ਪ੍ਰਵਾਸੀ ਡਰਾਈਵਰਾਂ ਦੇ ਲਾਇਸੈਂਸਾਂ ਦਾ ਵਿਵਾਦ ਨਿਊਯਾਰਕ ਦੇ ਫੰਡ ਰੋਕਣ ’ਤੇ ਟਰੰਪ ਸਰਕਾਰ ਨੂੰ ਝਟਕਾ
ਨਿਊਯਾਰਕ, 14 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਪ੍ਰਵਾਸੀ ਡਰਾਈਵਰਾਂ ਦੇ ਕੁਝ ਵਪਾਰਕ ਡਰਾਈਵਿੰਗ ਲਾਇਸੈਂਸ ਰੱਦ ਨਾ ਕਰਨ ਬਦਲੇ ਨਿਊਯਾਰਕ ਦੇ ਹਾਈਵੇਅ ਲਈ 7 ਕਰੋੜ 35 ਲੱਖ ਡਾਲਰ ਰੋਕਣ ਦੀ ਟਰੰਪ ਪ੍ਰਸ਼ਾਸਨ ਦੀ ਕਾਰਵਾਈ ਨੂੰ ਸੰਘੀ ਅਪੀਲ ਅਦਾਲਤ ਨੇ ਗੈਰਕਾਨੂੰਨੀ ਕਰਾਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਅਮਰੀਕੀ ਆਵਾਜਾਈ ਵਿਭਾਗ ਨੇ ਆਪਣੇ ਕਾਨੂੰਨੀ ਅਧਿਕਾਰਾਂ ਤੋਂ ਬਾਹਰ ਜਾ ਕੇ ਇਹ ਕਦਮ ਚੁੱਕਿਆ ਸੀ ਅਤੇ ਉਹ ਇਸ ਆਧਾਰ ’ਤੇ ਸੂਬੇ ਦੀ ਰਕਮ ਨਹੀਂ ਰੋਕ ਸਕਦਾ।
ਨਿਊਯਾਰਕ, 14 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਪ੍ਰਵਾਸੀ ਡਰਾਈਵਰਾਂ ਦੇ ਕੁਝ ਵਪਾਰਕ ਡਰਾਈਵਿੰਗ ਲਾਇਸੈਂਸ ਰੱਦ ਨਾ ਕਰਨ ਬਦਲੇ ਨਿਊਯਾਰਕ ਦੇ ਹਾਈਵੇਅ ਲਈ 7 ਕਰੋੜ 35 ਲੱਖ ਡਾਲਰ ਰੋਕਣ ਦੀ ਟਰੰਪ ਪ੍ਰਸ਼ਾਸਨ ਦੀ ਕਾਰਵਾਈ ਨੂੰ ਸੰਘੀ ਅਪੀਲ ਅਦਾਲਤ ਨੇ ਗੈਰਕਾਨੂੰਨੀ ਕਰਾਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਅਮਰੀਕੀ ਆਵਾਜਾਈ ਵਿਭਾਗ ਨੇ ਆਪਣੇ ਕਾਨੂੰਨੀ ਅਧਿਕਾਰਾਂ ਤੋਂ ਬਾਹਰ ਜਾ ਕੇ ਇਹ ਕਦਮ ਚੁੱਕਿਆ ਸੀ ਅਤੇ ਉਹ ਇਸ ਆਧਾਰ ’ਤੇ ਸੂਬੇ ਦੀ ਰਕਮ ਨਹੀਂ ਰੋਕ ਸਕਦਾ। ਮਾਮਲਾ ਪ੍ਰਵਾਸੀ ਡਰਾਈਵਰਾਂ ਨੂੰ ਜਾਰੀ ਕਰੀਬ 33 ਹਜ਼ਾਰ ਵਪਾਰਕ ਲਾਇਸੈਂਸਾਂ ਨਾਲ ਜੁੜਿਆ ਹੋਇਆ ਹੈ। ਸੰਘੀ ਵਿਭਾਗ ਦਾ ਦਾਅਵਾ ਸੀ ਕਿ ਇਨ੍ਹਾਂ ਲਾਇਸੈਂਸਾਂ ਨੂੰ ਜਾਰੀ ਕਰਨ ਜਾਂ ਜਾਇਜ਼ ਰੱਖਣ ਵਿਚ ਨਿਯਮਾਂ ਦੀ ਉਲੰਘਣਾ ਹੋਈ ਸੀ। ਵਿਭਾਗ ਅਨੁਸਾਰ, ਨਿਊਯਾਰਕ ਕੁਝ ਡਰਾਈਵਰਾਂ ਨੂੰ ਅੱਠ ਸਾਲ ਲਈ ਲਾਇਸੈਂਸ ਜਾਰੀ ਕਰ ਰਿਹਾ ਸੀ, ਜਦਕਿ ਉਨ੍ਹਾਂ ਦੀ ਅਮਰੀਕਾ ਵਿਚ ਕਾਨੂੰਨੀ ਤੌਰ ’ਤੇ ਰਹਿਣ ਦੀ ਮਨਜ਼ੂਰਸ਼ੁਦਾ ਮਿਆਦ ਇਸ ਤੋਂ ਘੱਟ ਸੀ। ਇਨ੍ਹਾਂ ਲਾਇਸੈਂਸਾਂ ਨਾਲ ਟਰੱਕ, ਬੱਸਾਂ ਅਤੇ ਹੋਰ ਵਪਾਰਕ ਵਾਹਨ ਚਲਾਏ ਜਾਂਦੇ ਹਨ। ਮੈਨਹਟਨ ਸਥਿਤ ਦੂਜੇ ਸਰਕਟ ਦੀ ਅਪੀਲ ਅਦਾਲਤ ਨੇ ਸਪੱਸ਼ਟ ਕੀਤਾ ਕਿ ਉਸ ਵੇਲੇ ਲਾਗੂ ਨਿਯਮਾਂ ਵਿਚ ਅਜਿਹੀ ਲਾਜ਼ਮੀ ਸ਼ਰਤ ਨਹੀਂ ਸੀ ਕਿ ਅਮਰੀਕਾ ਵਿਚ ਕਾਨੂੰਨੀ ਰਿਹਾਇਸ਼ ਦੀ ਮਿਆਦ ਮੁੱਕਦੇ ਹੀ ਵਪਾਰਕ ਲਾਇਸੈਂਸ ਵੀ ਰੱਦ ਕਰ ਦਿੱਤਾ ਜਾਵੇ। ਅਦਾਲਤ ਮੁਤਾਬਕ ਵਿਭਾਗ ਆਪਣੇ ਵਲੋਂ ਨਵੀਂ ਸ਼ਰਤ ਜੋੜ ਕੇ ਉਸ ਦੀ ਪਾਲਣਾ ਨਾ ਕਰਨ ਲਈ ਸੂਬੇ ਨੂੰ ਸਜ਼ਾ ਨਹੀਂ ਦੇ ਸਕਦਾ। ਤਿੰਨੇ ਜੱਜ ਨਿਊਯਾਰਕ ਦੇ ਹੱਕ ਵਿਚ ਫ਼ੈਸਲੇ ਨਾਲ ਸਹਿਮਤ ਸਨ, ਹਾਲਾਂਕਿ ਇਕ ਜੱਜ ਨੇ ਫ਼ੈਸਲੇ ਦੇ ਕੁਝ ਤਰਕਾਂ ਬਾਰੇ ਵੱਖਰੀ ਰਾਏ ਦਿੱਤੀ। ਨਿਊਯਾਰਕ ਨੇ ਅਪ੍ਰੈਲ ਵਿਚ ਫੰਡ ਰੋਕੇ ਜਾਣ ਖ਼ਿਲਾਫ਼ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। ਗਵਰਨਰ ਕੈਥੀ ਹੋਕਲ ਨੇ ਫੰਡ ਰੋਕਣ ਨੂੰ ਸਿਆਸੀ ਬਦਲਾਖੋਰੀ ਦੱਸਿਆ ਸੀ।