10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਗੈਂਗਸਟਰਾਂ ਦੀ ਚੁਣੌਤੀ

ਗੈਂਗਸਟਰਾਂ ਦੀ ਚੁਣੌਤੀ

Ad Position 21
No active advertisement
ਅਜੀਤ ਡੈਸਕ 11-11-2026

ਇਥੋਪੀਆ ਤੋਂ ਗੈਂਗਸਟਰ ਅਫ਼ਰੀਦੀ ਨੂੰ  ਭਾਰਤ ਲਿਆਉਣਾ ਸਰਕਾਰ ਦੀ ਇਕ ਵੱਡੀ ਸਫ਼ਲਤਾ ਮੰਨੀ ਜਾ ਸਕਦੀ ਹੈ | ਇਸ ਖ਼ਬਰ ਨਾਲ ਇਕ ਵਾਰ ਫਿਰ ਦੇਸ਼ ਅਤੇ ਪੰਜਾਬ ਵਿਚ ਫੈਲੇ ਗੈਂਗਸਟਰਵਾਦ ਦਾ ਮਸਲਾ ਚਰਚਾ ਦਾ ਕੇਂਦਰ ਬਿੰਦੂ ਵੀ ਬਣ ਗਿਆ ਹੈ | ਨਸ਼ਿਆਂ ਅਤੇ ਗੈਂਗਸਟਰਵਾਦ ਨੇ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਨੂੰ  ਵੱਡੀ ਚੁਣੌਤੀ ਦਿੱਤੀ ਹੋਈ ਹੈ | ਸਾਰੇ ਹੀ ਤਬਕਿਆਂ ਦੇ ਸਮਰੱਥ ਲੋਕ ਇਸ ਕਾਰਨ ਹਾਲੇ ਵੀ ਬੇਹੱਦ ਪ੍ਰੇਸ਼ਾਨੀ 'ਚੋਂ ਗੁਜ਼ਰ ਰਹੇ ਹਨ | ਗਿ੍ਫ਼ਤਾਰ ਗੈਂਗਸਟਰ ਅਫ਼ਰੀਦੀ ਦਾ ਨਾਂਅ ਗੁਰਵਿੰਦਰ ਸਿੰਘ ਹੈ | ਇਹ ਡੋਨੀ ਬੱਲ ਗੈਂਗ ਦਾ ਮੁੱਖ ਸਰਗਣਾ ਹੈ | ਪੁਲਿਸ ਮੁਖੀ ਗੌਰਵ ਯਾਦਵ ਨੇ ਇਸ ਸੰਬੰਧੀ ਦੱਸਿਆ ਹੈ ਕਿ ਇਸ ਗੈਂਗਸਟਰ ਨੂੰ  ਫੜਨ ਲਈ 10 ਮਹੀਨੇ ਤੋਂ ਕਾਰਵਾਈ ਚਲਦੀ ਰਹੀ ਸੀ | ਦੁਨੀਆ ਭਰ ਦੇ ਦੇਸ਼ਾਂ ਵਿਚ ਇਸ ਨੂੰ  ਲੱਭਿਆ ਗਿਆ ਸੀ |

ਮਿਲੇ ਵੇਰਵਿਆਂ ਮੁਤਾਬਿਕ ਉਹ ਮਾਰਚ, 2025 ਨੂੰ  ਮੁੰਬਈ ਹਵਾਈ ਅੱਡੇ ਤੋਂ ਸੰਯੁਕਤ ਅਰਬ ਅਮੀਰਾਤ ਨੂੰ  ਜਾਅਲੀ ਪਾਸਪੋਰਟ ਬਣਾ ਕੇ ਭੱਜ ਗਿਆ ਸੀ ਅਤੇ ਵੱਖ-ਵੱਖ ਦੇਸ਼ਾਂ ਤੋਂ ਹੁੰਦਾ ਹੋਇਆ ਇਸੇ ਮਹੀਨੇ ਇਥੋਪੀਆ ਪਹੁੰਚਿਆ ਸੀ | ਇਸ 'ਤੇ ਵੱਡਾ ਇਨਾਮ ਰੱਖਿਆ ਗਿਆ ਸੀ | ਪੰਜਾਬ ਪੁਲਿਸ ਅਤੇ ਕੇਂਦਰੀ ਏਜੰਸੀਆਂ ਨੇ ਮਿਲ ਕੇ ਉਸ ਦੀ ਭਾਲ ਕੀਤੀ ਸੀ | ਇਹ ਗੈਂਗਸਟਰ ਵਿਦੇਸ਼ਾਂ ਵਿਚ ਬੈਠ ਕੇ ਅਪਰਾਧਿਕ ਨੈੱਟਵਰਕ ਚਲਾ ਰਿਹਾ ਸੀ | ਉਸ 'ਤੇ ਕਤਲ, ਫਿਰੌਤੀ, ਅਸਲ੍ਹਾ ਐਕਟ ਅਤੇ ਹੋਰ ਕਈ ਤਰ੍ਹਾਂ ਦੇ 30 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਸਨ | ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਨ੍ਹਾਂ ਗੈਂਗਸਟਰਾਂ ਦੇ ਨੈੱਟਵਰਕ ਸੰਬੰਧੀ ਗੱਲ ਕਰਦਿਆਂ ਕਿਹਾ ਕਿ ਪਿਛਲੇ 6 ਮਹੀਨਿਆਂ ਦੌਰਾਨ ਵਿਦੇਸ਼ਾਂ ਤੋਂ 17 ਗੈਂਗਸਟਰਾਂ ਨੂੰ  ਭਾਰਤ ਵਾਪਸ ਲਿਆਂਦਾ ਜਾ ਚੁੱਕਾ ਹੈ ਅਤੇ ਇਹ ਮੁਹਿੰਮ ਲਗਾਤਾਰ ਜਾਰੀ ਹੈ | ਪੁਲਿਸ ਮੁਖੀ ਨੇ ਇਸ ਸੰਬੰਧੀ ਹੋਰ ਦੱਸਿਆ ਕਿ 'ਗੈਂਗਸਟਰਾਂ 'ਤੇ ਵਾਰ' ਦੀ ਕਾਰਵਾਈ ਲਗਾਤਾਰ ਜਾਰੀ ਹੈ | ਪੁਲਿਸ ਨੇ ਇਸ ਦੌਰਾਨ 523 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ | 174 ਅਪਰਾਧੀਆਂ ਨੂੰ  ਗਿ੍ਫ਼ਤਾਰ ਕੀਤਾ ਹੈ | ਉਨ੍ਹਾਂ ਇਹ ਵੀ ਖੁਲਾਸਾ ਕੀਤਾ ਹੈ ਕਿ ਹੁਣ ਤੱਕ ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਕੁੱਲ ਗਿਣਤੀ 83000 ਤੋਂ ਵਧੇਰੇ ਹੈ | ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਸੂਬੇ ਨੂੰ  ਗੈਂਗਸਟਰ ਮੁਕਤ ਰਾਜ ਬਣਾਉਣ ਦੇ ਉਦੇਸ਼ ਨਾਲ ਹੀ ਪਿਛਲੇ ਲੰਮੇ ਸਮੇਂ ਤੋਂ ਇਹ ਯੋਜਨਾਬੱਧ ਕਾਰਵਾਈ ਕੀਤੀ ਜਾ ਰਹੀ ਹੈ, ਜੋ ਕਿ 20 ਜਨਵਰੀ, 2026 ਨੂੰ  ਸ਼ੁਰੂ ਕੀਤੀ ਗਈ ਸੀ | ਇਸੇ ਤਰ੍ਹਾਂ ਹੀ ਉਨ੍ਹਾਂ ਨੇ ਦੱਸਿਆ ਕਿ 'ਯੁੱਧ ਨਸ਼ਿਆਂ ਵਿਰੁੱਧ' ਦੇ ਨਾਂਅ ਹੇਠ ਸ਼ੁਰੂ ਕੀਤੀ ਗਈ ਕਾਰਵਾਈ ਵਿਚ ਹੁਣ ਤੱਕ 90,000 ਤੋਂ ਵੀ ਵਧੇਰੇ ਵਿਅਕਤੀਆਂ ਨੂੰ  ਗਿ੍ਫ਼ਤਾਰ ਕੀਤਾ ਗਿਆ ਹੈ | ਇਸੇ ਕੜੀ ਵਿਚ ਹੀ ਵੱਡਾ ਗੈਂਗਸਟਰ ਲਾਰੈਂਸ ਬਿਸ਼ਨੋਈ ਸਾਲ 2015 ਤੋਂ ਜੇਲ੍ਹ ਵਿਚ ਬੰਦ ਹੈ, ਉਸ ਦੇ ਭਰਾ ਅਨਮੋਲ ਬਿਸ਼ਨੋਈ ਨੂੰ  ਵੀ ਅਮਰੀਕਾ ਤੋਂ ਇੱਥੇ ਲਿਆਂਦਾ ਗਿਆ ਹੈ |
ਇਹ ਸਭ ਕੁਝ ਕੌਮਾਂਤਰੀ ਤਾਲਮੇਲ ਅਤੇ ਅੰਤਰਰਾਜੀ ਸਹਿਯੋਗ ਨਾਲ ਹੀ ਕੀਤਾ ਜਾ ਰਿਹਾ ਹੈ | ਪਰ ਹੈਰਾਨੀ ਇਸ ਗੱਲ ਦੀ ਹੈ ਕਿ ਪੰਜਾਬ ਪ੍ਰਸ਼ਾਸਨ ਵਲੋਂ ਇਸ ਕਦਰ ਕੀਤੀਆਂ ਸਖ਼ਤ ਕਾਰਵਾਈਆਂ ਦੇ ਬਾਵਜੂਦ ਹਾਲੇ ਤੱਕ ਵੀ ਗੈਂਗਸਟਰਾਂ ਦੀ ਚੁਣੌਤੀ ਬਣੀ ਹੋਈ ਹੈ, ਜਿਸ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ | ਅੱਜ ਗੈਂਗਸਟਰਵਾਦ ਦੀ ਲਾਹਨਤ ਨੂੰ  ਸੂਬੇ ਵਿਚੋਂ ਖ਼ਤਮ ਕਰਨਾ ਇਕ ਅਜਿਹੀ ਵੱਡੀ ਚੁਣੌਤੀ ਹੈ, ਜਿਸ 'ਤੇ ਜਿੱਤ ਪ੍ਰਾਪਤ ਕਰਨਾ ਸਮੁੱਚੇ ਸਮਾਜ, ਪ੍ਰਸ਼ਾਸਨ ਅਤੇ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਹੈ | ਲੋੜ ਇਸ ਗੱਲ ਦੀ ਹੈ ਕਿ ਸੂਬੇ ਦੇ ਮੱਥੇ 'ਤੇ ਲੱਗੇ ਇਸ ਕਲੰਕ ਨੂੰ  ਹਰ ਸੂਰਤ ਵਿਚ ਮਿਟਾਇਆ ਜਾਵੇ |

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਵਿਚਾਰ-ਪ੍ਰਵਾਹ ਅਗਲੀ ਖ਼ਬਰ ਕੀ ਸਰਕਾਰ ਹੁਣ ਜਨਤਾ ਨੂੰ ਚੁਣੇਗੀ?
Ad Position 24