ਸਕਾਟਲੈਂਡ ’ਚ ਸਮੁੰਦਰ ਹੇਠਾਂ ਬਣ ਰਹੀਆਂ ਸੁਰੰਗਾਂ ਆਵਾਜਾਈ ਨੂੰ ਬਣਾਉਣਗੀਆਂ ਸੁਖਾਲਾ
ਗਲਾਸਗੋ, 24 ਸਤੰਬਰ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ਦੇ ਸ਼ੈਟਲੈਂਡ ਟਾਪੂਆਂ ਵਿਚਾਲੇ ਆਵਾਜਾਈ ਨੂੰ ਸੁਖਾਲਾ ਬਣਾਉਣ ਲਈ ਸਮੁੰਦਰ ਹੇਠਾਂ ਸੁਰੰਗਾਂ ਬਣਾਉਣ ਦੀ ਵੱਡੀ ਯੋਜਨਾ ਇਕ ਹੋਰ ਪੜਾਅ ਅੱਗੇ ਵਧ ਗਈ ਹੈ। ਸ਼ੈਟਲੈਂਡ ਟਾਪੂ ਕੌਂਸਲ ਨੇ ਮੌਜੂਦਾ ਸਮੁੰਦਰੀ ਕਿਸ਼ਤੀ ਸੇਵਾਵਾਂ ਦੇ ਲੰਮੇ ਸਮੇਂ ਦੇ ਬਦਲ ਵਜੋਂ ਸੁਰੰਗਾਂ ਬਣਾਉਣ ਦੀ ਯੋਜਨਾ ’ਤੇ ਅਗਲਾ ਕੰਮ ਅੱਗੇ ਵਧਾਉਣ ਲਈ ਸਹਿਮਤੀ ਦਿੱਤੀ ਹੈ।
ਗਲਾਸਗੋ, 24 ਸਤੰਬਰ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ਦੇ ਸ਼ੈਟਲੈਂਡ ਟਾਪੂਆਂ ਵਿਚਾਲੇ ਆਵਾਜਾਈ ਨੂੰ ਸੁਖਾਲਾ ਬਣਾਉਣ ਲਈ ਸਮੁੰਦਰ ਹੇਠਾਂ ਸੁਰੰਗਾਂ ਬਣਾਉਣ ਦੀ ਵੱਡੀ ਯੋਜਨਾ ਇਕ ਹੋਰ ਪੜਾਅ ਅੱਗੇ ਵਧ ਗਈ ਹੈ। ਸ਼ੈਟਲੈਂਡ ਟਾਪੂ ਕੌਂਸਲ ਨੇ ਮੌਜੂਦਾ ਸਮੁੰਦਰੀ ਕਿਸ਼ਤੀ ਸੇਵਾਵਾਂ ਦੇ ਲੰਮੇ ਸਮੇਂ ਦੇ ਬਦਲ ਵਜੋਂ ਸੁਰੰਗਾਂ ਬਣਾਉਣ ਦੀ ਯੋਜਨਾ ’ਤੇ ਅਗਲਾ ਕੰਮ ਅੱਗੇ ਵਧਾਉਣ ਲਈ ਸਹਿਮਤੀ ਦਿੱਤੀ ਹੈ। ਮੁੱਢਲੀ ਯੋਜਨਾ ਤਹਿਤ ਸ਼ੈਟਲੈਂਡ ਦੇ ਮੁੱਖ ਟਾਪੂ ਨੂੰ ਯੈੱਲ ਨਾਲ ਤੇ ਯੈੱਲ ਨੂੰ ਅਨਸਟ ਟਾਪੂ ਨਾਲ ਸਮੁੰਦਰ ਹੇਠਲੀਆਂ ਸੁਰੰਗਾਂ ਰਾਹੀਂ ਜੋੜਨ ਦੀ ਤਜਵੀਜ਼ ਹੈ। ਇਸ ਤੋਂ ਬਾਅਦ ਭਵਿੱਖ ’ਚ ਵ੍ਹਾਲਸੇ ਤੇ ਬ੍ਰੈੱਸੇ ਟਾਪੂਆਂ ਨੂੰ ਜੋੜਨ ਲਈ ਵੀ 2 ਹੋਰ ਸੁਰੰਗਾਂ ਬਣਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਵੇਲੇ ਇਨ੍ਹਾਂ ਟਾਪੂਆਂ ਵਿਚਾਲੇ ਲੋਕਾਂ ਤੇ ਵਾਹਨਾਂ ਦੀ ਆਵਾਜਾਈ ਮੁੱਖ ਤੌਰ ’ਤੇ ਸਮੁੰਦਰੀ ਕਿਸ਼ਤੀਆਂ ਰਾਹੀਂ ਹੁੰਦੀ ਹੈ। ਚਾਰਾਂ ਸੰਭਾਵਿਤ ਸੁਰੰਗਾਂ ’ਤੇ ਕੁੱਲ ਲਗਭਗ ਡੇਢ ਅਰਬ ਪੌਂਡ ਖ਼ਰਚ ਆਉਣ ਦਾ ਅੰਦਾਜ਼ਾ ਹੈ। ਸਕਾਟਲੈਂਡ ਸਰਕਾਰ ਇਸ ਯੋਜਨਾ ਨੂੰ ਅੱਗੇ ਵਧਾਉਣ ਲਈ 2 ਕਰੋੜ 30 ਲੱਖ ਪੌਂਡ ਦੇਣ ਦਾ ਵਾਅਦਾ ਕਰ ਚੁੱਕੀ ਹੈ। ਹਾਲਾਂਕਿ ਸੁਰੰਗਾਂ ਦੀ ਉਸਾਰੀ ਲਈ ਲੋੜੀਂਦੀ ਪੂਰੀ ਰਕਮ ਦਾ ਪ੍ਰਬੰਧ ਹੋਣਾ ਅਜੇ ਬਾਕੀ ਹੈ।