ਬਘੌਰਾਂ ’ਚ ਭਖਦੇ ਮਸਲਿਆਂ ਨੂੰ ਲੈ ਕੇ ਜਨਤਕ ਇਕੱਠ
ਜਾਡਲਾ, 6 ਸਤੰਬਰ (ਹਰਕੰਵਲ ਸਿੰਘ ਕੌਲਗੜ੍ਹ)-ਭਾਜਪਾ-ਆਰ. ਐੱਸ.
ਜਾਡਲਾ, 6 ਸਤੰਬਰ (ਹਰਕੰਵਲ ਸਿੰਘ ਕੌਲਗੜ੍ਹ)-ਭਾਜਪਾ-ਆਰ. ਐੱਸ. ਐੱਸ. ਦੀਆਂ ਕਥਿਤ ਫਿਰਕੂ ਤੇ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਤੇ ਪੰਜਾਬ ਨਾਲ ਸੰਬੰਧਤ ਭਖਦੇ ਮਸਲਿਆਂ ਨੂੰ ਲੈ ਕੇ ਪਿੰਡ ਬਘੌਰਾਂ ਵਿਖੇ ਜਨਤਕ ਇਕੱਠ ਕੀਤਾ। ਇਕੱਠ ਦੌਰਾਨ ਬੁਲਾਰਿਆਂ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ’ਤੇ ਤਿੱਖੇ ਸਵਾਲ ਚੁੱਕਦਿਆਂ ਲੋਕਾਂ ਨੂੰ ਆਪਣੇ ਹੱਕਾਂ ਲਈ ਲਾਮਬੰਦ ਹੋਣ ਦਾ ਸੱਦਾ ਦਿੱਤਾ। ਇਕੱਠ ਨੂੰ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਦੇ ਸੂਬਾਈ ਆਗੂ ਕੁਲਵਿੰਦਰ ਸਿੰਘ ਵੜੈਚ ਤੋਂ ਇਲਾਵਾ ਮਜ਼ਦੂਰ ਆਗੂ ਕਮਲਜੀਤ ਸਨਾਵਾ ਅਤੇ ਕਿਰਨਜੀਤ ਕੌਰ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਭਾਜਪਾ-ਆਰ. ਐੱਸ. ਐੱਸ. ਹਿੰਦੂ ਰਾਸ਼ਟਰ ਦੇ ਏਜੰਡੇ ਤਹਿਤ ਦੇਸ਼ ਅੰਦਰ ਵਿਰੋਧੀ ਆਵਾਜ਼ਾਂ ਨੂੰ ਦਬਾਉਣ ਦੀ ਕੋਸ਼ਸ਼ਿ ਕਰ ਰਹੀ ਹੈ ਅਤੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਵਾਲਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿਆਸੀ ਕੈਦੀਆਂ ਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਵੀ ਅਜੇ ਹੱਲ ਨਹੀਂ ਹੋਇਆ। ਪੰਜਾਬ ਦੇ ਮੁੱਦਿਆਂ ਨੂੰ ਉਭਾਰਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਦਾ ਮਸਲਾ ਲੰਮੇ ਸਮੇਂ ਤੋਂ ਅਣ ਸੁਲਝਿਆ ਹੈ। ਉਨ੍ਹਾਂ ਡੈਮ ਸੇਫਟੀ ਐਕਟ ਨੂੰ ਪੰਜਾਬ ਦੇ ਹਿੱਤਾਂ ਨਾਲ ਜੋੜਦਿਆਂ ਕੇਂਦਰ ’ਤੇ ਡੈਮਾਂ ਸੰਬੰਧੀ ਵੱਧ ਅਧਿਕਾਰ ਹਾਸਲ ਕਰਨ ਦੇ ਯਤਨ ਕਰਨ ਦੇ ਦੋਸ਼ ਲਾਏ। ਇਸ ਤੋਂ ਇਲਾਵਾ ਚੰਡੀਗੜ੍ਹ ਪੰਜਾਬ ਨੂੰ ਦੇਣ, ਭਾਖੜਾ ਡੈਮ ਦਾ ਪ੍ਰਬੰਧ ਪੰਜਾਬ ਹਵਾਲੇ ਕਰਨਾ ਅਤੇ ਪੰਜਾਬ ਦੇ ਹੋਰ ਹੱਕਾਂ ਨਾਲ ਸੰਬੰਧਤ ਮਸਲੇ ਵੀ ਲਟਕਦੇ ਹੋਣ ਦੀ ਗੱਲ ਆਖੀ। ਮਜ਼ਦੂਰਾਂ ਦੇ ਮਸਲਿਆਂ ’ਤੇ ਬੋਲਦਿਆਂ ਉਨ੍ਹਾਂ ਮਨਰੇਗਾ ਸੰਬੰਧੀ ਕੇਂਦਰ ਦੀ ਨੀਤੀ ਦੀ ਆਲੋਚਨਾ ਕੀਤੀ। ਆਗੂਆਂ ਨੇ ਲੋਕਾਂ ਨੂੰ ਸਰਕਾਰ ਦੀਆਂ ਕਥਿਤ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ 26 ਸਤੰਬਰ ਨੂੰ ਮੋਗਾ ਵਿਖੇ ਹੋਣ ਵਾਲੀ ਰੈਲੀ ਵਿਚ ਵੱਡੀ ਗਿਣਤੀ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਸੁਰਿੰਦਰ ਮੀਰਪੁਰ, ਛਿੰਦਾ ਸਨਾਵਾ, ਸੁਰਜੀਤ ਬਘੌਰਾਂ, ਦੀਪਾ ਬਘੌਰਾਂ, ਮਾਟੀ ਬਘੌਰਾਂ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਆਗੂ ਅਤੇ ਪਿੰਡ ਵਾਸੀ ਹਾਜ਼ਰ ਸਨ।