140 ਕਰੋੜ ਦੀ ਜਨਸੰਖਿਆ ਵਾਲੇ ਇਸ ਵਿਸ਼ਾਲ ਦੇਸ਼ ਦੇ ਆਮ ਆਦਮੀ ਦੇ ਭਾਗਾਂ 'ਚ ਸੈਰ-ਸਪਾਟਾ ਕਿੱਥੇ...? ਆਮ ਆਦਮੀ ਦੀ ਜ਼ਿੰਦਗੀ ਤਾਂ ਲੂਣ, ਤੇਲ, ਲੱਕੜੀਆਂ ਦੇ ਇਰਦ-ਗਿਰਦ ਹੀ ਘੁੰਮ ਰਹੀ ਹੈ | ਅਜੇ ਦਿੱਲੀ ਦੂਰ ਹੈ | 84 ਕਰੋੜ ਲੋਕਾਂ ਨੂੰ ਮੁਫ਼ਤ ਰਾਸ਼ਨ ਦੇਣਾ ਪੈ ਰਿਹਾ ਹੈ ਅਤੇ 12 ਕਰੋੜ ਬੱਚਿਆਂ ਨੂੰ ਮਿਡ-ਡੇਅ-ਮੀਲ ਪਰੋਸਣਾ ਪੈ ਰਿਹਾ ਹੈ | ਵਿਸ਼ਵ ਦੀ ਸੈਰ ਕਰਨਾ ਜਾਂ ਕਿਸੇ ਬਾਹਰਲੇ ਦੇਸ਼ ਸਿਰਫ਼ ਸੈਰ ਕਰਨ ਜਾਣਾ ਤਾਂ ਸਾਡੇ ਸਿਸਟਮ 'ਚ ਸੁਪਨੇ ਵਾਂਗ ਹੈ | ਤਕਰੀਬਨ ਇਕ ਕਰੋੜ ਪੰਜਾਬੀਆਂ ਸਮੇਤ ਤਿੰਨ ਕਰੋੜ ਹਿੰਦੁਸਤਾਨੀ ਵਿਦੇਸ਼ ਰਹਿੰਦੇ ਹਨ | ਉਹ ਸੈਰ ਕਰਨ ਨਹੀਂ ਗਏ ਸਗੋਂ ਰੋਟੀ ਕਮਾਉਣ, ਬਿਹਤਰ ਭਵਿੱਖ ਬਣਾਉਣ ਲਈ ਗਏ ਹਨ | ਜਲੰਧਰ ਨੇੜੇ ਇਕ ਗੁਰਦੁਆਰਾ ਸਾਹਿਬ 'ਚ ਨੌਜਵਾਨ ਖਿਡੌਣਾ ਜਹਾਜ਼ ਚੜ੍ਹਾਉਂਦੇ ਹਨ | ਇਸ ਦੇ ਨਾਲ ਹੀ ਮੁਰਾਦ ਮੰਗਣ ਦਾ ਮੰਤਵ ਸੈਰ-ਸਪਾਟੇ ਲਈ ਜਹਾਜ਼ ਚੜ੍ਹਨਾ ਨਹੀਂ, ਸਗੋਂ ਸੈੱਟ ਹੋਣ ਲਈ ਜਹਾਜ਼ ਚੜ੍ਹ ਕੇ ਵਿਦੇਸ਼ ਜਾਣਾ ਹੈ | ਸਾਡੀਆਂ ਸੱਥਾਂ 'ਚ ਬੈਠੇ ਬੰਦੇ ਮੌਤ ਤੱਕ ਤਾਜ ਮਹਿਲ ਯਾਤਰਾ ਦੇ ਵੇਰਵੇ ਸਾਂਝੇ ਕਰਦੇ ਰਹਿੰਦੇ ਹਨ, ਜਿਹੜਾ 30-40 ਵਰ੍ਹੇ ਪਹਿਲਾਂ ਸਬੱਬ ਨਾਲ ਦੇਖਿਆ ਹੁੰਦਾ ਹੈ | ਹਰਿਆਣਾ ਦੇ ਪਿੰਡਾਂ ਦੀਆਂ ਸੱਥਾਂ 'ਚ ਲੋਕ ਲੰਬਾ ਸਮਾਂ ਨੰਗਲ-ਭਾਖੜਾ ਡੈਮ ਯਾਤਰਾ ਦੇ ਵੇਰਵੇ ਸਾਂਝੇ ਕਰਦੇ ਰਹਿੰਦੇ ਹਨ | ਅਸਲ 'ਚ ਰਾਜਸੀ ਲਾਹਾ ਲੈਣ ਲਈ ਸਵਰਗੀ ਮੁੱਖ ਮੰਤਰੀ ਚੌਧਰੀ ਬੰਸੀ ਲਾਲ ਨੇ ਬੱਸਾਂ ਰਾਹੀਂ ਪੰਚਾਂ, ਸਰਪੰਚਾਂ ਨੂੰ ਨੰਗਲ-ਭਾਖੜਾ ਦੀ ਯਾਤਰਾ ਕਰਵਾਈ ਸੀ | ਉਦੇਸ਼ ਇਹ ਸੀ ਕਿ ਪਿੰਡ-ਪਿੰਡ ਇਹ ਸੁਨੇਹਾ ਪਹੁੰਚੇ ਕਿ ਨਹਿਰ ਪਾਣੀ ਲੈ ਕੇ ਆਈ ਸਮਝੋ | ਮੈਂ ਅਕਸਰ ਭਾਖੜਾ ਡੈਮ ਦੇ ਕਰੀਬੀ ਪਿੰਡ ਨੈਲ੍ਹਾ ਤੱਕ ਪੈਦਲ ਸੈਰ ਕਰਨ ਜਾਂਦਾ ਹਾਂ | ਚਾਹ ਦੀ ਦੁਕਾਨ 'ਤੇ ਕੁਲਬੀਰ ਠਾਕੁਰ ਨਾਲ ਮੁਲਾਕਾਤ ਹੁੰਦੀ ਰਹਿੰਦੀ ਹੈ | ਉਹ ਹਰ ਵਾਰੀ ਆਪਣੀ ਸਲਾਪੜ (ਹਿਮਾਚਲ) ਯਾਤਰਾ ਬਾਰੇ ਦੱਸਦਿਆਂ ਗੀਤ ਗਾਉਂਦੇ ਹਨ 'ਕਣੀਆਂ 'ਚ ਮੈਂ ਭਿੱਜ ਗਈ', ਜਦੋਂ ਉਹ ਸਲਾਪੜ ਆਪਣੇ ਮੇਜ਼ਬਾਨ ਦੇ ਵਿਹੜੇ 'ਚ ਸੁੱਤੇ ਪਏ ਸਨ ਤਾਂ ਚਾਣਚੱਕ ਮੀਂਹ ਆਇਆ ਅਤੇ ਉਹ ਭਿੱਜ ਗਏ |
'ਅਸੀਂ ਇੰਡੀਆ 'ਚ ਨਹੀਂ, ਸਗੋਂ 'ਅਭਾਵ ਇੰਡੀਆ' 'ਚ ਰਹਿੰਦੇ ਹਾਂ' | ਹਰ ਆਦਮੀ ਹਰ ਰੋਜ਼ ਤਕਰੀਬਨ 6000 ਸ਼ਬਦ ਬੋਲਦਾ ਹੈ | ਗ਼ਰੀਬ ਤੇ ਮੱਧ ਵਰਗ ਦੇ ਲੋਕਾਂ ਦੀ ਚਰਚਾ ਮਹਿੰਗਾਈ, ਮਹਿੰਗੀ ਸਿੱਖਿਆ, ਮਹਿੰਗੇ ਇਲਾਜ, ਬੇਰੁਜ਼ਗਾਰੀ, ਸੇਲ, ਕਿੱਟੀ, ਲੰਗਰ, ਸਬਜ਼ੀ, ਰਾਸ਼ਨ ਆਦਿ ਤੱਕ ਸੀਮਿਤ ਹੈ | ਸਾਡੇ ਜੀਵਨ 'ਚ ਸੈਰ-ਸਪਾਟਾ ਅਹਿਮ ਨਹੀਂ ਭਾਵੇਂ ਪੈਸੇ ਆ ਵੀ ਜਾਣ | ਘਰੋਂ ਬਾਹਰ ਨਿਕਲਣ ਲਈ 'ਵਾਧੂ ਪੈਸੇ' ਅਤੇ 'ਵਾਧੂ ਸਮੇਂ' ਦੀ ਲੋੜ ਹੁੰਦੀ ਹੈ | ਜਦੋਂ ਕਦੇ ਤੁਸੀਂ ਕਸ਼ਮੀਰ ਘੁੰਮਣ ਗਏ ਤਾਂ ਪਤਾ ਲੱਗੇਗਾ ਕਿ ਕਸ਼ਮੀਰ ਦਾ ਅਸਲ ਅਰਥ ਤਾਂ 'ਕੈਸ਼ ਮੋਰ' (ਵਾਧੂ ਪੈਸੇ) ਹੈ | ਖਾਣਾ, ਰਹਿਣਾ ਸਸਤਾ ਹੈ ਪਰ ਸ਼ਾਪਿੰਗ ਜੇਬ ਨੂੰ ਚੰਗਾ ਸੇਕ ਲਗਾਉਂਦੀ ਹੈ | ਕੇਸਰ, ਡਰਾਈ ਫਰੂਟ, ਗੁੱਛੀ, ਸ਼ਾਲ, ਕੱਪੜੇ ਵੇਚਣ ਵਾਲੇ ਖਹਿੜੇ ਹੀ ਪੈ ਜਾਂਦੇ ਹਨ | 'ਡੱਲ ਝੀਲ' 'ਚ ਬੋਟਿੰਗ ਵੀ ਨਹੀਂ ਕਰਨ ਦਿੰਦੇ | ਲੁਧਿਆਣਾ ਤੋਂ ਕਾਨਪੁਰ ਤੱਕ ਜਾਓ-ਆਓ, ਟੋਲ ਟੈਕਸ ਦਾ 3000/- ਵੱਖ ਹੀ ਕੱਢ ਕੇ ਰੱਖ ਲਵੋ | ਨੰਗਲ ਤੋਂ ਦਿੱਲੀ ਏਅਰਪੋਰਟ ਤੱਕ ਜਾਣ-ਆਉਣ (ਵੱਡੀ ਗੱਡੀ) ਦਾ ਕਿਰਾਇਆ 12000/- ਤੋਂ 14000/- ਰੁਪਏ ਹੈ | ਤੁਸੀਂ ਹਾਈਵੇਅ ਦੇ ਕਿਸੇ ਢਾਬੇ 'ਤੇ ਚਲੇ ਜਾਓ, ਗੰਡਾਸਾ ਤਿੱਖਾ ਹੀ ਹੈ | ਫੁਰਤੀਲੇ ਵੇਟਰ ਪਾਣੀ ਦੀ ਬੋਤਲ ਅਤੇ ਫਰਿੱਜ 'ਚ ਰੱਖਿਆ ਕੁਲਫ਼ੀ ਵਰਗਾ ਠੰਢਾ ਸਲਾਦ ਦੇਣ ਦੀ ਕਾਹਲੀ ਕਰਦੇ ਹਨ | ਸਿਰਫ਼ ਪਾਣੀ ਦੀ ਬੋਤਲ ਦਾ ਰੇਟ ਹੀ 20/- ਰੁਪਏ ਤੋਂ 80 /- ਰੁਪਏ ਤੱਕ ਹੈ | ਰੋਟੀ ਦਾ ਬਿੱਲ ਤਾਂ ਛੜੱਪੇ ਮਾਰ ਕੇ 2000 ਰੁਪਏ ਤੱਕ ਪਹੁੰਚੇਗਾ ਹੀ | 2000-3000 ਰੁਪਏ ਦਾ ਕਮਰਾ ਹੁਣ ਟਾਈਮ ਪਾਸ ਹੈ, ਜਦੋਂ ਕਿ 5000 ਰੁਪਏ ਵਾਲਾ ਕਮਰਾ ਚੰਗਾ ਹੈ | ਇਹ ਖ਼ੁਸ਼ੀ ਦੀ ਗੱਲ ਹੈ ਕਿ ਸਰਕਾਰ ਨੇ ਵੱਖ-ਵੱਖ ਧਾਰਮਿਕ ਸਥਾਨਾਂ ਨੂੰ ਰੇਲ ਨਾਲ ਜੋੜ ਦਿੱਤਾ ਹੈ | ਲੋਕ ਸਸਤੇ 'ਚ, ਸੈਰ ਸਪਾਟਾ ਕਰ ਲੈਂਦੇ ਹਨ | ਇਕ ਸਾਡੇ ਸਰਕਾਰੀ ਸਿਸਟਮ 'ਚ ਕਿਤੇ ਚਲੇ ਜਾਓ, ਭੰਬਲਭੂਸੇ ਬਹੁਤ ਹਨ | ਬੰਦੇ ਨੇ ਸਿਰਫ਼ 2-4 ਘੰਟੇ ਲਈ ਸ੍ਰੀ ਕਰਤਾਰਪੁਰ ਸਾਹਿਬ ਜਾਣਾ ਹੈ | ਜਾਣ ਦਿਓ... ਅਧਾਰ ਕਾਰਡ ਵੇਖ ਕੇ | ਪਾਸਪੋਰਟ, ਪੁਲਿਸ ਜਾਂਚ ਕੋਰੋਨਾ ਸਰਟੀਫਿਕੇਟ ਪੇਸ਼ ਕਰੋ | ਮੈਂ ਲੰਘੇ ਵਰ੍ਹੇ ਰਜਿਸਟ੍ਰੇਸ਼ਨ ਕਰਵਾਉਣ ਦੇ ਬਾਵਜੂਦ ਜਾ ਨਹੀਂ ਸਕਿਆ | ਥੋੜ੍ਹਾ ਸੌਖਾ ਕਰੋ ਸਿਸਟਮ | ਇੰਦਰਾ ਪਾਰਕ ਜਲੰਧਰ 'ਚ ਰਹਿੰਦੀ ਕੁਮਾਰੀ ਹਰਮਨ ਸੈਣੀ ਇਕ ਵੱਡੀ ਟਰੈਵਲ ਏਜੰਸੀ 'ਚ ਕੰਮ ਕਰਦੀ ਹੈ | ਉਹ ਲੈਪਟਾਪ ਲੈ ਕੇ ਇਕ ਘੰਟਾ ਮੇਰੇ ਕੋਲ ਬੈਠੀ ਰਹੀ | ਮੈਨੂੰ ਲਿਖਦਿਆਂ ਦੁੱਖ ਹੋ ਰਿਹਾ ਹੈ ਕਿ ਅੰਡੇਮਾਨ-ਨਿਕੋਬਾਰ ਯਾਤਰਾ, ਲੇਹ ਯਾਤਰਾ, ਦੱਖਣ ਭਾਰਤ ਯਾਤਰਾ ਦਾ ਪੈਕੇਜ ਮਹਿੰਗਾ ਸੀ ਪਰ ਦੁਬਈ, ਸਿੰਗਾਪੁਰ, ਥਾਈਲੈਂਡ, ਇੰਡੋਨੇਸ਼ੀਆ ਦਾ ਪੈਕੇਜ ਸਸਤਾ ਸੀ | ਆਪਣਾ ਮੁਲਕ ਘੁੰਮਣਾ ਮਹਿੰਗਾ ਪਰ ਵਿਦੇਸ਼ੀ ਟੂਰ ਸਸਤਾ | ਭਾਰਤੀ ਰੇਲਵੇ ਵਲੋਂ ਚਲਾਈ ਜਾਂਦੀ 'ਪੈਲੇਸ ਆਨ ਵੀਲਜ਼' 'ਚ ਸਾਰੀਆਂ ਸਹੂਲਤਾਂ ਫਾਈਵ ਸਟਾਰ ਹੋਟਲ ਵਾਲੀਆਂ ਹਨ | ਹੋਣੀਆਂ ਵੀ ਚਾਹੀਦੀਆਂ ਹਨ ਪਰ ਸਰਕਾਰ ਨੂੰ ਘਰੇਲੂ ਸੈਰ-ਸਪਾਟੇ ਨੂੰ ਵੀ ਉਤਸ਼ਾਹਿਤ ਕਰਨ ਲਈ ਸਹੂਲਤਾਂ ਨੂੰ ਕੁਝ ਸਸਤਾ ਵੀ ਕਰਨਾ ਚਾਹੀਦਾ ਹੈ | ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਮੈਨੂੰ ਉਹ ਭਾਸ਼ਨ ਬਹੁਤ ਚੰਗਾ ਲੱਗਾ ਸੀ, ਜਿਸ 'ਚ ਉਨ੍ਹਾਂ ਨੇ ਗੱਲ ਆਖੀ ਸੀ ਕਿ 'ਚੱਪਲ ਪਹਿਨਣ ਵਾਲਾ ਵੀ ਹਵਾਈ ਸਫ਼ਰ ਕਰੇਗਾ', ਇਹ ਵੱਖਰੀ ਗੱਲ ਹੈ ਕਿ ਇਹ ਸੰਭਵ ਨਹੀਂ ਹੋਇਆ | ਮੇਰੇ ਸਮੇਤ ਆਮ ਹਿੰਦੋਸਤਾਨੀਆਂ ਨੇ ਚੀਨ ਦੀ ਦੀਵਾਰ, ਫਰਾਂਸ ਦਾ ਆਈਫਲ ਟਾਵਰ, ਦੁਬਈ ਦਾ ਬੁਰਜ ਖਲੀਫ਼ਾ, ਬਿ੍ਟਿਸ਼ ਕੋਲੰਬੀਆ ਦੀਆਂ ਝੀਲਾਂ, ਅਮਰੀਕਾ ਅਤੇ ਇੰਗਲੈਂਡ ਦਾ ਜਨਜੀਵਨ ਫ਼ਿਲਮਾਂ 'ਚ ਹੀ ਦੇਖਿਆ ਹੈ | ਆਮ ਹਿੰਦੋਸਤਾਨੀਆਂ ਨੇ ਕਿਤਾਬਾਂ 'ਚ ਹੀ ਪੜਿ੍ਹਆ ਹੈ ਕਿ ਪੁਰਤਗਾਲੀ, ਡੱਚ, ਅੰਗਰੇਜ਼, ਡੇਨਿਸ਼, ਫਰਾਂਸੀਸੀ, ਸਵੀਡਿਸ਼ ਸਮੇਂ-ਸਮੇਂ 'ਤੇ ਭਾਰਤ ਆਏ | ਆਮ ਵਿਦਿਆਰਥੀਆਂ ਕੋਲ ਇਹ ਰੱਟਾ ਹੈ : ਬਾਬਰ, ਹੁਮਾਯੂੰ, ਅਕਬਰ, ਜਹਾਂਗੀਰ, ਸ਼ਾਹਜਹਾਂ, ਔਰੰਗਜ਼ੇਬ | ਮੈਂ ਅਕਸਰ ਚੀਨੀ ਯਾਤਰੀਆਂ ਫਾਹੀਯਾਨ ਅਤੇ ਹਿਊਨਸਾਂਗ ਬਾਰੇ ਸੋਚਦਾ ਹਾਂ | ਚੀਨੀ ਯਾਤਰੀ ਫਾਹੀਯਾਨ, ਚੰਦਰਗੁਪਤ ਦੂਜੇ ਦੇ ਕਾਰਜਕਾਲ (5ਵੀਂ ਸਦੀ) 'ਚ ਭਾਰਤ ਆਇਆ | 'ਨੀਤੀ ਪੰਡਿਤ', ਹਿਊਨਸਾਂਗ, ਹਰਸ਼ਵਰਧਨ (606-647 ਈ.) ਦੇ ਰਾਜਕਾਲ 'ਚ ਭਾਰਤ ਆਇਆ | ਸੰਸਾਰ ਪ੍ਰਸਿੱਧ ਯਾਤਰੀਆਂ ਦੀ ਸੂਚੀ 'ਚ ਕੋਲੰਬਸ, ਵਾਸਕੋਡੀਗਾਮਾ, ਇਬਨਬਤੂਤਾ (ਮੁਹੰਮਦ ਬਿਨ ਤੁਗਲਕ ਦੇ ਰਾਜਕਾਲ 'ਚ ਭਾਰਤ ਆਇਆ) ਦਾ ਨਾਂਅ ਸ਼ਾਮਿਲ ਹੈ | ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਖ਼ਾਸ ਮਹੱਤਵ ਹੈ | ਇਨ੍ਹਾਂ ਉਦਾਸੀਆਂ 'ਚ ਡੂੰਘੇ ਸੰਦੇਸ਼ ਹਨ, ਜਿਨ੍ਹਾਂ ਦਾ ਮੰਤਵ ਮਾਨਵ ਭਲਾਈ ਹੈ | ਸੈਰ-ਸਪਾਟੇ ਨਾਲ ਬੰਦੇ ਦੇ ਦਿਮਾਗ ਦੀਆਂ ਖਿੜਕੀਆਂ ਖੁੱਲ੍ਹਦੀਆਂ ਹਨ | ਨਵੇਂ-ਨਵੇਂ ਤਜਰਬੇ ਵੀ ਹੁੰਦੇ ਹਨ |
ਸਮੇਂ ਨਾਲ ਹੌਲੀ-ਹੌਲੀ ਹੁਣ ਖਾਂਦੇ-ਪੀਂਦੇ ਘਰਾਂ ਦੇ ਹਿੰਦੋਸਤਾਨੀਆਂ ਵਿਚ ਵਿਦੇਸ਼ ਯਾਤਰਾ ਦੀ ਰੁਚੀ ਕੁਝ ਵਧ ਰਹੀ ਹੈ | ਛੋਟੇ ਸ਼ਹਿਰਾਂ ਦੇ ਵਪਾਰੀਆਂ ਨੂੰ ਉਹ ਕੰਪਨੀਆਂ ਦੁਬਈ, ਸਿੰਗਾਪੁਰ, ਯੂਰਪ ਘੁੰਮਾ ਦਿੰਦੀਆਂ ਹਨ, ਜਿਹੜੇ ਸੇਲ ਟਾਰਗੇਟ ਪੂਰਾ ਕਰਦੇ ਹਨ | ਪਰ ਭਾਰਤ ਸਰਕਾਰ ਨੂੰ ਘਰੇਲੂ ਸੈਰ-ਸਪਾਟਾ ਉਤਸ਼ਾਹਿਤ ਕਰਨ ਲਈ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ 'ਤੇ ਹਰ ਰਾਜ ਦਾ ਸੈਰ-ਸਪਾਟਾ ਦਫ਼ਤਰ ਖੁੱਲ੍ਹਵਾਉਣ ਦੀ ਪਹਿਲ ਕਰਨੀ ਚਾਹੀਦੀ ਹੈ | ਦਫ਼ਤਰ ਦਾ ਮਤਲਬ ਦਫ਼ਤਰ ਹੋਵੇ, ਐਵੇਂ ਨਾ ਬੰਦਾ ਚਾਰ ਪੈਂਫਲੇਟ ਲੈ ਕੇ ਮੰਜੀ ਤੋੜੀ ਜਾਵੇ | 55,673 ਵਰਗ ਕਿਲੋਮੀਟਰ 'ਚ ਫੈਲੇ ਹਿਮਾਚਲ ਪ੍ਰਦੇਸ਼ ਨੂੰ ਨਵੇਂ ਉਦਯੋਗਿਕ ਖੇਤਰ ਖੋਲ੍ਹਣ ਅਤੇ ਮੈਦਾਨੀ ਇਲਾਕਿਆਂ ਵਰਗੀਆਂ ਸੜਕਾਂ ਉਸਾਰਨ ਦੀ ਥਾਂ ਚੌਗਿਰਦਾ ਸੰਤੁਲਨ, ਸੈਰ-ਸਪਾਟੇ ਵੱਲ ਧਿਆਨ ਦੇਣਾ ਚਾਹੀਦਾ ਹੈ | ਮੈਜਿਕ ਵੈਲੀ ਮਲਾਨਾ (ਮਨੀਕਰਨ) ਲਾਗੇ ਡੈਮ ਉਸਾਰਨ ਦੀ ਲੋੜ ਨਹੀਂ ਸੀ, ਸਗੋਂ ਸੈਲਾਨੀ ਸਹੂਲਤਾਂ ਦੀ ਲੋੜ ਸੀ | ਹਿਮਾਚਲ ਸਰਕਾਰ ਨੂੰ 'ਕਾਲਾ ਟੋਪ' (ਡਲਹੌਜ਼ੀ) ਵਰਗੀਆਂ ਸ਼ਾਂਤ ਸੈਰਗਾਹਾਂ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ | ਸਾਡੇ ਸਿਸਟਮ 'ਚ ਪੈਸੇ ਖ਼ਰਚ ਕੇ ਵੀ ਸਹੂਲਤ ਨਹੀਂ ਮਿਲਦੀ | ਲੰਘੇ ਵਰ੍ਹੇ ਮੈਂ ਬਦਰੀਨਾਥ ਯਾਤਰਾ 'ਤੇ ਗਿਆ | ਪੰਦਰਾਂ ਹਜ਼ਾਰ ਦੇ ਕਮਰੇ 'ਚ ਰਹਿ ਕੇ ਜਿਹੜੀ ਰੋਟੀ ਮਿਲੀ, ਉਸ ਦੇ ਘਟੀਆ ਦਰਜੇ ਨੂੰ ਮੈਂ ਬਿਆਨ ਨਹੀਂ ਕਰ ਸਕਦਾ |
50,362 ਵਰਗ ਕਿਲੋਮੀਟਰ 'ਚ ਫੈਲੇ ਪੰਜਾਬ ਦੀ ਸਰਕਾਰ ਸੈਰ-ਸਪਾਟੇ ਦੇ ਵਿਕਾਸ ਲਈ ਗੰਭੀਰਤਾ ਦਿਖਾਵੇ | ਅੰਮਿ੍ਤਸਰ ਤੋਂ ਦਿੱਲੀ ਤੱਕ ਸਫ਼ਰ ਦੌਰਾਨ ਕਿਸੇ ਦੌਰ 'ਚ ਦੋ ਥਾਵਾਂ ਮਸ਼ਹੂਰ ਸਨ | ਇਕ 'ਫਲੋਟਿੰਗ ਰੈਸਟੋਰੈਂਟ' ਸਰਹਿੰਦ, ਜਿਸ ਦਾ ਸੰਚਾਲਨ ਪੰਜਾਬ ਸਰਕਾਰ ਕਰਦੀ ਸੀ, ਦੂਜਾ 'ਓਏਸਿਸ' ਕਰਨਾਲ | ਫਲੋਟਿੰਗ ਰੈਸਟੋਰੈਂਟ ਤਾਂ ਉੱਜੜ ਗਿਆ, ਜਦੋਂਕਿ ਹਰਿਆਣਾ ਸਰਕਾਰ ਦਾ 'ਓਏਸਿਸ' ਚੱਲ ਰਿਹਾ ਹੈ | ਸ੍ਰੀ ਅੰਮਿ੍ਤਸਰ ਭਾਵੇਂ ਕਾਫ਼ੀ ਟੂਰਿਸਟ ਆਉਂਦੇ ਹਨ ਪਰ ਪੰਜਾਬ ਨੂੰ ਨਵੀਆਂ ਸੈਰ-ਗਾਹਾਂ ਵਿਕਸਿਤ ਕਰਨ ਦੀ ਲੋੜ ਹੈ | ਨੰਗਲ ਦਾ ਕਦੰਬਾ ਟੂਰਿਸਟ ਕੰਪਲੈਕਸ ਉੱਜੜ ਗਿਆ ਹੈ, ਇਹੀ ਹਾਲ ਪਿੰਕਾਸ਼ੀਆ ਰੂਪਨਗਰ ਦਾ ਹੈ | ਪੰਜਾਬ 'ਚ ਨੰਗਲ ਅਤੇ ਤਲਵਾੜਾ ਟਾਊਨਸ਼ਿਪ 'ਚ ਸੈਰ ਸਪਾਟੇ ਦੀ ਅਥਾਹ ਸੰਭਾਵਨਾ ਹੈ | 2024 'ਚ ਫਰਾਂਸ, ਸਪੇਨ, ਯੂ.ਐੱਸ.ਏ., ਚਾਈਨਾ, ਇਟਲੀ, ਤੁਰਕੀ, ਮੈਕਸੀਕੋ, ਥਾਈਲੈਂਡ, ਜਰਮਨੀ ਅਤੇ ਬਿ੍ਟੇਨ ਦੇ ਲੋਕ ਵਿਦੇਸ਼ਾਂ ਨੂੰ ਵਧੇਰੇ ਕਰਕੇ ਸੈਰ-ਸਪਾਟੇ ਲਈ ਗਏ | ਇਸ ਸੰਦਰਭ ਵਿਚ ਭਾਰਤ ਦਾ 22ਵਾਂ ਸਥਾਨ ਹੈ | 2023 'ਚ ਛੋਟੇ ਜਿਹੇ ਮੁਲਕ ਨਿਪਾਲ 'ਚ 10,14,885 ਟੂਰਿਸਟ ਆਏ | ਅੱਜ ਸੈਰ-ਸਪਾਟਾ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ | ਕੇਂਦਰ ਤੇ ਰਾਜ ਸਰਕਾਰਾਂ ਨੂੰ ਮੈਡੀਕਲ ਟੂਰਿਜ਼ਮ ਵੱਲ ਵੀ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ | ਯੋਗ ਤੇ ਧਿਆਨ ਕੇਂਦਰਾਂ ਦਾ ਮਿਆਰ ਉੱਚਾ ਚੁੱਕ ਕੇ ਅਸੀਂ ਵੱਡੀ ਪ੍ਰਾਪਤੀ ਕਰ ਸਕਦੇ ਹਾਂ | ਸਿੱਖਣ ਲਈ ਸੈਰ ਸਪਾਟਾ ਬਹੁਤ ਜ਼ਰੂਰੀ ਹੈ | ਸਿੱਖਣ ਲਈ ਕਿਤਾਬਾਂ ਪੜ੍ਹਨੀਆਂ ਵੀ ਜ਼ਰੂਰੀ ਹਨ | ਬੜੇ ਹੀ ਦੁੱਖ ਦੀ ਗੱਲ ਹੈ ਕਿ ਸਮਾਜ ਦਾ ਵੱਡਾ ਹਿੱਸਾ ਡਿਜੀਟਲ ਸੈਰ ਸਪਾਟਾ ਹੀ ਕਰ ਰਿਹਾ ਹੈ | ਗਰੀਬ/ ਮੱਧ ਵਰਗ ਤਕਰੀਬਨ 6 ਮਹੀਨੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਵਿਆਹ ਹੀ ਦੇਖਦਾ ਰਿਹਾ | ਹੁਣੇ ਜਿਹੇ ਏ.ਆਈ. ਦੀ ਮਦਦ ਨਾਲ ਲੋਕੀਂ 1980 ਦੀ ਯਾਤਰਾ ਕਰਦੇ ਰਹੇ | ਭਾਰਤ ਸਰਕਾਰ ਨੂੰ ਨਵੀਆਂ ਤੇ ਸਸਤੀਆਂ ਸੈਰਗਾਹਾਂ ਵਿਕਸਿਤ ਕਰਨ ਵੱਲ ਕਦਮ ਚੁੱਕਣਾ ਚਾਹੀਦਾ ਹੈ | ਮੁੱਖ ਮੰਤਰੀ ਪੰਜਾਬ ਦੀ ਤੀਰਥ ਯੋਜਨਾ ਦਾ ਸਵਾਗਤ ਹੈ, ਜਿਸ ਦਾ ਲਾਹਾ ਬਜ਼ੁਰਗ ਲੈ ਰਹੇ ਹਨ | ਪੰਜਾਬ ਸਰਕਾਰ ਨੂੰ ਨਿੱਜੀ ਭਾਈਵਾਲੀ ਨਾਲ ਸ਼ੰਭੂ ਬਾਰਡਰ 'ਤੇ ਫੂਡ ਸਟਰੀਟ ਖੋਲ੍ਹਣੀ ਚਾਹੀਦੀ ਹੈ |
-ਭਾਖੜਾ ਡੈਮ ਰੋਡ, ਨੰਗਲ-140124.
ਮੋਬਾਈਲ : 98156-24927