ਜਗਤਾਰ ਸਿੰਘ ਜੌਹਲ ਨੂੰ ਤੁਰੰਤ ਬਰਤਾਨੀਆ ਲਿਆਂਦਾ ਜਾਵੇ - ਸਿੱਖ ਫੈਡਰੇਸ਼ਨ ਯੂ . ਕੇ .
ਬਰਤਾਨੀਆ ਵਿਚ ਰਹਿੰਦਾ ਕਥਿਤ ਗੁਪਤ ਗਵਾਹ ਅੱਜ ਵੀਡੀਓ ਲਿੰਕ ਰਾਹੀਂ ਗਵਾਹੀ ਦੇਣ ਲਈ ਪੇਸ਼ ਨਹੀਂ ਹੋਇਆ
ਲੰਡਨ, 14 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਿੱਖ ਫੈਡਰੇਸ਼ਨ ਯੂ. ਕੇ.
ਜ
ਜਗਤਾਰ ਸਿੰਘ ਜੱਗੀ ਜੌਹਲ
15-10-2026
ਲੰਡਨ, 14 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਿੱਖ ਫੈਡਰੇਸ਼ਨ ਯੂ.ਕੇ. ਨੇ ਬਰਤਾਨੀਆ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤ ਵਿਚ ਜਗਤਾਰ ਸਿੰਘ ਜੌਹਲ ਖ਼ਿਲਾਫ਼ ਦਰਜ ਦੋਸ਼ ਵਾਪਸ ਕਰਵਾਉਣ ਅਤੇ ਉਸ ਦੀ ਸੁਰੱਖਿਅਤ ਸਕਾਟਲੈਂਡ ਵਾਪਸੀ ਲਈ ਤੁਰੰਤ ਠੋਸ ਕਦਮ ਚੁੱਕੇ। ਜਥੇਬੰਦੀ ਨੇ ਇਹ ਮੰਗ ਉਸ ਸਮੇਂ ਕੀਤੀ ਹੈ, ਜਦੋਂ ਭਾਰਤ ਦੀ ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਵਲੋਂ ਪੇਸ਼ ਕੀਤਾ ਜਾਣ ਵਾਲਾ ਬਰਤਾਨੀਆ ਵਿਚ ਰਹਿੰਦਾ ਕਥਿਤ ਗੁਪਤ ਗਵਾਹ ਅੱਜ ਵੀਡੀਓ ਲਿੰਕ ਰਾਹੀਂ ਗਵਾਹੀ ਦੇਣ ਲਈ ਪੇਸ਼ ਨਹੀਂ ਹੋਇਆ।ਸਿੱਖ ਫੈਡਰੇਸ਼ਨ ਵਲੋਂ ਜਾਰੀ ਬਿਆਨ ਅਨੁਸਾਰ ਜੁਲਾਈ 2026 ਵਿਚ ਵਿਸ਼ੇਸ਼ ਐੱਨ.ਆਈ.ਏ. ਅਦਾਲਤ ਨੇ ਗਵਾਹ ਦੀ ਗਵਾਹੀ ਲਈ 14 ਹਫ਼ਤਿਆਂ ਦਾ ਸਮਾਂ ਦਿੱਤਾ ਸੀ ਤਾਂ ਜੋ ਭਾਰਤ ਅਤੇ ਬਰਤਾਨੀਆ ਦੇ ਅਧਿਕਾਰੀ ਸੁਰੱਖਿਅਤ ਵੀਡੀਓ ਲਿੰਕ ਦੇ ਪ੍ਰਬੰਧ ਕਰ ਸਕਣ ਪਰ ਇੰਨਾ ਸਮਾਂ ਮਿਲਣ ਦੇ ਬਾਵਜੂਦ ਗਵਾਹ ਪੇਸ਼ ਨਹੀਂ ਹੋਇਆ। ਜਥੇਬੰਦੀ ਨੇ ਇਸ ਗਵਾਹ ਦੀ ਭਰੋਸੇਯੋਗਤਾ ਅਤੇ ਭਾਰਤ ਸਰਕਾਰ ਨਾਲ ਉਸ ਦੇ ਕਥਿਤ ਸੰਬੰਧਾਂ ਬਾਰੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।ਜਥੇਬੰਦੀ ਨੇ ਖ਼ੁਲਾਸਾ ਕੀਤਾ ਕਿ 9 ਸਤੰਬਰ ਨੂੰ ਬਰਤਾਨੀਆ ਦੇ ਪ੍ਰਧਾਨ ਮੰਤਰੀ ਨੂੰ ਇਕ ਗੁਪਤ ਪੱਤਰ ਲਿਖ ਕੇ ਇਸ ਸੰਭਾਵਿਤ ਗਵਾਹ ਬਾਰੇ ਚਿੰਤਾਵਾਂ ਪ੍ਰਗਟਾਈਆਂ ਗਈਆਂ ਸਨ। ਪੱਤਰ ਦੀ ਕਾਪੀ ਵਿਦੇਸ਼ ਮੰਤਰੀ ਨੂੰ ਵੀ ਭੇਜੀ ਗਈ ਸੀ। ਜ਼ਿਕਰਯੋਗ ਹੈ ਕਿ ਦਿੱਲੀ ਹਾਈ ਕੋਰਟ ਵਲੋਂ ਸਖ਼ਤ ਹਦਾਇਤਾਂ ਦਿੱਤੇ ਜਾਣ ਤੋਂ ਬਾਅਦ ਜਗਤਾਰ ਸਿੰਘ ਜੌਹਲ ਨੂੰ ਲਗਭਗ 9 ਸਾਲ ਦੀ ਹਿਰਾਸਤ ਮਗਰੋਂ 1 ਅਕਤੂਬਰ ਨੂੰ ਜ਼ਮਾਨਤ ‘ਤੇ ਰਿਹਾਅ ਕੀਤਾ ਗਿਆ ਸੀ।ਸਿੱਖ ਫੈਡਰੇਸ਼ਨ ਯੂ.ਕੇ. ਦੇ ਸਿਆਸੀ ਮਾਮਲਿਆਂ ਦੇ ਮੁੱਖ ਕਾਰਜਕਾਰੀ ਦਬਿੰਦਰਜੀਤ ਸਿੰਘ ਓ.ਬੀ.ਈ. ਨੇ ਕਿਹਾ ਕਿ ਮੌਜੂਦਾ ਹਾਲਾਤ ਬਰਤਾਨੀਆ ਸਰਕਾਰ ਲਈ ਜਗਤਾਰ ਸਿੰਘ ਜੌਹਲ ਖ਼ਿਲਾਫ਼ ਦੋਸ਼ ਵਾਪਸ ਕਰਵਾਉਣ ਅਤੇ ਉਸ ਨੂੰ ਘਰ ਲਿਆਉਣ ਲਈ ਫ਼ੈਸਲਾਕੁੰਨ ਕਾਰਵਾਈ ਕਰਨ ਦਾ ਢੁੱਕਵਾਂ ਮੌਕਾ ਹਨ। ਉਨ੍ਹਾਂ ਕਿਹਾ ਕਿ ਜਗਤਾਰ ਸਿੰਘ ਦੀ ਸੁਰੱਖਿਆ ਬਾਰੇ ਗੰਭੀਰ ਚਿੰਤਾਵਾਂ ਹਨ ਅਤੇ ਕਥਿਤ ਗਵਾਹ ਦੀ ਭਰੋਸੇਯੋਗਤਾ ਵੀ ਸਵਾਲਾਂ ਦੇ ਘੇਰੇ ਵਿਚ ਹੈ।ਉਨ੍ਹਾਂ ਦੱਸਿਆ ਕਿ ਬਰਤਾਨੀਆ ਦੇ ਵਿਦੇਸ਼ ਮੰਤਰੀ ਐਡ ਮਿਲੀਬੈਂਡ ਨੇ 24 ਸਤੰਬਰ ਨੂੰ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਦੌਰਾਨ ਆਪਣੇ ਭਾਰਤੀ ਹਮਰੁਤਬਾ ਨਾਲ ਜਗਤਾਰ ਸਿੰਘ ਜੌਹਲ ਦੇ ਮਾਮਲੇ ਬਾਰੇ ਗੱਲਬਾਤ ਕੀਤੀ ਸੀ। ਉਨ੍ਹਾਂ ਸਵਾਲ ਕੀਤਾ ਕਿ ਕੀ ਇਸ ਗੱਲਬਾਤ ਵਿੱਚ ਕਥਿਤ ਗੁਪਤ ਗਵਾਹ ਦੀ ਭਰੋਸੇਯੋਗਤਾ ਦਾ ਮੁੱਦਾ ਵੀ ਉਠਾਇਆ ਗਿਆ ਸੀ? ਦਬਿੰਦਰਜੀਤ ਸਿੰਘ ਨੇ ਕਿਹਾ ਕਿ ਬਰਤਾਨੀਆ ਸਰਕਾਰ ਮੌਤ ਦੀ ਸਜ਼ਾ ਦਾ ਵਿਰੋਧ ਕਰਦੀ ਹੈ, ਜਦਕਿ ਜਗਤਾਰ ਸਿੰਘ ਨੂੰ ਭਾਰਤ ਵਿੱਚ ਚੱਲ ਰਹੇ ਮਾਮਲਿਆਂ ਕਾਰਨ ਅਜਿਹੀ ਸਜ਼ਾ ਦਾ ਖ਼ਤਰਾ ਦੱਸਿਆ ਜਾ ਰਿਹਾ ਹੈ। ਇਸ ਲਈ ਭਾਰਤੀ ਜਾਂਚ ਏਜੰਸੀਆਂ ਨੂੰ ਸਹਿਯੋਗ ਦੇਣ ਸਮੇਂ ਬਰਤਾਨੀਆ ਸਰਕਾਰ ਨੂੰ ਆਪਣੇ ਕਾਨੂੰਨੀ ਅਤੇ ਮਨੁੱਖੀ ਅਧਿਕਾਰਾਂ ਸਬੰਧੀ ਫ਼ਰਜ਼ਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਲੇਬਰ ਪਾਰਟੀ ਨੇ ਵਿਰੋਧੀ ਧਿਰ ਵਿੱਚ ਹੁੰਦਿਆਂ ਜਗਤਾਰ ਸਿੰਘ ਦੀ ਰਿਹਾਈ ਅਤੇ ਘਰ ਵਾਪਸੀ ਦਾ ਸਮਰਥਨ ਕੀਤਾ ਸੀ। ਹੁਣ ਸਰਕਾਰ ਨੂੰ ਆਪਣੇ ਵਾਅਦਿਆਂ ‘ਤੇ ਅਮਲ ਕਰਨਾ ਚਾਹੀਦਾ ਹੈ। ਸਿੱਖ ਫੈਡਰੇਸ਼ਨ ਨੇ ਕਿਹਾ ਕਿ ਜਗਤਾਰ ਸਿੰਘ ਜੌਹਲ ਦੀ ਸੁਰੱਖਿਅਤ ਸਕਾਟਲੈਂਡ ਵਾਪਸੀ ਲਈ ਉਹ ਬਰਤਾਨੀਆ ਸਰਕਾਰ ਉਤੇ ਦਬਾਅ ਬਣਾਈ ਰੱਖੇਗੀ।