17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

02-03-26

Ad Position 21
No active advertisement
ਅਜੀਤ ਡੈਸਕ 02-03-2026

 ਵਾਤਾਵਰਨ ਦੀ ਸੁਰੱਖਿਆ
ਵਾਤਾਵਰਨ ਪ੍ਰਦੂਸ਼ਣ ਦੇਸ਼ ਦਾ ਹੀ ਨਹੀਂ ਸਗੋਂ ਵਿਸ਼ਵ ਵਿਆਪੀ ਸੰਕਟ ਹੈ। ਧਰਤੀ, ਹਵਾ, ਪਾਣੀ, ਸਾਡੇ ਜੀਵਨ ਨੂੰ ਸੰਭਵ ਬਣਾਉਣ ਵਾਲੇ ਮੁੱਖ ਸੋਮਿਆਂ ਨੂੰ ਹੀ ਅਸੀਂ ਆਪਣੀ ਜੀਵਨ ਸ਼ੈਲੀ ਦੇ ਨਾਲ ਖ਼ਤਮ ਤੇ ਪਲੀਤ ਕਰ ਰਹੇ ਹਾਂ। ਇਸ ਮੁਸ਼ਕਿਲ ਸਮੱਸਿਆ ਦੇ ਹੱਲ ਲਈ ਜੀਅ-ਤੋੜ ਕੋਸ਼ਿਸ਼ਾਂ ਜਾਰੀ ਹਨ। ਸੰਸਾਰਕ ਪੱਧਰ 'ਤੇ ਸੰਮੇਲਨ ਅਤੇ ਗੋਸ਼ਟੀਆਂ ਕੀਤੀਆਂ ਜਾ ਰਹੀਆਂ ਹਨ। ਵੱਡੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ ਪਰ ਸਮੱਸਿਆਵਾਂ ਹੱਲ ਨਹੀਂ ਹੁੰਦੀਆਂ। ਮਨੁੱਖੀ ਸਿਹਤ ਖ਼ਤਰੇ ਵਿਚ ਪੈ ਗਈ ਹੈ ਤੇ ਸਾਡੇ ਭੰਡਾਰ ਮੁੱਕ ਰਹੇ ਹਨ। ਸਾਨੂੰ ਰਸਾਇਣਿਕ ਖਾਦਾਂ ਦੀ ਵਰਤੋਂ ਘਟਾਉਣੀ ਚਾਹੀਦੀ ਹੈ। ਜੀਵ-ਜੰਤੂ ਮਾਰਨ ਲਈ ਕੀਟਨਾਸ਼ਕਾਂ ਦੀ ਵਰਤੋਂ ਨਾ ਕਰੋ। ਭੋਜਨ ਸਮੱਗਰੀ ਵਿਚ ਰਸਾਇਣਕ ਖਾਦਾਂ ਦੀ ਥਾਂ ਕੁਦਰਤੀ ਵਸਤੂਆਂ ਦੀ ਵਰਤੋਂ ਕਰੋ। ਸਫ਼ਾਈ ਲਈ ਡਿਟਰਜੈਂਟ ਦੀ ਥਾਂ ਸਾਬਣ ਦੀ ਵਰਤੋਂ ਕਰੋ। ਘਰ ਵਿਚ ਪਰਦੇ, ਮੇਜ਼ਪੋਸ਼, ਸੂਤੀ ਕੱਪੜੇ ਦੇ ਰੱਖੋ। ਫਰਿੱਜ ਆਦਿ ਵਾਤਾਵਰਨ ਦੇ ਵਿਰੁੱਧ ਸਹੂਲਤਾਂ ਦੀ ਵਰਤੋਂ ਘੱਟ ਕਰੋ। ਜਿਸ ਨਾਲ ਸਾਨੂੰ ਚੰਗਾ ਵਾਤਾਵਰਨ ਪੈਦਾ ਕਰਨ ਵਾਲੀਆਂ ਸਾਰੀਆਂ ਵਿਵਸਥਾਵਾਂ ਬਦਲਣ ਦੀ ਸ਼ਕਤੀ ਮਿਲੇਗੀ।

-ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਅਤੇ ਡਾਕ: ਝਬੇਲਵਾਲੀ, ਸ੍ਰੀ ਮੁਕਤਸਰ ਸਾਹਿਬ।

ਵਧ ਰਿਹਾ ਪ੍ਰਦੂਸ਼ਣ
ਅੱਜ ਦੇ ਆਧੁਨਿਕ ਯੁੱਗ ਵਿਚ ਵਧ ਰਿਹਾ ਪ੍ਰਦੂਸ਼ਣ ਪੂਰੀ ਮਨੁੱਖਤਾ ਲਈ ਇਕ ਗੰਭੀਰ ਅਤੇ ਚਿੰਤਾਜਨਕ ਸਮੱਸਿਆ ਬਣ ਚੁੱਕਾ ਹੈ। ਹਵਾ, ਪਾਣੀ ਅਤੇ ਮਿੱਟੀ ਤਿੰਨੇ ਹੀ ਪ੍ਰਦੂਸ਼ਣ ਦੀ ਮਾਰ ਝੱਲ ਰਹੇ ਹਨ। ਫੈਕਟਰੀਆਂ ਤੋਂ ਨਿਕਲਣ ਵਾਲਾ ਧੂੰਆ, ਵਾਹਨਾਂ ਦੀ ਵਧ ਰਹੀ ਗਿਣਤੀ, ਅਤੇ ਕੂੜੇ-ਕਰਕਟ ਦਾ ਸਹੀ ਪ੍ਰਬੰਧ ਨਾ ਹੋਣਾ ਵਾਤਾਵਰਣ ਨੂੰ ਤੇਜ਼ੀ ਨਾਲ ਨੁਕਸਾਨ ਪਹੁੰਚਾ ਰਹੇ ਹਨ। ਇਸ ਦੇ ਨਤੀਜੇ ਵਜੋਂ ਮਨੁੱਖੀ ਸਿਹਤ 'ਤੇ ਵੀ ਬੁਰਾ ਅਸਰ ਪੈ ਰਿਹਾ ਹੈ ਅਤੇ ਅਨੇਕਾਂ ਬਿਮਾਰੀਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪਲਾਸਟਿਕ ਦੀ ਬੇਹਿਸਾਬ ਵਰਤੋਂ ਇਸ ਸਮੱਸਿਆ ਨੂੰ ਹੋਰ ਵੀ ਗੰਭੀਰ ਬਣਾ ਰਹੀ ਹੈ। ਇਹ ਨਾ ਸਿਰਫ਼ ਮਿੱਟੀ ਅਤੇ ਪਾਣੀ ਨੂੰ ਪ੍ਰਦੂਸ਼ਿਤ ਕਰਦੀ ਹੈ, ਸਗੋਂ ਜੀਵ-ਜੰਤੂਆਂ ਅਤੇ ਪੌਦਿਆਂ ਲਈ ਵੀ ਖ਼ਤਰਾ ਬਣਦੀ ਹੈ। ਦੂਜੇ ਪਾਸੇ, ਜੰਗਲਾਂ ਦੀ ਅੰਨ੍ਹੇਵਾਹ ਕਟਾਈ ਹੋ ਰਹੀ ਹੈ, ਪਰ ਉਨ੍ਹਾਂ ਦੀ ਭਰਪਾਈ ਲਈ ਨਵੇਂ ਪੌਦੇ ਲਗਾਉਣ ਵੱਲ ਉਤਨੀ ਗੰਭੀਰਤਾ ਨਹੀਂ ਦਿਖਾਈ ਜਾ ਰਹੀ।
ਜੇਕਰ ਇਹ ਹਾਲਾਤ ਇਸੇ ਤਰ੍ਹਾਂ ਜਾਰੀ ਰਹੇ, ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼ ਹਵਾ ਅਤੇ ਪੀਣ ਯੋਗ ਪਾਣੀ ਪ੍ਰਾਪਤ ਕਰਨਾ ਬਹੁਤ ਮੁਸ਼ਕਿਲ ਹੋ ਜਾਵੇਗਾ। ਇਸ ਲਈ ਸਮੇਂ ਦੀ ਮੰਗ ਹੈ ਕਿ ਹਰ ਵਿਅਕਤੀ ਵਾਤਾਵਰਨ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝੇ ਅਤੇ ਉਸ ਨੂੰ ਨਿਭਾਏ। ਸਾਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ, ਪਲਾਸਟਿਕ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ ਅਤੇ ਕੂੜੇ ਨੂੰ ਹਮੇਸ਼ਾ ਨਿਰਧਾਰਤ ਥਾਵਾਂ 'ਤੇ ਹੀ ਸੁੱਟਣਾ ਚਾਹੀਦਾ ਹੈ। ਇਸ ਦੇ ਨਾਲ-ਨਾਲ ਸਰਕਾਰ ਨੂੰ ਵੀ ਸਖ਼ਤ ਕਾਨੂੰਨ ਬਣਾ ਕੇ ਉਨ੍ਹਾਂ ਦੀ ਪਾਲਣਾ ਯਕੀਨੀ ਬਣਾਉਣੀ ਚਾਹੀਦੀ ਹੈ ਅਤੇ ਲੋਕਾਂ ਵਿਚ ਵਾਤਾਵਰਨ ਸੁਰੱਖਿਆ ਬਾਰੇ ਜਾਗਰੂਕਤਾ ਫੈਲਾਉਣੀ ਚਾਹੀਦੀ ਹੈ। ਸਕੂਲਾਂ ਅਤੇ ਕਾਲਜਾਂ ਵਿਚ ਵੀ ਬੱਚਿਆਂ ਨੂੰ ਵਾਤਾਵਰਨ ਦੀ ਮਹੱਤਤਾ ਬਾਰੇ ਸਿੱਖਿਆ ਦੇਣਾ ਬਹੁਤ ਜ਼ਰੂਰੀ ਹੈ, ਤਾਂ ਜੋ ਉਹ ਛੋਟੀ ਉਮਰ ਤੋਂ ਹੀ ਕੁਦਰਤ ਦੀ ਸੰਭਾਲ ਕਰਨ ਦੀ ਆਦਤ ਪਾ ਸਕਣ। ਜੇ ਅਸੀਂ ਸਭ ਮਿਲ ਕੇ ਯਤਨ ਕਰੀਏ, ਤਾਂ ਅਸੀਂ ਆਪਣੇ ਵਾਤਾਵਰਨ ਨੂੰ ਸੁਰੱਖਿਅਤ ਰੱਖ ਸਕਦੇ ਹਾਂ ਅਤੇ ਭਵਿੱਖ ਨੂੰ ਹੋਰ ਸੁੰਦਰ ਅਤੇ ਸਿਹਤਮੰਦ ਬਣਾ ਸਕਦੇ ਹਾਂ।

-ਰਾਜਵੀਰ ਸਿੰਘ,
ਸਰਹਿੰਦ

ਦਾਜ ਦੀ ਸਮੱਸਿਆ
ਭਾਰਤ ਸਮਾਜ ਵਿਚ ਦਾਜ ਇਕ ਗੰਭੀਰ ਸਮੱਸਿਆ ਬਣੀ ਹੋਈ ਹੈ। ਇਹ ਰੀਤੀ-ਰਿਵਾਜਾਂ ਦੀ ਆੜ ਵਿਚ ਔਰਤਾਂ ਉੱਤੇ ਹੋ ਰਹੇ ਅੱਤਿਆਚਾਰ ਦਾ ਇਕ ਵੱਡਾ ਕਾਰਨ ਹੈ। ਦਾਜ ਲੈਣ ਅਤੇ ਦੇਣ ਦੀ ਪ੍ਰਥਾ ਪੁਰਾਣੇ ਸਮਿਆਂ ਤੋਂ ਚਲੀ ਆ ਰਹੀ ਹੈ, ਪਰ ਅੱਜ ਵੀ ਇਹ ਸਮਾਜ 'ਚ ਇਕ ਕਲੰਕ ਵਜੋਂ ਮੌਜੂਦ ਹੈ। ਦਾਜ ਦੀ ਸੱਮਸਿਆ ਕਾਰਨ ਅਨੇਕਾਂ ਘਰਾਂ 'ਚ ਧੀਆਂ ਨੂੰ ਬੋਝ ਸਮਝਿਆਂ ਜਾਂਦਾ ਹੈ। ਇਸ ਕਰਕੇ ਕੁੱਝ ਮਾਪੇ ਧੀਆਂ ਦੇ ਜਨਮ ਨੂੰ ਹੀ ਆਪਣੀ ਬਦਕਿਸਮਤੀ ਮੰਨ ਲੈਂਦੇ ਹਨ। ਦਾਜ ਲੈਣ ਵਾਲੇ ਲੋਕ ਲਾਲਚੀ ਹੁੰਦੇ ਹਨ। ਕਈ ਵਾਰ, ਜਦੋਂ ਕੰਨਿਆ ਦੇ ਮਾਪਿਆਂ ਵਲੋਂ ਪੂਰਾ ਦਾਜ ਨਹੀਂ ਦਿੱਤਾ ਜਾਂਦਾ, ਤਾਂ ਉਸ ਉੱਤੇ ਜ਼ੁਲਮ ਹੋਣ ਲੱਗਦੇ ਹਨ, ਜੋ ਕਿ ਬਹੁਤ ਦੁਖਦਾਈ ਹੈ। ਦਾਜ ਪ੍ਰਥਾ ਨੂੰ ਖ਼ਤਮ ਕਰਨ ਲਈ ਸਿੱਖਿਆ ਅਤੇ ਜਾਗਰੂਕਤਾ ਬਹੁਤ ਜ਼ਰੂਰੀ ਹੈ। ਸਰਕਾਰ ਨੇ ਦਾਜ ਵਿਰੁੱਧ ਕਾਨੂੰਨ ਵੀ ਬਣਾਏ ਹਨ, ਪਰ ਇਹ ਤਦ ਹੀ ਪ੍ਰਭਾਵਸ਼ਾਲੀ ਹੋਣਗੇ, ਜਦੋਂ ਲੋਕ ਆਪਣੀ ਸੋਚ ਬਦਲਣਗੇ। ਦਾਜ ਪ੍ਰਥਾ ਇਕ ਕਲੰਕ ਹੈ, ਜਿਸ ਨੂੰ ਖ਼ਤਮ ਕਰਨਾ ਸਮਾਜ ਦੀ ਜ਼ਿੰਮੇਵਾਰੀ ਹੈ। ਸਾਨੂੰ ਮਿਲਕੇ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ, ਤਾਂ ਜੋ ਹਰ ਧੀ ਦੀ ਜ਼ਿੰਦਗੀ ਸੁਖਮਈ ਬਣ ਸਕੇ।

-ਮਹਿਕਪ੍ਰੀਤ ਕੌਰ
ਸਰਹਿੰਦ, ਫ਼ਤਹਿਗੜ੍ਹ ਸਾਹਿਬ

Ad Position 22
No active advertisement
ਪਿਛਲੀ ਖ਼ਬਰ ਨਾਬਾਲਗ ਲੜਕੀ ਨੂੰ ਵਰਗ਼ਲਾ ਕੇ ਲਿਜਾਣ ਵਾਲੇ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਮਹਾਰਾਜਾ ਦਲੀਪ ਸਿੰਘ : ਪੈਰਿਸ ਦੀਆਂ ਗਲੀਆਂ ਵਿਚ ਇਕ ਇਤਿਹਾਸਕ ਯਾਤਰਾ
Ad Position 24