ਬੱਚਿਆਂ ਦੇ ਜਿਨਸੀ ਸ਼ੋਸ਼ਣ ਵਾਲੇ ਅੰਤਰਰਾਸ਼ਟਰੀ ਗਰੋਹ ਦੇ ਆਗੂ ਨੇ ਕਬੂਲਿਆ ਜੁਰਮ
ਨਿਊਯਾਰਕ, 14 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਵਿਚ ਬੱਚਿਆਂ ਨੂੰ ਆਨਲਾਈਨ ਨਿਸ਼ਾਨਾ ਬਣਾ ਕੇ ਉਨ੍ਹਾਂ ਦਾ ਜਿਨਸੀ ਅਤੇ ਮਾਨਸਿਕ ਸ਼ੋਸ਼ਣ ਕਰਨ ਵਾਲੇ ਅੰਤਰਰਾਸ਼ਟਰੀ ਗਰੋਹ ‘764’ ਦੇ ਇਕ ਮੁੱਖ ਆਗੂ ਨੇ ਅਦਾਲਤ ਵਿਚ ਆਪਣਾ ਜੁਰਮ ਕਬੂਲ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਉੱਤਰੀ ਕੈਰੋਲੀਨਾ ਦੇ ਹਾਈ ਪੁਆਇੰਟ ਸ਼ਹਿਰ ਦੇ 21 ਸਾਲਾ ਪ੍ਰਸਾਨ ਨਿਪਾਲ ਵਜੋਂ ਹੋਈ ਹੈ, ਜੋ ਇੰਟਰਨੈੱਟ ‘ਤੇ ‘ਟ੍ਰਿੱਪੀ’ ਨਾਂਅ ਨਾਲ ਜਾਣਿਆ ਜਾਂਦਾ ਸੀ।
ਨਿਊਯਾਰਕ, 14 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਵਿਚ ਬੱਚਿਆਂ ਨੂੰ ਆਨਲਾਈਨ ਨਿਸ਼ਾਨਾ ਬਣਾ ਕੇ ਉਨ੍ਹਾਂ ਦਾ ਜਿਨਸੀ ਅਤੇ ਮਾਨਸਿਕ ਸ਼ੋਸ਼ਣ ਕਰਨ ਵਾਲੇ ਅੰਤਰਰਾਸ਼ਟਰੀ ਗਰੋਹ ‘764’ ਦੇ ਇਕ ਮੁੱਖ ਆਗੂ ਨੇ ਅਦਾਲਤ ਵਿਚ ਆਪਣਾ ਜੁਰਮ ਕਬੂਲ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਉੱਤਰੀ ਕੈਰੋਲੀਨਾ ਦੇ ਹਾਈ ਪੁਆਇੰਟ ਸ਼ਹਿਰ ਦੇ 21 ਸਾਲਾ ਪ੍ਰਸਾਨ ਨਿਪਾਲ ਵਜੋਂ ਹੋਈ ਹੈ, ਜੋ ਇੰਟਰਨੈੱਟ ‘ਤੇ ‘ਟ੍ਰਿੱਪੀ’ ਨਾਂਅ ਨਾਲ ਜਾਣਿਆ ਜਾਂਦਾ ਸੀ।ਅਮਰੀਕੀ ਨਿਆਂ ਵਿਭਾਗ ਮੁਤਾਬਕ ਇਹ ਗਰੋਹ ਸੋਸ਼ਲ ਮੀਡੀਆ ਅਤੇ ਗੁਪਤ ਮੈਸੇਜਿੰਗ ਐਪਾਂ ਰਾਹੀਂ ਬੱਚਿਆਂ ਨਾਲ ਸੰਪਰਕ ਕਰਦਾ ਸੀ। ਇਸ ਦੇ ਮੈਂਬਰ ਪਹਿਲਾਂ ਬੱਚਿਆਂ ਦਾ ਭਰੋਸਾ ਜਿੱਤਦੇ ਅਤੇ ਫਿਰ ਨਿੱਜੀ ਜਾਣਕਾਰੀ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਧਮਕੀਆਂ ਅਤੇ ਬਲੈਕਮੇਲਿੰਗ ਰਾਹੀਂ ਜਿਨਸੀ ਸ਼ੋਸ਼ਣ ਤੇ ਹਿੰਸਕ ਗਤੀਵਿਧੀਆਂ ਲਈ ਮਜਬੂਰ ਕਰਦੇ ਸਨ। ਇਨ੍ਹਾਂ ਘਟਨਾਵਾਂ ਦੀਆਂ ਤਸਵੀਰਾਂ ਅਤੇ ਵੀਡੀਓ ਗਰੋਹ ਅੰਦਰ ਸਾਂਝੀਆਂ ਕੀਤੀਆਂ ਜਾਂਦੀਆਂ ਸਨ।ਜਾਂਚ ਵਿਚ ਘੱਟੋ-ਘੱਟ ਅੱਠ ਨਾਬਾਲਗ ਪੀੜਤਾਂ ਦੀ ਪਛਾਣ ਹੋਈ ਹੈ, ਜਿਨ੍ਹਾਂ ਵਿਚ ਕੁਝ ਬੱਚਿਆਂ ਦੀ ਉਮਰ ਸਿਰਫ਼ 13 ਸਾਲ ਸੀ। ਅਧਿਕਾਰੀਆਂ ਅਨੁਸਾਰ ਪ੍ਰਸਾਨ ਨਿਪਾਲ ਗਰੋਹ ਵਿਚ ਨਵੇਂ ਮੈਂਬਰਾਂ ਦੀ ਭਰਤੀ ਕਰਨ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ਨੂੰ ਚਲਾਉਣ ਵਿਚ ਅਹਿਮ ਭੂਮਿਕਾ ਨਿਭਾਉਂਦਾ ਸੀ। ਉਸ ਦਾ ਇਕ ਹੋਰ ਸਾਥੀ ਲਿਓਨੀਦਾਸ ਵਰਾਗਿਆਨਿਸ ਇਸ ਸਮੇਂ ਗ੍ਰੀਸ ਦੀ ਜੇਲ੍ਹ ਵਿਚ ਬੰਦ ਹੈ।ਐੱਫ.ਬੀ.ਆਈ. ਡਾਇਰੈਕਟਰ ਕਾਸ਼ ਪਟੇਲ ਨੇ ਕਿਹਾ ਕਿ ਬੱਚਿਆਂ ਦਾ ਸ਼ੋਸ਼ਣ ਕਰਨ ਵਾਲੇ ਇਸ ਨੈੱਟਵਰਕ ਖ਼ਿਲਾਫ਼ ਵੱਡੇ ਪੱਧਰ ‘ਤੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਮੁਤਾਬਕ ਪਿਛਲੇ ਸਾਲ ਇਸ ਗਰੋਹ ਨਾਲ ਸੰਬੰਧਿਤ ਗ੍ਰਿਫ਼ਤਾਰੀਆਂ ਵਿਚ ਲਗਭਗ 500 ਫ਼ੀਸਦੀ ਵਾਧਾ ਹੋਇਆ ਸੀ। ਪ੍ਰਸਾਨ ਨਿਪਾਲ ਨੂੰ 2025 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜੁਰਮ ਕਬੂਲ ਕਰਨ ਤੋਂ ਬਾਅਦ ਉਸ ਨੂੰ ਘੱਟੋ-ਘੱਟ 15 ਸਾਲ ਅਤੇ ਵੱਧ ਤੋਂ ਵੱਧ 30 ਸਾਲ ਦੀ ਕੈਦ ਹੋ ਸਕਦੀ ਹੈ। ਅਦਾਲਤ ਵਲੋਂ ਉਸ ਦੀ ਸਜ਼ਾ ਦਾ ਐਲਾਨ 5 ਮਾਰਚ 2027 ਨੂੰ ਕੀਤਾ ਜਾਵੇਗਾ। ਐੱਫ.ਬੀ.ਆਈ. ਅਤੇ ਅੰਤਰਰਾਸ਼ਟਰੀ ਜਾਂਚ ਏਜੰਸੀਆਂ ਵਲੋਂ ਇਸ ਗਰੋਹ ਦੇ ਹੋਰ ਮੈਂਬਰਾਂ ਖ਼ਿਲਾਫ਼ ਕਾਰਵਾਈ ਜਾਰੀ ਹੈ।