ਸਕਾਟਿਸ਼ ਸੰਸਦ ਦੀ ਸੰਜਮ ਭਰੀ ਬਹਿਸ ਨੇ ਪੰਜਾਬੀ ਵਫ਼ਦ ਨੂੰ ਕੀਤਾ ਪ੍ਰਭਾਵਿਤ
ਗਲਾਸਗੋ, 11 ਅਕਤੂਬਰ (ਹਰਜੀਤ ਸਿੰਘ ਦੁਸਾਂਝ)-ਗਲਾਸਗੋ ਦੇ ਆਵਾਜ਼ ਐੱਫ਼. ਐੱਮ.
ਗਲਾਸਗੋ, 11 ਅਕਤੂਬਰ (ਹਰਜੀਤ ਸਿੰਘ ਦੁਸਾਂਝ)-ਗਲਾਸਗੋ ਦੇ ਆਵਾਜ਼ ਐੱਫ਼.ਐੱਮ. ਗਰੁੱਪ ਅਤੇ ਪੰਜਾਬੀ ਸਾਹਿਤ ਸਭਾ ਗਲਾਸਗੋ ਦੇ ਮੈਂਬਰਾਂ ਨੇ ਰਾਜਧਾਨੀ ਐਡਿਨਬਰਾ ਸਥਿਤ ਸਕਾਟਿਸ਼ ਸੰਸਦ ਦਾ ਦੌਰਾ ਕਰਕੇ ਸੰਸਦ ਦੀ ਪ੍ਰਸ਼ਨਕਾਲ ਦੀ ਕਾਰਵਾਈ ਵੇਖੀ। ਪੰਜਾਬੀ ਵਫ਼ਦ ਦੇ ਮੈਂਬਰਾਂ ਵਿੱਚ ਦਿਲਬਾਗ ਸਿੰਘ ਸੰਧੂ, ਬਲਬੀਰ ਸਿੰਘ, ਸੰਤੋਖ ਸਿੰਘ, ਸੰਜੀਵ ਕੁਮਾਰ, ਅਜੀਤ ਕੁਮਾਰ, ਡਾ. ਅੱਲ੍ਹਾ ਨਵਾਜ਼ ਖ਼ਾਨ, ਕਰਾਮਤ ਅਲੀ, ਖ਼ਾਲਿਦ ਰਾਸ਼ਿਦ, ਲਿਆਕਤ ਅਲੀ, ਸ਼ੌਕਤ ਅਲੀ, ਤਾਲਿਬ ਹੁਸੈਨ ਅਤੇ ਜਮਸ਼ੇਦ ਇਕਬਾਲ ਸ਼ਾਮਲ ਸਨ। ਮੈਂਬਰਾਂ ਨੇ ਸੰਸਦ ਦੇ ਪ੍ਰਬੰਧਾਂ, ਸਟਾਫ਼ ਅਤੇ ਸੁਰੱਖਿਆ ਕਰਮਚਾਰੀਆਂ ਦੇ ਨਿਮਰ ਵਿਹਾਰ ਦੀ ਸ਼ਲਾਘਾ ਕੀਤੀ। ਸੰਸਦ ਮੈਂਬਰ ਨੇ ਵੀ ਵਫ਼ਦ ਦਾ ਨਿੱਘਾ ਸਵਾਗਤ ਕੀਤਾ। ਸੰਸਦ ਦੀ ਕਾਰਵਾਈ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦਿਲਬਾਗ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਸਭ ਤੋਂ ਵੱਧ ਸੰਸਦ ਅੰਦਰ ਨਜ਼ਰ ਆਈ ਸਾਦਗੀ ਅਤੇ ਬਹਿਸ ਦੇ ਸੰਜਮ ਨੇ ਪ੍ਰਭਾਵਿਤ ਕੀਤਾ। ਉਨ੍ਹਾਂ ਅਨੁਸਾਰ ਸਕਾਟਲੈਂਡ ਸਰਕਾਰ ਦਾ ਮੁਖੀਆ ਪਹਿਲਾ ਮੰਤਰੀ ਆਪਣਾ ਪਾਣੀ ਦਾ ਗਲਾਸ ਆਪ ਲੈ ਕੇ ਸਦਨ ਵਿੱਚ ਦਾਖ਼ਲ ਹੋਇਆ ਅਤੇ ਕਿਸੇ ਕਿਸਮ ਦਾ ਬੇਲੋੜਾ ਦਿਖਾਵਾ ਨਜ਼ਰ ਨਹੀਂ ਆਇਆ। ਵਿਰੋਧੀ ਧਿਰ ਨੇ ਸਰਕਾਰ ਨੂੰ ਤਿੱਖੇ ਅਤੇ ਔਖੇ ਸਵਾਲ ਪੁੱਛੇ, ਪਰ ਉਨ੍ਹਾਂ ਨੇ ਕਾਰਵਾਈ ਦੌਰਾਨ ਆਪਣੀ ਗੱਲ ਰੱਖਣ ਲਈ ਚੀਕ-ਚਿਹਾੜੇ ਜਾਂ ਅਪਮਾਨਜਨਕ ਭਾਸ਼ਾ ਦਾ ਸਹਾਰਾ ਨਹੀਂ ਲਿਆ ਗਿਆ। ਸਿਆਸੀ ਮਤਭੇਦਾਂ ਦੇ ਬਾਵਜੂਦ ਸਵਾਲ-ਜਵਾਬ ਦਾ ਢੰਗ ਸ਼ਾਂਤੀਪੂਰਨ ਅਤੇ ਮਰਿਆਦਾ ਵਾਲਾ ਰਿਹਾ। ਸੰਧੂ ਨੇ ਇਸ ਤਜਰਬੇ ਦੀ ਤੁਲਨਾ ਭਾਰਤੀ ਸੰਸਦ ਅਤੇ ਪੰਜਾਬ ਵਿਧਾਨ ਸਭਾ ਵਿੱਚ ਹੰਗਾਮੇ ਕਾਰਨ ਕਾਰਵਾਈ ਪ੍ਰਭਾਵਿਤ ਹੋਣ ਵਾਲੇ ਮੌਕਿਆਂ ਨਾਲ ਕਰਦਿਆਂ ਕਿਹਾ ਕਿ ਲੋਕਾਂ ਦੇ ਮਸਲੇ ਉਠਾਉਣ ਲਈ ਉੱਚੀ ਆਵਾਜ਼ ਨਾਲੋਂ ਮਜ਼ਬੂਤ ਦਲੀਲ ਵਧੇਰੇ ਅਹਿਮ ਹੈ। ਉਨ੍ਹਾਂ ਦੇ ਵਿਚਾਰ ਵਿੱਚ ਨਾਅਰੇਬਾਜ਼ੀ, ਇਕ-ਦੂਜੇ ਦੀ ਗੱਲ ਵਿੱਚ ਵਿਘਨ ਅਤੇ ਨਿੱਜੀ ਟਿੱਪਣੀਆਂ ਨਾਲ ਅਸਲ ਮੁੱਦੇ ਪਿੱਛੇ ਰਹਿ ਜਾਂਦੇ ਹਨ, ਜਦਕਿ ਸੰਜਮ ਨਾਲ ਪੁੱਛਿਆ ਤਿੱਖਾ ਸਵਾਲ ਵੀ ਸਰਕਾਰ ਤੋਂ ਜਵਾਬ ਮੰਗ ਸਕਦਾ ਹੈ। ਉਨ੍ਹਾਂ ਪੰਜਾਬ ਦੇ ਵਿਧਾਇਕਾਂ ਅਤੇ ਭਾਰਤੀ ਸੰਸਦ ਮੈਂਬਰਾਂ ਨੂੰ ਸਕਾਟਿਸ਼ ਸੰਸਦ ਦੀਆਂ ਬਹਿਸਾਂ ਵੇਖਣ ਦੀ ਅਪੀਲ ਕਰਦਿਆਂ ਕਿਹਾ ਕਿ ਲੋਕਤੰਤਰ ਵਿੱਚ ਵਿਰੋਧ ਪੂਰੀ ਦ੍ਰਿੜ੍ਹਤਾ ਨਾਲ ਕਰਨਾ ਚਾਹੀਦਾ ਹੈ, ਪਰ ਸਦਨ ਦੀ ਮਰਿਆਦਾ ਅਤੇ ਆਪਸੀ ਸਤਿਕਾਰ ਕਾਇਮ ਰੱਖਣਾ ਵੀ ਲੋਕ ਨੁਮਾਇੰਦਿਆਂ ਦੀ ਜ਼ਿੰਮੇਵਾਰੀ ਹੈ।