ਨਾਮਵਰ ਗਾਇਕਾਵਾਂ ਵਿਚੋਂ ਅੰਮਿ੍ਤਾ ਵਿਰਕ ਇਕ ਉਹ ਗਾਇਕਾ ਹੈ ਜਿਸਨੇ 90-95 ਦੇ ਦੌਰ ਦੀ ਗਾਇਕੀ ਵਿਚ ਇਕ ਵੱਖਰਾ ਮੁਕਾਮ ਹਾਸਲ ਕੀਤਾ | ਇਸ ਗਾਇਕਾ ਨੇ ਜਿੱਥੇ ਟੁੱਟੇ ਦਿਲਾਂ ਨੂੰ ਧਰਵਾਸ ਦੇਣ ਵਾਲੀ ਗਾਇਕੀ ਨਾਲ ਚੰਗਾ ਨਾਮਾਣਾ ਖੱਟਿਆ, ਉਥੇ ਮਾਤਾ ਦੇ ਜਾਗਰਣਾ, ਮੰਦਰਾਂ 'ਤੇ ਚੱਲਦੀਆਂ ਭੇਟਾਂ ਗਾ ਕੇ ਆਸਥਾ ਦੇ ਸਮੁੰਦਰ ਵਿਚ ਤਾਰੀ ਲਾਈ | ਜਦ ਅੰਮਿ੍ਤਾ ਵਿਰਕ ਦੀਆਂ ਗਾਈਆਂ ਸੁਪਰ ਹਿੱਟ ਭੇਟਾਂ 'ਜੈਕਾਰਾ ਬੋਲ ਦਿਓ, ਭਗਤਾ ਗੱਡੀ ਤੋਰ, ਭਰਦੇ ਸੁੰਨੀ ਗੋਦ ਮਾਏ, ਮੰਦਰਾਂ 'ਤੇ ਫੁੱਲ ਵਰਸੇ, ਚੁੰਨੀਆਂ, ਜਿਊਣਾ ਮੌੜ, ਤਾੜੀ ਦੀ ਆਵਾਜ਼, ਗੌਰਾਂ ਦਾ ਲਾੜਾ,” ਦਾ ਜ਼ਿਕਰ ਹੁੰਦਾ ਹੈ ਤਾਂ ਗੀਤਕਾਰ ਮੱਖਣ ਸ਼ਹਿਣੇ ਵਾਲੇ ਦਾ ਨਾਂਅ ਵੀ ਸਾਹਮਣੇ ਆਉਂਦਾ ਹੈ | ਭਾਵੇਂ ਕਿ ਇਸ ਗੀਤਕਾਰ ਨੇ ਹਰ ਤਰ੍ਹਾਂ ਦੇ ਗੀਤ ਲਿਖੇ ਪਰ ਉਸ ਦੀ ਜ਼ਿਆਦਾ ਪਛਾਣ ਅੰਮਿ੍ਤ ਦੀਆਂ ਧਾਰਮਿਕ ਭੇਟਾਂ ਸਦਕਾ ਹੀ ਹੋਈ |

ਬਰਨਾਲਾ ਜ਼ਿਲ੍ਹਾ ਦੇ ਪਿੰਡ ਸ਼ਹਿਣਾ ਵਿਖੇ ਪਿਤਾ ਸ. ਮੁਕੰਦ ਸਿੰਘ ਅਤੇ ਮਾਤਾ ਸੁਰਜੀਤ ਕੌਰ ਦੇ ਗ੍ਰਹਿ ਵਿਖੇ ਜਨਮੇ ਮੱਖਣ ਨੂੰ ਲਿਖਣ ਅਤੇ ਗਾਉਣ ਦਾ ਸ਼ੌਂਕ ਸਕੂਲ ਸਮੇਂ ਤੋਂ ਹੀ ਸੀ | ਉਸਨੇ ਪਿੰਡਾਂ ਵਿਚ ਹੋਣ ਵਾਲੇ ਨਗਰ ਕੀਰਤਨਾਂ ਦੇ ਸਮਾਗਮਾਂ ਅਤੇ ਵਿਆਹ ਸ਼ਾਦੀਆਂ 'ਚ ਸਿਹਰੇ-ਸਿੱਖਿਆ ਗਾਉਂਦਿਆਂ ਆਪਣੀ ਕਲਾ ਨੂੰ ਨਿਖਾਰਿਆ | ਮੱਖਣ ਨੇ ਇਲਾਕੇ ਦੇ ਨਾਮੀ ਗੀਤਕਾਰ ਜਸਵੰਤ ਬੋਪਾਰਾਏ ਨੂੰ ਆਪਣਾ ਉਸਤਾਦ ਧਾਰ ਕੇ ਸੱਭਿਆਚਾਰਕ ਤੇ ਪਰਿਵਾਰਕ ਗੀਤ ਲਿਖੇ | ਉਸਦਾ ਪਹਿਲਾ ਗੀਤ 'ਰੇਸ਼ਮੀ ਰੁਮਾਲ ਨਾਲੋਂ ਸੋਹਣਾ ਗੱਭਰੂ' ਮੇਜਰ ਰਾਜਸਥਾਨੀ ਅਤੇ ਸੁਰਪ੍ਰੀਤ ਸੋਨੀ ਦੀ ਆਵਾਜ਼ ਵਿਚ ਰਿਕਾਰਡ ਹੋਇਆ | ਫਿਰ ਅੰਮਿ੍ਤਾ ਵਿਰਕ ਨੇ ਉਸਦੇ ਦੋ ਪਰਿਵਾਰਕ ਗੀਤ 'ਧੰਨ ਤੇਰਾ ਜੇਰਾ ਬਾਬਲਾ-ਦਿੱਤੀ ਪਾਲਕੇ ਬੇਗਾਨੇ ਘਰ ਤੋਰ' ਅਤੇ 'ਇਕ ਵਾਰੀ ਮਿਲ ਵੀਰ ਨਾਨਕਾ ਭੈਣ ਤੈਨੂੰ ਯਾਦ ਕਰੇ' ਗਾਏ |
ਇਨ੍ਹਾਂ ਹੀ ਦਿਨਾਂ ਵਿਚ ਮੱਖਣ ਕੰਨਿਆ ਮੰਦਰ ਵਧਾਤੇ ਦਾ ਉਪਾਸ਼ਕ ਬਣ ਗਿਆ ਤੇ ਮਾਤਾ ਦੀਆਂ ਭੇਟਾਂ ਲਿਖਣ ਤੇ ਗਾਉਣ ਲੱਗਿਆ | ਇਥੋਂ ਮਿਲੇ ਆਸ਼ੀਰਵਾਦ ਸਦਕਾ ਉਹ ਅੱਗੇ ਵਧਣ ਲੱਗਿਆ | ਜਦ ਮੱਖਣ ਨੇ ਅੰਮਿ੍ਤ ਵਿਰਕ ਦੀ ਪਹਿਲੀ ਸੁਪਰਹਿਟ ਕੈਸਟ ਕੱਲੀ ਬਹਿ ਕੇ ਰੋ ਲੈਨੀ ਆਂ ਦੀ ਤਰਜ਼ 'ਤੇ ਭੇਟਾਂ ਲਿਖ ਕੇ ਅੰਮਿ੍ਤਾ ਵਿਰਕ ਨੂੰ ਵਿਖਾਈਆਂ ਤਾਂ ਉਹ ਬੜਾ ਪ੍ਰਭਾਵਿਤ ਹੋਈ ਤਾਂ ਉਸ ਨੇ ਮੱਖਣ ਤੋਂ ਹੋਰ ਨਵੀਆਂ ਭੇਟਾਂ ਲਿਖਵਾ ਕੇ ਕੈਸਟ 'ਜੈਕਾਰਾ ਬੋਲ ਦਿਓ' ਰਿਕਾਰਡ ਕਰਵਾਈ ਜੋ ਬੇਹੱਦ ਮਕਬੂਲ ਰਹੀ | ਉਸ ਤੋਂ ਬਾਅਦ ਅੰਮਿ੍ਤਾ ਵਿਰਕ ਅਤੇ ਮੱਖਣ ਸ਼ਹਿਣੇ ਵਾਲੇ ਨੇ ਪਿੱਛੇ ਮੁੜ ਕੇ ਨਾ ਦੇਖਿਆ |
ਮੱਖਣ ਪਿਛਲੇ ਤੀਹ ਸਾਲਾਂ ਤੋਂ ਭੇਟਾਂ ਲਿਖ ਰਿਹਾ ਹੈ | ਹੁਣ ਤੱਕ 200 ਤੋਂ ਵੱਧ ਭੇਟਾਂ ਰਿਕਾਰਡ ਕਰਾ ਚੁੱਕਿਆ ਹੈ ਜਿਸ ਵਿਚੋਂ 100 ਦੇ ਕਰੀਬ ਸਿਰਫ਼ ਅੰਮਿ੍ਤਾ ਵਿਰਕ ਦੀ ਆਵਾਜ਼ ਵਿਚ ਹਨ | ਅੰਮਿ੍ਤਾ ਵਿਰਕ ਤੋਂ ਇਲਾਵਾ ਗਾਇਕਾ ਅਨਮੋਲ ਵਿਰਕ, ਜੋਤੀ ਗਿੱਲ, ਊਸ਼ਾ ਕਿਰਨ, ਬਲਕਾਰ ਸਿੱਧੂ, ਗੋਰਾ ਚੱਕ ਵਾਲਾ, ਆਕਾਸ਼ਦੀਪ, ਕੁਲਦੀਪ ਰਸੀਲਾ, ਅਮਨ ਧਾਲੀਵਾਲ, ਬੱਬੂ ਖਾਨ, ਰੌਕੀ ਸਿਤਾਰਾ ਅਤੇ ਕੁਲਦੀਪ ਚਹਿਲ ਆਦਿ ਕਲਾਕਾਰਾਂ ਨੇ ਵੀ ਰਿਕਾਰਡ ਕਰਵਾਇਆ | ਲਿਖਾਰੀ ਹੋਣ ਦੇ ਨਾਲ-ਨਾਲ ਮੱਖਣ ਇਕ ਚੰਗਾ ਜਾਗਰਣ ਗਾਇਕ ਵੀ ਹੈ | ਉਸ ਦੀ ਆਪਣੀ ਆਵਾਜ਼ ਵਿਚ ਇਕ ਧਾਰਮਿਕ ਕੈਸਟ ਭਗਤੋ ਸ਼ੇਰ ਨੂੰ ਰੋਕੋ ਵੀ ਕਾਫੀ ਚਰਚਿਤ ਰਹੀ ਹੈ | ਮੱਖਣ ਸ਼ਹਿਣੇ ਅੱਜਕਲ੍ਹ ਪਿੰਡ ਵਾਲਾ ਸ਼ਹਿਣਾ ਵਿਖੇ ਆਪਣੇ ਪਰਿਵਾਰ ਵਿਚ ਪਤਨੀ ਮਨਦੀਪ ਕੌਰ ਸਮੇਤ ਪੁੱਤ -ਪੋਤਿਆਂ ਨਾਲ ਖ਼ੁਸ਼ਹਾਲ ਜ਼ਿੰਦਗੀ ਬਸ਼ਰ ਕਰ ਰਿਹਾ ਹੈ |