11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਰਾਜਕੁਮਾਰੀ ਸੋਫੀਆ ਦਲੀਪ ਸਿੰਘ ਦੇ ਜੀਵਨ ’ ਤੇ ਆਧਾਰਿਤ ਨਾਟਕ ਦੀ ਸਫ਼ਲ ਪੇਸ਼ਕਾਰੀ

ਲੰਡਨ, 11 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬ ਦੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਦੀ ਧੀ ਅਤੇ ਬਰਤਾਨੀਆ ਵਿਚ ਔਰਤਾਂ ਦੇ ਵੋਟ ਦੇ ਅਧਿਕਾਰਾਂ ਲਈ ਸੰਘਰਸ਼ ਕਰਨ ਵਾਲੀ ਉਘੀ ਕਾਰਕੁਨ ਰਾਜਕੁਮਾਰੀ ਸੋਫੀਆ ਦਲੀਪ ਸਿੰਘ ਦੇ ਜੀਵਨ ਅਤੇ ਸੰਘਰਸ਼ ’ਤੇ ਆਧਾਰਿਤ ਪੰਜਾਬੀ ਨਾਟਕ ‘ਸੋਫੀਆ ਦਲੀਪ ਸਿੰਘ-ਮਿੱਟੀ ਦੀ ਪਛਾਣ’ ਦੀ ਸਾਊਥਾਲ ਵਿਖੇ ਸਫ਼ਲ ਪੇਸ਼ਕਾਰੀ ਕੀਤੀ ਗਈ। ਵਿਲੀਅਰਜ਼ ਹਾਈ ਸਕੂਲ ਦੇ ਥੀਏਟਰ ਵਿਚ ਹੋਈ ਇਸ ਪੇਸ਼ਕਾਰੀ ਨੂੰ ਦੇਖਣ ਲਈ ਵੱਡੀ ਗਿਣਤੀ ਵਿਚ ਪੰਜਾਬੀ ਭਾਈਚਾਰੇ ਦੇ ਲੋਕ ਅਤੇ ਰੰਗਮੰਚ ਪ੍ਰੇਮੀ ਪਹੁੰਚੇ।

Ad Position 21
No active advertisement
ਅਜੀਤ ਡੈਸਕ 12-10-2026
ਲੰਡਨ, 11 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬ ਦੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਦੀ ਧੀ ਅਤੇ ਬਰਤਾਨੀਆ ਵਿਚ ਔਰਤਾਂ ਦੇ ਵੋਟ ਦੇ ਅਧਿਕਾਰਾਂ ਲਈ ਸੰਘਰਸ਼ ਕਰਨ ਵਾਲੀ ਉਘੀ ਕਾਰਕੁਨ ਰਾਜਕੁਮਾਰੀ ਸੋਫੀਆ ਦਲੀਪ ਸਿੰਘ ਦੇ ਜੀਵਨ ਅਤੇ ਸੰਘਰਸ਼ ’ਤੇ ਆਧਾਰਿਤ ਪੰਜਾਬੀ ਨਾਟਕ ‘ਸੋਫੀਆ ਦਲੀਪ ਸਿੰਘ-ਮਿੱਟੀ ਦੀ ਪਛਾਣ’ ਦੀ ਸਾਊਥਾਲ ਵਿਖੇ ਸਫ਼ਲ ਪੇਸ਼ਕਾਰੀ ਕੀਤੀ ਗਈ। ਵਿਲੀਅਰਜ਼ ਹਾਈ ਸਕੂਲ ਦੇ ਥੀਏਟਰ ਵਿਚ ਹੋਈ ਇਸ ਪੇਸ਼ਕਾਰੀ ਨੂੰ ਦੇਖਣ ਲਈ ਵੱਡੀ ਗਿਣਤੀ ਵਿਚ ਪੰਜਾਬੀ ਭਾਈਚਾਰੇ ਦੇ ਲੋਕ ਅਤੇ ਰੰਗਮੰਚ ਪ੍ਰੇਮੀ ਪਹੁੰਚੇ।ਇਹ ਸਮਾਗਮ ਇੰਡੀਅਨ ਵਰਕਰਜ਼ ਐਸੋਸੀਏਸ਼ਨ (ਗ੍ਰੇਟ ਬ੍ਰਿਟੇਨ) ਵਲੋਂ ਸੁਚੇਤਕ ਰੰਗ ਮੰਚ ਦੇ ਸਹਿਯੋਗ ਹਰਸੇਵ ਬੈਂਸ ਦੀ ਅਗਵਾਈ ਵਿਚ ਕਰਵਾਇਆ ਗਿਆ। ਪ੍ਰਸਿੱਧ ਨਾਵਲਕਾਰ ਮਹਿੰਦਰ ਪਾਲ ਸਿੰਘ ਧਾਲੀਵਾਲ ਦੇ ਨਾਵਲ ‘ਸੋਫੀਆ’ ਉਤੇ ਆਧਾਰਿਤ ਇਸ ਨਾਟਕ ਦਾ ਨਾਟਕੀ ਰੂਪਾਂਤਰ ਅਤੇ ਨਿਰਦੇਸ਼ਨ ਪ੍ਰਸਿੱਧ ਰੰਗਕਰਮੀ ਸ਼ਬਦੀਸ਼ ਵਲੋਂ ਕੀਤਾ ਗਿਆ। ਨਾਟਕ ਵਿਚ ਉਘੀ ਰੰਗਮੰਚ ਅਦਾਕਾਰਾ ਅਨੀਤਾ ਸ਼ਬਦੀਸ਼ ਨੇ ਰਾਜਕੁਮਾਰੀ ਸੋਫੀਆ ਦਲੀਪ ਸਿੰਘ ਤੋਂ ਇਲਾਵਾ ਮਹਾਰਾਣੀ ਵਿਕਟੋਰੀਆ, ਮਹਾਰਾਣੀ ਜਿੰਦ ਕੌਰ ਦੇ ਕਿਰਦਾਰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਏ। ਉਨ੍ਹਾਂ ਦੀ ਦਮਦਾਰ ਅਦਾਕਾਰੀ, ਭਾਵਪੂਰਤ ਸੰਵਾਦਾਂ ਅਤੇ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ ਅਤੇ ਹਾਲ ਤਾੜੀਆਂ ਦੀ ਗੂੰਜ ਨਾਲ ਗੂੰਜਦਾ ਰਿਹਾ।ਇਸ ਨਾਟਕ ਰਾਹੀਂ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਅਤੇ ਮਹਾਰਾਜਾ ਦਲੀਪ ਸਿੰਘ ਤੇ ਮਹਾਰਾਣੀ ਬੰਬਾ ਮੂਲਰ ਦੀ ਧੀ ਰਾਜਕੁਮਾਰੀ ਸੋਫੀਆ ਦਲੀਪ ਸਿੰਘ ਦੇ ਜੀਵਨ ਦੇ ਉਨ੍ਹਾਂ ਪਹਿਲੂਆਂ ਨੂੰ ਉਭਾਰਿਆ ਗਿਆ, ਜਿਨ੍ਹਾਂ ਬਾਰੇ ਆਮ ਲੋਕਾਂ ਨੂੰ ਮੁਕਾਬਲਤਨ ਘੱਟ ਜਾਣਕਾਰੀ ਹੈ। ਬਰਤਾਨਵੀ ਸ਼ਾਹੀ ਪਰਿਵਾਰ ਨਾਲ ਨੇੜਲੇ ਸੰਬੰਧ ਹੋਣ ਦੇ ਬਾਵਜੂਦ ਸੋਫੀਆ ਨੇ ਔਰਤਾਂ ਦੇ ਹੱਕਾਂ, ਸਮਾਜਿਕ ਬਰਾਬਰੀ ਅਤੇ ਇਨਸਾਫ਼ ਲਈ ਆਵਾਜ਼ ਬੁਲੰਦ ਕੀਤੀ।ਨਾਟਕ ਵਿਚ ਵਿਸ਼ੇਸ਼ ਤੌਰ ’ਤੇ ਬਰਤਾਨੀਆ ਵਿਚ ਔਰਤਾਂ ਨੂੰ ਵੋਟ ਦਾ ਅਧਿਕਾਰ ਦਿਵਾਉਣ ਲਈ ਚੱਲੀ ਇਤਿਹਾਸਕ ਲਹਿਰ ਵਿਚ ਸੋਫੀਆ ਦੀ ਭੂਮਿਕਾ ਨੂੰ ਦਰਸਾਇਆ ਗਿਆ। ਉਨ੍ਹਾਂ ਵਲੋਂ ਔਰਤਾਂ ਦੇ ਵੋਟ ਦੇ ਅਧਿਕਾਰ ਲਈ ਕੀਤੇ ਸੰਘਰਸ਼ ਨੂੰ ਨਾਟਕ ਰਾਹੀਂ ਨਵੀਂ ਪੀੜ੍ਹੀ ਸਾਹਮਣੇ ਲਿਆਉਣ ਦਾ ਯਤਨ ਕੀਤਾ ਗਿਆ। ਪ੍ਰਸਿੱਧ ਗਾਇਕ ਦੀਦਾਰ ਸਿੰਘ ਪ੍ਰਦੇਸੀ ਦਾ ਇਸ ਮੌਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਟੇਜ ਦੀ ਕਾਰਵਾਈ ਰੂਪ ਖਟਕੜ ਨੇ ਨਿਭਾਈ।ਇਸ ਪੇਸ਼ਕਾਰੀ ਦੀ ਇਕ ਹੋਰ ਵਿਸ਼ੇਸ਼ਤਾ ਸਿੱਖ ਇਤਿਹਾਸ, ਪੰਜਾਬ ਦੀ ਸ਼ਾਹੀ ਵਿਰਾਸਤ ਅਤੇ ਬਰਤਾਨੀਆ ਵਿਚ ਮਨੁੱਖੀ ਅਧਿਕਾਰਾਂ ਲਈ ਚੱਲੀਆਂ ਲਹਿਰਾਂ ਦੇ ਆਪਸੀ ਸੰਬੰਧਾਂ ਨੂੰ ਰੰਗਮੰਚ ਰਾਹੀਂ ਪੇਸ਼ ਕੀਤਾ। ਨਾਟਕ ਨੇ ਜਿਥੇ ਔਰਤਾਂ ਦੇ ਹੱਕਾਂ ਅਤੇ ਸਮਾਜਿਕ ਨਿਆਂ ਦਾ ਸੁਨੇਹਾ ਦਿੱਤਾ, ਉੱਥੇ ਵਿਦੇਸ਼ਾਂ ਵਿੱਚ ਵੱਸਦੀ ਨਵੀਂ ਪੰਜਾਬੀ ਪੀੜ੍ਹੀ ਨੂੰ ਆਪਣੇ ਇਤਿਹਾਸ ਅਤੇ ਵਿਰਸੇ ਨਾਲ ਜੋੜਨ ਦੀ ਮਹੱਤਤਾ ਵੀ ਉਜਾਗਰ ਕੀਤੀ।ਸਮਾਗਮ ਦੇ ਅੰਤ ਵਿਚ ਹਾਜ਼ਰ ਦਰਸ਼ਕਾਂ ਅਤੇ ਪ੍ਰਬੰਧਕਾਂ ਨੇ ਨਾਵਲਕਾਰ ਮਹਿੰਦਰਪਾਲ ਸਿੰਘ ਧਾਲੀਵਾਲ, ਨਿਰਦੇਸ਼ਕ ਸ਼ਬਦੀਸ਼, ਅਦਾਕਾਰਾ ਅਨੀਤਾ ਸ਼ਬਦੀਸ਼ ਅਤੇ ਸਮੁੱਚੀ ਟੀਮ ਦੀ ਭਰਪੂਰ ਸ਼ਲਾਘਾ ਕੀਤੀ। ਦਰਸ਼ਕਾਂ ਨੇ ਅਜਿਹੇ ਇਤਿਹਾਸਕ ਅਤੇ ਸਮਾਜਿਕ ਚੇਤਨਾ ਪੈਦਾ ਕਰਨ ਵਾਲੇ ਪੰਜਾਬੀ ਨਾਟਕ ਭਵਿੱਖ ਵਿਚ ਵੀ ਕਰਵਾਏ ਜਾਣ ਦੀ ਲੋੜ ’ਤੇ ਜ਼ੋਰ ਦਿੱਤਾ। ਇਹ ਪੇਸ਼ਕਾਰੀ ਜਿਥੇ ਪੰਜਾਬੀ ਰੰਗਮੰਚ ਦੀ ਇਕ ਯਾਦਗਾਰੀ ਪੇਸ਼ਕਸ਼ ਸਾਬਤ ਹੋਈ, ਉਥੇ ਰਾਜਕੁਮਾਰੀ ਸੋਫੀਆ ਦਲੀਪ ਸਿੰਘ ਦੇ ਸੰਘਰਸ਼ ਅਤੇ ਇਤਿਹਾਸਕ ਯੋਗਦਾਨ ਨੂੰ ਮੁੜ ਚਰਚਾ ਵਿਚ ਲਿਆਉਣ ਦਾ ਇਕ ਮਹੱਤਵਪੂਰਨ ਉਪਰਾਲਾ ਵੀ ਬਣੀ।
Ad Position 22
No active advertisement
ਪਿਛਲੀ ਖ਼ਬਰ ਟਰੰਪ ਵਲੋਂ ਐਲਨ ਮਸਕ, ਸੱਤਿਆ ਨਡੇਲਾ ਸਮੇਤ 6 ਤਕਨਾਲੋਜੀ ਹਸਤੀਆਂ ਦਾ ਰਾਸ਼ਟਰੀ ਸਨਮਾਨ ਅਗਲੀ ਖ਼ਬਰ ਬਰੈਂਡਾਂ ਲੌਕ ਦਾ ਮੇਅਰ ਵਜੋਂ ਨਿਭਾਇਆ ਗਿਆ ਕਾਰਜਕਾਲ ਸ਼ਲਾਘਾਯੋਗ-ਇੰਦਾ ਰਾਏਕੋਟੀ
Ad Position 24