08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਭਾਰਤੀ ਰਾਜਨੀਤੀ ਵਿਚ ਸੋਨੀਆ ਗਾਂਧੀ ਦਾ ਰੋਲ

ਭਾਰਤੀ ਰਾਜਨੀਤੀ ਵਿਚ ਸੋਨੀਆ ਗਾਂਧੀ ਦਾ ਰੋਲ

Ad Position 21
No active advertisement
ਅਜੀਤ ਡੈਸਕ 10-11-2026

ਇਹ ਗੱਲ 2004 ਦੀ ਹੈ, ਜਦੋਂ ਲੋਕ ਸਭਾ ਚੋਣਾਂ ਦੇ ਨਤੀਜੇ ਆਏ ਤਾਂ ਕਾਂਗਰਸ ਅੱਗੇ ਸੀ ਤੇ ਭਾਜਪਾ ਪਿੱਛੇ ਰਹਿ ਗਈ | ਕਾਂਗਰਸ ਨੇ ਸਰਕਾਰ ਬਣਾਉਣ ਲਈ ਪਹਿਲ ਕਰਦਿਆਂ ਆਪਣੇ ਸਾਰੇ ਸਹਿਯੋਗੀਆਂ ਨੂੰ  ਇਕੱਠਾ ਕੀਤਾ | ਕਾਂਗਰਸ ਸੰਸਦੀ ਦਲ ਦੀ ਬੈਠਕ 'ਚ ਸੋਨੀਆ ਗਾਂਧੀ ਨੂੰ  ਨੇਤਾ ਚੁਣ ਲਿਆ ਗਿਆ ਤਾਂ ਦਿੱਲੀ 'ਚ ਖ਼ਬਰ ਫੈਲ ਗਈ ਕਿ ਉਹ ਅਗਲੀ ਪ੍ਰਧਾਨ ਮੰਤਰੀ ਹੋਵੇਗੀ | ਪਰ ਫਿਰ ਇਕ ਚਮਤਕਾਰ ਹੋਇਆ ਤੇ ਸੋਨੀਆ ਨੇ ਇਹ ਅਹੁਦਾ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ | ਕਾਂਗਰਸ ਅੰਦਰ ਹਫੜਾ-ਦਫੜੀ ਮਚ ਗਈ, ਕਾਂਗਰਸ ਵਰਕਰ ਇਕੱਠੇ ਹੋ ਕੇ ਪ੍ਰਦਰਸ਼ਨ ਕਰਨ ਲੱਗੇ ਕਿ ਸੋਨੀਆ ਪ੍ਰਧਾਨ ਮੰਤਰੀ ਬਣੇ, ਪਰ ਸੋਨੀਆ ਗਾਂਧੀ ਅਡੋਲ ਰਹੀ ਤੇ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਬਣ ਗਏ | ਸੋਨੀਆ ਨੇ ਆਪਣੀ ਆਤਮਕਥਾ ਵਿਚ ਕਿਹਾ ਹੈ ਕਿ ਉਸ ਦਾ ਮਨ ਪਹਿਲਾਂ ਤੋਂ ਹੀ ਸਪੱਸ਼ਟ ਸੀ ਕਿ ਉਹ ਪ੍ਰਧਾਨ ਮੰਤਰੀ ਨਹੀਂ ਬਣੇਗੀ, ਪਰ ਇਹ ਉਹ ਪਲ ਸੀ ਜਦੋਂ ਉਹ ਆਪਣੇ ਵਿਦੇਸ਼ੀ ਮੂਲ ਦੇ ਸਵਾਲ ਤੋਂ ਬਾਅਦ ਵੀ ਪ੍ਰਧਾਨ ਮੰਤਰੀ ਬਣ ਸਕਦੀ ਸੀ | ਉਦੋਂ ਪਾਰਟੀ 'ਚ ਕਿਸੇ ਨੇ ਉਸ ਦਾ ਵਿਰੋਧ ਨਹੀਂ ਸੀ ਕੀਤਾ, ਸਹਿਯੋਗੀ ਪਾਰਟੀਆਂ ਨੇ ਵੀ ਨਹੀਂ | ਪ੍ਰਧਾਨ ਮੰਤਰੀ ਦੀ ਉਹ ਕੁਰਸੀ ਜਿਸ ਨੂੰ  ਪਾਉਣ ਲਈ ਨੇਤਾ ਕਿਸੇ ਦੀ ਪਿੱਠ ਵਿਚ ਛੁਰਾ ਮਾਰਨ (ਧੋਖਾ ਦੇਣ) ਲਈ ਤਿਆਰ ਹੋ ਜਾਂਦੇ ਹਨ |  ਪਰ ਸੋਨੀਆ ਗਾਂਧੀ ਨੇ ਉਹ ਅਹੁਦਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ |

ਇਹ ਪਹਿਲੀ ਵਾਰ ਨਹੀਂ ਹੋਇਆ ਸੀ, ਰਾਜੀਵ ਗਾਂਧੀ ਦੀ ਮੌਤ ਤੋਂ ਬਾਅਦ ਵੀ ਪੂਰੀ ਕਾਂਗਰਸ ਪਾਰਟੀ ਨੇ ਸੋਨੀਆ ਗਾਂਧੀ ਕੋਲ ਪਹੁੰਚ ਕੀਤੀ ਸੀ | ਉਸ ਨੂੰ  ਨਹਿਰੂ-ਗਾਂਧੀ ਪਰਿਵਾਰ ਦੀ ਵਿਰਾਸਤ ਸੰਭਾਲਣ ਲਈ ਆਖਦਿਆਂ ਉਸ 'ਤੇ ਦਬਾਅ ਵੀ ਪਾਇਆ ਗਿਆ, ਪਰ ਉਸ ਨੇ ਇਨਕਾਰ ਕਰ ਦਿੱਤਾ | ਜੇਕਰ ਉਹ ਉਸ  ਸਮੇਂ ਸਹਿਮਤ ਹੋ ਜਾਂਦੀ ਤਾਂ ਪ੍ਰਧਾਨ ਮੰਤਰੀ ਬਣ ਸਕਦੀ ਸੀ, ਪਰ ਉਹ ਨਹੀਂ ਮੰਨੀ | ਉਸ ਨੇ ਇਕ ਨਹੀਂ ਦੋ-ਦੋ ਵਾਰ ਸੱਤਾ ਨੂੰ  ਠੁਕਰਾਇਆ ਹੈ | ਕਿਉਂ? ਇਸ ਦਾ ਜਵਾਬ ਸੋਨੀਆ ਨੇ ਆਪਣੀ ਕਿਤਾਬ ਵਿਚ ਦੇਣ ਦੀ ਕੋਸ਼ਿਸ਼ ਕੀਤੀ ਹੈ | ਪਰ ਸਵਾਲ ਇਹ ਨਹੀਂ ਹੈ ਕਿ ਉਹ ਪ੍ਰਧਾਨ ਮੰਤਰੀ ਨਹੀਂ ਬਣੀ, ਸਵਾਲ ਇਹ ਹੈ ਕਿ ਉਸ ਕੋਲ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਸੀ, ਪਰ ਉਹ ਨਹੀਂ ਬਣੀ |
ਸੱਤਾ ਦਾ ਲਾਲਚ ਤੇ ਲਾਲਸਾ ਵਿਅਕਤੀ ਤੋਂ ਕੀ ਕੁਝ ਨਹੀਂ ਕਰਵਾ ਲੈਂਦਾ, ਪਰ ਸੋਨੀਆ ਗਾਂਧੀ ਨੇ ਕਦੇ ਕੋਈ ਛੋਟਾਪਨ ਨਹੀਂ ਦਿਖਾਇਆ | ਉਹ ਤਾਂ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਰਾਜੀਵ ਗਾਂਧੀ ਦੇ ਪ੍ਰਧਾਨ ਮੰਤਰੀ ਬਣਨ ਦੇ ਵੀ ਵਿਰੁੱਧ ਸੀ | ਉਹ ਇਕ ਆਮ ਜ਼ਿੰਦਗੀ ਜਿਊਣਾ ਚਾਹੁੰਦੀ ਸੀ | ਉਹ ਜਿੰਨੀ ਜ਼ਿਆਦਾ ਸੱਤਾ ਨੂੰ  ਠੋਕਰ ਮਾਰਦੀ, ਸੱਤਾ ਓਨਾ ਹੀ ਉਸ ਦੇ ਨੇੜੇ ਆਉਂਦੀ ਗਈ | ਕਾਂਗਰਸ ਨੂੰ  ਬਚਾਉਣ ਲਈ ਉਹ ਪਾਰਟੀ ਦੀ ਪ੍ਰਧਾਨ ਬਣ ਗਈ ਸੀ | ਉਨ੍ਹਾਂ ਦਾ ਜੀਵਨ ਤੇ ਜਨਤਕ ਆਚਰਣ ਹਮੇਸ਼ਾ ਸਨਮਾਨਜਨਕ ਰਿਹਾ ਹੈ | ਇਹੀ ਉਹ ਥਾਂ ਹੈ ਜਿੱਥੇ ਇੰਦਰਾ ਗਾਂਧੀ ਦੀ ਦੂਜੀ ਨੂੰ ਹ ਮੇਨਕਾ ਗਾਂਧੀ ਮਾਤ ਖਾ ਗਈ, ਸੋਨੀਆ ਅੱਜ ਵੀ ਕਾਂਗਰਸ 'ਚ ਆਖਰੀ ਸ਼ਬਦ ਹੈ ਤੇ ਅੱਜ ਮੇਨਕਾ ਸਿਆਸਤ 'ਚ ਕਿਤੇ ਦਿਖਾਈ ਨਹੀਂ ਦਿੰਦੀ | ਭਾਜਪਾ ਨੇ ਨਹਿਰੂ-ਗਾਂਧੀ ਪਰਿਵਾਰ ਨੂੰ  ਭੜਕਾਉਣ ਲਈ ਮੇਨਕਾ ਗਾਂਧੀ ਦੀ ਵਰਤੋਂ ਕੀਤੀ, ਪਰ ਉਸ ਨੂੰ  ਕਦੇ ਵੀ ਉਹ ਸਤਿਕਾਰ ਨਹੀਂ ਦਿੱਤਾ, ਜੋ ਸੋਨੀਆ ਨੂੰ  ਕਾਂਗਰਸ ਵਿਚ ਮਿਲਿਆ ਹੈ |
ਸੋਨੀਆ ਦੀ ਖਾਸੀਅਤ ਇਹ ਨਹੀਂ ਸੀ ਕਿ ਉਹ ਨਹਿਰੂ-ਗਾਂਧੀ ਪਰਿਵਾਰ ਨਾਲ ਜੁੜੀ ਹੋਈ ਹੈ, ਉਸ ਦੀ ਖਾਸੀਅਤ ਇਹ ਹੈ ਕਿ ਉਹ ਉਸ ਪਰਿਵਾਰ ਦੀ ਇਤਿਹਾਸਕ ਵਿਰਾਸਤ ਨੂੰ  ਬਚਾਉਣ ਲਈ ਕੁਝ ਵੀ ਕਰ ਸਕਦੀ ਹੈ | ਰਾਜੀਵ ਗਾਂਧੀ ਦੀ ਮੌਤ ਤੋਂ ਬਾਅਦ ਉਸ ਕੋਲ ਇਟਲੀ ਜਾਣ ਦਾ ਬਦਲ ਵੀ ਸੀ, ਪਰ ਉਸ ਨੇ ਇੱਥੇ ਹੀ ਰਹਿ ਕੇ ਕਿਸੇ ਵੀ ਭਾਰਤੀ ਤੋਂ ਵੱਧ ਪੂਰੇ ਪਰਿਵਾਰ ਨੂੰ  ਸੰਭਾਲਿਆ | ਉਸ ਨੂੰ  ਰਾਜਨੀਤੀ ਦੀ ਕਿੰਨੀ ਕੁ ਸਮਝ ਸੀ, ਇਹ ਦੱਸਣ ਦੀ ਲੋੜ ਨਹੀਂ | ਸੀਤਾਰਾਮ ਕੇਸਰੀ ਨੂੰ  ਪ੍ਰਧਾਨਗੀ ਤੋਂ ਹਟਾਉਣ 'ਚ ਉਸ ਦੀ ਕਿੰਨੀ ਭੂਮਿਕਾ ਸੀ ਕੋਈ ਨਹੀਂ ਜਾਣਦਾ | ਪਰ ਇੰਨਾ ਜ਼ਰੂਰ ਹੈ ਕਿ ਜੇਕਰ ਕੇਸਰੀ ਕਾਂਗਰਸ ਪ੍ਰਧਾਨ ਬਣੇ ਰਹਿੰਦੇ, ਤਾਂ ਪਾਰਟੀ ਦਾ ਪੂਰਾ ਖ਼ਾਤਮਾ ਯਕੀਨੀ ਸੀ | ਦਰਅਸਲ ਕਾਂਗਰਸ ਦੀ ਅਗਵਾਈ ਸਿਰਫ਼ ਉਹੀ ਵਿਅਕਤੀ ਕਰ ਸਕਦਾ ਹੈ, ਜੋ ਆਪਣੇ-ਆਪ ਨੂੰ  ਸੱਤਾ ਤੋਂ ਉੱਪਰ ਰੱਖਦਾ ਹੈ | ਕੇਸਰੀ ਇਕ ਸਿਆਸਤਦਾਨ ਹੋਣ ਨਾਤੇ ਆਪਣੇ ਆਪ ਨੂੰ  ਪਾਰਟੀ ਦੀ ਅੰਦਰੂਨੀ ਰਾਜਨੀਤੀ ਤੋਂ ਉੱਪਰ ਰੱਖਣ 'ਚ ਨਾਕਾਮ ਰਹੇ | ਸੋਨੀਆ ਗਾਂਧੀ ਨੇ ਆਪਣੇ-ਆਪ ਨੂੰ  ਪਾਰਟੀ ਤੋਂ ਉੱਪਰ ਰਖ ਕੇ ਕਦੇ ਵੀ ਇਹ ਪ੍ਰਭਾਵ ਨਹੀਂ ਦਿੱਤਾ ਕਿ ਉਹ ਸੱਤਾ ਦੇ ਪਿੱਛੇ ਭੱਜ ਰਹੀ ਹੈ ਜਾਂ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿਚ ਹੈ | ਜੇਕਰ ਸੋਨੀਆ ਦੀ ਜਗ੍ਹਾ ਕੋਈ ਹੋਰ ਹੁੰਦਾ ਤਾਂ ਪਾਰਟੀ ਦੇ ਆਗੂ ਉਸ ਨੂੰ  ਇਕ ਪਲ ਵੀ ਟਿਕਣ ਨਾ ਦਿੰਦੇ | ਸੋਨੀਆ ਗਾਂਧੀ ਨੇ ਸੱਤਾ ਤੋਂ ਦੂਰ ਰਹਿ ਕੇ ਆਪਣਾ ਇਕ ਸਨਮਾਨਜਨਕ ਕਿਰਦਾਰ ਦਿਖਾਇਆ ਤੇ ਇਹੀ ਉਸ ਦੀ ਸਭ ਤੋਂ ਵੱਡੀ ਰਾਜਨੀਤਿਕ ਤਾਕਤ ਬਣ ਗਈ | ਮਹਾਤਮਾ ਗਾਂਧੀ ਨੇ ਵੀ ਤਾਂ ਇਸੇ ਤਰ੍ਹਾਂ ਕਰਦਿਆਂ ਹਮੇਸ਼ਾ ਆਪਣੇ ਆਪ ਨੂੰ  ਰਾਜਨੀਤੀ ਤੇ ਸੱਤਾ ਦੀ ਦੌੜ ਤੋਂ ਦੂਰ ਰੱਖਿਆ ਸੀ | 
ਸੋਨੀਆ ਗਾਂਧੀ ਨੇ ਆਪਣੇ ਪੂਰੇ ਰਾਜਨੀਤਿਕ ਕਰੀਅਰ 'ਚ ਇਕ ਹੀ ਗਲਤੀ ਕੀਤੀ, ਜਦੋਂ ਉਸ ਨੇ ਅਟਲ ਬਿਹਾਰੀ ਵਾਜਪਾਈ ਦੀ ਪਹਿਲੀ ਸਰਕਾਰ ਦੇ ਡਿੱਗਣ ਤੋਂ ਬਾਅਦ ਆਪਣੇ ਕੋਲ 272 ਸੀਟਾਂ ਹੋਣ ਦਾ ਦਾਅਵਾ ਕੀਤਾ ਸੀ | ਮੈਂ ਖ਼ੁਦ ਉਸ ਸਮੇਂ ਰਾਸ਼ਟਰਪਤੀ ਭਵਨ ਦੇ ਵਿਹੜੇ 'ਚ ਮੌਜੂਦ ਸੀ, ਮੁਲਾਇਮ ਸਿੰਘ ਯਾਦਵ ਨੇ ਉਸ ਦਾ ਸਮਰਥਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ | ਸੋਨੀਆ ਨੇ ਇੱਥੋਂ ਹੀ ਰਾਜਨੀਤੀ ਦਾ ਸਭ ਤੋਂ ਵੱਡਾ ਸਬਕ ਸਿੱਖਿਆ ਕਿ ਕਦੇ ਵੀ ਆਪਣੇ ਪੱਤੇ ਪਹਿਲਾਂ ਨਾ ਦਿਖਾਓ | ਲੋਕਾਂ ਦੀ ਗੱਲ ਸੁਣੋ ਤੇ ਫਿਰ ਸਲਾਹ-ਮਸ਼ਵਰਾ ਕਰਕੇ ਆਪਣੇ ਫ਼ੈਸਲਾ ਸੁਣਾਓ | ਸੋਨੀਆ ਭਾਰਤੀ ਰਾਜਨੀਤੀ ਵਿਚ ਇਕ ਬਾਹਰੀ (ਆਊਟਸਾਈਡਰ) ਸੀ | ਭਾਰਤ ਦੇ ਸੌੜੇ ਜਗੀਰੂ ਸਮਾਜ ਖਾਸ ਕਰਕੇ ਰਾਜਨੀਤੀ 'ਚ ਖ਼ੁਦ ਲਈ ਸਵੀਕ੍ਰਿਤੀ ਪ੍ਰਾਪਤ ਕਰਨਾ ਆਸਾਨ ਨਹੀਂ ਸੀ | ਇਹ ਤਲਵਾਰ ਦੀ ਧਾਰ 'ਤੇ ਤੁਰਨ ਵਾਂਗ ਸੀ, ਜਦੋਂ ਇਕ ਛੋਟੀ ਜਿਹੀ ਗਲਤੀ ਵੀ ਉਸ ਦੇ ਪੂਰੇ ਕਰੀਅਰ ਨੂੰ  ਤਬਾਹ ਕਰ ਸਕਦੀ ਸੀ | ਇਕ ਪਾਸੇ ਉਸ ਨੂੰ  ਕਮਜ਼ੋਰ ਹੋ ਰਹੀ ਕਾਂਗਰਸ ਪਾਰਟੀ ਨੂੰ  ਸੰਭਾਲਣਾ ਪਿਆ ਤੇ ਦੂਜੇ ਪਾਸੇ ਪਰਿਵਾਰਕ ਵਿਰਾਸਤ ਨੂੰ  ਵੀ ਅੱਗੇ ਵਧਾਉਣਾ ਸੀ | ਉਸ ਨੇ ਕਾਂਗਰਸ ਪਾਰਟੀ ਨੂੰ  ਟੁੱਟਣ ਨਹੀਂ ਦਿੱਤਾ ਤੇ 2014 ਤੋਂ ਬਾਅਦ ਜਦੋਂ ਉਸ ਦੇ ਪਰਿਵਾਰ ਨੂੰ  ਚਾਰੇ ਪਾਸਿਆਂ ਤੋਂ ਘੇਰ ਲਿਆ ਗਿਆ ਤਾਂ ਵੀ ਉਹ ਅਡੋਲ ਰਹੀ | ਸ਼ੁਰੂ 'ਚ ਲੋਕਾਂ ਨੂੰ  ਲੱਗਾ ਕਿ ਉਸ ਨੇ ਪਾਰਟੀ 'ਚ ਰਾਹੁਲ ਗਾਂਧੀ ਨੂੰ  ਅੱਗੇ ਕਰਕੇ ਵੱਡੀ ਗਲਤੀ ਕੀਤੀ ਹੈ, ਸ਼ਾਇਦ ਉਹ  ਪੁੱਤਰ ਮੋਹ 'ਚ ਫਸ ਗਈ ਸੀ | ਪਰ ਹੁਣ ਲੱਗਦਾ ਹੈ ਕਿ ਉਸ ਦਾ ਫ਼ੈਸਲਾ ਸਹੀ ਸੀ, ਰਾਹੁਲ ਹੀ ਕਾਂਗਰਸ ਪਰਿਵਾਰ ਦਾ ਸਹੀ ਵਾਰਿਸ ਹੈ | ਜਿਸ ਕੋਲ ਫਿਰਕੂ ਤਾਕਤਾਂ ਨਾਲ ਲੜਨ ਲਈ ਲੋੜੀਂਦਾ ਜਨੂੰਨ ਤੇ ਹਿੰਮਤ ਹੈ | ਇਕ ਕਮਜ਼ੋਰ ਦਿਲ ਵਾਲਾ ਆਦਮੀ ਮੋਦੀ ਤੇ ਸ਼ਾਹ ਦੀ ਭਾਜਪਾ ਅਤੇ ਆਰ.ਐਸ.ਐਸ. ਦੀ ਵਿਚਾਰਧਾਰਾ ਨਾਲ ਨਹੀਂ ਲੜ ਸਕਦਾ |
ਜੋ ਕੰਮ ਅਰਬਾਂ ਰੁਪਏ ਖਰਚ ਕਰਕੇ ਨਹੀਂ ਕੀਤਾ ਜਾ ਸਕਦਾ ਉਹ ਸੋਨੀਆ ਗਾਂਧੀ ਨੇ ਆਪਣੀ ਆਤਮਕਥਾ ਲਿਖ ਕੇ ਕਰ ਦਿੱਤਾ ਹੈ | ਉਹ ਕਿਵੇਂ ਰਾਜਨੀਤੀ 'ਚ ਆਈ, ਇਹ ਪੂਰਾ ਬਿਰਤਾਂਤ ਭਾਜਪਾ ਦੇ ਹਿੰਦੂਤਵ ਏਜੰਡੇ ਲਈ ਇਕ ਮਹੱਤਵਪੂਰਨ ਚੁਣੌਤੀ ਹੈ | ਮਹਾਂਭਾਰਤ ਦੇ ਪਾਠ ਤੇ ਗੀਤਾ ਦੇ ਸਬਕਾਂ ਨੇ ਉਸ ਦੇ ਮਨ ਨੂੰ  ਬਦਲਿਆ ਤੇ ਉਹ ਅਰਜੁਨ ਵਾਂਗ ਨਤੀਜੇ ਦੀ ਚਿੰਤਾ ਕੀਤੇ ਬਗੈਰ ਰਾਜਨੀਤੀ 'ਚ ਕੁੱਦ ਪਈ | ਸ਼ਾਇਦ ਰਾਹੁਲ ਗਾਂਧੀ ਲਈ ਵੀ ਇਹੀ ਸੁਨੇਹਾ ਹੈ ਕਿ ਜੰਗ ਤੇ ਜੀਵਨ ਦੀ ਲੜਾਈ 'ਚ ਫਲ ਹੀ ਸਭ ਕੁਝ ਨਹੀਂ ਹੁੰਦਾ | ਉਦੇਸ਼ ਦੀ ਪਵਿੱਤਰਤਾ ਜ਼ਰੂਰੀ ਤੇ ਮਹੱਤਵਪੂਰਨ ਹੈ ਤੇ ਉਸ ਦੇ ਲਈ ਭਾਵੇਂ ਅਪਮਾਨਿਤ ਵੀ ਹੋਣਾ   ਪਵੇ ਤਾਂ ਵੀ ਕੋਈ ਫਿਕਰ ਨਹੀਂ |
ਦਰਅਸਲ ਅੱਜ ਦੇਸ਼ ਬਹੁਤ ਮੁਸ਼ਕਿਲ ਸਮੇਂ 'ਚੋਂ ਲੰਘ ਰਿਹਾ ਹੈ | ਦੇਸ਼ ਨੂੰ  ਸਿਰਫ਼ ਉਹੀ ਲੋਕ ਬਚਾਅ ਸਕਦੇ ਹਨ, ਜੋ ਆਪਣੀ ਵਿਚਾਰਧਾਰਾ ਨਾਲ ਸਮਝੌਤਾ ਕੀਤੇ ਬਗੈਰ ਸੰਘਰਸ਼ ਕਰਨਗੇ | ਕੁਰਸੀ ਦੀ ਦੌੜ 'ਚ ਸ਼ਾਮਿਲ ਛੋਟੀਆਂ ਖੇਤਰੀ ਪਾਰਟੀਆਂ ਤੋਂ ਕੋਈ ਵੀ ਉਮੀਦ ਕਰਨਾ ਵਿਅਰਥ ਹੈ, ਕਿਉਂਕਿ ਉਹ ਵੱਡੀ ਸੱਤਾ ਤੋਂ ਆਪਣੇ ਆਪ ਨੂੰ  ਬਚਾਉਣ ਲਈ ਕੋਈ ਵੀ ਸਮਝੌਤਾ ਕਰ ਸਕਦੇ ਹਨ | ਅੱਜ ਦੇਸ਼ ਨੂੰ  ਇਕ ਮਜ਼ਬੂਤ ਸ਼ਖ਼ਸੀਅਤ ਦੀ ਲੋੜ ਹੈ | ਅਜਿਹੀ ਸਥਿਤੀ ਵਿਚ ਸੋਨੀਆ ਗਾਂਧੀ ਦਾ ਰਾਹੁਲ ਦੇ ਪਿੱਛੇ ਖੜ੍ਹੇ ਹੋਣਾ, ਰਾਜਨੀਤੀ ਤੋਂ ਸੰਨਿਆਸ ਦੇ ਬਾਅਦ ਦੀ ਰਾਜਨੀਤੀ ਹੈ | ਕੀ ਇਹ ਸਹੀ ਰਾਜਨੀਤੀ ਹੈ, ਹੁਣ ਇਹ ਦੇਸ਼ ਨੇ ਤੈਅ ਕਰਨਾ ਹੈ |

ਈ-ਮੇਲ : ashutosh83b@gmail.com

Ad Position 22
No active advertisement
ਪਿਛਲੀ ਖ਼ਬਰ ਸੋਨੀਆ ਗਾਂਧੀ ਦੀਆਂ ਯਾਦਾਂ ਅਗਲੀ ਖ਼ਬਰ ਕੀ ਅਸ਼ਲੀਲ ਤੇ ਬੰਦੂਕ ਸੱਭਿਆਚਾਰ ਵਾਲੇ ਗੀਤਾਂ 'ਤੇ ਨਾਚ ਸਹੀ ਹੈ?
Ad Position 24