ਨੌਸ਼ਹਿਰਾ ਪੰਨੂੰਆ (ਤਰਨਤਾਰਨ), 11 ਅਕਤੂਬਰ (ਦੀਪਕ ਮੈਣੀ)- ਐਤਵਾਰ ਦੀ ਦੇਰ ਸ਼ਾਮ ਨੌਸ਼ਹਿਰਾ ਪੰਨੂੰਆਂ ਵਿਖੇ ਦੋ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾ ਕੇ ਪੰਜਾਬ ਪੁਲਿਸ ਦੇ ਏ.ਐਸ.ਆਈ. ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਏ.ਐਸ.ਆਈ. ਦੀ ਮੌਕੇ ’ਤੇ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਉੱਚ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਅਤੇ ਇਲਾਕਾ ਸੀਲ੍ਹ ਕਰ ਦਿੱਤਾ।
ਮੌਕੇ ਤੋਂ ਇਕੱਤਰ ਜਾਣਕਾਰੀ ਅੁਨਸਾਰ ਪੰਜਾਬ ਪੁਲਿਸ ਵਿਚ ਏ.ਐਸ.ਆਈ. ਅਹੁਦੇ ’ਤੇ ਤਾਇਨਾਤ ਇਕਬਾਲ ਸਿੰਘ ਪੁੱਤਰ ਮੁਖਤਾਰ ਸਿੰਘ, ਜੋ ਕਿ ਘਰ ਦੇ ਨਜ਼ਦੀਕ ਹੀ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਵਾਪਿਸ ਆਪਣੇ ਘਰ ਨੂੰ ਆ ਰਿਹਾ ਸੀ ਕਿ ਜਦੋਂ ਉਹ ਲੌਹਕਾ ਰੋਡ ’ਤੇ ਸਥਿਤ ਪਟਵਾਰਖਾਨੇ ਨਜ਼ਦੀਕ ਪਹੁੁੰਚਿਆ ਤਾਂ ਕੁੱਝ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਵਲੋਂ ਉਸ ਉਪਰ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਹ ਸੜਕ ’ਤੇ ਹੀ ਡਿੱਗ ਪਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਮ੍ਰਿਤਕ ਏ.ਐਸ.ਆਈ. ਫਿਰੋਜ਼ਪੁਰ ਦੇ ਥਾਣਾ ਮੱਲਾਂਵਾਲਾ ਵਿਖੇ ਤਾਇਨਾਤ ਸੀ। ਜ਼ਿਕਰਯੋਗ ਹੈ ਕਿ ਮ੍ਰਿਤਕ ਏ.ਐਸ.ਆਈ. ਇਕਬਾਲ ਸਿੰਘ ਦਾ ਭਤੀਜਾ ਜਸਮੀਤ ਸਿੰਘ ਦਾ ਲਗਪਗ ਇਕ ਮਹੀਨਾ ਪਹਿਲਾਂ ਗੈਂਗਸਟਰਾਂ ਵਲੋਂ ਕਤਲ ਕਰ ਦਿੱਤਾ ਗਿਆ ਸੀ ਅਤੇ ਹੁਣ ਇਕ ਮਹੀਨੇ ਬਾਅਦ ਜਸਮੀਤ ਸਿੰਘ ਦੇ ਏ.ਐਸ.ਆਈ. ਇਕਬਾਲ ਸਿੰਘ ਦਾ ਕਤਲ ਕਰ ਦਿੱਤਾ ਗਿਆ। ਇਸ ਘਟਨਾ ਨਾਲ ਪੂਰੇ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਹੈ।