ਮੇਗਨ ਮਾਰਕਲ ਦੇ ਪਿਤਾ ਖ਼ਿਲਾਫ਼ ਗੰਭੀਰ ਦੋਸ਼ਾਂ ਵਾਲੇ ਪੱਤਰ ਦੇ ਮਾਮਲੇ ਵਿੱਚ ਬਰਤਾਨਵੀ ਪੁਲਿਸ ਦੀ ਭੂਮਿਕਾ ਦੀ ਹੋਵੇਗੀ ਸਮੀਖਿਆ
ਲੰਡਨ, 30 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਮਹਾਰਾਜਾ ਚਾਰਲਸ ਤੀਜੇ ਦੇ ਬੇਟੇ ਪ੍ਰਿੰਸ ਹੈਰੀ ਦੀ ਪਤਨੀ ਮੇਗਨ ਮਾਰਕਲ ਦੇ ਪਿਤਾ ਥਾਮਸ ਮਾਰਕਲ ਖ਼ਿਲਾਫ਼ ਗੰਭੀਰ ਦੋਸ਼ਾਂ ਵਾਲੇ ਇੱਕ ਪੱਤਰ ਨੂੰ ਸੰਭਾਲਣ ਦੇ ਮਾਮਲੇ ਵਿੱਚ ਲੰਡਨ ਦੀ ਮੈਟਰੋਪੋਲੀਟਨ ਪੁਲਿਸ ਨੇ ਆਪਣੀ ਕਾਰਵਾਈ ਦੀ ਸਮੀਖਿਆ ਲਈ ਮਾਮਲਾ ਸੁਤੰਤਰ ਪੁਲਿਸ ਨਿਗਰਾਨ ਸੰਸਥਾ ਕੋਲ ਭੇਜ ਦਿੱਤਾ ਹੈ। ਪੁਲਿਸ ਅਨੁਸਾਰ ਜਨਵਰੀ 2019 ਵਿੱਚ ਉਸ ਨੂੰ ਇੱਕ ਪੱਤਰ ਪ੍ਰਾਪਤ ਹੋਇਆ ਸੀ, ਜਿਸ ਵਿੱਚ ਥਾਮਸ ਮਾਰਕਲ ਖ਼ਿਲਾਫ਼ ਬਰਤਾਨੀਆ ਤੋਂ ਬਾਹਰ ਕਥਿਤ ਅਪਰਾਧਾਂ ਸਬੰਧੀ ਗੰਭੀਰ ਦੋਸ਼ ਲਗਾਏ ਗਏ ਸਨ।
ਲੰਡਨ, 30 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਮਹਾਰਾਜਾ ਚਾਰਲਸ ਤੀਜੇ ਦੇ ਬੇਟੇ ਪ੍ਰਿੰਸ ਹੈਰੀ ਦੀ ਪਤਨੀ ਮੇਗਨ ਮਾਰਕਲ ਦੇ ਪਿਤਾ ਥਾਮਸ ਮਾਰਕਲ ਖ਼ਿਲਾਫ਼ ਗੰਭੀਰ ਦੋਸ਼ਾਂ ਵਾਲੇ ਇੱਕ ਪੱਤਰ ਨੂੰ ਸੰਭਾਲਣ ਦੇ ਮਾਮਲੇ ਵਿੱਚ ਲੰਡਨ ਦੀ ਮੈਟਰੋਪੋਲੀਟਨ ਪੁਲਿਸ ਨੇ ਆਪਣੀ ਕਾਰਵਾਈ ਦੀ ਸਮੀਖਿਆ ਲਈ ਮਾਮਲਾ ਸੁਤੰਤਰ ਪੁਲਿਸ ਨਿਗਰਾਨ ਸੰਸਥਾ ਕੋਲ ਭੇਜ ਦਿੱਤਾ ਹੈ।ਪੁਲਿਸ ਅਨੁਸਾਰ ਜਨਵਰੀ 2019 ਵਿੱਚ ਉਸ ਨੂੰ ਇੱਕ ਪੱਤਰ ਪ੍ਰਾਪਤ ਹੋਇਆ ਸੀ, ਜਿਸ ਵਿੱਚ ਥਾਮਸ ਮਾਰਕਲ ਖ਼ਿਲਾਫ਼ ਬਰਤਾਨੀਆ ਤੋਂ ਬਾਹਰ ਕਥਿਤ ਅਪਰਾਧਾਂ ਸਬੰਧੀ ਗੰਭੀਰ ਦੋਸ਼ ਲਗਾਏ ਗਏ ਸਨ। ਇਹ ਪੱਤਰ ਮੇਗਨ ਮਾਰਕਲ ਦੀ ਸੁਰੱਖਿਆ ਸਬੰਧੀ ਚਿੰਤਾਵਾਂ ਦੇ ਹਵਾਲੇ ਨਾਲ ਭੇਜਿਆ ਗਿਆ ਸੀ। ਪੁਲਿਸ ਨੇ ਪੱਤਰ ਦੀ ਸਮੀਖਿਆ ਕਰਨ ਤੋਂ ਬਾਅਦ ਇਸ ਨੂੰ ਪ੍ਰਿੰਸ ਹੈਰੀ ਅਤੇ ਮੇਗਨ ਮਾਰਕਲ ਦੇ ਦਫ਼ਤਰ ਤੱਕ ਪਹੁੰਚਾ ਦਿੱਤਾ ਸੀ, ਪਰ ਇਸ ਵਿੱਚ ਦਰਜ ਦੋਸ਼ਾਂ ਦੀ ਜਾਣਕਾਰੀ ਹੋਰ ਦੇਸ਼ਾਂ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਸਾਂਝੀ ਨਹੀਂ ਕੀਤੀ ਗਈ।ਹੁਣ ਮੈਟਰੋਪੋਲੀਟਨ ਪੁਲਿਸ ਨੇ ਮੰਨਿਆ ਹੈ ਕਿ ਉਸ ਸਮੇਂ ਲਏ ਗਏ ਫ਼ੈਸਲਿਆਂ ਦੀ ਸਮੀਖਿਆ ਹੋਣੀ ਚਾਹੀਦੀ ਹੈ। ਇਸ ਲਈ ਮਾਮਲਾ ਇੰਡੀਪੈਂਡੈਂਟ ਆਫਿਸ ਫਾਰ ਪੁਲਿਸ ਕੰਡਕਟ ਕੋਲ ਭੇਜਿਆ ਗਿਆ ਹੈ। ਸੰਸਥਾ ਇਸ ਗੱਲ ਦਾ ਮੁਲਾਂਕਣ ਕਰ ਰਹੀ ਹੈ ਕਿ ਅੱਗੇ ਕਿਹੜੀ ਕਾਰਵਾਈ ਦੀ ਲੋੜ ਹੈ। ਦੂਜੇ ਪਾਸੇ, ਫਿਲੀਪੀਨਜ਼ ਦੀ ਪੁਲਿਸ ਥਾਮਸ ਮਾਰਕਲ ਦੇ ਸਾਬਕਾ ਘਰ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਨਾਲ ਸੰਬੰਧਿਤ ਕਥਿਤ ਤਸਵੀਰਾਂ ਮਿਲਣ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਹੈ। ਥਾਮਸ ਮਾਰਕਲ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਬੇਬੁਨਿਆਦ ਅਤੇ ਝੂਠਾ ਕਰਾਰ ਦਿੱਤਾ ਹੈ।ਮੇਗਨ ਮਾਰਕਲ ਨੇ ਇਸ ਮਾਮਲੇ ਉੱਤੇ ਡੂੰਘੀ ਚਿੰਤਾ ਅਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਆਪਣੇ ਬੱਚਿਆਂ ਨੂੰ ਪਿਤਾ ਤੋਂ ਦੂਰ ਰੱਖਣ ਦੇ ਫ਼ੈਸਲੇ ਪਿੱਛੇ ਉਨ੍ਹਾਂ ਦੀ ਸੁਰੱਖਿਆ ਪ੍ਰਮੁੱਖ ਕਾਰਨ ਸੀ।ਮੈਟਰੋਪੋਲੀਟਨ ਪੁਲਿਸ ਨੇ ਇਹ ਵੀ ਦੱਸਿਆ ਹੈ ਕਿ ਪੱਤਰ ਵਿੱਚ ਦਰਜ ਦੋਸ਼ਾਂ ਬਾਰੇ ਸੰਬੰਧਿਤ ਵਿਦੇਸ਼ੀ ਜਾਂਚ ਏਜੰਸੀਆਂ ਨੂੰ ਜਾਣਕਾਰੀ ਭੇਜਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਫਿਲਹਾਲ ਥਾਮਸ ਮਾਰਕਲ ਖ਼ਿਲਾਫ਼ ਲਗਾਏ ਗਏ ਦੋਸ਼ ਸਾਬਤ ਨਹੀਂ ਹੋਏ ਹਨ ਅਤੇ ਮਾਮਲੇ ਦੀ ਜਾਂਚ ਜਾਰੀ ਹੈ।