ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਤੇ ਐਕਸ਼ਨ ਕਮੇਟੀ ਮਾਨਸਾ ਦੀ ਮੰਗ ਨੂੰ ਮੁੱਖ ਰੱਖਦਿਆਂ ਪਰਵਿੰਦਰ ਸਿੰਘ ਝੋਟਾ ਹੱਤਿਆ ਕਾਂਡ ਦੀ ਜਾਂਚ ਸੀ.ਬੀ.ਆਈ. ਨੂੰ ਦੇਣ ਦਾ ਐਲਾਨ ਕੀਤਾ ਹੈ | ਇਸ ਨਾਲ ਸੰਭਵ ਹੈ ਕਿ ਹੁਣ ਪਰਵਿੰਦਰ ਸਿੰਘ ਝੋਟਾ ਦੇ ਸਸਕਾਰ ਲਈ ਅੜਿੱਕਾ ਦੂਰ ਹੋ ਸਕੇਗਾ ਅਤੇ ਪਰਿਵਾਰ ਵਿਚ ਇਨਸਾਫ਼ ਮਿਲਣ ਸੰਬੰਧੀ ਵੀ ਉਮੀਦ ਵਧ ਸਕੇਗੀ | ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਪਰਿਵਾਰ ਨੂੰ ਮਿਲ ਕੇ ਇਸ ਕੇਸ ਦੀ ਨਿਰਪੱਖ ਜਾਂਚ ਕਰਵਾ ਕੇ ਦੋਸ਼ੀ ਨੂੰ ਸਖ਼ਤ ਸਜ਼ਾ ਦੁਆਉਣ ਦਾ ਭਰੋਸਾ ਦਿੱਤਾ ਹੈ |
ਬਿਨਾਂ ਸ਼ੱਕ ਪੰਜਾਬ ਇਸ ਸਮੇਂ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ | ਇਨ੍ਹਾਂ ਸਮੱਸਿਆਵਾਂ ਵਿਚੋਂ ਜੋ ਇਸ ਸਮੇਂ ਸਭ ਤੋਂ ਵੱਡੀ ਸਮੱਸਿਆ ਬਣ ਕੇ ਸਾਡੇ ਸਾਹਮਣੇ ਆ ਰਹੀ ਹੈ, ਉਹ ਹੈ ਵੱਖ-ਵੱਖ ਤਰ੍ਹਾਂ ਦੇ ਨਸ਼ਿਆਂ ਦਾ ਰਾਜ ਵਿਚ ਪ੍ਰਚਲਣ | ਕਦੇ ਪੰਜਾਬ ਦੇ ਉੱਘੇ ਕਵੀ ਪ੍ਰੋ. ਪੂਰਨ ਸਿੰਘ ਨੇ ਲਿਖਿਆ ਸੀ, 'ਪੰਜਾਬ ਜਿਊਾਦਾ ਗੁਰਾਂ ਦੇ ਨਾਂ ਉੱਤੇ' | ਆਪਣੀ ਕਵਿਤਾ ਦੀਆਂ ਇਨ੍ਹਾਂ ਸਤਰਾਂ ਵਿਚ ਉਨ੍ਹਾਂ ਦਾ ਇਸ਼ਾਰਾ ਪੰਜਾਬ ਦੇ ਅਮੀਰ ਵਿਰਸੇ ਅਤੇ ਸਿਹਤਮੰਦ ਕਦਰਾਂ ਕੀਮਤਾਂ ਵੱਲ ਸੀ | ਅਜਿਹੀਆਂ ਕਦਰਾਂ ਕੀਮਤਾਂ, ਜਿਨ੍ਹਾਂ ਦੇ ਧਾਰਨੀ ਬਣ ਕੇ ਪੰਜਾਬੀਆਂ ਨੇ ਵੱਡੀਆਂ-ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਸੀ ਅਤੇ ਇਤਿਹਾਸ ਵਿਚ ਆਪਣੀ ਸ਼ਾਨ ਅਤੇ ਰੁਤਬੇ ਨੂੰ ਬੁਲੰਦ ਰੱਖਿਆ ਸੀ | ਗੁਰੂ ਸਾਹਿਬਾਨ ਅਤੇ ਸਾਡੇ ਹੋਰ ਧਾਰਮਿਕ ਰਹਿਬਰਾਂ ਨੇ ਪੰਜਾਬੀਆਂ ਨੂੰ ਸਾਵੀਂ-ਪੱਧਰੀ ਜ਼ਿੰਦਗੀ ਜਿਊਣ ਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ ਸੀ | ਕੁਝ ਦਹਾਕੇ ਪਹਿਲਾਂ ਇਹ ਸੋਚਿਆ ਵੀ ਨਹੀਂ ਜਾ ਸਕਦਾ ਸੀ ਕਿ ਪੰਜਾਬ ਦੇ ਲੋਕਾਂ ਦਾ ਇਕ ਵੱਡਾ ਹਿੱਸਾ ਇਸ ਤਰ੍ਹਾਂ ਨਸ਼ਿਆਂ ਦੀ ਦਲਦਲ ਵਿਚ ਫਸ ਕੇ ਮੜ੍ਹੀਆਂ ਦੇ ਰਾਹ ਪੈ ਜਾਵੇਗਾ | ਪਰ ਅੱਜ ਇਹ ਸਭ ਕੁਝ ਵਾਪਰਦਾ ਅਸੀਂ ਅੱਖੀਂ ਵੇਖ ਰਹੇ ਹਾਂ |
ਪਿਛਲੇ ਸਮਿਆਂ ਵਿਚ ਰਾਜ ਵਿਚ ਬਣੀਆਂ ਵੱਖ-ਵੱਖ ਸਰਕਾਰਾਂ ਨੇ ਆਪੋ-ਆਪਣੀਆਂ ਨੀਤੀਆਂ ਨਾਲ ਨਸ਼ਿਆਂ ਦੇ ਪ੍ਰਚਲਣ ਅਤੇ ਰਾਜ ਨੂੰ ਹੋ ਰਹੀ ਨਸ਼ਿਆਂ ਦੀ ਸਪਲਾਈ ਨੂੰ ਰੋਕਣ ਲਈ ਅਨੇਕਾਂ ਯਤਨ ਕੀਤੇ ਸਨ, ਪਰ ਇਸ ਵਬਾ ਤੋਂ ਰਾਜ ਦਾ ਛੁਟਕਾਰਾ ਨਹੀਂ ਹੋ ਸਕਿਆ | ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਵੀ 'ਯੁੱਧ ਨਸ਼ਿਆਂ ਵਿਰੁੱਧ' ਦੇ ਨਾਂਅ 'ਤੇ ਪਿਛਲੇ ਕੁਝ ਸਾਲਾਂ ਤੋਂ ਇਕ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ | ਵੱਡੀ ਪੱਧਰ 'ਤੇ ਨਸ਼ੀਲੇ ਪਦਾਰਥ ਅਤੇ ਤਸਕਰ ਫੜੇ ਗਏ ਹਨ, ਉਨ੍ਹਾਂ 'ਤੇ ਵੱਖ-ਵੱਖ ਧਾਰਾਵਾਂ ਅਧੀਨ ਕੇਸ ਵੀ ਦਰਜ ਕੀਤੇ ਗਏ ਹਨ | ਪਰ ਇਸ ਦੇ ਬਾਵਜੂਦ ਰਾਜ ਨੂੰ ਹੋ ਰਹੀ ਨਸ਼ਿਆਂ ਦੀ ਸਪਲਾਈ ਨਹੀਂ ਰੁਕੀ ਅਤੇ ਨਾ ਹੀ ਇਨ੍ਹਾਂ ਦੀ ਖਪਤ ਵਿਚ ਕੋਈ ਵੱਡੀ ਕਮੀ ਹੋਈ ਹੈ | ਲਗਭਗ ਹਰ ਰੋਜ਼ ਨੌਜਵਾਨਾਂ ਦੇ ਵਧੇਰੇ ਨਸ਼ਾ ਲੈ ਕੇ ਮਰਨ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ, ਜੋ ਹਰ ਸੰਵੇਦਨਸ਼ੀਲ ਵਿਅਕਤੀ ਨੂੰ ਪ੍ਰੇਸ਼ਾਨ ਕਰਦੀਆਂ ਹਨ | ਹਾਲਾਤ ਇਥੋਂ ਤੱਕ ਪਹੁੰਚ ਗਏ ਹਨ ਕਿ ਪਿੰਡਾਂ ਤੇ ਸ਼ਹਿਰਾਂ ਵਿਚ ਜਿਹੜੇ ਲੋਕ ਨਸ਼ਾ ਤਸਕਰਾਂ ਦਾ ਵਿਰੋਧ ਕਰਦੇ ਹਨ, ਉਨ੍ਹਾਂ ਨੂੰ ਵੀ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਿਛਲੇ ਦਿਨਾਂ ਵਿਚ ਅਨੇਕਾਂ ਇਹੋ ਜਿਹੀਆਂ ਘਟਨਾਵਾਂ ਵਾਪਰੀਆਂ ਹਨ | ਅਜਿਹਾ ਹੀ ਇਕ ਘਟਨਾਕ੍ਰਮ ਮਾਨਸੇ ਵਿਚ 13 ਅਕਤੂਬਰ ਨੂੰ ਵਾਪਰਿਆ ਸੀ, ਜਦੋਂ ਨਸ਼ਿਆਂ ਵਿਰੁੱਧ ਜੱਦੋ-ਜਹਿਦ ਕਰ ਰਹੇ ਪਰਵਿੰਦਰ ਸਿੰਘ ਝੋਟਾ ਦੀ ਇਕ ਮੈਡੀਕਲ ਸਟੋਰ ਦੇ ਮਾਲਿਕ ਅਸ਼ਵਨੀ ਕੁਮਾਰ, ਜੋ ਨਸ਼ੀਲੀਆਂ ਗੋਲੀਆਂ ਵੇਚਣ ਲਈ ਬਦਨਾਮ ਹੈ, ਨਾਲ ਉਸ ਦੀ ਦੁਕਾਨ ਵਿਚ ਇਸ ਮੁੱਦੇ ਨੂੰ ਲੈ ਕੇ ਬਹਿਸ ਹੋ ਗਈ ਸੀ | ਅਸ਼ਵਨੀ ਕੁਮਾਰ ਨੇ ਗੋਲੀਆਂ ਚਲਾ ਕੇ ਪਰਵਿੰਦਰ ਸਿੰਘ ਝੋਟਾ ਨੂੰ ਮਾਰ ਦਿੱਤਾ ਸੀ, ਅਤੇ ਉਸ ਦੇ ਕੁਝ ਸਾਥੀਆਂ ਨੂੰ ਜ਼ਖ਼ਮੀ ਕਰ ਦਿੱਤਾ ਸੀ |
ਇਸ ਘਟਨਾਕ੍ਰਮ ਨੇ ਪੰਜਾਬ ਵਿਚ ਵੱਡੀ ਪੱਧਰ 'ਤੇ ਰੋਹ ਤੇ ਰੋਸ ਪੈਦਾ ਕਰ ਦਿੱਤਾ ਸੀ | 15 ਅਕਤੂਬਰ ਨੂੰ ਮਾਨਸਾ ਵਿਚ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇਨਸਾਫ਼ ਦੁਆਉਣ ਲਈ ਬਣੀ ਐਕਸ਼ਨ ਕਮੇਟੀ ਦੇ ਸੱਦੇ 'ਤੇ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ, ਜਿਸ ਨੂੰ ਰਾਜ ਵਿਚ ਚੋਖਾ ਹੁੰਗਾਰਾ ਮਿਲਿਆ ਸੀ | ਐਕਸ਼ਨ ਕਮੇਟੀ ਨੇ ਅਤੇ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ, ਜੋ ਕਿ ਇਕ ਸਾਬਕ ਫ਼ੌਜੀ ਹਨ, ਨੇ ਪਰਵਿੰਦਰ ਸਿੰਘ ਝੋਟਾ ਦਾ ਸਸਕਾਰ ਕਰਨ ਤੋਂ ਪਹਿਲਾਂ ਰਾਜ ਸਰਕਾਰ ਸਾਹਮਣੇ ਕੁਝ ਮੰਗਾਂ ਰੱਖੀਆਂ ਸਨ ਅਤੇ ਉਨ੍ਹਾਂ ਦੀ ਪੂਰਤੀ ਤੋਂ ਬਾਅਦ ਹੀ ਸਸਕਾਰ ਕਰਨ ਦੀ ਗੱਲ ਆਖੀ ਸੀ | ਐਕਸ਼ਨ ਕਮੇਟੀ ਵਲੋਂ ਰੱਖੀਆਂ ਗਈਆਂ ਮੰਗਾਂ ਵਿਚ ਮੁੱਖ ਮੰਤਰੀ ਅਤੇ ਡੀ.ਜੀ.ਪੀ. ਦਾ ਅਸਤੀਫ਼ਾ, ਪਰਵਿੰਦਰ ਸਿੰਘ ਝੋਟਾ ਦੇ ਕਤਲਕਾਂਡ ਦੀ ਸੀ.ਬੀ.ਆਈ. ਤੋਂ ਜਾਂਚ ਕਰਵਾਉਣ ਸਮੇਤ ਕੁੱਝ ਹੋਰ ਮੰਗਾਂ ਸ਼ਾਮਿਲ ਸਨ | ਪੰਜਾਬ ਸਰਕਾਰ ਨੇ ਤਿੰਨ ਔਰਤ ਆਈ.ਏ.ਐਸ. ਅਧਿਕਾਰੀਆਂ ਦੀ ਇਕ ਕਮੇਟੀ ਬਣਾ ਕੇ ਪਰਿਵਾਰ ਅਤੇ ਐਕਸ਼ਨ ਕਮੇਟੀ ਨਾਲ ਇਸ ਮਸਲੇ 'ਤੇ ਗੱਲਬਾਤ ਵੀ ਕੀਤੀ ਸੀ, ਪਰ ਫਿਰ ਵੀ ਗਤੀਰੋਧ ਖ਼ਤਮ ਨਹੀਂ ਸੀ ਹੋਇਆ | ਇਸ ਤੋਂ ਬਾਅਦ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ ਆਪਣਾ ਰੁਖ ਕੁਝ ਨਰਮ ਕਰਦਿਆਂ ਇਹ ਵੀ ਕਿਹਾ ਸੀ ਕਿ ਉਹ ਮੁੱਖ ਮੰਤਰੀ ਅਤੇ ਡੀ.ਜੀ.ਪੀ. ਦੇ ਅਸਤੀਫ਼ੇ ਦੀ ਮੰਗ ਨਹੀਂ ਕਰ ਰਹੇ, ਸਗੋਂ ਇਹ ਚਾਹੁੰਦੇ ਹਨ ਕਿ ਇਸ ਕਤਲਕਾਂਡ ਦੀ ਸੀ.ਬੀ.ਆਈ. ਤੋਂ ਜਾਂਚ ਕਰਵਾਈ ਜਾਵੇ | ਸ਼ਾਇਦ ਪਰਿਵਾਰ ਦੀ ਇਸ ਮੰਗ ਨੂੰ ਮੁੱਖ ਰੱਖਦਿਆਂ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਕਤਲ ਕਾਂਡ ਦੀ ਜਾਂਚ ਸੀ.ਬੀ.ਆਈ. ਨੂੰ ਦੇਣ ਦਾ ਐਲਾਨ ਕੀਤਾ ਹੈ | ਜੇਕਰ ਪੰਜਾਬ ਸਰਕਾਰ ਵਲੋਂ ਕੁਝ ਦਿਨ ਪਹਿਲਾਂ ਹੀ ਅਜਿਹੀ ਪਹਿਲਕਦਮੀ ਕੀਤੀ ਹੁੰਦੀ ਤਾਂ ਹੋ ਸਕਦਾ ਸੀ ਕਿ ਹੁਣ ਤੱਕ ਪਰਵਿੰਦਰ ਸਿੰਘ ਝੋਟਾ ਦਾ ਸਸਕਾਰ ਹੋ ਚੁੱਕਾ ਹੁੰਦਾ | ਫਿਰ ਵੀ ਮੁੱਖ ਮੰਤਰੀ ਵਲੋਂ ਕੀਤੀ ਗਈ ਇਸ ਪਹਿਲਕਦਮੀ ਨੂੰ ਸਹੀ ਦਿਸ਼ਾ ਵਿਚ ਇਕ ਕਦਮ ਕਿਹਾ ਜਾ ਸਕਦਾ ਹੈ | ਸੰਭਵ ਹੈ ਕਿ ਸਰਕਾਰ ਦੇ ਇਸ ਫ਼ੈਸਲੇ ਦੇ ਪਿੱਛੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਦਾ ਵੀ ਪ੍ਰਭਾਵ ਹੋਵੇ | ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਾਨਸੇ ਵਿਚ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਤੋਂ ਇਲਾਵਾ ਗੁਰਦਾਸਪੁਰ ਤੇ ਸੰਗਰੂਰ ਵਿਚ ਵੀ ਕੁੱਝ ਉਨ੍ਹਾਂ ਪਰਿਵਾਰਾਂ ਦੇ ਲੋਕਾਂ ਨਾਲ ਮੁਲਾਕਾਤਾਂ ਕੀਤੀਆਂ ਹਨ, ਜਿਨ੍ਹਾਂ ਦੇ ਜੀਆਂ ਨੂੰ ਨਸ਼ਿਆਂ ਦੀ ਵਿੱਕਰੀ ਦਾ ਵਿਰੋਧ ਕਰਨ ਕਾਰਨ ਆਪਣੀਆਂ ਜਾਨਾਂ ਗਵਾਉਣੀਆਂ ਪਈਆਂ ਹਨ |
ਬਿਨਾਂ ਸ਼ੱਕ ਪੰਜਾਬ ਵਿਚ ਨਸ਼ਿਆਂ ਦਾ ਵਰਤਾਰਾ ਇਕ ਅਸਾਧ ਰੋਗ ਬਣ ਚੁੱਕਾ ਹੈ, ਜੋ ਪੰਜਾਬ ਦੀ ਹੋਂਦ, ਹਸਤੀ ਨੂੰ ਵੱਡੀ ਚੁਣੌਤੀ ਦੇ ਰਿਹਾ ਹੈ | ਭਾਵੇਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਿਰ 'ਤੇ ਹੋਣ ਕਰਕੇ ਰਾਜਨੀਤਕ ਪਾਰਟੀਆਂ ਇਸ ਮੁੱਦੇ ਨੂੰ ਲੈ ਕੇ ਇਕ ਦੂਜੇ ਵਿਰੁੱਧ ਦੂਸ਼ਣਬਾਜ਼ੀ ਕਰ ਕੇ ਸਿਆਸਤ ਕਰਦੀਆਂ ਵੀ ਨਜ਼ਰ ਆ ਰਹੀਆਂ ਹਨ, ਪਰ ਰਾਜ ਦੇ ਹਾਲਾਤ ਇਹ ਮੰਗ ਕਰਦੇ ਹਨ ਕਿ ਸਾਰੀਆਂ ਰਾਜਨੀਤਕ ਪਾਰਟੀਆਂ ਅਤੇ ਧਾਰਮਿਕ ਤੇ ਸਮਾਜਿਕ ਸੰਗਠਨ ਇਸ ਸੰਬੰਧੀ ਇਕ ਵੱਡੀ ਜਨਤਕ ਮੁਹਿੰਮ ਚਲਾਉਣ ਲਈ ਇਕ ਮੰਚ 'ਤੇ ਇਕੱਠੇ ਹੋਣ ਅਤੇ ਕੇਂਦਰ ਤੇ ਰਾਜ ਸਰਕਾਰ ਵੀ ਇਸ ਮਹਾਂਮਾਰੀ ਨੂੰ ਖ਼ਤਮ ਕਰਨ ਲਈ ਆਪਸ ਵਿਚ ਸਹਿਯੋਗ ਕਰਨ | ਸਰਕਾਰਾਂ ਵਲੋਂ ਆਪਣੇ ਫ਼ਰਜ਼ ਅਦਾ ਕੀਤੇ ਜਾਣ, ਰਾਜਨੀਤਕ, ਧਾਰਮਿਕ ਤੇ ਸਮਾਜਿਕ ਸੰਗਠਨਾਂ ਵਲੋਂ ਲੋਕਾਂ ਨੂੰ ਨਸ਼ਿਆਂ ਦੇ ਵਰਤਾਰੇ ਵਿਰੁੱਧ ਸੁਚੇਤ ਤੇ ਲਾਮਬੰਦ ਕਰਨ ਲਈ ਆਪਣਾ ਫ਼ਰਜ਼ ਨਿਭਾਇਆ ਜਾਵੇ | ਇਹੋ ਜਿਹੇ ਸਮੂਹਿਕ ਯਤਨਾਂ ਨਾਲ ਹੀ ਇਸ ਘਾਤਕ ਵਰਤਾਰੇ ਨੂੰ ਰੋਕਣ ਵਿਚ ਸਫ਼ਲਤਾ ਮਿਲ ਸਕਦੀ ਹੈ |
ਆਸ ਹੈ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਆਪਣੇ ਸਮੂਹਿਕ ਯਤਨਾਂ ਦੇ ਨਾਲ ਇਸ ਵੱਡੇ ਸੰਕਟ ਤੋਂ ਜ਼ਰੂਰ ਉੱਭਰ ਕੇ ਸਾਹਮਣੇ ਆਏਗਾ ਅਤੇ ਪੰਜਾਬੀ ਫਿਰ ਤੋਂ ਪਹਿਲਾਂ ਵਾਂਗ ਆਪਣੀ ਵਿਕਾਸ ਯਾਤਰਾ ਨੂੰ ਜਾਰੀ ਰੱਖਣ ਦੇ ਸਮਰੱਥ ਹੋ ਸਕਣਗੇ |