ਦਿੱਲੀ ਵਿਖੇ ਫੈਸ਼ਨ ਸ਼ੋਅ 'ਚ ਅਦਿਤੀ ਰਾਓ ਹੈਦਰੀ ਨੇ ਸਿਧਾਰਥ ਦੀ ਬਾਂਹ ਫੜ ਕਿ ਜਿਹੜਾ ਰੁਮਾਂਟਿਕ ਰੈਂਪ ਸ਼ੋਅ ਕੀਤਾ ਉਸ 'ਤੇ ਐਨੀਆਂ ਤਾੜੀਆਂ ਵੱਜੀਆਂ ਜਿੰਨੀਆਂ ਕਦੇ 'ਸ਼ੋਅਲੇ' ਫ਼ਿਲਮ ਦੇ ਸੰਵਾਦ ਸੁਣ ਤੋਂ ਬਾਅਦ ਸਿਨੇਮਾ ਹਾਲ 'ਚ ਦਰਸ਼ਕਾਂ ਦੀਆਂ ਵੱਜਦੀਆਂ ਸਨ | ਇਹ ਗੱਲ ਦਿੱਲੀ ਦੀ ਇਕ ਫੈਸ਼ਨ ਪੱਤਿ੍ਕਾ ਨੇ ਮੁੱਖ ਤੌਰ 'ਤੇ ਕਹੀ ਹੈ | ਵੈਸੇ ਇਸ ਸਾਲ ਹੀ 'ਕਾਂਸ ਫ਼ਿਲਮ ਮੇਲੇ' 'ਚ ਵੀ ਹਰੇ ਰੰਗ ਦੀ ਡ੍ਰੈੱਸ ਨਾਲ ਅਦਿਤੀ ਨੇ ਲੋਕਾਂ ਦੇ ਮੰੂਹ 'ਚ ਉਂਗਲਾਂ ਪੁਆ ਦਿੱਤੀਆਂ ਸਨ ਤੇ ਉਹ ਆਖਦੇ ਸਨ, ਵਾਹ! ਦੇਖੋ ਅਕਾਸ਼ ਤੋਂ ਹੁਣੇ-ਹੁਣੇ ਉੱਤਰੀ ਉਹ ਪਰੀ ਲੱਗ ਰਹੀ ਹੈ | ਰਾਜ ਘਰਾਣੇ ਦੀ ਅਭਿਨੇਤਰੀ ਧੀ ਅਦਿਤੀ ਰਾਓ ਦੀ ਦੂਸਰੀ ਸ਼ਾਦੀ ਨੂੰ ਸਾਲ ਹੋ ਗਿਆ ਹੈ ਤੇ ਦੱਖਣ ਦੇ ਸਟਾਰ ਐਕਟਰ ਸਿਧਾਰਥ ਨਾਲ ਵਿਆਹ ਕਰਵਾ ਕੇ ਉਹ ਬਹੁਤ ਜ਼ਿਆਦਾ ਖ਼ੁਸ਼ ਹੈ | ਅਦਿਤੀ ਦੀ ਖੁਸ਼ੀ ਦੀ ਹੱਦ ਦੇਖੋ ਕਿ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਸਟੋਰੀ ਪਾਈ ਕਿ ਅਦੀ ਅਤੇ ਸਿੱਧ ਹਰ ਜਨਮ ਏਕ-ਦੂਜੇ ਕੇ ਲੀਏ ਹਨ, ਤਾਂ ਹੀ ਫੈਸ਼ਨ ਸ਼ੋਅ 'ਚ ਉਹ ਸਿਧਾਰਥ ਦੀ ਬਾਂਹ ਫੜ ਕੇ ਚਲਦੀ, ਇੰਜ ਮਹਿਸੂਸ ਕਰਵਾ ਰਹੀ ਸੀ ਜਿਵੇਂ ਹੀਰ ਨੂੰ ਰਾਂਝਾ ਮਿਲ ਗਿਆ ਹੋਵੇ ਤੇ ਜੂਲੀਅਟ ਨੂੰ ਰੋਮਿਓ | ਅਦਿਤੀ ਨਾਲ ਫ਼ਿਲਮੀ ਗੱਲਾਂ ਹੋਈਆਂ ਤਾਂ ਉਸ ਨੇ ਕਿਹਾ ਕਿ ਕਈ ਫ਼ਿਲਮਾਂ ਤੇ ਕਈ ਤਰ੍ਹਾਂ ਦੇ ਕਿਰਦਾਰ ਕੀਤੇ ਹਨ ਪਰ ਸਵਰਗੀ ਧਰਮਿੰਦਰ ਜੀ ਨਾਲ ਕੀਤੀ ਵੈੱਬ ਸੀਰੀਜ਼ 'ਦਾ ਤਾਜ ਬਲੱਰ' ਉਸ ਲਈ ਯਾਦ ਬਣ ਗਈ ਹੈ ਕਿਉਂਕਿ ਧਰਮਿੰਦਰ ਦੀ ਉਹ ਫੈਨ ਸੀ ਤੇ ਧਰਮਿੰਦਰ ਦੀ ਇਹ ਪਹਿਲੀ ਤੇ ਅੰਤਿਮ ਸੀਰੀਜ਼ ਸੀ ਤੇ ਅਦਿਤੀ ਨੇ ਇਸ 'ਚ 'ਅਨਾਰਕਲੀ' ਦਾ ਕਿਰਦਾਰ ਅਦਾ ਕੀਤਾ ਸੀ | ਅਦਿਤੀ ਨੇ ਇਹ ਵੀ ਇੰਕਸ਼ਾਫ਼ ਕੀਤਾ ਕਿ ਉਸ ਹੱਥੋਂ ਕਈ ਅੰਤਰਰਾਸ਼ਟਰੀ ਫ਼ਿਲਮਾਂ ਇਸ ਲਈ ਨਿਕਲ ਗਈਆਂ ਸਨ ਕਿ ਉਸ ਨੂੰ ਬਹੁਤ ਨਿਰਮਾਤਾ ਪਰੰਪਰਾਗਤ ਭਾਰਤੀ ਚਿਹਰਾ ਨਹੀਂ ਸੀ ਮੰਨਦੇ ਤੇ ਇਸ ਕਾਰਨ ਉਸ ਦੇ ਹੱਥੋਂ ਘੱਟ ਤੋਂ ਘੱਟ ਦਸ ਫ਼ਿਲਮਾਂ ਨਿਕਲ ਗਈਆਂ | ਅਦਿਤੀ ਰਾਓ ਹੈਦਰੀ ਨੇ ਕਿਹਾ ਕਿ ਉਸ ਦਾ ਮਨਪਸੰਦ ਹੀਰੋ ਰਣਬੀਰ ਕਪੂਰ ਹੈ ਤੇ ਉਹ ਚਾਹੁੰਦੀ ਹੈ ਕਿ ਉਹ ਰਣਬੀਰ ਕਪੂਰ ਨਾਲ ਫ਼ਿਲਮ ਕਰੇ | ਅਦਿਤੀ ਨੇ ਕਿਹਾ ਕਿ ਉਹ ਮਸ਼ੀਨ ਨਹੀਂ ਹੈ ਕਿ ਬਹੁਤੀਆਂ ਫ਼ਿਲਮਾਂ ਕਰੇ ਤੇ ਉਹ ਸ਼ਿਫਟਾਂ 'ਚ ਕੰਮ ਕਰੇ ਪਰ ਚੰਗਾ ਕੰਮ ਕਰੇ | ਉਹ ਚਾਹੁੰਦੀ ਹੈ ਕਿ ਥੋੜ੍ਹਾ ਕੰਮ ਕਰੇ | ਇਸ ਵੇਲੇ ਉਹ 'ਪਰਿਵਾਰਕ ਮਨੋਰੰਜਨ' ਫ਼ਿਲਮ ਕਰ ਰਹੀ ਹੈ | ਅਦਿਤੀ ਨੇ ਮੂਕ ਫ਼ਿਲਮ 'ਗਾਂਧੀ ਟਾਕਸ' ਕਰ ਕੇ ਦੁਨੀਆ ਨੂੰ ਦੱਸ ਦਿੱਤਾ ਹੈ ਕਿ ਉਹ ਸ਼ਾਨਦਾਰ ਅਭਿਨੇਤਰੀ ਹੈ | ਅਦਿਤੀ ਰਾਓ ਹੈਦਰੀ ਨੇ ਕਿਹਾ ਕਿ ਫਿਲਹਾਲ ਉਹ ਦੋ ਸਾਲ ਤੱਕ ਸਿਧਾਰਥ ਨਾਲ ਵਿਆਹ ਦਾ ਖੂਬ ਆਨੰਦ ਲੈਣਾ ਚਾਹੁੰਦੀ ਹੈ, ਕਿਉਂਕਿ ਵਿਆਹ ਤਾਂ ਆਖਿਰ ਵਿਆਹ ਹੈ | ਮਤਲਬ ਕਿ ਇਸ ਵਿਆਹ ਦਾ ਅਦਿਤੀ ਨੂੰ ਬਹੁਤ ਚਾਅ ਹੈ |
-ਸੁਖਜੀਤ ਕੌਰ