15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਨਾਂਹਪੱਖੀ ਭੂਮਿਕਾ ਵਿਚ ਲਗਾਤਾਰ ਕਮਾਲ ਦਿਖਾ ਰਿਹੈ ਬੌਬੀ ਦਿਓਲ

Ad Position 21
No active advertisement
ਅਜੀਤ ਡੈਸਕ 24-06-2026

 ਅਦਾਕਾਰ ਬੌਬੀ ਦਿਓਲ ਅਨੁਰਾਗ ਕਸ਼ਿਅਪ ਦੇ ਨਿਰਦੇਸ਼ਨ ਵਿਚ ਬਣੀ ਫ਼ਿਲਮ 'ਬੰਦਰ' ਨੂੰ ਲੈ ਕੇ ਸੁਰਖੀਆਂ ਵਿਚ ਹਨ। ਪਿਛਲੇ ਸਾਲ 6 ਸਤੰਬਰ ਨੂੰ ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਵਿਚ ਦਿਖਾਈ ਗਈ ਇਸ ਫ਼ਿਲਮ ਨੂੰ ਹਾਲ ਹੀ ਵਿਚ ਸਿਨੇਮਾ ਘਰਾਂ ਵਿਚ ਰਿਲੀਜ਼ ਕੀਤਾ ਗਿਆ। ਇਹ ਫ਼ਿਲਮ ਭਾਰਤ ਵਿਚ 'ਮੀ ਟੂ' ਦੇ ਦੋਸ਼ਾਂ ਦੇ ਨਤੀਜਿਆਂ 'ਤੇ ਆਧਾਰਿਤ ਹੈ। ਟਿਕਟ ਖਿੜਕੀ ਦੇ ਲਿਹਾਜ਼ ਨਾਲ ਫ਼ਿਲਮ ਲਈ ਕਾਫ਼ੀ ਚੰਗੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ। ਫ਼ਿਲਮ 'ਬੰਦਰ' ਦੀ ਕਹਾਣੀ ਇਕ ਸਾਬਕਾ ਟੈਲੀਵਿਜ਼ਨ ਸੁਪਰ ਸਟਾਰ 'ਸਮਰ' ਦੇ ਆਲੇ-ਦੁਆਲੇ ਘੁੰਮਦੀ ਹੈ, ਜਿਸ ਦਾ ਮੌਜੂਦਾ ਕਰੀਅਰ ਢਲਾਣ 'ਤੇ ਹੈ। ਕਹਾਣੀ ਵਿਚ ਮੋੜ ਉਦੋਂ ਆਉਂਦਾ ਹੈ ਜਦੋਂ ਸਮਰ ਦੀ ਸਾਬਕਾ ਪ੍ਰੇਮਿਕਾ ਗਾਇਤਰੀ ਉਸ 'ਤੇ ਜਬਰ ਜਨਾਹ ਦਾ ਦੋਸ਼ ਲਗਾਉਂਦੀ ਹੈ। ਇਸ ਤੋਂ ਬਾਅਦ ਸਮਰ ਦੀ ਗ੍ਰਿਫ਼ਤਾਰੀ ਹੁੰਦੀ ਹੈ ਅਤੇ ਉਹ ਇਕ ਇਸ ਤਰ੍ਹਾਂ ਦੀ ਕਾਨੂੰਨੀ ਵਿਵਸਥਾ ਵਿਚ ਫਸ ਜਾਂਦਾ ਹੈ, ਜੋ ਨਿਆਂ ਦੇਣ ਦੀ ਬਜਾਏ ਉਸ ਨੂੰ ਜੇਲ੍ਹ 'ਚ ਰੱਖਣ ਵਿਚ ਜ਼ਿਆਦਾ ਰੁਚੀ ਦਿਖਾਉਂਦੀ ਹੈ। ਫ਼ਿਲਮ ਵਿਚ ਸੱਤਾ ਦੀ ਦੁਰਵਰਤੋਂ, ਭ੍ਰਿਸ਼ਟਾਚਾਰ ਅਤੇ ਵਿਵਸਥਾ ਦੀਆਂ ਨਾਕਾਮੀਆਂ ਨੂੰ ਬਹੁਤ ਹੀ ਬੇਬਾਕੀ ਨਾਲ ਪਰਦੇ 'ਤੇ ਪੇਸ਼ ਕੀਤਾ ਗਿਆ ਹੈ।
ਨਿਖਿਲ ਦਿਵੇਦੀ ਦੇ ਸੈਫਰਨ ਮੈਜਿਕ ਵਰਕਸ ਵਲੋਂ ਬਣਾਈ ਅਤੇ ਜ਼ੀ ਸਟੂਡੀਓ ਵਲੋਂ ਰਿਲੀਜ਼ ਫ਼ਿਲਮ 'ਬੰਦਰ' ਵਿਚ ਬੌਬੀ ਦਿਓਲ ਦੇ ਨਾਲ ਸਾਨੀਆ ਮਲਹੋਤਰਾ, ਸਪਨਾ ਪੱਬੀ, ਸਬਾ ਆਜ਼ਾਦ, ਇੰਦਰਜੀਤ ਸੁਕੂਮਾਰਨ, ਜਤਿੰਦਰ ਜੋਸ਼ੀ, ਰਾਜ ਬੀ. ਸ਼ੈਟੀ ਅਤੇ ਨਾਗੇਸ਼ ਭੌਸਲੇ ਵਰਗੇ ਹੁਨਰਮੰਦ ਅਦਾਕਾਰਾਂ ਦੀ ਲੰਮੀ ਫ਼ੌਜ ਨਜ਼ਰ ਆ ਰਹੀ ਹੈ। 6 ਅਕਤੂਬਰ, 1995 ਨੂੰ ਰਿਲੀਜ਼ ਫ਼ਿਲਮ 'ਬਰਸਾਤ' ਤੋਂ ਬਾਲੀਵੁੱਡ ਵਿਚ ਆਪਣਾ ਪਹਿਲਾ ਕਦਮ ਰੱਖਣ ਵਾਲੇ ਬੌਬੀ ਦਿਓਲ ਨੂੰ ਇਸ ਸਨਅਤ ਵਿਚ ਤਿੰਨ ਦਹਾਕੇ ਤੋਂ ਜ਼ਿਆਦਾ ਚੁੱਕੇ ਹਨ। ਆਪਣੀ ਇਸ ਯਾਤਰਾ ਵਿਚ ਬੌਬੀ ਦਿਓਲ ਸਫਲ ਵੀ ਹੋਏ ਤਾਂ ਇਕ ਸਮਾਂ ਉਨ੍ਹਾਂ ਦੇ ਕਰੀਅਰ ਵਿਚ ਸਿਰਫ਼ 'ਢਲਾਣ' ਵੱਲ ਹੀ ਆਉਂਦਾ ਗਿਆ। ਪਰ ਨਾਕਾਮੀ ਦੇ ਉਸ ਦੌਰ ਵਿਚ ਵੈੱਬ ਸੀਰੀਜ਼ 'ਆਸ਼ਰਮ' ਜ਼ਰੀਏ ਬੌਬੀ ਦਿਓਲ ਨੂੰ ਓ.ਟੀ.ਟੀ. 'ਤੇ ਜ਼ਬਰਦਸਤ ਕਾਮਯਾਬੀ ਮਿਲੀ। ਇਸ ਤੋਂ ਬਾਅਦ ਰਣਬੀਰ ਕਪੂਰ ਦੀ ਫ਼ਿਲਮ 'ਐਨੀਮਲ' (2023) ਵਿਚ ਸਿਰਫ਼ 15 ਮਿੰਟ ਦੇ ਕਿਰਦਾਰ ਵਿਚ ਤਾਂ ਬੌਬੀ ਦਿਓਲ ਨੇ ਕਮਾਲ ਹੀ ਕਰ ਦਿਖਾਇਆ ਸੀ।
ਉਸ ਤੋਂ ਬਾਅਦ ਬੌਬੀ ਦਿਓਲ ਦੇ ਕਰੀਅਰ ਦਾ ਸੁਨਹਿਰਾ ਦੌਰ ਸ਼ੁਰੂ ਹੋ ਚੁੱਕਾ ਹੈ। ਬੌਬੀ ਨੇ ਦੱਖਣ ਭਾਰਤ ਦਾ ਸਟਾਰ ਸੂਰਿਆ ਦੀ ਤਾਮਿਲ ਫ਼ਿਲਮ 'ਕੰਗੁਵਾ' ਜ਼ਰੀਏ ਦੱਖਣ ਭਾਰਤੀ ਫ਼ਿਲਮਾਂ 'ਚ ਡੈਬਿਊ ਕੀਤਾ ਪਰ ਫ਼ਿਲਮ ਟਿਕਟ ਖਿੜਕੀ 'ਤੇ ਮਹਾਫਲਾਪ ਰਹੀ।
ਪਿਛਲੇ ਸਾਲ ਉਨ੍ਹਾਂ ਨੂੰ ਰਿਤਿਕ ਰੌਸ਼ਨ ਦੀ ਫ਼ਿਲਮ 'ਵਾਰ-2' ਦੇ ਕੈਮੀਓ ਤੋਂ ਇਲਾਵਾ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਵਲੋਂ ਨਿਰਦੇਸ਼ਿਤ ਕੀਤੀ ਗਈ ਸੀਰੀਜ਼ 'ਦ ਬੈੱਡਸ ਆਫ਼ ਬਾਲੀਵੁੱਡ' ਵਿਚ ਦੇਖਿਆ ਗਿਆ।
ਪਿਛਲੇ ਦਿਨੀਂ ਰਿਲੀਜ਼ ਹੋਈ ਤਾਮਿਲਨਾਡੂ ਦੇ ਮੁੱਖ ਮੰਤਰੀ ਬਣੇ ਦੱਖਣ ਭਾਰਤੀ ਸਟਾਰ ਥਲਪਤੀ ਵਿਜੈ ਦੀ ਲੰਮੇ ਸਮੇਂ ਤੋਂ ਅਟਕੀ ਤਮਿਲ ਫ਼ਿਲਮ 'ਜਨ ਨਾਇਕਨ' ਵਿਚ ਬੌਬੀ ਦਿਓਲ ਮੁੱਖ ਖ਼ਲਨਾਇਕ ਦੇ ਅਵਤਾਰ ਵਿਚ ਦਿਖਾਈ ਦਿੱਤੇ, ਜਦ ਕਿ ਵਿਜੈ ਦੇ ਨਾਲ ਪੂਜਾ ਹੇਗੜੇ ਮੁੱਖ ਅਦਾਕਾਰਾ ਸੀ। ਇਸ ਤੋਂ ਬਾਅਦ ਪ੍ਰੋਡਿਊਸਰ ਦੀਪਕ ਮੁਕੁਟ ਦੀ ਇਕ ਫ਼ਿਲਮ ਲਈ ਬੌਬੀ ਦਿਓਲ ਨੂੰ ਅਭਿਸ਼ੇਕ ਬੱਚਨ ਨਾਲ ਮੁੱਖ ਭੂਮਿਕਾ ਵਿਚ ਲਿਆ ਗਿਆ ਹੈ। ਇਹ ਫ਼ਿਲਮ ਰਾਕੇਸ਼ ਕੁਮਾਰ ਦੇ ਨਿਰਦੇਸ਼ਨ ਵਿਚ ਬਣੀ ਅਮਿਤਾਭ ਬੱਚਨ ਅਤੇ ਸ਼ਸ਼ੀ ਕਪੂਰ ਦੀ ਜੋੜੀ ਦੀ ਐਕਸ਼ਨ ਕਾਮੇਡੀ ਫ਼ਿਲਮ 'ਦੋ ਔੌਰ ਦੋ ਪਾਂਚ' ਦਾ ਨਵਾਂ ਵਰਸ਼ਨ ਹੈ। ਇਸ ਤੋਂ ਇਲਾਵਾ ਬੌਬੀ ਦਿਓਲ ਯਸ਼ਰਾਜ ਫ਼ਿਲਮਜ਼ ਦੀ ਸਪਾਈ ਐਕਸ਼ਨ, ਥ੍ਰਿਲਰ ਫ਼ਿਲਮ 'ਅਲਫਾ' ਦਾ ਵੀ ਹਿੱਸਾ ਹੈ। ਫ਼ਿਲਮ ਵਿਚ ਉਨ੍ਹਾਂ ਦੀ ਨਾਂਹਪੱਖੀ ਭੂਮਿਕਾ ਹੈ। ਇਸ ਫ਼ਿਲਮ ਵਿਚ ਆਲੀਆ ਭੱਟ ਅਤੇ ਸ਼ਰਵਰੀ ਵਾਘ ਮੁੱਖ ਭੂਮਿਕਾ ਵਿਚ ਨਜ਼ਰ ਆਉਣ ਵਾਲੀਆਂ ਹਨ। ਇਹ ਫ਼ਿਲਮ ਇਸ ਸਾਲ 10 ਜੁਲਾਈ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਲਈ ਤਿਆਰ ਹੈ।

Ad Position 22
No active advertisement
ਪਿਛਲੀ ਖ਼ਬਰ ਨਰਸ ਦੇ ਕਿਰਦਾਰ ਵਿਚ ਕੰਗਨਾ ਰਾਣੌਤ ਅਗਲੀ ਖ਼ਬਰ ਵਿਨੋਦ ਖੰਨਾ ਦਾ ਪਸੰਦੀਦਾ ਹੀਰੋ ਰਾਜੇਸ਼ ਖੰਨਾ ਸੀ...
Ad Position 24