26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਵਾਰਿਸ ਸ਼ਾਹ ਦੀ ਹੀਰ ਦੇ ਵਿਕੋਲਿਤਰੇ ਕਥਨ

ਵਾਰਿਸ ਸ਼ਾਹ ਦੀ ਹੀਰ ਦੇ ਵਿਕੋਲਿਤਰੇ ਕਥਨ

Ad Position 21
No active advertisement
ਅਜੀਤ ਡੈਸਕ 27-09-2026

ਵਾਰਿਸ਼ ਸ਼ਾਹ ਦੀ ਹੀਰ ਪੰਜਾਬੀ ਸਾਹਿਤ ਅਤੇ ਪੰਜਾਬੀਅਤ ਦੀ ਜਿੰਦ ਜਾਨ ਹੈ | ਪੰਜਾਬੀ ਬੋਲੀ ਦਾ ਧਰੋਹਰ ਹੈ | ਇਸੇ ਕਰਕੇ ਵਾਰਿਸ਼ ਸ਼ਾਹ ਦੀ ਹੀਰ ਨੂੰ  ਕਲਾਸੀਕਲ ਸਾਹਿਤ ਵਿਚ ਸ਼ਾਮਿਲ ਕੀਤਾ ਜਾਂਦਾ | ਵਾਰਿਸ ਸ਼ਾਹ ਦੀ ਵਿਦਵਤਾ ਅਤੇ ਕਾਵਿ ਕਲਾਕਾਰੀ ਦਾ ਕੋਈ ਮੁਕਾਬਲਾ ਨਹੀਂ | ਚੜ੍ਹਦੇ ਤੇ ਲਹਿੰਦੇ ਪੰਜਾਬ ਵਿਚ ਵਾਰਿਸ ਸ਼ਾਹ ਨੂੰ  ਬੜੀ ਅਕੀਦਤ ਨਾਲ ਯਾਦ ਕੀਤਾ ਜਾਂਦਾ | ਉਸ ਦੀ ਰਚਨਾ ਸਰਬਕਾਲੀ ਹੈ | ਪਿੰਡਾਂ ਦੀਆਂ ਸੱਥਾਂ ਤੋਂ ਲੈ ਕੇ ਯੂਨੀਵਰਸਿਟੀਆਂ ਦੀਆਂ ਅਕਾਦਮਿਕ-ਗੋਸ਼ਟੀਆਂ ਵਿਚ ਵਾਰਿਸ ਸ਼ਾਹ ਨੂੰ  ਪੂਰੀ ਮੁਹੱਬਤ ਨਾਲ ਯਾਦ ਕੀਤਾ ਜਾਂਦੈ | ਹੀਰ-ਰਾਂਝੇ ਦੀ ਪ੍ਰੀਤ-ਕਹਾਣੀ ਨੂੰ  ਜਿਸ ਪੱਧਰ 'ਤੇ ਵਾਰਿਸ ਸ਼ਾਹ ਨੇ ਚਿਤਰਿਆ, ਉਸ ਦੀ ਕੋਈ ਮਿਸਾਲ ਨਹੀਂ | ਮੁਹੱਬਤ ਨੂੰ  ਜਿਸ ਰੂਹਾਨੀ ਰੰਗਤ ਦਾ ਰੰਗ ਚਾੜਿ੍ਹਆ ਗਿਆ, ਉਹ ਕੇਵਲ ਤੇ ਕੇਵਲ ਵਾਰਿਸ ਸ਼ਾਹ ਦੇ ਹਿੱਸੇ ਹੀ ਆਇਆ ਭਾਵੇਂ ਸਭ ਤੋਂ ਪਹਿਲਾਂ ਹੀਰ-ਰਾਂਝੇ ਦੀ ਪ੍ਰੀਤ-ਕਥਾ ਨੂੰ  ਦਮੋਦਰ ਨੇ ਲਿਖਤ ਵਿਚ ਲਿਆਂਦਾ ਪਰੰਤੂ ਜਿਹੜੀ ਪ੍ਰਸਿੱਧੀ ਤੇ ਪ੍ਰਸੰਸਾ ਵਾਰਿਸ ਸ਼ਾਹ ਨੂੰ  ਮਿਲੀ, ਉਸ ਦਾ ਕੋਈ ਹੋਰ ਬਦਲ ਨਹੀਂ | ਉੱਘੇ ਆਲੋਚਕਾਂ, ਵਿਦਵਾਨਾਂ, ਸਾਹਿਤਕਾਰਾਂ ਨੇ ਹੀਰ ਵਾਰਿਸ਼ ਸ਼ਾਹ ਬਾਰੇ ਨਿੱਠ ਕੇ ਲਿਖਿਆ | ਪੀ.ਐਚ.ਡੀ. ਖੋਜ ਨਿਬੰਧ ਲਿਖੇ ਲਏ, ਵਾਰਿਸ਼ ਸ਼ਾਹ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕੀਤੇ ਗਏ | ਖੋਜਕਾਰ ਜ਼ਾਹਿਦ ਇਕਬਾਲ ਨੇ 2012 'ਚ ਕਰੜੀ ਮਿਹਨਤ ਕਰ ਕੇ ਅਸਲ ਵਾਰਿਸ ਸ਼ਾਹ ਦੀ ਹੀਰ ਵਿਚ ਮਿਲਾਵਟੀ ਸ਼ਿਅਰਾਂ ਦੇ ਹਵਾਲੇ ਦੇ ਕੇ ਵੱਡ ਅਕਾਰੀ ਰੂਪ ਜਿਸ ਦੇ 914 ਪੰਨੇ ਹਨ, ਭੰਨੇ-ਤਰੋੜੇ ਸ਼ਿਅਰਾਂ ਦਾ ਵੇਰਵਾ ਦੇ ਕੇ ਨਵਾਂ ਦਰ ਖੋਲਿ੍ਹਆ ਹੈ | ਅਸਲ ਵਿਚ ਹੀਰ ਵਾਰਿਸ ਸ਼ਾਹ ਦੀ ਪ੍ਰੀਤ ਕਹਾਣੀ ਦੋ ਰੂਹਾਂ ਦੇ ਮਿਲਾਪ ਦੀ ਕਹਾਣੀ ਬਣ ਗਈ | ਲਟਬੌਰੇ ਕਵੀ ਪ੍ਰੋ. ਪੂਰਨ ਸਿੰਘ ਨੇ ਤਦੇ ਤਾਂ ਕਹਿ ਦਿੱਤਾ: ਆ ਵੀਰ ਰਾਂਝਿਆ, ਆ ਭੈਣੇ ਹੀਰੇ, ਤੇਰੇ ਬਾਝੋਂ ਅਸੀਂ ਸੱਖਣੇ | ਇਹ ਲੱਜ ਰੱਖਣੀ ਸਾਡੇ ਪੰਜਾਬੀ ਸੁਭਾਅ 'ਚ ਚਲੀ ਆਉਂਦੀ: ਵਾਰਿਸ ਸ਼ਾਹ ਹੱਥ ਫੜੇ ਦੀ ਲਾਜ ਹੁੰਦੀ, ਕਰੀਏ ਸਾਥ ਤਾਂ ਪਾਰ ਉਤਾਰੀਏ ਨੀ | ਬੁਲ੍ਹੇ ਸ਼ਾਹ ਵੀ ਕਹਿਣੋਂ ਨਾ ਰਹਿ ਸਕਿਆ: ਇਕ ਰਾਂਝਾ ਮੈਨੂੰ ਲੋੜੀ ਦਾ | ਪਾਕਿਸਤਾਨ ਦੇ ਵਾਸੀ ਜ਼ਾਹਿਦ ਇਕਬਾਲ ਦੀ ਇਸ ਚਮਤਕਾਰ ਵਰਗੀ-ਖੋਜ ਬਾਰੇ ਲਗਪਗ 92 ਵੱਖੋ-ਵੱਖ ਖੋਜਕਾਰਾਂ, ਵਿਦਵਾਨਾਂ, ਲੇਖਕਾਂ ਤੇ ਆਲੋਚਕਾਂ ਨੇ ਆਪਣੇ-ਆਪਣੇ ਢੰਗ ਨਾਲ ਤਾਰੀਫ਼ ਕੀਤੀ ਹੈ | ਇੱਥੇ ਜ਼ਾਹਿਦ ਇਕਬਾਲ ਆਪਣੀ ਖੋਜ ਦੇ ਪ੍ਰਸੰਗ ਵਿਚ ਕਿੱਸਾ ਹੀਰ 'ਚੋਂ ਹੀ ਮਿਸਾਲ ਦੇਂਦਾ:

'ਪਰਖ ਸ਼ਿਅਰ ਦੀ ਆਪ ਕਰ ਲੈਣ ਸ਼ਾਇਰ, ਘੋੜਾ ਫੇਰਿਆ ਵਿਚ ਨਖਾਸ ਦੇ ਮੈਂ, ਸ਼ਾਹ ਪਰੀ ਦੀ ਭੈਣ ਪੰਜ ਫੂਲ ਰਾਨੀ, ਗੁਝੀ ਰਹੇ ਨਾ ਹੀਰ ਹਜ਼ਾਰ ਵਿਚੋਂ |'
ਕਿੱਸਾ ਹੀਰ ਦਾ ਮੂਲ ਪਾਠ ਕਰਦਿਆਂ ਕੁਝ ਵਿਕੋਲਿਤਰੇ ਕਥਨ ਪੜ੍ਹਨ ਵਾਲੇ ਹਨ ਜਿਨ੍ਹਾਂ ਬਾਰੇ ਕਦੇ ਗੌਲਿਆ ਨਹੀਂ ਗਿਆ | ਸਾਹਿਤ ਦੇ ਇਸ ਅਮੀਰ ਖ਼ਜ਼ਾਨੇ ਨੂੰ  ਵਾਰ-ਵਾਰ ਪੜਿ੍ਹਆਂ, ਨਵੇਂ-ਨਵੇਂ ਸੰਕਲਪ ਉਭਰਦੇ ਹਨ | ਸਮਾਜ ਦੀ ਭਾਈਚਾਰਕ ਸਾਂਝ ਨੂੰ  ਕਾਇਮ ਰੱਖਣਾ ਬਹੁਤ ਜ਼ਰੂਰੀ ਹੈ | ਸਮੇਂ-ਸਮੇਂ ਰਾਜ-ਸੱਤਾ ਦੇ ਮਾਲਕਾਂ ਨੇ ਸਮਾਜ ਵਿਚ ਤ੍ਰੇੜਾਂ ਪਾਉਣ ਦੀ ਕੋਸ਼ਿਸ਼ ਕੀਤੀ | ਵਾਰਿਸ ਸ਼ਾਹ ਇਸ ਚਿੰਤਾ ਨੂੰ  ਪ੍ਰਗਟ ਕਰਦਾ:
ਭਾਈ ਢਾਹੁੰਦੇ, ਭਾਈ ਉਸਾਰਦੇ ਨੇ
ਭਾਈਆਂ ਬਾਝ, ਵਾਰਿਸ ਕੋਈ ਯਾਰ ਨਹੀਂ |
ਸਾਂਝੇ ਪਰਿਵਾਰ ਰਲ ਮਿਲ ਕੇ ਰਹਿੰਦੇ ਸਨ | ਇੱਥੋਂ ਤਕ ਪਿੰਡ ਦੀ ਧੀ-ਭੈਣ ਦਾ ਬਹੁਤ ਖਿਆਲ ਰੱਖਿਆ ਜਾਂਦਾ ਸੀ | ਨੈਤਿਕ-ਕਦਰਾਂ ਕੀਮਤਾਂ ਤਹਿਜ਼ੀਬ ਦਾ ਹਿੱਸਾ ਹੁੰਦੀਆਂ ਸਨ | ਕੰਜਕਾਂ ਦੀ ਆਬਰੂ ਦਾ ਖਿਆਲ ਰੱਖਿਆ ਜਾਂਦਾ ਸੀ | ਕੰਨਿਆ ਦੀ ਰੱਖਿਆ ਕਰਨਾ, ਧਰਮ ਪਾਲਣੇ ਦੇ ਬਰਾਬਰ ਸੀ | ਇਸ ਸੰਕਲਪ ਬਾਰੇ ਹੀਰ 'ਚ ਇਕ ਲਾਇਨ ਬਹੁਤ ਕੁਝ ਕਹਿੰਦੀ ਹੈ:
ਕੁਆਰੀ ਸੋਈ ਜੋ ਕਰੇ ਹਯਾ ਬਹੁਤਾ |
ਰੱਬ ਬਾਰੇ, ਜ਼ਮੀਨ ਬਾਰੇ ਅਤੇ ਮੌਤ ਬਾਰੇ ਬਹੁਤ ਕਮਾਲ ਦਾ ਕਥਨ ਪੜ੍ਹਨ ਨੂੰ  ਮਿਲਦਾ | ਦਾਤਾ, ਸਬਰ, ਸਖਤ ਤੇ ਨਾਬਰੀ ਸ਼ਬਦਾਂ ਦੀ ਢੁਕਵੀਂ ਵਰਤੋਂ ਇੰਝ ਕੀਤੀ ਗਈ ਹੈ:
ਰੱਬ ਜੇਡ ਨਾ ਕੋਈ ਹੈ ਜੱਗ ਦਾਤਾ
ਜ਼ਿਮੀ ਜੇਡ ਨਾ ਕਿਸੇ ਦੀ ਸਾਬਰੀ ਵੇ,
ਮੌਤ ਜੇਡ ਨਾ ਹੋਰ ਹੈ ਸਖਤ ਕੋਈ
ਓਥੇ ਕਿਸੇ ਦੀ ਨਹੀਂਓ ਨਾਬਰੀ ਵੇ |
ਔਰਤ-ਮਰਦ ਦੇ ਰਿਸ਼ਤਿਆਂ ਦੇ ਸੰਤੁਲਨ ਦੀ ਦੋਵੇਂ ਧਿਰਾਂ ਨੂੰ  ਲਾਜ ਪਾਲਣੀ ਜ਼ਰੂਰੀ ਹੈ ਤਦੇ ਗ੍ਰਹਿਸਥੀ ਦਾ ਅਨੰਦ ਮਾਣਿਆ ਜਾ ਸਕਦਾ | ਜ਼ਿਕਰ ਆਉਂਦਾ:
ਨੇਕ ਮਰਦ ਤੇ ਨੇਕ ਭੀ ਹੋਏ ਔਰਤ
ਇਹਨਾਂ ਦੋਹਾਂ ਨੇ ਕੰਮ ਸੰਵਾਰਨੇ ਨੇ |
ਰੋਟੀ ਦੀ ਭੁੱਖ ਬੰਦੇ ਨੂੰ  ਕੀ ਕੁਝ ਨੀ ਕਰਨਾ ਸਿਖਾਉਂਦੀ | ਪੇਟ ਭਰਨ ਲਈ ਮਨੁੱਖ ਨੂੰ  ਕਈ ਕਿਸਮ ਦੇ ਆਹਰ ਕਰਨੇ ਪੈਂਦੇ | ਰੋਟੀ ਦਾ ਹੀ ਤਾਂ ਮਸਲਾ ਜਿਹੜਾ ਵਧਦਾ-ਵਧਦਾ ਖੂਨ ਖਰਾਬੇ ਕਰਵਾ ਦੇਂਦਾ | ਲਿਖਿਆ:
ਪੇਟ ਵਾਸਤੇ ਸਭ ਖਰਾਬੀਆਂ ਨੇ
ਪੇਟ ਵਾਸਤੇ ਖੂਨ ਗੁਜ਼ਾਰਨੇ ਨੇ |
ਸ੍ਰੀ ਰਾਮ ਚੰਦਰ ਅਤੇ ਰਾਵਣ ਦੀ ਸੀਤਾ ਨੂੰ  ਉਠਾਲਣ ਕਾਰਨ ਜੋ ਜੰਗ ਹੋਈ, ਉਸ ਦੀ ਗਾਥਾ ਰਮਾਇਣ 'ਚ ਬਹੁਤ ਵਿਸਥਾਰ ਨਾਲ ਅੰਕਿਤ ਹੈ | ਬਹੁਤ ਸੰਖੇਪ ਸ਼ਬਦਾਂ 'ਚ ਵਾਰਿਸ ਸ਼ਾਹ ਨੇ ਦੋ ਲਾਇਨਾਂ 'ਚ ਇਸ ਪ੍ਰਸੰਗ ਨੂੰ  ਕੁੱਜੇ 'ਚ ਸਮੁੰਦਰ ਬੰਦ ਕਰਨ ਵਾਲਾ ਕ੍ਰਿਸ਼ਮਾ ਕੀਤਾ:
ਰਾਵਣ ਲੰਕਾ ਲੁਟਾਇਕੇ ਗੁਰਦ ਹੋਇਆ
ਸੀਤਾ ਵਾਸਤੇ ਭੇਖ ਵਿਖਾਲਿਆ ਨੀ |
ਪੰਜਾਬ ਦੀ ਕਿਸਾਨੀ ਦਾ ਦਾਰਮਦਾਰ ਕਣਕ ਦੀ ਫ਼ਸਲ ਨਾਲ ਜੁੜਿਆ ਰਿਹਾ | ਵਿਸਾਖੀ ਤੋਂ ਪਹਿਲਾਂ-ਪਹਿਲਾਂ ਕਣਕ ਦੀ ਵਾਢੀ ਕਰਨੀ ਰੱਬ ਦੀ ਕਰਨੀ 'ਤੇ ਨਿਰਭਰ ਕਰਦੀ ਹੈ | ਇਸ ਮੌਸਮ ਦੇ ਵਰਤਾਰੇ ਬਾਰੇ ਭਵਿੱਖ ਬਾਣੀ ਕੀਤੀ ਗਈ ਇਉਂ ਹੈ:
ਜੇਠ ਮੀਂਹ ਤੇ ਸਿਆਲ ਵਿਚ ਵਾਊ ਮੰਦੀ
ਕਤਕ ਮਾਹ ਵਿਚ ਮੰਦ ਹਨੇਰੀਆਂ ਨੀ |
ਅਸੀਂ ਦੋਸਤ ਬਾਰੇ ਅਕਸਰ ਬੋਲਦੇ ਹਾਂ ਕਿ ਮੁਸ਼ਕਲ ਵੇਲੇ ਜੋ ਕੰਮ ਆਵੇ, ਅਸਲ ਦੋਸਤ ਉਹ ਹੈ | ਸਿਆਣੇ ਵੀ ਦੋਸਤ ਦੀ ਪਰਖ ਭੀੜ ਪੈਣ 'ਤੇ ਮੰਨਦੇ | ਇਸ ਸਚਿਆਈ ਬਾਰੇ ਹੈ:
ਦੋਸਤ ਸੋਈ ਜੋ ਬਿਪਤ ਵਿਚ ਭੀੜ ਕੱਟੇ
ਯਾਰ ਸੋਈ ਜੋ ਜਾਨ ਕੁਰਬਾਨ ਹੋਵੇ |
ਮੁਲਕ ਵਿਚ ਜੰਗ-ਯੁੱਧ ਅਤੇ ਚੋਰੀਆਂ-ਡਾਕੇ ਮੁਲਕ ਨੂੰ  ਵਸਣ ਨਹੀਂ ਦਿੰਦੇ | ਤਬਾਹੀ ਸਦਾ ਹੀ ਮਾੜੀ ਹੈ | ਪਰਜਾ ਲਈ ਅਮਨ-ਸ਼ਾਂਤੀ ਅਤੇ ਸੁਰੱਖਿਆ ਦਾ ਹੋਣਾ ਜ਼ਰੂਰੀ ਹੈ | ਮੁਲਕ ਮਾਹੀ ਦਾ ਵਸੇ, ਜਿੱਥੇ ਹਰ ਕੋਈ ਹੱਸੇ | ਸੰਸਾਰ ਅਮਨ ਦੀ ਗੱਲ ਵਾਰਿਸ ਸ਼ਾਹ ਉਨ੍ਹਾਂ ਸਮਿਆਂ ਵਿਚ ਵੀ ਕਰਦਾ ਹੈ | ਇਕ ਸਤਰ ਵਿਚ ਗੱਲ ਪੂਰੀ ਕਰ ਵਿਖਾਈ:
ਬਿਨਾਂ ਜੰਗ ਤੇ ਚੋਰ ਦੇ ਮੁਲਕ ਵਸੇ |
ਵਾਰਿਸ ਸ਼ਾਹ ਦਾ ਗਿਆਨ ਅਤੇ ਵਿਦਵਤਾ ਵਸੀਹ ਸੀ | ਉਨ੍ਹਾਂ ਸਮਿਆਂ ਵਿਚ ਪਲੈਟੋ ਅਤੇ ਅਰਿਸਟੋਟਲ ਦਾ ਜ਼ਿਕਰ ਆਪਣੇ ਕਿੱਸੇ ਵਿਚ ਕਰਨਾ, ਹੈਰਾਨ ਕਰਨ ਵਰਗਾ ਹੈ | ਥੋੜ੍ਹੇ ਸ਼ਬਦਾਂ ਰਾਹੀਂ ਗੁਰੂ ਅਤੇ ਸ਼ਗਿਰਦ ਦੇ ਰਿਸ਼ਤੇ ਦੀ ਉੱਚਤਾ ਨੂੰ  ਇੰਝ ਪੇਸ਼ ਕੀਤਾ:
ਅਫਲਾਤੂਨ ਸ਼ਗਿਰਦ ਗੁਲਾਮ ਅਰਸਤੂ
ਲੁਕਮਾਨ ਤੋਂ ਪੈਰ ਧੁਆਵਏ ਵੇ |
ਇਸਤਰੀ-ਜਾਤੀ ਬਾਰੇ ਕਈ ਵਿਕੋਲਿਤਰੇ ਕਥਨ ਮਾਨਣ ਵਾਲੇ ਹਨ:
ਸੋਨਾ ਰੁਪੜਾ ਸ਼ਾਨ ਸਵਾਣੀਆਂ ਦਾ

ਘੁੰਡ ਹੁਸਨ ਦੀ ਛਬ ਛਪਾਇ ਲੈਂਦਾ |
ਜਿਸ ਮਰਦ ਨੂੰ  ਸ਼ਰਮ ਨਾ ਹੋਵੇ ਗੈਰਤ
ਓਸ ਮਰਦ ਤੋਂ ਚੰਗੀਆਂ ਤੀਵੀਆਂ ਨੇ |
ਘਰ ਸਦਾ ਹੀ ਔਰਤਾਂ ਨਾਲ ਸੋਂਹਦੇ
ਸ਼ਰਮਵੰਦ ਤੇ ਸਤਰਦੀਆਂ ਬੀਵੀਆਂ ਨੇ |

ਇਕ ਹੋਰ ਥਾਂ ਲਿਖਿਆ:
ਘਰਾਂ ਵਿਚ ਹੁੰਦੀ ਨੂੰ ਹਾਂ ਨਾਲ ਵਸੋਂ |
ਇਨ੍ਹਾਂ ਕਥਨਾਂ ਤੋਂ ਬਿਨਾਂ ਹੋਰ ਜ਼ਿਕਰਯੋਗ ਸ਼ਿਅਰ ਤੱਥ ਬਣਨ ਵਰਗੇ ਹਨ:
ਇਲਮ ਹੁਨਰ ਦੇ ਬਾਝ ਨਾ ਪਹੁੰਚ ਕੋਈ
ਅਮਲ ਸਾਲਿਆ ਜੇਡ ਨਾ ਰਾਹਬਰੀ ਵੇ |
ਜੇਹੀ ਨੀਅਤ ਹੈ ਤੇਰੀ ਮੁਰਾਦ ਮਿਲੀਆਂ |

ਹੀਰ ਦੀ ਖੂਬਸੂਰਤੀ ਅਤੇ ਉਸ ਦਾ ਨਿਆਜ਼ ਸੁਭਾਅ ਵੱਖੋ-ਵੱਖਰੇ ਰੰਗਾਂ ਵਿਚ ਪੇਸ਼ ਕੀਤਾ ਗਿਆ ਹੈ | ਕਈ ਤਸ਼ਬੀਹਾਂ ਕਿੱਸਾ-ਕਾਵਿ ਦੀ ਕਲਾ ਨੂੰ  ਅਨੂਠਾ ਅਨੰਦ ਪ੍ਰਦਾਨ ਕਰਦੀਆਂ ਹਨ | ਬਹੁਤ ਬਰੀਕ-ਬੀਨੀ ਨਾਲ ਅਧਿਐਨ ਕਰਦਿਆਂ, ਕਈ ਨਵੇਂ ਬਿੰਬ, ਪ੍ਰਤੀਕ ਤੇ ਅਲੰਕਾਰ ਮਾਨਣ ਨੂੰ  ਮਿਲਦੇ ਹਨ | ਵਾਰਿਸ ਸ਼ਾਹ ਦੀ ਸ਼ਬਦਾਵਲੀ ਦੀ ਜੜਤ ਤੇ ਦਿ੍ਸ਼-ਵਰਨਣ ਆਪਣੀ ਹੀ ਆਭਾ ਵਾਲਾ ਹੈ | ਕੁਝ ਪੰਗਤੀਆਂ ਪੇਸ਼ ਹਨ:
ਹੋਵੇ ਪਾਰ ਸਮੁੰਦਰੋਂ ਹੀਰ ਬੈਠੀ
ਬੁੱਕਾਂ ਨਾਲ ਸਮੁੰਦਰ ਨੂੰ  ਵੱਟ ਸੁੱਟਾਂ |
ਵਾਰਿਸ ਸ਼ਾਹ, ਦਿਨ ਤੇ ਰਾਤ ਦੇ ਮੀਂਹ ਵਾਂਗੂ
ਨੀਰ ਓਸ ਦੇ ਨੈਣਾਂ ਤੋਂ ਵਸਿਆ ਏ |
ਵਾਰਿਸ ਸ਼ਾਹ, ਨਾ ਸੰਗ ਨੂੰ  ਰੰਗ ਆਵੇ
ਲੱਖ ਸੂਹੇ ਦੇ ਵਿਚ ਡੁਬੋਇ ਰਹੇ |
ਕਿੱਸੇ ਦੇ ਪ੍ਰਸੰਗ ਨੂੰ  ਕਿਤੇ-ਕਿਤੇ ਕੁਰਾਨ ਦੀਆਂ ਆਇਤਾਂ ਦਾ ਪ੍ਰਯੋਗ ਕਰਕੇ ਰੂਹਾਨੀਅਤ ਦਾ ਰੰਗ ਵੀ ਚਾੜਿ੍ਹਆ ਗਿਆ ਜਿਸ ਤੋਂ ਇਸਲਾਮ ਦੇ ਅਰਥਾਂ ਨੂੰ  ਸਮਝਾਇਆ ਗਿਆ | ਕਾਜ਼ੀ ਨੂੰ  ਆਪਣੇ ਫ਼ਰਜ਼ਾਂ ਤੋਂ ਸੁਚੇਤ ਵੀ ਕਰਵਾਇਆ ਗਿਆ |
ਵਾਰਿਸ ਸ਼ਾਹ ਜਿਉਂ ਸੰਖੀਆ ਚੂਹਿਆਂ ਨੂੰ 
ਸੰਖ ਮੁੱਲਾਂ ਨੂੰ , ਬਾਂਗ ਜਿਉਂ ਬਾਹਮਣਾਂ ਨੀ |
ਇਕ ਦੋ ਹੋਰ ਤਸਬੀਹਾਂ ਦਾ ਜ਼ਿਕਰ ਕਰਨਾ ਵੀ ਮਾਨਣ ਵਰਗਾ ਹੈ:
ਦੁੱਧ ਸਾਫ਼ ਹੈ ਵੇਖਣਾ ਆਸ਼ਿਕਾਂ ਦਾ
ਸ਼ੱਕਰ ਵਿਚ ਪਿਆਜ਼ ਨਾ ਘੋਲੀਏ ਨੀ |
ਵਾਰਿਸ਼ ਸ਼ਾਹ ਮਧਾਣੀ ਏ ਹੀਰ ਜੱਟੀ
ਇਸ਼ਕ ਦਹੀਂ ਦਾ ਘਿਓ ਨਿਤਾਰਦੀ ਹੈ |

-ਮੋਬਾਈਲ : 9815123900

Ad Position 22
No active advertisement
ਪਿਛਲੀ ਖ਼ਬਰ ਅਰਥ-ਸ਼ਾਸਤਰ ਅਗਲੀ ਖ਼ਬਰ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਗਿਆ ਸੈਰ-ਸਪਾਟਾ
Ad Position 24