26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਕੱਲ੍ਹ ਜਨਮ ਦਿਨ 'ਤੇ ਵਿਸ਼ੇਸ਼

ਕੱਲ੍ਹ ਜਨਮ ਦਿਨ 'ਤੇ ਵਿਸ਼ੇਸ਼

Ad Position 21
No active advertisement
ਅਜੀਤ ਡੈਸਕ 27-09-2026

ਭਾਰਤ ਦੀ ਕੋਇਲ ਅਤੇ ਬਾਲੀਵੁੱਡ ਦੀ ਪ੍ਰਸਿੱਧ ਪਿੱਠਵਰਤੀ ਗਾਇਕਾ

ਲਤਾ ਮੰਗੇਸ਼ਕਰ

ਜ਼ਿੰਦਗੀ ਦੇ ਅੱਠ ਦਹਾਕੇ ਗਾਇਕੀ ਨੂੰ  ਸਮਰਪਿਤ ਕਰਨ ਵਾਲੀ 'ਭਾਰਤ ਦੀ ਕੋਇਲ', 'ਸੁਰਾਂ ਦੀ ਰਾਣੀ', 'ਵਾਇਸ ਆਫ਼ ਦਾ ਨੇਸ਼ਨ', 'ਵਾਇਸ ਆਫ਼ ਦਾ ਮਿਲੇਨੀਅਮ' ਵਜੋਂ ਜਾਣੀ ਜਾਂਦੀ ਲਤਾ ਮੰਗੇਸ਼ਕਰ ਦਾ ਨਾਂਅ ਸੰਗੀਤ ਦੇ ਖੇਤਰ ਵਿਚ ਸੁਨਹਿਰੀ ਅੱਖਰਾਂ ਵਿਚ ਦਰਜ ਹੈ | 36 ਭਾਸ਼ਾਵਾਂ ਵਿਚ 25 ਹਜ਼ਾਰ ਤੋਂ ਵੱਧ ਗੀਤ ਸੰਗੀਤ ਪ੍ਰੇਮੀਆਂ ਦੀ ਝੋਲੀ ਪਾਉਣ ਵਾਲੀ ਉਹ ਦੇਸ਼ ਦੀ ਇਕਲੌਤੀ ਗਾਇਕਾ ਅਤੇ ਐਮ.ਐਸ. ਸੁਬਾਲਕਸ਼ਮੀ ਤੋਂ ਬਾਅਦ ਦੇਸ਼ ਦਾ ਸਰਬਉਚ ਨਾਗਰਿਕ ਪੁਰਸਕਾਰ 'ਭਾਰਤ ਰਤਨ' ਪ੍ਰਾਪਤ ਕਰਨ ਵਾਲੀ ਉਹ ਦੂਜੀ ਗਾਇਕਾ ਹੈ | ਲਤਾ ਦਾ ਮੁਢਲਾ ਨਾਂਅ ਹੇਮਾ ਸੀ | ਪਿਤਾ ਦੀਨਾਨਾਥ ਨੇ ਆਪਣੇ ਇਕ ਨਾਟਕ 'ਚ ਲਤਿਕਾ ਨਾਂਅ ਦੀ ਔਰਤ ਪਾਤਰ ਤੋਂ ਪ੍ਰਭਾਵਿਤ ਹੋ ਕੇ ਇਸ ਦਾ ਨਾਂਅ ਲਤਾ ਰੱਖ ਦਿਤਾ ਸੀ | 


ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਦੇ ਇਕ ਸਿੱਖ ਮੁਹੱਲੇ ਵਿਚ ਗੁਰਦੁਆਰੇ ਦੇ ਨਜ਼ਦੀਕ ਲਤਾ ਮੰਗੇਸ਼ਕਰ ਦਾ ਜਨਮ 28 ਸਤੰਬਰ, 1929 ਨੂੰ  ਪਿਤਾ ਪੰਡਿਤ ਦੀਨਾਨਾਥ ਮੰਗੇਸ਼ਕਰ ਅਤੇ ਮਾਤਾ ਸ਼ੇਵੰਤੀ (ਸੁਧਾਮਤੀ) ਦੇ ਘਰ ਹੋਇਆ | ਦੀਨਾਨਾਥ ਨੇ ਪਹਿਲੀ ਪਤਨੀ ਨਰਮਦਾ ਦੀ ਮੌਤ ਉਪਰੰਤ ਉਸ ਦੀ ਛੋਟੀ ਭੈਣ ਸ਼ੇਵੰਤੀ ਨਾਲ ਸ਼ਾਦੀ ਕਰ ਲਈ ਸੀ | ਲਤਾ ਦੇ ਦਾਦਾ ਸ੍ਰੀ ਗਣੇਸ਼ ਭੱਟ ਨਵਾਤੇ ਹਾਰਡੀਕਰ ਇਕ ਪੁਜਾਰੀ ਅਤੇ ਦਾਦੀ ਯੇਸੂਬਾਈ ਰਾਣੇ ਮਰਾਠਾ ਸਮਾਜ ਨਾਲ ਸਬੰਧ ਰੱਖਦੇ ਸਨ | ਨਾਨਾ ਸੇਠ ਹਰੀਦਾਸ ਵਪਾਰੀ ਸਨ | ਬਚਪਨ ਵਿਚ ਹੀ ਲਤਾ ਨੇ ਆਪਣੀ ਨਾਨੀ ਕੋਲੋਂ ਗੁਜਰਾਤੀ ਲੋਕ ਗੀਤ ਲੋਰੀਆਂ ਦੇ ਰੂਪ ਵਿਚ ਸਿੱਖੇ | ਚਾਰ ਭੈਣ ਭਰਾਵਾਂ ਹਿਰਦੇਨਾਥ ਮੰਗੇਸ਼ਕਰ (ਭਰਾ), ਊਸ਼ਾ ਮੰਗੇਸ਼ਕਰ, ਮੀਨਾ ਮੰਗੇਸ਼ਕਰ ਅਤੇ ਆਸ਼ਾ ਭੌਂਸਲੇ (ਭੈਣਾਂ) ਵਿਚੋਂ ਸਭ ਤੋਂ ਵੱਡੀ ਹੋਣ ਕਰਕੇ ਪਰਿਵਾਰਿਕ ਜ਼ਿੰਮੇਵਾਰੀਆਂ ਦਾ ਬੋਝ ਵੀ ਉਸ ਨੇ ਬਾਖੂਬੀ ਨਿਭਾਇਆ | ਸਾਰੇ ਭੈਣ ਭਰਾਵਾਂ ਦਾ ਸੰਬੰਧ ਸੰਗੀਤ ਨਾਲ ਰਿਹਾ ਹੈ | ਭਰਾ ਹਿਰਦੇਨਾਥ ਮੰਗੇਸ਼ਕਰ ਨਾਲ ਜਿਥੇ ਲਤਾ ਨੇ ਕੁਝ ਮਰਾਠੀ ਗੀਤ ਵੀ ਗਾਏ ਉਥੇ ਬਾਕੀ ਭੈਣਾਂ ਨੇ ਵੀ ਸੰਗੀਤ ਦੇ ਖੇਤਰ ਵਿਚ ਖੂਬ ਨਾਂਅ ਕਮਾਇਆ | 
ਦੀਨਾਨਾਥ ਸ਼ਾਸਤਰੀ ਗਾਇਕ ਤੇ ਰੰਗਮੰਚ ਦੇ ਕਲਾਕਾਰ ਸਨ ਤੇ 'ਬਲਵੰਤ ਨਾਟਕ ਮੰਡਲੀ' ਨਾਂਅ ਦੀ ਨਾਟਕ ਮੰਡਲੀ ਚਲਾਉਂਦੇ ਸਨ | 5 ਸਾਲ ਦੀ ਉਮਰ ਵਿਚ ਹੀ ਲਤਾ ਨੇ ਆਪਣੇ ਪਿਤਾ ਦੇ ਮਰਾਠੀ ਭਾਸ਼ਾ ਦੇ ਨਾਟਕਾਂ ਵਿਚ ਕੰਮ ਕਰਦਿਆਂ 'ਗੁਰੂਕੁਲ' ਨਾਟਕ 'ਚ ਕਿ੍ਸ਼ਨਾ ਦਾ ਰੋਲ ਨਿਭਾ ਕੇ ਸਭਨਾਂ ਨੂੰ  ਹੈਰਾਨ ਕਰ ਦਿਤਾ ਸੀ | ਸੰਨ 1942 ਵਿਚ ਪਿਤਾ ਦੀਨਾਨਾਥ ਦੀ ਮੌਤ ਨੇ ਪਰਿਵਾਰ ਨੂੰ  ਝੰਜੋੜ ਕੇ ਰੱਖ ਦਿਤਾ ਤੇ ਪਰਿਵਾਰ ਦੇ ਮੈਂਬਰਾਂ ਨੂੰ  ਪਾਲਣ ਪੋਸ਼ਣ ਦਾ ਸਾਰਾ ਬੋਝ ਲਤਾ ਦੇ ਮੋਢਿਆ 'ਤੇ ਆ ਗਿਆ | ਇਸੇ ਦੌਰਾਨ ਪਰਿਵਾਰ ਦੇ ਨੇੜੇ ਦੇ ਸਾਥੀ ਮਾਸਟਰ ਵਿਨਾਇਕ ਦਮੋਦਰ ਕਰਨਾਟਕੀ ਨੇ ਲਤਾ ਨੂੰ  ਗਾਇਕਾ ਅਤੇ ਅਦਾਕਾਰਾ ਵਜੋਂ ਆਪਣਾ ਕਰੀਅਰ ਸ਼ੁਰੂ ਕਰਨ ਲਈ ਹੱਲਾਸ਼ੇਰੀ ਦਿਤੀ | ਸੰਨ 1942 ਵਿਚ 13 ਸਾਲ ਦੀ ਉਮਰ ਵਿਚ ਉਸ ਨੇ ਪਹਿਲੀ ਵਾਰ 'ਮੰਗਲਾਗੌਰ' ਫ਼ਿਲਮ ਲਈ ਗਾਇਆ | ਸੰਨ 1945 ਵਿਚ ਲਤਾ ਬੰਬਈ ਆ ਗਈ, ਜਿਥੇ ਮਾਸਟਰ ਵਿਨਾਇਕ ਦਮੋਦਰ ਦੀ ਹਿੰਦੀ ਫ਼ਿਲਮ 'ਬੜੀ ਮਾਂ' ਵਿਚ ਉਸ ਨੇ ਆਪਣੀ ਭੈਣ ਆਸ਼ਾ ਭੌਂਸਲੇ ਨਾਲ ਛੋਟਾ ਜਿਹਾ ਰੋਲ ਕਰਦਿਆਂ ਇਕ ਭਜਨ 'ਮਾਤਾ ਤੇਰੇ ਚਰਨੋਂ ਮੇਂ' ਵੀ ਗਾਇਆ | ਇਹ ਸਹਾਰਾ ਵੀ ਬਹੁਤਾ ਸਮਾਂ ਨਾ ਰਿਹਾ ਤੇ ਸੰਨ 1947 ਵਿਚ ਮਾਸਟਰ ਵਿਨਾਇਕ ਦੀ ਮੌਤ ਹੋਣ ਉਪਰੰਤ ਡਰਾਮਾ ਕੰਪਨੀ ਪ੍ਰਫੁੱਲ ਪਿਕਚਰਜ਼ ਬੰਦ ਹੋ ਗਈ ਤੇ ਲਤਾ ਨੇ ਪਿਠਵਰਤੀ ਗਾਇਕਾ ਵਜੋਂ ਗਾਉਣਾ ਸ਼ੁਰੂ ਕਰ ਦਿਤਾ | ਉਸ ਨੂੰ  60-70 ਰੁਪਏ ਦਿਹਾੜੀ ਮਿਲਦੀ, ਜਿਸ ਨਾਲ ਪਰਿਵਾਰ ਦਾ ਪਾਲਣ ਪੋਸ਼ਣ ਬੜੀ ਮੁਸ਼ਕਿਲ ਨਾਲ ਚਲਦਾ | ਸੰਨ 1947 ਵਿਚ ਫ਼ਿਲਮ 'ਆਪ ਕੀ ਸੇਵਾ' ਰਾਹੀਂ ਉਸ ਨੇ ਹਿੰਦੀ ਫ਼ਿਲਮਾਂ ਵਿਚ ਪੈਰ ਧਰਿਆ | 
ਸੰਗੀਤਕਾਰ ਗੁਲਾਮ ਹੈਦਰ ਨੇ 18 ਸਾਲ ਦੀ ਲਤਾ ਨੂੰ  ਫ਼ਿਲਮ ਨਿਰਮਾਤਾ ਸ਼ਸ਼ਧਰ ਮੁਖਰਜੀ ਨਾਲ ਮਿਲਵਾਇਆ | ਸ਼ਸ਼ਧਰ ਜੀ ਨੇ ਕਿਹਾ ਕਿ ਇਸ ਲੜਕੀ ਦੀ ਤਾਂ ਆਵਾਜ਼ ਬਹੁਤ ਪਤਲੀ ਹੈ ਤੇ ਫ਼ਿਲਮਾਂ ਵਿਚ ਨਹੀਂ ਚੱਲੇਗੀ | ਇਸ ਉਪਰੰਤ ਗੁਲਾਮ ਹੈਦਰ ਜੀ ਨੇ 'ਮਜਬੂਰ' ਫ਼ਿਲਮ ਦੇ ਗੀਤ 'ਅੰਗਰੇਜ਼ੀ ਛੋਰਾ ਚਲਾ ਗਯਾ' ਅਤੇ 'ਦਿਲ ਮੇਰਾ ਤੋੜਾ ਮੁਝੇ ਕਹੀ ਕਾ ਨਾ ਛੋੜਾ ਤੇਰੇ ਪਿਆਰ ਨੇ', 'ਚ ਲਤਾ ਨੂੰ  ਗਾਇਕ ਮੁਕੇਸ਼ ਨਾਲ ਗਵਾਇਆ | ਇਨ੍ਹਾਂ ਗੀਤਾਂ ਨੇ ਲਤਾ ਨੂੰ  ਫ਼ਿਲਮ ਇੰਡਸਟਰੀ ਵਿਚ ਵੱਡੀ ਬ੍ਰੇਕ ਦਿਤੀ | ਬਾਅਦ ਵਿਚ ਸ਼ਸ਼ਧਰ ਜੀ ਨੇ ਆਪਣੀ ਗ਼ਲਤੀ ਕਬੂਲਦਿਆਂ ਲਤਾ ਜੀ ਕੋਲੋਂ ਅਨਾਰਕਲੀ ਅਤੇ ਜ਼ਿੱਦੀ ਫ਼ਿਲਮਾਂ ਵਿਚ ਗੀਤ ਗਵਾਏ ਜੋ ਹਿੱਟ ਰਹੇ | ਸੰਨ 1949 ਵਿਚ ਫ਼ਿਲਮ 'ਮਹਿਲ' ਵਿਚ 'ਆਏਗਾ-ਆਏਗਾ ਆਨੇ ਵਾਲਾ' ਗੀਤ ਯਾਦਗਾਰੀ ਹੋ ਨਿਬੜਿਆ ਜੋ ਮਧੂਬਾਲਾ 'ਤੇ ਫ਼ਿਲਮਾਇਆ ਗਿਆ ਸੀ | ਹੁਣ ਲਤਾ ਦੀ ਸੁਰੀਲੀ ਆਵਾਜ਼ ਦੇ ਚਰਚੇ ਫ਼ਿਲਮ ਇੰਡਸਟਰੀ ਵਿਚ ਹੋਣ ਲੱਗ ਪਏ ਸਨ | ਇਸ ਉਪਰੰਤ ਲਤਾ ਦੇ ਬਹੁਤ ਸਾਰੀਆਂ ਫ਼ਿਲਮਾਂ ਵਿਚ ਗੀਤ ਰਿਕਾਰਡ ਹੋਏ |
ਲਤਾ ਮੰਗੇਸ਼ਕਰ ਨੇ ਗੁਰਬਾਣੀ ਸ਼ਬਦਾਂ ਦਾ ਵੀ ਗਾਇਨ ਕੀਤਾ ਜਿਵੇਂ ਸਤਿਗੁਰ ਨਾਨਕ ਪ੍ਰਗਟਿਆ, ਮਿਲੁ ਮੇਰੇ ਪ੍ਰੀਤਮਾ ਜੀਉ, ਦੇਹ ਸਿਵਾ ਬਰ ਮੋਹਿ ਇਹੈ, ਮੂ ਲਾਲਨ ਸਿਉ ਪ੍ਰੀਤਿ ਬਨੀ, ਵੈਦੁ ਬੁਲਾਇਆ ਵੈਦਗੀ, ਭਿੰਨੀ ਰੈਨੜੀਐ ਚਾਮਕਨਿ ਤਾਰੇ, ਹਰਿ ਜੁਗੁ ਜੁਗੁ ਭਗਤ ਉਪਾਇਆ, ਜਪਿ ਮਨ ਸਤਿਨਾਮੁ ਆਦਿ | ਪਿਠਵਰਤੀ ਗਾਇਕਾ, ਮਿਊਜ਼ਿਕ ਡਾਇਰੈਕਟਰ, ਪ੍ਰੋਡਿਊਸਰ ਵਜੋਂ ਸੇਵਾਵਾਂ ਨਿਭਾਉਂਦਿਆਂ ਉਸ ਨੇ ਅਣਗਿਣਤ ਹਿਟ ਗੀਤ ਗਾਏ ਜਿਵੇਂ ਪਿਆਰ ਕੀਆ ਤੋ ਡਰਨਾ ਕਿਆ, ਅੱਛਾ ਤੋ ਹਮ ਚਲਤੇ ਹੈਂ, ਡਫਲੀ ਵਾਲੇ ਡਫਲੀ ਵਜਾ, ਯੇ ਗਲੀਆਂ ਯੇ ਚੌਬਾਰੇ, ਤੂੰ ਕਿਤਨੀ ਅੱਛੀ ਹੈ, ਸ਼ੀਸ਼ਾ ਹੋ ਜਾ ਦਿਲ ਆਖਿਰ ਟੂਟ ਜਾਤਾ ਹੈ, ਰਾਮ ਤੇਰੀ ਗੰਗਾ ਮੈਲੀ ਹੋ ਗਈ, ਜ਼ਿੰਦਗੀ ਪਿਆਰ ਕਾ ਗੀਤ ਹੈ, ਪ੍ਰਦੇਸ ਜਾ ਕੇ ਪ੍ਰਦੇਸੀਆ, ਸੁਨ ਸਾਹਿਬਾ ਸੁਨ, ਮੈਂ ਹੂੰ ਖੁਸ਼ਰੰਗ ਹਿਨਾ, ਦਿਲ ਤੋ ਪਾਗਲ ਹੈ, ਆਪ ਕੀ ਨਜ਼ਰੋਂ ਨੇ ਸਮਝਾ, ਨੈਨਾ ਬਰਸੇ ਰਿਮਝਿਮ, ਤੇਰੇ ਬਿਨਾਂ ਜ਼ਿੰਦਗੀ ਮੇ ਕੋਈ, ਤੇਰੀ ਬਿੰਦੀਆ ਰੇ, ਮੈਂ ਤੇਰੀ ਦੁਸ਼ਮਨ ਦੁਸ਼ਮਨ ਤੂੰ ਮੇਰਾ, ਲੁਕਾ ਛੁਪੀ, ਦੀਦੀ ਤੇਰਾ ਦੇਵਰ ਦੀਵਾਨਾ, ਮੇਰੇ ਖਾਬੋਂ ਮੇਂ ਜੋ ਆਏ ਆਦਿ | ਲਤਾ ਨੇ ਅਨੇਕ ਪੰਜਾਬੀ ਫ਼ਿਲਮੀ ਗੀਤਾਂ ਨੂੰ  ਵੀ ਆਵਾਜ਼ ਦਿਤੀ ਜੋ ਅੱਜ ਵੀ ਸੁਣੇ ਜਾਂਦੇ ਹਨ | ਜਿਵੇਂ 'ਰਾਹੇ ਰਾਹੇ ਜਾਂਦਿਆਂ, ਅੱਖੀਆਂ ਮਿਲਾਂਦਿਆਂ, ਅੱਖੀਆਂ ਚੁਰਾ ਕੇ ਨਾ ਜਾ' ਅਤੇ 'ਗਲੀਆਂ 'ਚ ਫਿਰਦੇ ਢੋਲਾ ਨਿੱਕੇ-ਨਿੱਕੇ ਬਾਲ ਵੇ, ਬਾਲਾਂ ਕੋਲੋਂ ਪੁੱਛਦੀ ਹਾਂ ਚੰਨਾ ਤੇਰਾ ਹਾਲ ਵੇ' (ਫ਼ਿਲਮ ਚਮਨ, ਸੰਨ 1948), 'ਨਾਲੇ ਲੰਮੀ ਤੇ ਨਾਲੇ ਕਾਲੀ, ਹਾਏ ਵੇ ਚੰਨਾ ਰਾਤ ਜੁਦਾਈਆਂ ਵਾਲੀ', 'ਕਾਲੀ ਕੰਘੀ ਨਾਲ ਕਾਲੇ ਵਾਲ ਪਈ ਵਾਹੁਨੀਆਂ, ਆ ਮਿਲ ਢੋਲ ਜਾਨੀਆਂ' (ਫ਼ਿਲਮ ਲੱਛੀ, ਸੰਨ 1949), 'ਚੱਲਾਂ ਮੋਰਨੀ ਦੀ ਚਾਲ', 'ਚੱਲ ਆ ਬਾਗਾਂ ਵਿਚ ਨੱਚੀਏ (ਫ਼ਿਲਮ ਭਾਈਆ ਜੀ, ਸੰਨ 1950),  'ਮਾਰਾਂ ਕੰਧਾਂ ਉਤੇ ਲੀਕਾਂ, ਵੇ ਮੈਂ ਲਾਈਆਂ ਨੇ ਉਡੀਕਾਂ' (ਫ਼ਿਲਮ ਵਣਜਾਰਾ, ਸੰਨ 1954), 'ਹਾਏ ਨੀ ਮੇਰਾ ਬਾਲਮ, ਹੈ ਬੜਾ  ਜ਼ਾਲਮ' (ਫ਼ਿਲਮ ਦੋ ਲੱਛੀਆਂ, ਸੰਨ 1960), 'ਪਿਆਰ ਦੇ ਭੁਲੇਖੇ ਕਿੰਨੇ ਸੋਹਣੇ-ਸੋਹਣੇ ਖਾ ਗਏ' (ਫ਼ਿਲਮ ਗੁੱਡੀ, ਸੰਨ 1963), 'ਲਾਈਏ ਤੇ ਤੋੜ ਨਿਭਾਵੀਂ, ਛੱਡ ਕੇ ਨਾ ਜਾਵੀਂ ਵੇ ਬੀਬਾ ਛੱਡ ਕੇ ਨਾ ਜਾਵੀਂ' (ਫ਼ਿਲਮ ਪਿੰਡ ਦੀ ਕੁੜੀ, ਸੰਨ 1963) ਆਦਿ | ਹਮੇਸ਼ਾ ਚਿੱਟੀ ਸਾੜ੍ਹੀ ਪਹਿਨਣ ਦੀ ਸ਼ੌਕੀਨ ਲਤਾ ਨੇ ਅਨੇਕ ਪੁਰਸਕਾਰ ਆਪਣੀ ਝੋਲੀ ਪਾਏ | ਪਦਮ ਭੂਸ਼ਣ (1969), ਦਾਦਾ ਸਾਹਿਬ ਫਾਲਕੇ ਪੁਰਸਕਾਰ (1989), ਫ਼ਿਲਮ ਫੇਅਰ ਲਾਈਫ ਟਾਈਮ ਅਚੀਵਮੈਂਟ ਪੁਰਸਕਾਰ (1993),  ਪਦਮ ਵਿਭੂਸ਼ਣ (1999), ਆਈਫਾ ਦਾ ਲਾਈਫਟਾਈਮ ਅਚੀਵਮੈਂਟ ਪੁਰਸਕਾਰ (2000),  ਭਾਰਤ ਰਤਨ (2001) ਆਦਿ |
ਜ਼ਿੰਦਗੀ ਦੇ ਆਖਰੀ ਪੜਾਅ ਦੌਰਾਨ ਲਤਾ ਮੰਗੇਸ਼ਕਰ ਨੂੰ  ਕੋਰੋਨਾ ਦੇ ਲੱਛਣਾਂ ਉਪਰੰਤ 8 ਜਨਵਰੀ, 2022 ਨੂੰ  ਬੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿਥੇ 6 ਫਰਵਰੀ, 2022 ਨੂੰ  92 ਸਾਲ ਦੀ ਉਮਰ ਵਿਚ ਉਸ ਨੇ ਸਵੇਰੇ 8.12 ਮਿੰਟ 'ਤੇ ਆਖਰੀ ਸਾਹ ਲਿਆ | 

-ਮੋਬਾਈਲ : 98554-53539 

Ad Position 22
No active advertisement
ਪਿਛਲੀ ਖ਼ਬਰ ਕੂੰਜਾਂ ਦੇ ਵੱਖ-ਵੱਖ ਪੈਟਰਨ: ਆਸਮਾਨ ਵਿਚ ਲਿਖੀ ਹੋਈ ਸੋਹਣੀ ਨਜ਼ਮ ਅਗਲੀ ਖ਼ਬਰ ਝੀਲਾਂ ਅਤੇ ਕੁਦਰਤੀ ਰੌਸ਼ਨੀਆਂ ਦਾ ਦੇਸ਼ : ਫਿਨਲੈਂਡ
Ad Position 24