ਰਾਜਾਸਾਂਸੀ (ਅੰਮ੍ਰਿਤਸਰ), 12 ਨਵੰਬਰ (ਹਰਦੀਪ ਸਿੰਘ ਖੀਵਾ)- ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਆਮ ਆਦਮੀ ਪਾਰਟੀ ਵਲੋਂ ਮੈਡਮ ਸੋਨੀਆ ਮਾਨ ਨੂੰ ਪਾਰਟੀ ਦਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਹਲਕੇ ਅੰਦਰ ਪਾਰਟੀ ਵਰਕਰਾਂ ਅਤੇ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਮੌਕੇ ਵਰਕਰਾਂ ਵਲੋਂ ਸੋਨੀਆ ਮਾਨ ਦਾ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਢੋਲ ਦੇ ਡੱਗੇ ’ਤੇ ਵਰਕਰਾਂ ਅਤੇ ਸਮਰਥਕਾਂ ਨੇ ਭੰਗੜੇ ਪਾ ਅਤੇ ਦੇਰ ਸ਼ਾਮ ਆਤਿਸ਼ਬਾਜੀ ਚਲਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ।
ਟਿਕਟ ਮਿਲਣ ਤੋਂ ਬਾਅਦ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਸੋਨੀਆ ਮਾਨ ਨੇ ਬੇਬਾਕੀ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਉਹ ਆਪਣੇ ਪਿਤਾ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਦਿਨ-ਰਾਤ ਇਕ ਕਰਕੇ ਮਿਹਨਤ ਕਰਨਗੇ। ਉਨ੍ਹਾਂ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਸਮੇਤ ਸਮੁੱਚੀ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਹਾਲ ਹੀ ਵਿਚ ਉਨ੍ਹਾਂ ਦਾ ਸਾਥ ਛੱਡ ਚੁੱਕੇ ਆਗੂਆਂ ਬਾਰੇ ਗੱਲ ਕਰਦਿਆਂ ਸੋਨੀਆ ਮਾਨ ਨੇ ਕਿਹਾ ਕਿ ਪ੍ਰਮਾਤਮਾ ਉਨ੍ਹਾਂ ਦਾ ਵੀ ਭਲਾ ਕਰੇ। ਉਨ੍ਹਾਂ ਕਿਹਾ ਕਿ ਉਹ ਆਪਣੀ ਮਿਹਨਤ ਅਤੇ ਲੋਕਾਂ ਦੇ ਸਹਿਯੋਗ ਨਾਲ ਅੱਗੇ ਵਧਣਗੇ।
ਹਲਕਾ ਰਾਜਾਸਾਂਸੀ ਦੇ ਕਾਂਗਰਸੀ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ ਬਾਰੇ ਟਿੱਪਣੀ ਕਰਦਿਆਂ ਸੋਨੀਆ ਮਾਨ ਨੇ ਕਿਹਾ ਕਿ ਸਰਕਾਰੀਆ ਦਾ ਸਬੰਧ ਅਟਾਰੀ ਹਲਕੇ ਨਾਲ ਹੈ ਅਤੇ ਜੇਕਰ ਕਿਸੇ ਸਮੇਂ ਅਟਾਰੀ ਹਲਕੇ ਦੀ ਸੀਟ ਜਨਰਲ ਹੋ ਜਾਂਦੀ ਹੈ ਤਾਂ ਉਹ ਰਾਜਾਸਾਂਸੀ ਹਲਕਾ ਛੱਡ ਕੇ ਅਟਾਰੀ ਵੱਲ ਜਾ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਬੀਬਾ ਹਰਸਿਮਰਤ ਕੌਰ ਬਾਦਲ ਦੇ ਬਿਆਨਾਂ ਨੂੰ ਲੈ ਕੇ ਵੀ ਤਿੱਖੇ ਨਿਸ਼ਾਨੇ ਸਾਧੇ। ਸੋਨੀਆ ਮਾਨ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਜਿੱਤ ਕੇ ਹਲਕਾ ਰਾਜਾਸਾਂਸੀ ਨੂੰ ਵਿਕਾਸ ਪੱਖੋਂ ਬੁਲੰਦੀਆਂ ਤੇ ਲਿਜਾਣਗੇ ਅਤੇ ਲੜਕੀਆਂ ਨੂੰ ਉੱਚ ਸਿੱਖਿਆ ਹਾਸਿਲ ਕਰਵਾਉਣ ਲਈ ਇਕ ਵੱਡਾ ਕਾਲਜ ਵੀ ਬਣਵਾਉਣਗੇ I
ਇਸ ਮੌਕੇ ਸੋਨੀਆ ਮਾਨ ਦਾ ਸਵਾਗਤ ਕਰਨ ਵਾਲਿਆਂ ਵਿਚ ਮਾਰਕੀਟ ਕਮੇਟੀ ਦੇ ਚੇਅਰਮੈਨ ਰੇਸ਼ਮ ਸਿੰਘ ਵੜੈਚ, ਸਤਨਾਮ ਸਿੰਘ ਵੜੈਚ, ਨਗਰ ਪੰਚਾਇਤ ਰਾਜਾਸਾਂਸੀ ਦੇ ਸਾਬਕਾ ਪ੍ਰਧਾਨ ਅਰਵਿੰਦਰ ਸਿੰਘ ਬੱਬੂ ਸ਼ਾਹ, ਸਾਬਕਾ ਚੇਅਰਮੈਨ ਵਰੁਣ ਕੁਮਾਰ ਰਾਜਾਸਾਂਸੀ, ਦਿਲਬਾਗ ਸਿੰਘ ਰਾਜਾਸਾਂਸੀ ਸੂਬਾ ਜੁਆਇੰਟ ਸਕੱਤਰ ਐਸ ਜੀ ਵਿੰਗ, ਕੌਂਸਲਰ ਸਰਬਜੀਤ ਕੌਰ, ਲਾਲੀੀ ਸਾਰੰਗੜਾ, ਕਸ਼ਮੀਰ ਸਿੰਘ ਖਿਆਲਾ, ਸਰਪੰਚ ਸੁਖਚੈਨ ਸਿੰਘ ਵੜੈਚ, ਅਮਿਤੋਜ ਰਾਜਾਸਾਂਸੀ, ਬਿਕਰਮਜੀਤ ਸਿੰਘ ਰਾਜਾਸਾਂਸੀ, ਅਮਰਜੀਤ ਸਿੰਘ ਸਹੂਰਾ, ਤਰਲੋਚਨ ਸਿੰਘ ਓਠੀਆਂ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਅਤੇ ਸਮਰਥਕ ਹਾਜ਼ਰ ਸਨ।