ਚੰਡੀਗੜ੍ਹ, 11 ਅਕਤੂਬਰ (ਸੰਦੀਪ ਕੁਮਾਰ ਮਾਹਨਾ)- ਚੰਡੀਗੜ੍ਹ ਦੇ ਹੱਲੋ ਮਾਜਰਾ ਚੌਕ ਨੇੜੇ ਚੱਲਦੀ ਰੇਲ ਗੱਡੀ ਦਾ ਦਰਵਾਜ਼ਾ ਟੁੱਟ ਕੇ ਕਾਰ ’ਤੇ ਡਿੱਗਣ ਕਾਰਨ ਇਕ ਪਰਿਵਾਰ ਦੇ ਪੰਜ ਜੀਅ ਜ਼ਖ਼ਮੀ ਹੋ ਗਏ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਰਿਵਾਰ ਦੀ ਕਾਰ ਰੇਲਵੇ ਟਰੈਕ ਦੇ ਹੇਠਾਂ ਤੋਂ ਲੰਘ ਰਹੀ ਸੀ।
ਰੇਲਵੇ ਟਰੈਕ ਤੋਂ ਲੰਘ ਰਹੀ ਮਾਲ ਗੱਡੀ ਦਾ ਦਰਵਾਜ਼ਾ ਟੁੱਟ ਕੇ ਪੁੱਲ ਦੇ ਥੱਲਿਓ ਜਾ ਰਹੀ ਕਾਰ ਦੀ ਵਿੰਡਸ਼ੀਲਡ ਤੋੜ ਕੇ ਅੰਦਰ ਜਾ ਵੜਿਆ। ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਕਾਰ ਵਿਚ ਸਵਾਰ ਲੜਕੀ ਦੇ ਸਿਰ ਵਿਚ ਸੱਟ ਲੱਗਣ ਕਾਰਨ ਇਲਾਜ ਲਈ ਉਸ ਨੂੰ ਸੈਕਟਰ 32 ਸਥਿਤ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਲੜਕੀ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ ਹੈ।