ਅਜੇ ਵੀ ਜ਼ਮੀਨ ਹੇਠਲੇ ਪਾਣੀ ਦਾ ਪੱਧਰ 153 ਬਲਾਕਾਂ 'ਚੋਂ 110 ਬਲਾਕਾਂ 'ਚ ਤੱਸਲੀ ਬਖ਼ਸ ਨਹੀਂ | ਪਾਣੀ ਦੀ ਖ਼ਪਤ ਜ਼ਿਆਦਾ ਹੈ | ਝੋਨੇ ਦੀ ਕਾਸ਼ਤ ਹੇਠ ਰਕਬਾ ਲਗਾਤਾਰ ਵਧ ਰਿਹਾ ਹੈ ਅਤੇ ਸਬਜ਼ ਇਨਕਲਾਬ ਤੋਂ ਪਹਿਲਾਂ 2.27 ਲੱਖ ਹੈਕਟੇਅਰ ਰਕਬੇ ਤੋਂ ਵੱਧ ਕੇ 32 ਲੱਖ ਹੈਕਟੇਅਰ ਤੋਂ ਟੱਪ ਗਿਆ | ਇਸ 'ਚ ਭਾਵੇਂ 7.2 ਲੱਖ ਹੈਕਟੇਅਰ ਰਕਬਾ ਬਾਸਮਤੀ ਦੀ ਕਾਸ਼ਤ ਥੱਲੇ ਹੈ, ਜਿਸ ਨੂੰ ਪਾਣੀ ਦੀ ਲੋੜ ਝੋਨੇ ਨਾਲੋਂ ਘੱਟ ਹੈ |

ਪੀ.ਏ.ਯੂ. ਦੇ ਮਾਹਿਰਾਂ ਅਨੁਸਾਰ ਇਸ ਨੂੰ ਜ਼ਮੀਨ ਥੱਲੇ ਪਾਣੀ ਦੇ ਪੱਧਰ ਦਾ ਸੁਧਾਰ ਨਹੀਂ ਕਿਹਾ ਜਾ ਸਕਦਾ | ਹਾਲਤ ਅਜੇ ਵੀ ਬਹੁਤ ਖ਼ਤਰਨਾਕ ਹੈ | ਰਾਜ ਵਿਚ ਪਾਣੀ ਦਾ ਪੱਧਰ ਅਜੇ ਵੀ ਹੇਠਾਂ ਹੀ ਜਾ ਰਿਹਾ ਹੈ | ਬਰਨਾਲਾ, ਮੋਗਾ, ਪਟਿਆਲਾ ਤੇ ਸੰਗਰੂਰ ਆਦਿ ਜ਼ਿਲਿ੍ਹਆਂ ਦੇ ਕੁਝ ਬਲਾਕਾਂ 'ਚ ਸਾਲ 2030 ਤੱਕ ਪਾਣੀ ਦਾ ਪੱਧਰ ਹੋਰ ਕਾਫ਼ੀ ਡੂੰਘਾ ਚਲੇ ਜਾਣ ਦਾ ਅਨੁਮਾਨ ਹੈ | ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬ ਕੇਂਦਰੀ ਚੌਲ ਭੰਡਾਰ 'ਚ ਪ੍ਰਭਾਵਸ਼ਾਲੀ ਯੋਗਦਾਨ ਪਾ ਰਿਹਾ ਹੈ ਅਤੇ ਇਸ ਦੀ ਉਤਪਾਦਕਤਾ ਦੂਜੇ ਰਾਜਾਂ ਨਾਲੋਂ ਜ਼ਿਆਦਾ ਹੈ | ਇਸ ਕਾਰਨ ਭਾਰਤ ਚੌਲਾਂ ਦਾ ਸਭ ਮੁਲਕਾਂ ਨਾਲੋਂ ਵੱਡਾ ਚੌਲ ਬਰਾਮਦ ਕਰਨ ਵਾਲਾ ਦੇਸ਼ ਬਣ ਗਿਆ | ਇਕ ਵੱਡੀ ਆਬਾਦੀ ਨੂੰ ਪ੍ਰਧਾਨ ਮੰਤਰੀ ਦੀ 'ਗ਼ਰੀਬ ਕਲਿਆਣ ਯੋਜਨਾ' ਹੇਠ ਮੁਫ਼ਤ ਅਨਾਜ ਦਿੱਤਾ ਜਾ ਰਿਹਾ ਹੈ | ਇਸ ਵਿਚ ਚੌਲ ਵੱਡੀ ਮਾਤਰਾ 'ਚ ਸ਼ਾਮਿਲ ਹਨ | ਭਾਰਤ ਨੂੰ ਆਤਮਨਿਰਭਰ ਅਤੇ ਅਨਾਜ ਬਰਾਮਦ ਕਰਨ ਦੇ ਯੋਗ ਬਣਾਉਣ ਲਈ ਪੰਜਾਬ ਦਾ ਪਾਣੀ ਵਰਤਿਆ ਗਿਆ ਹੈ | ਇਸ ਕਾਰਨ ਇਹ ਸਮੱਸਿਆ ਪੈਦਾ ਹੋ ਗਈ ਹੈ, ਕਿ ਇਸ ਦਾ ਭਵਿੱਖ 'ਚ ਕੀ ਬਣੇਗਾ? ਰਾਜ ਦਾ 99 ਫ਼ੀਸਦੀ ਰਕਬਾ ਸਿੰਜਾਈ ਅਧੀਨ ਹੈ, ਜਿਸ ਲਈ 14.5 ਲੱਖ ਤੋਂ ਵੱਧ ਟਿਊਬਵੈੱਲ ਚਲਾਏ ਜਾ ਰਹੇ ਹਨ, ਜਿਨ੍ਹਾਂ ਨਾਲਾ ਝੋਨੇ ਲਈ ਪਾਣੀ ਦਿੱਤਾ ਜਾਂਦਾ ਹੈ ਅਤੇ ਟਿਊਬਵੈੱਲਾਂ ਲਈ ਬਿਜਲੀ ਮੁਫ਼ਤ ਦਿੱਤੀ ਜਾ ਰਹੀ ਹੈ | ਸਾਲਾਨਾ ਰੀਚਾਰਜ ਤੋਂ ਵੱਧ ਪਾਣੀ ਦੀ ਮਿਕਦਾਰ ਵਰਤੇ ਜਾਣ ਕਾਰਨ ਪਾਣੀ ਦੇ ਪੱਧਰ ਦਾ ਹੇਠਾਂ ਜਾਣਾ ਇਕ ਵੱਡੀ ਸਮੱਸਿਆ ਬਣੀ ਹੋਈ ਹੈ | ਨਹਿਰੀ ਪਾਣੀ ਭਾਵੇਂ ਪੰਜਾਬ ਸਰਕਾਰ ਨੇ ਵੱਧ ਤੋਂ ਵੱਧ ਖੇਤਾਂ ਨੂੰ ਮੁਹੱਈਆ ਕਰਨ ਦਾ ਉਪਰਾਲਾ ਕੀਤਾ ਹੈ, ਫੇਰ ਵੀ ਇਹ ਬਹੁਤ ਘੱਟ ਰਕਬੇ ਲਈ ਉਪਲੱਬਧ ਹੋ ਸਕਿਆ ਹੈ | ਪੰਜਾਬ ਪਰਿਜ਼ਰਵੇਸ਼ਨ ਆਫ ਸਬ–ਸੁਆਇਲ ਵਾਟਰ ਐਕਟ 2009 ਵਜੂਦ ਵਿਚ ਆਉਣ ਨਾਲ ਝੋਨੇ ਦੀ ਅਗੇਤੀ ਬਿਜਾਈ ਬੰਦ ਹੋਣ ਦੇ ਬਾਵਜੂਦ ਅਤੇ 7 ਲੱਖ ਹੈਕਟੇਅਰ ਰਕਬਾ ਬਾਸਮਤੀ ਕਿਸਮਾਂ ਦੀ ਕਾਸ਼ਤ ਹੇਠ ਆਉਣ ਉਪਰੰਤ ਵੀ ਝੋਨੇ ਦੀ ਫ਼ਸਲ ਲਈ ਸਾਰੇ ਟਿਊਬਵੈੱਲ ਨਿਰੰਤਰ 8 ਘੰਟੇ ਰੋਜ਼ਾਨਾ ਚਲਦੇ ਹਨ | ਸਾਲ 1973 'ਚ ਪੰਜਾਬ ਦੇ ਸਿਰਫ਼ ਤਿੰਨ ਫ਼ੀਸਦੀ ਇਲਾਕੇ 'ਚ ਪਾਣੀ ਦੀ ਸਤ੍ਹਾ 3 ਫੁੱਟ ਤੋਂ ਹੇਠਾਂ ਸੀ, ਜੋ ਅੱਜ ਕਈ ਇਲਾਕਿਆਂ 'ਚ 150 ਫੁੱਟ ਤੱਕ ਹੇਠਾਂ ਚਲੀ ਗਈ ਹੈ | ਸੈਂਟਰੀਫਿਊਗਲ ਪੰਪ ਫੇਲ੍ਹ ਹੋ ਚੁੱਕੇ ਹਨ ਅਤੇ ਹੁਣ ਸਾਰੀ ਸਿੰਜਾਈ ਸਬਮਰਸੀਬਲ ਪੰਪਾਂ ਨਾਲ ਕੀਤੀ ਜਾ ਰਹੀ ਹੈ, ਜਿਸ 'ਤੇ ਕਿਸਾਨਾਂ ਦੀ ਬੜੀ ਲਾਗਤ ਆਈ ਹੈ | ਪੰਜਾਬ ਦੇ ਕੁਝ ਹਿੱਸਿਆਂ ਵਿਚ ਪਾਣੀ ਮਾੜਾ ਵੀ ਹੈ ਤੇ ਸਿੰਚਾਈ ਦੇ ਕਾਬਿਲ ਹੀ ਨਹੀਂ | ਸਬਮਰਸੀਬਲ ਪੰਪਾਂ ਜ਼ਰੀਏ ਡੂੰਘੀ ਸਤ੍ਹਾ ਤੋਂ ਪਾਣੀ ਕੱਢ ਕੇ ਕੀਤੀ ਸਿੰਜਾਈ ਜ਼ਮੀਨ ਨੂੰ ਮੁੜ ਤੋਂ ਕਲਰਾਠੀਆਂ ਬਣਾਉਣ ਵੱਲ ਲਿਜਾ ਰਹੀ ਹੈ | ਇਸ ਨਾਲ ਜ਼ਮੀਨ ਬੰਜਰ ਹੋ ਜਾਣ ਦੀ ਸੰਭਾਵਨਾ ਹੈ | ਵਿਗਿਆਨੀਆਂ ਵਲੋਂ ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਭਵਿੱਖ ਵਿਚ ਪਾਣੀ ਦਾ ਸੰਕਟ ਇਕੱਲਾ ਹੀ ਨਹੀਂ, ਬਿਜਲੀ ਸੰਕਟ ਦੇ ਵੀ ਮਾਰੂ ਪ੍ਰਭਾਵਾਂ ਨਾਲ ਹਾਵੀ ਹੋ ਜਾਣ ਦੀ ਸੰਭਾਵਨਾ ਹੈ | ਡੂੰਘੀ ਸਤ੍ਹਾ ਤੋਂ ਪਾਣੀ ਕੱਢਣ ਲਈ ਵਧੇਰੇ ਬਿਜਲੀ ਦੀ ਲੋੜ ਹੈ | ਇਸ ਸਮੇਂ ਰਾਜ ਵਿਚ ਬਿਜਲੀ ਦਾ ਕਾਫ਼ੀ ਵੱਡਾ ਹਿੱਸਾ ਜ਼ਮੀਨ ਹੇਠੋਂ ਝੋਨੇ ਦੀ ਸਿੰਚਾਈ ਲਈ ਪਾਣੀ ਕੱਢਣ 'ਤੇ ਖ਼ਰਚ ਹੋ ਰਿਹਾ ਹੈ | ਇਸ ਲੋੜ ਨੂੰ ਪੂਰਾ ਕਰਨ ਲਈ ਸਨਅਤੀ ਖੇਤਰ ਵਿਚ ਬਿਜਲੀ ਦੀਆਂ ਕਟੌਤੀਆਂ ਵੀ ਲੱਗ ਰਹੀਆਂ ਹਨ, ਜਿਸ ਨਾਲ ਰੁਜ਼ਗ਼ਾਰ ਦੇ ਸਾਧਨ ਅਤੇ ਉਦਯੋਗਕ ਉਤਪਾਦਨ ਪ੍ਰਭਾਵਿਤ ਹੋ ਰਹੇ ਹਨ | ਜੇ ਸਥਿਤੀ ਇਸੇ ਤਰ੍ਹਾਂ ਚਲਦੀ ਰਹੀ ਤਾਂ ਭਵਿੱਖ 'ਚ ਹੋਰ ਖੇਤਰਾਂ 'ਤੇ ਵੀ ਇਸ ਦੇ ਮਾੜੇ ਪ੍ਰਭਾਵ ਪੈਣੇ ਸ਼ੁਰੂ ਹੋ ਜਾਣਗੇ |
ਪਰਾਲੀ ਨੂੰ ਅੱਗਾਂ ਲਾਉਣ ਤੋਂ ਰੋਕਣ ਲਈ ਵੀ ਝੋਨੇ ਹੇਠਲਾ ਰਕਬਾ ਘਟਾਉਣ ਦੀ ਲੋੜ ਹੈ | ਸਰਕਾਰ ਵਲੋਂ ਵਧੇਰੇ ਉਪਰਾਲੇ ਕੀਤੇ ਗਏ ਕਿ ਝੋਨੇ ਦੀ ਕਾਸ਼ਤ ਹੇਠ ਰਕਬਾ ਘਟਾਇਆ ਜਾਵੇ ਪਰ ਉਨੀ ਸਫ਼ਲਤਾ ਨਹੀਂ ਮਿਲੀ, ਜਿੰਨੀ ਮਿਲਣੀ ਚਾਹੀਦੀ ਸੀ | ਇਸੇ ਲਈ ਝੋਨੇ ਦੀਆਂ ਬਦਲਵੀਆਂ ਫ਼ਸਲਾਂ ਦੀਆਂ ਕਿਸਮਾਂ ਕਿਸਾਨਾਂ ਨੂੰ ਦੇਣ ਦੀ ਲੋੜ ਹੈ, ਜੋ ਝੋਨੇ ਤੋਂ ਵੱਧ ਜਾਂ ਇਸ ਦੇ ਬਰਾਬਰ ਮੁਨਾਫ਼ਾ ਦੇਣ | ਫੇਰ ਉਨ੍ਹਾਂ ਫ਼ਸਲਾਂ ਦੀ ਐਮ.ਐਸ.ਪੀ. ਅਤੇ ਸਰਕਾਰੀ ਖਰੀਦ ਵੀ ਹੋਣੀ ਚਾਹੀਦੀ ਹੈ | ਕਿਸਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਪਾਣੀ ਦੀ ਬੱਚਤ ਕਰਨ, ਕਿਉਂਕਿ ਇਹ ਕੁਦਰਤ ਦਾ ਦਿੱਤਾ ਹੋਇਆ ਅਣਮੁੱਲਾ ਖ਼ਜ਼ਾਨਾ ਹੈ, ਜਿਸ ਨੂੰ ਕਿਸੇ ਵੀ ਤਰੀਕੇ ਨਾਲ ਆਪ ਨਹੀਂ ਬਣਾਇਆ ਜਾ ਸਕਦਾ | ਇਸ ਲਈ ਖੇਤਾਂ ਜਾਂ ਘਰਾਂ ਵਿਚ ਬਿਨਾਂ ਲੋੜ ਤੋਂ ਟਿਊਬਵੈੱਲ ਨਹੀਂ ਚਲਾਉਣੇ ਚਾਹੀਦੇ | ਭਾਵੇਂ ਪੰਜਾਬ ਦੀ ਚੌਲਾਂ ਦੀ ਪ੍ਰਤੀ ਹੈਕਟੇਅਰ ਉਤਪਾਦਕਤਾ ਦੂਜੇ ਸਭ ਰਾਜਾਂ ਨਾਲੋਂ ਵੱਧ ਹੈ ਅਤੇ ਇਸ ਦੀ ਪਾਣੀ ਦੀ ਖ਼ਪਤ ਵੀ ਸਿਖ਼ਰ 'ਤੇ ਹੈ |
ਫ਼ਿਲਹਾਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਝੋਨੇ ਹੇਠ ਰਕਬਾ ਘਟਾ ਕੇ ਦਾਲਾਂ, ਸਬਜ਼ੀਆਂ, ਫ਼ਲਾਂ ਦੀ ਕਾਸ਼ਤ ਹੇਠ ਲਿਆਂਦਾ ਜਾਵੇ ਅਤੇ ਮੂੰਗਫਲੀ ਤੇ ਬਾਂਸ ਜਿਹੀਆਂ ਫ਼ਸਲਾਂ ਦੀ ਕਾਸ਼ਤ ਵਧਾਈ ਜਾਵੇ ਤਾਂ ਜੋ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਦੀ ਸਥਿਤੀ ਕੁਝ ਦਰੁਸਤ ਕੀਤੀ ਜਾ ਸਕੇ | ਜਿਹੜੇ ਕਿਸਾਨ ਝੋਨੇ ਦੀ ਥਾਂ ਹੋਰ ਫ਼ਸਲਾਂ ਲਗਾਉਣ, ਉਨ੍ਹਾਂ ਨੂੰ ਨਕਦ ਸਬਸਿਡੀ ਦੇ ਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਜਾਵੇ | ਡੀ.ਐਸ.ਆਰ. (ਸਿੱਧੀ ਬਿਜਾਈ) ਅਤੇ ਜ਼ੀਰੋ ਡਰਿੱਲ ਜਿਹੀਆਂ ਤਕਨੀਕਾਂ ਵਰਤ ਕੇ ਪਾਣੀ ਦੀ ਵੱਧ ਤੋਂ ਵੱਧ ਬੱਚਤ ਕੀਤੇ ਜਾਣ ਦੀ ਲੋੜ ਹੈ | ਜਦੋਂ ਤੱਕ ਪਾਣੀ ਦੀ ਬੱਚਤ ਨਹੀਂ ਕੀਤੀ ਜਾਵੇਗੀ ਤੇ ਇਸ ਦੀ ਖ਼ਪਤ ਨਹੀਂ ਘਟਾਈ ਜਾਵੇਗੀ, ਉਦੋਂ ਤੱਕ ਸੁਰੱਖਿਅਤ ਪੈਦਾਵਾਰ, ਖੇਤੀ ਤੇ ਖ਼ੁਰਾਕ ਖ਼ਤਰੇ ਵਿਚ ਹੀ ਰਹਿਣਗੇ | ਇਸ ਲਈ ਪਾਣੀ ਨੂੰ ਹਰ ਹਾਲਤ ਵਿਚ ਬਚਾਇਆ ਜਾਣਾ ਚਾਹੀਦਾ ਹੈ ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਵਿਚ ਸੁਧਾਰ ਲਿਆਂਦਾ ਜਾਣਾ ਜ਼ਰੂਰੀ ਹੈ |
ਈ-ਮੇਲ : bhagwandass226@gmail.com