19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਫਰਾਂਸ ਦੀ ਗੜਬੜ ਦੇ ਸੰਕੇਤ

ਫਰਾਂਸ ਦੀ ਗੜਬੜ ਦੇ ਸੰਕੇਤ

Ad Position 21
No active advertisement
ਅਜੀਤ ਡੈਸਕ 20-10-2026

ਦੁਨੀਆ ਭਰ ਦੇ ਵੱਡੇ ਹਿੱਸੇ ਵਿਚ ਫੈਲ ਰਹੀ ਅਸ਼ਾਂਤੀ ਨੇ ਵੱਡੀ ਚਿੰਤਾ ਪੈਦਾ ਕੀਤੀ ਹੋਈ ਹੈ | ਇਕ ਤਰ੍ਹਾਂ ਨਾਲ ਬਹੁਤੇ ਖਿੱਤੇ ਅੱਗ ਦਾ ਗੋਲਾ ਬਣੇ ਨਜ਼ਰ ਆਉਣ ਲੱਗੇ ਹਨ | ਕਈ ਹਿੱਸਿਆਂ ਵਿਚ ਹੋ ਰਹੀਆਂ ਭਿਆਨਕ ਜੰਗਾਂ ਨੇ ਇਕ ਤਰ੍ਹਾਂ ਨਾਲ ਧਰਤੀ 'ਤੇ ਅਜਿਹੀ ਥਰਥਰਾਹਟ ਪੈਦਾ ਕੀਤੀ ਹੈ, ਜੋ ਆਉਣ ਵਾਲੇ ਸਮੇਂ ਵਿਚ ਵੱਡੀ ਅਸਥਿਰਤਾ ਦਾ ਸੁਨੇਹਾ ਦੇ ਰਹੀ ਹੈ | ਇਨ੍ਹਾਂ ਜੰਗਾਂ ਨੇ ਸਾਰੇ ਹੀ ਦੇਸ਼ਾਂ 'ਤੇ ਕਿਸੇ ਨਾ ਕਿਸੇ ਤਰ੍ਹਾਂ ਅਸਰ ਪਾਇਆ ਹੈ | ਖਾੜੀ ਦੇਸ਼ਾਂ ਵਿਚ ਪੱਛਮੀ ਏਸ਼ੀਆ ਅਤੇ ਖ਼ਾਸ ਕਰਕੇ ਖਾੜੀ ਦੇਸ਼ਾਂ ਵਿਚ ਲੱਗੀ ਲੜਾਈ ਨਾਲ ਤੇਲ ਦੀਆਂ ਕੀਮਤਾਂ ਇਸ ਕਦਰ ਵਧੀਆਂ ਹਨ, ਕਿ ਦੁਨੀਆ ਭਰ ਵਿਚ ਮਹਿੰਗਾਈ ਵਧ ਰਹੀ ਹੈ | ਤਕਨੀਕ ਅਤੇ ਬਿਜਲਈ ਦੌਰ ਨੇ ਜਿਥੇ ਲੋਕਾਂ ਨੂੰ  ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਹਨ, ਉਥੇ ਵੱਡੀ ਹੱਦ ਤੱਕ ਲੋਕਾਂ ਦੀ ਰੋਟੀ ਰੋਜ਼ੀ ਵੀ ਖੋਹ ਲਈ ਹੈ | ਅਨਿਸਚਿਤ ਭਵਿੱਖ ਹੋਰ ਵੀ ਭਿਆਨਕ ਜਾਪਣ ਲੱਗਾ ਹੈ | ਸੰਯੁਕਤ ਰਾਸ਼ਟਰ ਅਤੇ ਹੋਰ ਵੱਡੀਆਂ ਕੌਮਾਂਤਰੀ ਸੰਸਥਾਵਾਂ ਇਨ੍ਹਾਂ ਭਿਆਨਕ ਹੁੰਦੀਆਂ ਜੰਗਾਂ ਨੂੰ  ਰੋਕਣ ਵਿਚ ਅਸਮਰੱਥ ਨਜ਼ਰ ਆ ਰਹੀਆਂ ਹਨ | ਇਕੱਲੇ ਰੂਸ ਅਤੇ ਯੂਕਰੇਨ ਦੀ ਜੰਗ ਨੇ ਯੂਰਪੀਅਨ ਦੇਸ਼ਾਂ 'ਤੇ ਹਰ ਪੱਖੋਂ ਵੱਡਾ ਅਸਰ ਪਾਇਆ ਹੈ |

ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਨਾਲ-ਨਾਲ ਸ਼ਰਨਾਰਥੀਆਂ ਦੀ ਵੀ ਵੱਡੀ ਸਮੱਸਿਆ ਆ ਖੜ੍ਹੀ ਹੋਈ ਹੈ | ਭਾਰਤ ਲਈ ਵੀ ਇਹ ਗੱਲ ਚਿੰਤਾ ਦਾ ਕਾਰਨ ਹੈ, ਕਿ ਯੂਰਪੀਅਨ ਦੇਸ਼ਾਂ ਵਿਚ ਵਸੇ ਲੱਖਾਂ ਹੀ ਭਾਰਤੀਆਂ 'ਤੇ ਇਸ ਦਾ ਮਾੜਾ ਅਸਰ ਪੈਣ ਦੀ ਸੰਭਾਵਨਾ ਬਣ ਰਹੀ ਹੈ | ਕੁਝ ਦਿਨਾਂ ਤੋਂ ਫਰਾਂਸ ਵਿਚ ਫੈਲ ਰਹੇ ਹਿੰਸਕ ਅੰਦੋਲਨ ਨੇ ਇਕ ਵਾਰ ਤਾਂ ਉੱਥੋਂ ਦੀ ਸਰਕਾਰ ਨੂੰ  ਹਿਲਾ ਕੇ ਰੱਖ ਦਿੱਤਾ ਹੈ | ਫਰਾਂਸ ਦਾ ਰਾਸ਼ਟਰਪਤੀ ਅਮੈਨੂਅਲ ਮੈਕਰੋ ਦੁਨੀਆ ਦੇ ਸਿਆਣੇ ਪ੍ਰਸ਼ਾਸਕਾਂ ਵਿਚੋਂ ਮੰਨਿਆ ਜਾਂਦਾ ਹੈ ਪਰ ਦੇਸ਼ ਭਰ ਵਿਚ ਫੈਲੀ ਇਸ ਹਿੰਸਾ ਕਾਰਨ ਉਹ ਵੀ ਬੇਹੱਦ ਨਾਜ਼ੁਕ ਸਥਿਤੀ ਵਿਚ ਆ ਗਿਆ ਹੈ | ਪਹਿਲਾਂ ਇਹ ਅੰਦੋਲਨ ਵਿੱਦਿਅਕ ਅਦਾਰਿਆਂ ਤੋਂ ਸ਼ੁਰੂ ਹੋਇਆ ਸੀ | ਉੱਥੋਂ ਦੀ ਸਿੱਖਿਆ ਪ੍ਰਣਾਲੀ ਵਿਚ ਵੱਡੀਆਂ ਘਾਟਾਂ ਕਾਰਨ ਵਿਦਿਆਰਥੀ ਸੜਕਾਂ 'ਤੇ ਉਤਰੇ ਸਨ ਪਰ ਉਸ ਤੋਂ ਬਾਅਦ ਇਸ ਨਾਲ ਹੋਰ ਗੰਭੀਰ ਮਸਲੇ ਵੀ ਜੁੜਨ ਲੱਗੇ | ਲੋਕ ਸੇਵਾਵਾਂ ਵਿਚ ਆਈ ਗਿਰਾਵਟ, ਵਧਦੀ ਹੋਈ ਬੇਰੁਜ਼ਗਾਰੀ ਅਤੇ ਮਹਿੰਗਾਈ ਕਾਰਨ ਇਹ ਅੰਦੋਲਨ ਦੇਸ਼ ਦੀ ਰਾਜਧਾਨੀ ਪੈਰਿਸ ਤੋਂ ਸ਼ੁਰੂ ਹੋ ਕੇ ਅਨੇਕਾਂ ਸ਼ਹਿਰਾਂ ਵਿਚ ਫੈਲ ਗਿਆ ਹੈ | ਲੱਖਾਂ ਹੀ ਅੰਦੋਲਨਕਾਰੀ ਸੜਕਾਂ 'ਤੇ ਉਤਰ ਆਏ ਹਨ | ਉਨ੍ਹਾਂ ਨੇ ਦੁਕਾਨਾਂ ਦੀ ਲੁੱਟਮਾਰ ਹੀ ਨਹੀਂ ਕੀਤੀ, ਸਗੋਂ ਭੰਨਤੋੜ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ  ਅੱਗਾਂ ਵੀ ਲਗਾਈਆਂ ਹਨ | ਸੈਂਕੜੇ ਹੀ ਵਿਅਕਤੀਆਂ ਦੀ ਗਿ੍ਫ਼ਤਾਰੀ ਅਤੇ ਵੱਡੀ ਗਿਣਤੀ ਵਿਚ ਪੁਲਿਸ ਕਰਮਚਾਰੀਆਂ ਦੇ ਜ਼ਖ਼ਮੀ ਹੋਣ ਨਾਲ ਬਿਨਾਂ ਸ਼ੱਕ ਇਹ ਬੇਹੱਦ ਗੰਭੀਰ ਮਸਲਾ ਬਣ ਗਿਆ ਹੈ | ਗੱਲ ਯੂਰਪ ਦੇ ਇਕ ਦੇਸ਼ ਤੱਕ ਹੀ ਸੀਮਤ ਨਹੀਂ ਰਹੀ, ਸਗੋਂ ਪੁਰਤਗਾਲ, ਇਟਲੀ, ਬੈਲਜੀਅਮ, ਸਪੇਨ ਅਤੇ ਰੁਬਾਨੀਆ ਤੱਕ ਫੈਲ ਗਈ ਹੈ | ਇਨ੍ਹਾਂ ਦੇਸ਼ਾਂ ਵਿਚ ਵੀ ਲੱਖਾਂ ਵਿਅਕਤੀ ਸੜਕਾਂ 'ਤੇ ਉਤਰ ਆਏ ਹਨ | ਚਾਹੇ ਇਨ੍ਹਾਂ ਦੇਸ਼ਾਂ ਦੇ ਪ੍ਰਸ਼ਾਸਕਾਂ ਨੇ ਗ਼ੈਰ-ਜ਼ਿੰਮੇਵਾਰ ਅਨਸਰਾਂ ਨੂੰ  ਇਸ ਲਈ ਦੋਸ਼ੀ ਠਹਿਰਾਇਆ ਹੈ ਅਤੇ ਉਨ੍ਹਾਂ ਨੂੰ  ਸਖ਼ਤ ਸਜ਼ਾਵਾਂ ਦੇਣ ਦੀ ਗੱਲ ਕੀਤੀ ਹੈ, ਪਰ ਇਸ ਦੇ ਬਾਵਜੂਦ ਯੂਰਪ ਭਰ ਵਿਚ ਹਾਲਾਤ ਸੁਧਰਦੇ ਨਜ਼ਰ ਨਹੀਂ ਆ ਰਹੇ |
ਚਿੰਤਾ ਵਾਲੀ ਗੱਲ ਇਹ ਵੀ ਹੈ ਕਿ ਜੇ ਅਜਿਹੀ ਹਿੰਸਾਂ ਤੋਂ ਯੂਰਪ ਨਹੀਂ ਬਚਿਆ ਤਾਂ ਅਫਰੀਕਾ ਅਤੇ ਏਸ਼ੀਆ ਦਾ ਕੀ ਹਾਲ ਹੋਵੇਗਾ? ਅੱਜ ਏਸ਼ੀਆ ਦੇ ਬਹੁਤ ਸਾਰੇ ਮੁਲਕ ਅਸਥਿਰ ਦਿਖਾਈ ਦੇ ਰਹੇ ਹਨ | ਇੱਥੇ ਤਾਨਾਸ਼ਾਹੀਆਂ ਮਜ਼ਬੂਤੀ ਨਾਲ ਆਪਣੇ ਪੈਰ ਜਮਾ ਰਹੀਆਂ ਹਨ | ਦਹਾਕਿਆਂ ਤੋਂ ਬਹੁਤੇ ਦੇਸ਼ਾਂ ਦੀ ਆਪਸੀ ਦੁਸ਼ਮਣੀ ਨੇ ਜਿੱਥੇ ਵਿਕਾਸ ਦੀ ਗਤੀ ਧੀਮੀ ਕੀਤੀ ਹੈ, ਉੱਥੇ ਕਰੋੜਾਂ ਲੋਕ ਗੁਰਬਤ ਦੀ ਜ਼ਦ ਵਿਚ ਵੀ ਆ ਚੁੱਕੇ ਹਨ | ਦੁਨੀਆ ਸਾਹਮਣੇ ਅੱਜ ਬੇਰੁਜ਼ਗਾਰੀ, ਗੁਰਬਤ ਅਤੇ ਵਧਦੀ ਹੋਈ ਆਬਾਦੀ ਦੇ ਗੰਭੀਰ ਮਸਲੇ ਆ ਖੜ੍ਹੇ ਹੋਏ ਹਨ | ਇਨ੍ਹਾਂ ਮਸਲਿਆਂ ਨੂੰ  ਹੱਲ ਕਰਨ ਦੇ ਨਾਲ-ਨਾਲ ਛਿੜੀਆਂ ਭਿਆਨਕ ਜੰਗਾਂ ਨੂੰ  ਵੀ ਹਰ ਹੀਲੇ ਰੋਕਣ ਲਈ ਲਾਮਬੰਦੀ ਕਰਨੀ ਹੋਵੇਗੀ | ਜੇ ਅਜਿਹਾ ਨਾ ਹੋ ਸਕਿਆ ਤਾਂ ਪਹਿਲਾਂ ਹੀ ਬਾਰੂਦ ਦੇ ਢੇਰ 'ਤੇ ਬੈਠੀ ਦੁਨੀਆ ਦਾ ਭਵਿੱਖ ਹੋਰ ਵੀ ਅਨਿਸਚਿਤ ਹੋਇਆ ਨਜ਼ਰ ਆਏਗਾ |

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਵਿਚਾਰ-ਪ੍ਰਵਾਹ ਅਗਲੀ ਖ਼ਬਰ ਇਕ ਫ਼ੈਸਲਾਕੁੰਨ ਮੋੜ 'ਤੇ ਹੈ ਭਾਰਤੀ ਰਾਜਨੀਤੀ
Ad Position 24