ਮਿਆਮੀ, 15 ਨਵੰਬਰ (ਪੀ.ਟੀ.ਆਈ.)-ਅਮਰੀਕਾ ਦੇ ਮਿਆਮੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕੋਪਾ ਏਅਰਲਾਈਨਜ਼ ਦਾ ਇਕ ਯਾਤਰੀ ਜਹਾਜ਼ ਰਨਵੇਅ ਤੋਂ ਟਰਮੀਨਲ ਵੱਲ ਜਾਂਦੇ ਸਮੇਂ ਯੂ.ਪੀ.ਐਸ. ਦੇ ਮਾਲਵਾਹਕ ਜਹਾਜ਼ ਨਾਲ ਟਕਰਾ ਗਿਆ। ਇਸ ਹਾਦਸੇ ’ਚ ਦੋ ਲੋਕ ਜ਼ਖ਼ਮੀ ਹੋ ਗਏ। ਅਮਰੀਕੀ ਮੀਡੀਆ ਅਨੁਸਾਰ ਇਹ ਹਾਦਸਾ ਬੀਤੀ ਰਾਤ ਕਰੀਬ 9:15 ਵਜੇ (ਸਥਾਨਕ ਸਮੇਂ ਮੁਤਾਬਕ) ਵਾਪਰਿਆ। ਕੋਪਾ ਏਅਰਲਾਈਨਜ਼ ਦੇ ਬੋਇੰਗ 737 ਜਹਾਜ਼ ਦਾ ਪਿਛਲਾ ਹਿੱਸਾ ਯੂ.ਪੀ.ਐਸ. ਦੇ ਬੋਇੰਗ 767 ਜਹਾਜ਼ ਦੇ ਅਗਲੇ ਹਿੱਸੇ ਨਾਲ ਟਕਰਾ ਗਿਆ। ਜਹਾਜ਼ ’ਚ ਸਵਾਰ ਸਾਰੇ 166 ਯਾਤਰੀ ਤੇ ਚਾਲਕ ਦਲ ਦੇ 6 ਮੈਂਬਰ ਸੁਰੱਖਿਅਤ ਬਾਹਰ ਨਿਕਲ ਗਏ। ਇਸ ਤੋਂ ਬਾਅਦ ਕੋਪਾ ਦਾ ਜਹਾਜ਼ ਵਾਪਸ ਟਰਮੀਨਲ ’ਤੇ ਆ ਗਿਆ।