ਮੁਹਾਲੀ, 15 ਅਕਤੂਬਰ (ਕਪਿਲ ਵਧਵਾ)- ਮੁਹਾਲੀ ਪੁਲਿਸ ਨੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 10 ਨਾਜਾਇਜ਼ ਪਿਸਤਲ ਅਤੇ 20 ਜ਼ਿੰਦਾ ਰੌਂਦ ਬਰਾਮਦ ਕੀਤੇ ਹਨ। ਬਰਾਮਦ ਹਥਿਆਰਾਂ ਵਿਚ ਇਕ ਗਲੌਕ 9 ਐੱਮ.ਐੱਮ. ਪਿਸਟਲ, .30 ਬੋਰ ਦੇ ਚਾਰ ਅਤੇ .32 ਬੋਰ ਦੇ ਪੰਜ ਪਿਸਤੌਲ ਸ਼ਾਮਿਲ ਹਨ। ਐੱਸ.ਐੱਸ.ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਸੀ.ਆਈ.ਏ. ਸਟਾਫ਼ ਖਰੜ ਦੀ ਟੀਮ ਨੇ ਇੰਚਾਰਜ ਇੰਸਪੈਕਟਰ ਪਰਦੀਪ ਸਿੰਘ ਬਾਜਵਾ ਦੀ ਅਗਵਾਈ ਹੇਠ ਇਹ ਕਾਰਵਾਈ ਕੀਤੀ। ਪੁਲਿਸ ਅਨੁਸਾਰ ਮੁਲਜ਼ਮ ਸਸਤੇ ਭਾਅ ’ਤੇ ਮੱਧ ਪ੍ਰਦੇਸ਼ ਦੇ ਇੰਦੌਰ ਅਤੇ ਉੱਤਰ ਪ੍ਰਦੇਸ਼ ਦੇ ਇਲਾਕਿਆਂ ਤੋਂ ਨਾਜਾਇਜ਼ ਹਥਿਆਰ ਲਿਆ ਕੇ ਮੁਹਾਲੀ, ਖਰੜ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਮਹਿੰਗੇ ਭਾਅ ’ਤੇ ਸਪਲਾਈ ਕਰਦੇ ਸਨ। ਪੁਲਿਸ ਨੇ 13 ਅਕਤੂਬਰ ਨੂੰ ਸਚਿਨ ਉਰਫ਼ ਬੱਚੀ (23) ਵਾਸੀ ਹਿਸਾਰ, ਹਰਿਆਣਾ, ਹਾਲ ਵਾਸੀ ਕਾਸਾ ਹੋਮਜ਼, ਸੰਤੇ ਮਾਜਰਾ, ਖਰੜ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ ਦੋ ਪਿਸਤਲ ਅਤੇ ਦੋ ਜ਼ਿੰਦਾ ਰੌਂਦ ਬਰਾਮਦ ਕੀਤੇ ਸਨ।
ਪੁੱਛਗਿੱਛ ਦੌਰਾਨ ਸਾਹਮਣੇ ਆਏ ਉਸ ਦੇ ਸਾਥੀਆਂ ਮਹਿਕਦੀਪ ਸਿੰਘ ਉਰਫ਼ ਮਹਿਕ (21) ਵਾਸੀ ਫਤਿਹਗੜ੍ਹ ਸਾਹਿਬ ਅਤੇ ਹਰਮਨਪ੍ਰੀਤ ਸਿੰਘ ਉਰਫ਼ ਹਨੀ (29) ਵਾਸੀ ਮੋਗਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਅਨੁਸਾਰ ਮੁਲਜ਼ਮਾਂ ਵਲੋਂ ਵਰਤੀ ਜਾਂਦੀ ਸਕਾਰਪੀਓ ਗੱਡੀ ਵਿਚੋਂ ਵੀ ਦੋ ਨਾਜਾਇਜ਼ ਪਿਸਤੌਲ ਬਰਾਮਦ ਹੋਏ। ਪੁਲਿਸ ਅਨੁਸਾਰ ਮਹਿਕਦੀਪ ਸਿੰਘ ਫਤਿਹਗੜ੍ਹ ਸਾਹਿਬ ਥਾਣੇ ਵਿਚ ਦਰਜ ਇਰਾਦਾ ਕਤਲ ਦੇ ਇਕ ਮਾਮਲੇ ਵਿਚ ਭਗੌੜਾ ਸੀ। ਸਚਿਨ ਉਰਫ਼ ਬੱਚੀ ਖ਼ਿਲਾਫ਼ ਵੀ ਪਹਿਲਾਂ ਹਥਿਆਰਾਂ ਅਤੇ ਹੋਰ ਅਪਰਾਧਾਂ ਸੰਬੰਧੀ ਮਾਮਲੇ ਦਰਜ ਹਨ। ਪੁਲਿਸ ਨੇ ਦੱਸਿਆ ਕਿ ਸਚਿਨ ਦੇ ਸੰਬੰਧ ਕੀਰਤੀ ਮਾਨ ਨਾਲ ਵੀ ਸਨ, ਜਿਸ ਦਾ ਅਗਸਤ 2026 ਵਿਚ ਹਰਿਆਣਾ ਦੇ ਚਰਖੀ ਦਾਦਰੀ ਦੀ ਅਦਾਲਤ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਥਾਣਾ ਸਦਰ ਖਰੜ ਵਿਚ ਅਸਲਾ ਐਕਟ ਤਹਿਤ ਦਰਜ ਮੁਕੱਦਮੇ ਵਿਚ ਤਿੰਨਾਂ ਮੁਲਜ਼ਮਾਂ ਕੋਲੋਂ ਕੁੱਲ 10 ਪਿਸਤਲ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰ ਕੇ ਹਥਿਆਰਾਂ ਦੀ ਸਪਲਾਈ ਦੇ ਸਰੋਤਾਂ ਅਤੇ ਇਸ ਗਿਰੋਹ ਨਾਲ ਜੁੜੇ ਹੋਰ ਵਿਅਕਤੀਆਂ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਹੈ।