26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਝੀਲਾਂ ਅਤੇ ਕੁਦਰਤੀ ਰੌਸ਼ਨੀਆਂ ਦਾ ਦੇਸ਼ : ਫਿਨਲੈਂਡ

ਝੀਲਾਂ ਅਤੇ ਕੁਦਰਤੀ ਰੌਸ਼ਨੀਆਂ ਦਾ ਦੇਸ਼ : ਫਿਨਲੈਂਡ

Ad Position 21
No active advertisement
ਅਜੀਤ ਡੈਸਕ 27-09-2026

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)

ਸਮਾਜਿਕ ਜਨ-ਜੀਵਨ : ਫਿਨਲੈਂਡ ਦੇ ਪ੍ਰਸ਼ਾਸਨਕੀ ਢਾਂਚੇ ਬਾਰੇ ਗੱਲ ਕਰਨ ਤੋਂ ਬਾਅਦ ਹੁਣ ਆਪਾਂ ਫਿਨਲੈਂਡ ਦੇ ਲੋਕਾਂ ਦੇ ਸੁਭਾਅ, ਰਸਮ-ਰਿਵਾਜ, ਰਹਿਣ-ਸਹਿਣ, ਖਾਣ-ਪੀਣ, ਸ਼ੌਕ ਅਤੇ ਖੇਡਾਂ ਆਦਿ ਬਾਰੇ ਗੱਲਬਾਤ ਕਰਾਂਗੇ | ਫਿਨਲੈਂਡ ਦੇ ਲੋਕ ਘੱਟ ਬੋਲਣ ਵਾਲੇ ਲੋਕ ਹਨ | ਉਹ ਬੜੇ ਹੀ ਸ਼ਾਂਤ, ਸੰਜਮੀ, ਚੁੱਪ ਰਹਿਣ ਵਾਲੇ ਅਤੇ ਕੁਦਰਤ-ਪ੍ਰੇਮੀ ਲੋਕ ਸਮਝੇ ਜਾਂਦੇ ਹਨ | ਉਂਜ ਉਹ ਬੜੇ ਸਹਿਯੋਗੀ ਤੇ ਮਦਦਗਾਰ ਹੁੰਦੇ ਹਨ | ਪਰ ਬਿਨਾਂ ਮਤਲਬ ਕਿਸੇ ਨਾਲ ਬੋਲਣਾ, ਬਿਨਾਂ ਮਤਲਬ ਹੱਸਣਾ, ਉਨ੍ਹਾਂ ਦੀ ਫਿਤਰਤ ਵਿਚ ਨਹੀਂ ਹੈ |


'ਕਿਰਪਾ ਕਰਕੇ', 'ਧੰਨਵਾਦ' ਅਤੇ 'ਮਾਫ ਕਰਨਾ' ਉਨ੍ਹਾਂ ਵਲੋਂ ਵਰਤੇ ਜਾਣ ਵਾਲੇ ਆਮ ਸ਼ਬਦ ਹਨ | ਤੁਸੀਂ ਉਨ੍ਹਾਂ ਵੱਲ ਵੇਖ ਕੇ ਮੁਸਕਰਾ ਦਿਓ ਤਾਂ ਮੁਸਕਰਾਹਟ ਵੱਟੇ ਮੁਸਕਰਾਹਟ ਤਾਂ ਤੁਹਾਨੂੰ ਉਹ ਦਿੰਦੇ ਹੀ ਹਨ, ਤੁਹਾਡੇ ਲਈ 'ਹੈਲੋ' ਜਾਂ 'ਹਾਏ' ਉਨ੍ਹਾਂ ਦੇ ਮੂੰਹੋਂ ਆਪਣੇ ਆਪ ਹੀ ਨਿਕਲ ਜਾਂਦਾ ਹੈ | ਤੇ ਇਮਾਨਦਾਰ ਤਾਂ ਉਹ ਸਿਰੇ ਦੇ ਹਨ | ਤੁਸੀਂ ਬਾਜ਼ਾਰ ਵਿਚੋਂ ਕੁਝ ਖਰੀਦਿਆ, ਤੁਹਾਡੇ ਬਕਾਏ ਦੇ ਪੈਸੇ ਉਹ ਤੁਹਾਨੂੰ ਆਵਾਜ਼ ਮਾਰ ਕੇ ਦਿੰਦੇ ਨੇ | ਭਾਵੇਂ ਉਹ ਪੰਜ ਸੈਂਟ ਹੀ ਕਿਉਂ ਨਾ ਹੋਣ |
ਉਹ ਲੋਕ ਸਮੇਂ ਦੇ ਬਹੁਤ ਪਾਬੰਦ ਹਨ | ਉਥੋਂ ਦਾ ਇਕੱਲਾ-ਇਕੱਲਾ ਬਾਸ਼ਿੰਦਾ ਸਮੇਂ ਦਾ ਪਾਬੰਦ ਹੈ | ਇਸੇ ਲਈ ਉਹ ਸਮੂਹਿਕ ਰੂਪ ਵਿਚ ਵੀ ਸਮੇਂ ਦੇ ਪਾਬੰਧ ਹੋ ਜਾਂਦੇ ਹਨ | ਉੱਥੋਂ ਦੇ ਸਾਰੇ ਦਫਤਰ, ਸਕੂਲ, ਹੋਟਲ, ਕਾਰਖਾਨੇ, ਫੈਕਟਰੀਆਂ, ਆਪਣੇ ਨਿਰਧਾਰਤ ਸਮੇਂ 'ਤੇ ਖੁੱਲ੍ਹ ਜਾਂਦੇ ਹਨ ਅਤੇ ਨਿਰਧਾਰਿਤ ਸਮੇਂ 'ਤੇ ਹੀ ਬੰਦ ਹੋ ਜਾਂਦੇ ਹਨ | ਇਥੋਂ ਤੱਕ ਕਿ ਉਨ੍ਹਾਂ ਦੀ ਜਨਤਕ ਬੱਸ ਸੇਵਾ ਵੀ ਸਮੇਂ ਸਿਰ ਚੱਲਦੀ ਹੈ | ਇਕ ਸਕਿੰਟ ਵੀ ਲੇਟ ਨਹੀਂ ਹੁੰਦੀ | ਉਥੋਂ ਦੀ ਜਨਤਕ ਬੱਸ ਸੇਵਾ ਨੇ ਆਪਣੀ ਇਕ ਐਪ ਬਣਾਈ ਹੈ | ਜਿਹਦੇ ਵਿਚ ਤੁਸੀਂ ਕਿੱਥੋਂ-ਕਿੱਥੇ ਜਾਣਾ ਹੈ, ਇਹ ਭਰ ਦਿਓ | ਬੱਸ ਕਿੱਥੇ ਆਵੇਗੀ, ਕਿੰਨੇ ਵਜੇ ਆਵੇਗੀ ਤੇ ਤੁਹਾਨੂੰ ਤੁਹਾਡੀ ਮੰਜ਼ਿਲ 'ਤੇ ਕਿੰਨੇ ਵਜੇ ਪਹੁੰਚਾਵੇਗੀ, ਇਹ ਸਾਰੀ ਜਾਣਕਾਰੀ ਤੁਹਾਡੇ ਫੋਨ ਦੀ ਸਕਰੀਨ 'ਤੇ ਨਾਲ ਦੀ ਨਾਲ ਹੀ ਪ੍ਰਗਟ ਹੁੰਦੀ ਰਹਿੰਦੀ ਹੈ | 
ਕੁਦਰਤ-ਪ੍ਰੇਮੀ : ਉਹ ਲੋਕ ਕੁਦਰਤ ਨੂੰ  ਬਹੁਤ ਪਿਆਰ ਕਰਦੇ ਹਨ | ਹਫਤੇ ਦੇ ਅਖੀਰਲੇ ਦਿਨ ਕਿੱਟ ਵਿਚ ਆਪਣੇ ਖਾਣ-ਪੀਣ ਦਾ ਸਾਮਾਨ ਪਾਉਂਦੇ ਹਨ ਅਤੇ ਸਮੁੰਦਰ ਦੇ ਕੰਢੇ ਵੱਲ ਨਿਕਲ ਜਾਂਦੇ ਹਨ | ਸਾਰਾ ਦਿਨ ਉੱਥੇ ਗੁਜ਼ਾਰਨ ਤੋਂ ਬਾਅਦ ਸ਼ਾਮ ਨੂੰ  ਵਾਪਸ ਆ ਜਾਂਦੇ ਹਨ | ਉੱਥੇ ਦਰੱਖਤ ਲਾਉਣ ਦੀ ਕੋਈ ਮਨਾਹੀ ਨਹੀਂ, ਪਰ ਕੱਟਣ ਲਈ ਪ੍ਰਵਾਨਗੀ ਲੈਣੀ ਪੈਂਦੀ ਹੈ ਤੇ ਦਰੱਖਤ ਕੱਟਿਆ ਵੀ ਉਹ ਜਾ ਸਕਦਾ ਹੈ, ਜਿਹੜਾ ਜਾਂ ਤਾਂ ਵੱਡੇ ਰਸਤੇ ਵਿਚ ਹੋਵੇ ਤੇ ਜਾਂ ਸੁੱਕ ਗਿਆ ਹੋਵੇ | ਹਰੇ ਦਰੱਖਤ ਦੀ ਤਾਂ ਉਹ ਦਾਤਣ ਵੀ ਨਹੀਂ ਤੋੜਦੇ | ਨਵੇਂ ਲਾਏ ਬੂਟੇ ਦੀ ਸੰਭਾਲ ਤਾਂ ਨਵ-ਜਨਮੇ ਬੱਚੇ ਵਾਂਗੂੰ ਹੁੰਦੀ ਹੈ | 
ਰਹਿਣ-ਸਹਿਣ: ਫਿਨਲੈਂਡ ਦੇ ਲੋਕਾਂ ਦਾ ਰਹਿਣ-ਸਹਿਣ ਬੜਾ ਉੱਚ ਕੋਟੀ ਦਾ ਹੈ | ਉਹ ਆਪਣੇ ਕੰਮ 'ਤੇ, ਸੈਰ 'ਤੇ, ਘੁੰਮਣ-ਫਿਰਨ ਜਾਂ ਕਿਤੇ ਵੀ ਜਾਣ ਬਿਲਕੁਲ ਤਿਆਰ-ਬਰ-ਤਿਆਰ ਹੋ ਕੇ ਜਾਂਦੇ ਹਨ | ਉਹ ਬੜੇ ਫੈਸ਼ਨ-ਪਸੰਦ ਹਨ |  ਬੱਚੇ, ਜਵਾਨ, ਬਜ਼ੁਰਗ ਆਦਿ ਸਭ ਫੈਸ਼ਨੇਬਲ ਕੱਪੜੇ ਪਹਿਨਦੇ ਹਨ | ਖਾਸ ਕਰਕੇ ਬਜ਼ੁਰਗ ਤਾਂ ਜੁਆਨਾਂ ਨਾਲੋਂ ਵੀ ਖੂਬਸੂਰਤ ਕੱਪੜੇ ਪਹਿਨਦੇ ਹਨ | ਮੁਟਿਆਰਾਂ ਨੇ ਜਿਹੜੇ ਮਰਜ਼ੀ ਕੱਪੜੇ ਪਹਿਨੇ ਹੋਣ, ਉਹ ਆਪਣਾ ਖੱਬਾ ਮੋਢਾ ਨੰਗਾ ਰੱਖਣ ਦੀਆਂ ਸ਼ੌਕੀਨ ਹਨ | (ਚਲਦਾ)

-ਪਿੰਡ ਤੇ ਡਾਕਖਾਨਾ ਛੀਨਾ ਬਿਧੀ ਚੰਦ, ਤਹਿਸੀਲ ਤੇ ਜ਼ਿਲ੍ਹਾ ਸ੍ਰੀ ਤਰਨ ਤਾਰਨ ਸਾਹਿਬ, ਪੰਜਾਬ-143305.
ਮੋਬਾਈਲ : 94652-75421

Ad Position 22
No active advertisement
ਪਿਛਲੀ ਖ਼ਬਰ ਕੱਲ੍ਹ ਜਨਮ ਦਿਨ 'ਤੇ ਵਿਸ਼ੇਸ਼ ਅਗਲੀ ਖ਼ਬਰ ਦਿਲ ਦਾ ਰਾਖਾ–ਅਰਜੁਨ
Ad Position 24