11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

'ਲਗਾਅ - ਪਿਆਰ ਦਾ ਸਫ਼ਰ'

'ਲਗਾਅ - ਪਿਆਰ ਦਾ ਸਫ਼ਰ'

Ad Position 21
No active advertisement
ਅਜੀਤ ਡੈਸਕ 12-11-2026

ਸ੍ਰੀਮਤੀ ਸੋਨੀਆ ਗਾਂਧੀ ਦੀ ਆਤਮ-ਕਥਾ 'ਬਿਲੌਂਗਿੰਗ...ਏ ਜਰਨੀ ਆਫ਼ ਲਵ' (ਲਗਾਅ....ਪਿਆਰ ਦਾ ਇਕ ਸਫ਼ਰ) ਦੇ ਛਪਣ ਤੋਂ ਪਹਿਲਾਂ ਹੀ ਇਸ ਬਾਰੇ ਚਰਚਾ ਸ਼ੁਰੂ ਹੋ ਗਈ ਸੀ | ਇਸਦੇ ਛਪਣ ਵਿਚ ਸਮਾਂ ਵੀ ਲੱਗਾ ਅਤੇ ਕਠਿਨਾਈਆਂ ਵੀ ਆਈਆਂ | ਹੁਣ ਬਿਨਾਂ ਕਿਸੇ ਸਮਾਗਮ ਦੇ ਇਹ ਬਾਜ਼ਾਰ ਵਿਚ ਆ ਗਈ ਹੈ | ਚਾਹੇ ਇਸ ਪੁਸਤਕ ਨੂੰ  ਹਰ ਜਾਵੀਏ ਤੋਂ ਪੜ੍ਹਨਾ ਹਾਲੇ ਬਾਕੀ ਹੈ, ਪਰ ਹੁਣ ਤੱਕ ਇਸ ਦੇ ਸਾਹਮਣੇ ਆਏ ਅੰਸ਼ਾਂ ਤੋਂ ਇਹ ਪ੍ਰਭਾਵ ਜ਼ਰੂਰ ਮਿਲਦਾ ਹੈ ਕਿ ਆਉਂਦੇ ਲੰਮੇ ਸਮੇਂ ਤੱਕ ਇਸ ਦੀ ਚਰਚਾ ਹੁੰਦੀ ਰਹੇਗੀ, ਕਿਉਂਕਿ ਇਹ ਪੁਸਤਕ ਸੋਨੀਆ ਦੇ ਸਿਰਫ਼ ਨਿੱਜੀ ਜੀਵਨ 'ਤੇ ਹੀ ਆਧਾਰਿਤ ਨਹੀਂ ਹੈ ਸਗੋਂ ਪਿਛਲੇ ਲੰਮੇ ਸਮੇਂ ਵਿਚ ਉਸ ਦੇ ਆਲੇ-ਦੁਆਲੇ ਵਾਪਰਦੇ ਰਹੇ ਸਮਾਜਿਕ ਅਤੇ ਸਿਆਸੀ ਵਰਤਾਰਿਆਂ ਦਾ ਵੀ ਉਨ੍ਹਾਂ ਨੇ ਆਪਣੇ ਨਜ਼ਰੀਏ ਤੋਂ ਇਸ ਵਿਚ ਕਾਫੀ ਜ਼ਿਕਰ ਕੀਤਾ ਹੈ | ਉਨ੍ਹਾਂ ਦੇ ਵਾਪਰਦੇ ਰਹੇ ਘਟਨਾਕ੍ਰਮ ਸੰਬੰਧੀ ਆਪਣੇ ਵਿਚਾਰ ਅਤੇ ਪ੍ਰਭਾਵ ਹੋ ਸਕਦੇ ਹਨ, ਪਰ ਉਨ੍ਹਾਂ ਦੇ ਸਮੇਂ ਵਿਚ ਹੀ ਵਿਚਰਦੇ ਰਹੇ ਹੋਰ ਲੋਕਾਂ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ | ਸਗੋਂ ਇਸ ਦੀ ਜਗ੍ਹਾ, ਉਨ੍ਹਾਂ ਦੇ ਵਿਚਾਰਾਂ ਨੂੰ  ਸਖ਼ਤ ਆਲੋਚਨਾ ਦੀ ਤਕੜੀ 'ਤੇ ਵੀ ਤੋਲਿਆ ਜਾਏਗਾ |

ਸਮੇਂ-ਸਮੇਂ ਦੁਨੀਆ ਭਰ ਵਿਚ ਅਤੇ ਆਪਣੇ ਦੇਸ਼ ਭਾਰਤ ਵਿਚ ਵੀ ਛੋਟੇ-ਵੱਡੇ ਆਗੂਆਂ ਵਲੋਂ ਅਕਸਰ ਆਪਣੀਆਂ ਸਵੈ-ਜੀਵਨੀਆਂ ਲਿਖੀਆਂ ਜਾਂਦੀਆਂ ਰਹੀਆਂ ਹਨ, ਉਸੇ ਸਮੇਂ ਇਨ੍ਹਾਂ ਜੀਵਨੀਆਂ ਵਿਚਲੇ ਪ੍ਰਭਾਵਾਂ ਨੂੰ  ਪੂਰੀ ਤਰ੍ਹਾਂ ਪੁਣਿਆਂ ਛਾਣਿਆ ਵੀ ਜਾਂਦਾ ਰਿਹਾ ਹੈ | ਸੋਨੀਆ ਦਾ ਭਾਰਤ ਦੇ ਇਕ ਬਹੁਤ ਅਹਿਮ ਸਿਆਸੀ ਪਰਿਵਾਰ ਨਾਲ ਸੰਬੰਧ ਰਿਹਾ ਹੈ | ਭਾਵੇਂ ਉਹ ਇਟਲੀ ਮੂਲ ਦੇ ਹਨ ਪਰ ਤੱਤਕਾਲੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੇ ਪੁੱਤਰ ਰਾਜੀਵ ਗਾਂਧੀ ਨਾਲ ਸ਼ਾਦੀ ਹੋਣ ਤੋਂ ਬਾਅਦ ਉਹ ਭਾਰਤ ਵਿਚ ਹੀ ਵਸ ਗਏ ਸਨ ਅਤੇ ਉਨ੍ਹਾਂ ਨੇ ਇੱਥੋਂ ਦੀ ਹੀ ਨਾਗਰਿਕਤਾ ਲੈ ਲਈ ਸੀ | ਦੇਸ਼ ਦੀ ਮਹਾਨ ਸ਼ਖ਼ਸੀਅਤ ਪੰਡਿਤ ਜਵਾਹਰ ਲਾਲ ਨਹਿਰੂ ਦੇ ਪਰਿਵਾਰ ਵਿਚ ਸ਼ਾਮਿਲ ਹੋਣਾ ਵੱਡੀ ਅਹਿਮੀਅਤ ਵਾਲੀ ਗੱਲ ਸੀ | ਸ੍ਰੀਮਤੀ ਇੰਦਰਾ ਗਾਂਧੀ ਆਪਣੇ ਸਮੇਂ ਬੇਹੱਦ ਚਰਚਿਤ ਅਤੇ ਸਖ਼ਤ ਪ੍ਰਧਾਨ ਮੰਤਰੀ ਮੰਨੇ ਜਾਂਦੇ ਸਨ, ਜਿਨ੍ਹਾਂ ਦੇ ਕਾਰਜਕਾਲ ਵਿਚ ਦੇਸ਼ ਵਿਚ ਬੇਹੱਦ ਅਹਿਮ ਘਟਨਾਚੱਕਰ ਵਾਪਰੇ ਹਨ | ਇਨ੍ਹਾਂ ਵਿਚ ਐਮਰਜੈਂਸੀ ਲਗਾਉਣਾ ਅਤੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ 'ਸਾਕਾ ਨੀਲਾ ਤਾਰਾ' ਦੇ ਨਾਂਅ 'ਤੇ ਫ਼ੌਜੀ ਕਾਰਵਾਈ ਕਰਨਾ ਵੀ ਸ਼ਾਮਿਲ ਹੈ | ਪੂਰਬੀ ਪਾਕਿਸਤਾਨ ਰਹੇ ਬੰਗਲਾਦੇਸ਼ ਦੀ ਆਜ਼ਾਦੀ ਵਿਚ ਵੀ ਇੰਦਰਾ ਗਾਂਧੀ ਦਾ ਵੱਡਾ ਯੋਗਦਾਨ ਰਿਹਾ ਹੈ | ਉਨ੍ਹਾਂ ਦਾ ਜੀਵਨ ਬੇਹੱਦ ਉਤਰਾਵਾਂ-ਚੜ੍ਹਾਵਾਂ ਵਾਲਾ ਰਿਹਾ ਹੈ | ਉਨ੍ਹਾਂ ਦੇ ਸਮੇਂ ਵਾਪਰੇ ਮਹੱਤਵਪੂਰਨ ਘਟਨਾਕ੍ਰਮਾਂ ਸੰਬੰਧੀ ਆਪਣੇ ਪ੍ਰਭਾਵ ਲਿਖਣੇ ਔਖਾ ਕੰਮ ਵੀ ਹੈ ਅਤੇ ਅਨੇਕਾਂ ਤਰ੍ਹਾਂ ਦੇ ਚਰਚੇ ਛੇੜਨ ਵਾਲਾ ਵੀ | ਇੱਥੇ ਹੀ ਬਸ ਨਹੀਂ, ਸੋਨੀਆ ਗਾਂਧੀ ਨੇ ਸ੍ਰੀਮਤੀ ਗਾਂਧੀ ਦੀ ਹੱਤਿਆ ਅਤੇ ਉਸ ਤੋਂ ਬਾਅਦ ਆਪਣੇ ਪਤੀ ਰਾਜੀਵ ਗਾਂਧੀ ਦੀ ਹੱਤਿਆ ਦੇ ਦਰਦ ਨੂੰ  ਵੀ ਹੰਢਾਇਆ ਹੈ | ਆਪਣੇ ਪਤੀ ਦੀ ਹੱਤਿਆ ਤੋਂ ਬਾਅਦ ਹੀ ਉਹ ਸਰਗਰਮ ਸਿਆਸਤ ਵਿਚ ਆਏ | ਦਹਾਕਿਆਂ ਤੱਕ ਉਹ ਕਾਂਗਰਸ ਪਾਰਟੀ ਵਿਚ ਪ੍ਰਭਾਵਸ਼ਾਲੀ ਸ਼ਖ਼ਸੀਅਤ ਬਣੇ ਰਹੇ ਹਨ | ਚਾਹੇ ਉਹ ਆਪ ਪ੍ਰਧਾਨ ਮੰਤਰੀ ਨਹੀਂ ਬਣੇ ਪਰ ਡਾ. ਮਨਮੋਹਨ ਸਿੰਘ ਦੇ 10 ਸਾਲਾਂ ਦੇ ਪ੍ਰਸ਼ਾਸਨ ਕਾਲ ਵਿਚ ਮੁੱਖ ਰੂਪ ਵਿਚ ਸੋਨੀਆ ਗਾਂਧੀ ਦੇ ਪ੍ਰਭਾਵ ਨੂੰ  ਵੀ ਦੇਖਿਆ ਜਾਂਦਾ ਰਿਹਾ ਹੈ | ਇਸ ਸਾਰੇ ਸਮੇਂ ਵਿਚ ਉਹ ਪਾਰਟੀ ਅਤੇ ਸਰਕਾਰ ਦੀਆਂ ਨੀਤੀਆਂ ਘੜਨ ਵਿਚ ਮੋਹਰੀ ਰਹੇ ਸਨ |
ਪਿਛਲੇ 14 ਸਾਲਾਂ ਤੋਂ ਉਨ੍ਹਾਂ ਦੀ ਕਾਂਗਰਸ ਪਾਰਟੀ ਉਚਾਈਆਂ ਦੀ ਥਾਂ 'ਤੇ ਨਿਵਾਣਾਂ ਵੱਲ ਜਾਂਦੀ ਵੀ ਦਿਖਾਈ ਦਿੰਦੀ ਰਹੀ ਹੈ | ਸੋਨੀਆ ਗਾਂਧੀ ਵਲੋਂ ਇਸ ਸਮੇਂ ਵਿਚ ਆਪਣੇ ਬੇਟੇ ਰਾਹੁਲ ਗਾਂਧੀ ਨੂੰ  ਕੌਮੀ ਸਿਆਸਤ ਵਿਚ ਉੱਚਾ ਉਠਾਉਣ ਦਾ ਵੀ ਯਤਨ ਕੀਤਾ, ਜੋ ਹਾਲੇ ਤੱਕ ਵੀ ਜਾਰੀ ਹੈ | ਇਸ ਕਵਾਇਦ ਵਿਚ ਉਨ੍ਹਾਂ ਦਾ ਪੁੱਤਰ ਮੋਹ ਪੂਰੀ ਤਰ੍ਹਾਂ ਪ੍ਰਭਾਵੀ ਨਜ਼ਰ ਆਉਂਦਾ ਹੈ | ਚਾਹੇ ਆਪਣੀ ਨਿੱਜੀ ਜ਼ਿੰਦਗੀ ਦੇ ਨਾਲ-ਨਾਲ ਉਨ੍ਹਾਂ ਦੇੇ ਕਾਂਗਰਸ ਪ੍ਰਧਾਨ ਵਜੋਂ ਆਪਣੇ ਲੰਮੇ ਕਾਰਜਕਾਲ ਵਿਚ ਪ੍ਰਭਾਵਸ਼ਾਲੀ ਅਤੇ ਤੱਤਪਰ ਰਹੇ ਹੋਣ ਕਰ ਕੇ ਆਪਣੀ ਪੁਸਤਕ ਵਿਚ ਖੁੱਲ੍ਹ ਕੇ ਆਪਣੇ ਵਿਚਾਰ ਜ਼ਰੂਰ ਪ੍ਰਗਟਾਏ ਹਨ, ਪਰ ਇਨ੍ਹਾਂ ਦੀ ਵੱਡੀ ਪੱਧਰ 'ਤੇ ਆਲੋਚਨਾ ਹੋਣਾ ਵੀ ਕੁਦਰਤੀ ਹੈ | ਆਉਂਦੇ ਸਮੇਂ ਵਿਚ ਵੀ ਇਸ ਪੁਸਤਕ 'ਤੇ ਵਿਸਥਾਰਪੂਰਵਕ ਚਰਚਾ ਹੁੰਦੀ ਰਹੇਗੀ ਅਤੇ ਇਸ ਦੇ ਨਾਲ-ਨਾਲ ਵੱਡੀ ਪੱਧਰ 'ਤੇ  ਇਸ ਦੀ ਆਲੋਚਨਾ ਵੀ ਹੁੰਦੀ ਰਹਿਣ ਦੀ ਸੰਭਾਵਨਾ ਹੈ | ਇਸ ਕਰਕੇ ਇਸ ਪੁਸਤਕ ਨੂੰ  ਅਣਗੌਲਿਆਂ ਕੀਤਾ ਜਾ ਸਕਣਾ ਬੇਹੱਦ ਮੁਸ਼ਕਿਲ ਹੋਵੇਗਾ |

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ 12-11-2026 ਅਗਲੀ ਖ਼ਬਰ ਆਪਣੀਆਂ ਜਥੇਬੰਦਕ ਕਮਜ਼ੋਰੀਆਂ ਨਾਲ ਜੂਝ ਰਹੀ ਹੈ ਕਾਂਗਰਸ
Ad Position 24