9 ਮਹੀਨੇ ਦੇ ਬੱਚੇ ਸਮੇਤ ਤਿੰਨ ਜਣਿਆਂ ਨੂੰ ਨਿਆਗਰਾ ਦਰਿਆ ਪਾਰ ਕਰਵਾ ਕੇ ਅਮਰੀਕਾ ਲਿਆਉਣ ਦਾ ਦੋਸ਼ ਕਬੂਲਿਆ
ਨਿਊਯਾਰਕ, 30 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-9 ਮਹੀਨੇ ਦੇ ਬੱਚੇ ਸਮੇਤ ਤਿੰਨ ਜਣਿਆਂ ਨੂੰ ਰਾਤ ਦੇ ਹਨੇਰੇ ਵਿਚ ਨਿਆਗਰਾ ਦਰਿਆ ਪਾਰ ਕਰਵਾ ਕੇ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਲਿਆਉਣ ਦੇ ਮਾਮਲੇ ਵਿਚ ਇਕ ਵਿਅਕਤੀ ਨੇ ਦੋਸ਼ ਕਬੂਲ ਕਰ ਲਿਆ ਹੈ। ਮੈਕਸੀਕੋ ਦੇ 27 ਸਾਲਾ ਆਂਦਰੇਸ ਕਾਰਿਲੋ-ਹਰਨਾਂਡੇਜ਼ ਨੇ ਬਫ਼ਲੋ ਦੀ ਸੰਘੀ ਅਦਾਲਤ ਵਿਚ ਮੰਨਿਆ ਕਿ ਉਸ ਨੂੰ ਇਸ ਕੰਮ ਬਦਲੇ ਕਰੀਬ ਦੋ ਹਜ਼ਾਰ ਡਾਲਰ ਮਿਲਣ ਦੀ ਉਮੀਦ ਸੀ।
ਨਿਊਯਾਰਕ, 30 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-9 ਮਹੀਨੇ ਦੇ ਬੱਚੇ ਸਮੇਤ ਤਿੰਨ ਜਣਿਆਂ ਨੂੰ ਰਾਤ ਦੇ ਹਨੇਰੇ ਵਿਚ ਨਿਆਗਰਾ ਦਰਿਆ ਪਾਰ ਕਰਵਾ ਕੇ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਲਿਆਉਣ ਦੇ ਮਾਮਲੇ ਵਿਚ ਇਕ ਵਿਅਕਤੀ ਨੇ ਦੋਸ਼ ਕਬੂਲ ਕਰ ਲਿਆ ਹੈ। ਮੈਕਸੀਕੋ ਦੇ 27 ਸਾਲਾ ਆਂਦਰੇਸ ਕਾਰਿਲੋ-ਹਰਨਾਂਡੇਜ਼ ਨੇ ਬਫ਼ਲੋ ਦੀ ਸੰਘੀ ਅਦਾਲਤ ਵਿਚ ਮੰਨਿਆ ਕਿ ਉਸ ਨੂੰ ਇਸ ਕੰਮ ਬਦਲੇ ਕਰੀਬ ਦੋ ਹਜ਼ਾਰ ਡਾਲਰ ਮਿਲਣ ਦੀ ਉਮੀਦ ਸੀ। ਸਰਕਾਰੀ ਵਕੀਲਾਂ ਮੁਤਾਬਕ, ਕਾਰਿਲੋ-ਹਰਨਾਂਡੇਜ਼ ਨੇ ਕੈਨੇਡਾ ਦੇ ਓਂਟਾਰੀਓ ਵਿਚ ਬੋਇਰਜ਼ ਕ੍ਰੀਕ ਨੇੜਿਓਂ ਇਕ ਆਦਮੀ, ਇਕ ਔਰਤ ਅਤੇ ਬੱਚੇ ਨੂੰ ਮੋਟਰ ਨਾਲ ਚੱਲਣ ਵਾਲੀ ਹਵਾ ਭਰੀ ਕਿਸ਼ਤੀ ਵਿਚ ਬਿਠਾਇਆ। ਉਹ ਦਰਿਆ ਰਾਹੀਂ ਅਮਰੀਕਾ-ਕੈਨੇਡਾ ਸਰਹੱਦ ਪਾਰ ਕਰਕੇ ਨਿਊਯਾਰਕ ਦੇ ਗ੍ਰੈਂਡ ਆਈਲੈਂਡ ਵਿਚ ਵੈਸਟ ਰਿਵਰ ਰੋਡ ਨੇੜੇ ਪਹੁੰਚਿਆ। ਕੰਢੇ ਉਤੇ ਪਹੁੰਚਣ ਮਗਰੋਂ ਤਿੰਨੇ ਯਾਤਰੀ ਕਿਸ਼ਤੀ ਤੋਂ ਉਤਰ ਕੇ ਅੱਗੇ ਚਲੇ ਗਏ, ਜਦਕਿ ਕਾਰਿਲੋ-ਹਰਨਾਂਡੇਜ਼ ਕਿਸ਼ਤੀ ਵਿਚ ਹੀ ਰਿਹਾ। ਕੁਝ ਸਮੇਂ ਬਾਅਦ ਅਮਰੀਕੀ ਸਰਹੱਦੀ ਗਸ਼ਤੀ ਦਸਤੇ ਨੇ ਚਾਰਾਂ ਨੂੰ ਨੇੜਿਓਂ ਕਾਬੂ ਕਰ ਲਿਆ।ਕਾਰਿਲੋ-ਹਰਨਾਂਡੇਜ਼ ਨੇ ਪੈਸੇ ਕਮਾਉਣ ਲਈ ਲੋਕਾਂ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਵਾਉਣ ਦਾ ਦੋਸ਼ ਕਬੂਲਿਆ ਹੈ। ਉਸ ਨੂੰ ਘੱਟੋ-ਘੱਟ ਤਿੰਨ ਅਤੇ ਵੱਧ ਤੋਂ ਵੱਧ ਦਸ ਸਾਲ ਕੈਦ ਹੋ ਸਕਦੀ ਹੈ। ਸਜ਼ਾ ਦਾ ਐਲਾਨ ਅਜੇ ਹੋਣਾ ਬਾਕੀ ਹੈ।