੀ ਵਿਕਾਸ ਦੀ ਲੋੜ
Ad Position 24