ਦੁਸਹਿਰੇ ਦਾ ਤਿਉਹਾਰ ਮਨਾਉਣ ਨਾਲ ਭਾਵੇਂ ਰੁੱਤ ਦੇ ਬਦਲਾਅ, ਫ਼ਸਲਾਂ ਦੀ ਆਮਦ ਅਤੇ ਖੁਸ਼ੀ ਮਨਾਉਣ ਦੀਆਂ ਕਈ ਹੋਰ ਧਾਰਨਾਵਾਂ ਜੁੜੀਆਂ ਹੋਈਆਂ ਹਨ ਪਰ ਲੰਮੇ ਇਤਿਹਾਸ ਕਾਲ ਤੋਂ ਲੈ ਕੇ ਹੁਣ ਤੱਕ ਇਸ ਤਿਉਹਾਰ ਨੂੰ ਮਨਾਉਣ ਦਾ ਮੂਲ ਉਦੇਸ਼ ਸੰਸਾਰ ਦੇ ਲੋਕਾਂ ਨੂੰ ਰਿਸ਼ਤੇ ਨਿਭਾਉਣ, ਆਦਰਸ਼ਾਂ ਭਰਪੂਰ ਜ਼ਿੰਦਗੀ ਜਿਊਣ ਅਤੇ ਮਰਿਆਦਾਵਾਂ ਦਾ ਪਾਲਣ ਕਰਨ ਦੀ ਪ੍ਰੇਰਨਾ ਦੇਣਾ ਹੈ | ਤੁਲਸੀ ਦਾਸ ਦੁਆਰਾ ਰਚੇ 'ਰਾਮਚਰਿਤ ਮਾਨਸ' ਦੇ ਆਧਾਰ 'ਤੇ ਦਸ ਦਿਨ ਖੇਡੀ ਜਾਣ ਵਾਲੀ ਰਾਮਲੀਲ੍ਹਾ ਸੰਸਾਰ ਦੇ ਲੋਕਾਂ ਨੂੰ ਇਹ ਸਿਖਾਉਂਦੀ ਹੈ ਕਿ ਨੇਕੀ ਸਦਾ ਹੀ ਫਲਦੀ ਹੈ ਤੇ ਬਦੀ ਦਾ ਨਾਸ਼ ਹੁੰਦਾ ਹੈ | ਝੂਠ ਨੂੰ ਸੱਚ ਸਾਹਮਣੇ ਹਾਰਨਾ ਹੀ ਪੈਂਦਾ ਹੈ | ਅਨਿਆਂ, ਨਿਆਂ ਸਾਹਮਣੇ ਕਦੇ ਵੀ ਨਹੀਂ ਟਿਕ ਸਕਦਾ | ਬੁਰਿਆਈ, ਚੰਗਿਆਈ ਦਾ ਕਦੇ ਵੀ ਸਾਹਮਣਾ ਨਹੀਂ ਕਰ ਸਕਦੀ | ਪਾਪ ਦਾ ਸਦਾ ਹੀ ਨਾਸ਼ ਹੁੰਦਾ ਹੈ ਤੇ ਪੁੰਨ ਹਮੇਸ਼ਾ ਹੀ ਫਲਦਾ ਹੈ | ਰਿਸ਼ਤੇ ਨਿਭਾਉਣ ਲਈ ਲੋਭ, ਹਉਮੈ, ਸਵਾਰਥ ਤੇ ਨਿੱਜਤਾ ਤੋਂ ਲਾਂਭੇ ਹੋ ਕੇ ਨਿਮਰਤਾ, ਤਿਆਗ, ਸੰਜਮ ਤੇ ਸਬਰ ਨੂੰ ਅਪਨਾਉਣਾ ਪੈਂਦਾ ਹੈ | ਜ਼ਿੰਦਗੀ ਦੇ ਆਦਰਸ਼ ਕਾਇਮ ਰੱਖਣ ਲਈ, ਫ਼ਰਜ਼ ਅਦਾ ਕਰਨ ਲਈ ਅਤੇ ਮਰਿਆਦਾ 'ਚ ਰਹਿਣ ਲਈ ਸੰਘਰਸ਼ ਕਰਨਾ ਪੈਂਦਾ ਹੈ, ਮੁਸੀਬਤਾਂ ਸਹਿਣੀਆਂ ਪੈਂਦੀਆਂ ਹਨ, ਹੌਂਸਲਾ ਕਾਇਮ ਰੱਖਣਾ ਪੈਂਦਾ ਹੈ | ਤੁਲਸੀ ਦਾਸ ਦੀ ਰਚਨਾ 'ਰਾਮਚਰਿਤ ਮਾਨਸ' ਹਰ ਪਾਤਰ ਦੀ ਜੀਵਨ ਲੀਲ੍ਹਾ ਸਾਨੂੰ ਨੇਕੀ-ਬਦੀ, ਝੂਠ-ਸੱਚ, ਪਾਪ-ਪੁੰਨ, ਚੰਗੇ-ਬੁਰੇ, ਨਿਆਂ-ਅਨਿਆਂ, ਸਵਾਰਥ-ਪਰਮਾਰਥ ਅਤੇ ਘਮੰਡ-ਨਿਮਰਤਾ ਦੇ ਵਿਚਲੇ ਫ਼ਰਕ ਤੇ ਸਬਕ ਨੂੰ ਸਮਝਣ ਦਾ ਸੁਨੇਹਾ ਦਿੰਦੀ ਹੈ |

ਭਗਵਾਨ ਰਾਮ ਇਤਿਹਾਸ ਵਿਚ ਮਰਿਆਦਾ ਪਰਸ਼ੋਤਮ ਵਜੋਂ ਇਸ ਲਈ ਜਾਣੇ ਗਏ, ਕਿਉਂਕਿ ਉਨ੍ਹਾਂ ਨੇ ਆਦਰਸ਼, ਫ਼ਰਜ਼ ਤੇ ਮਰਿਆਦਾ ਦਾ ਰਾਹ ਨਹੀਂ ਛੱਡਿਆ | ਉਨ੍ਹਾਂ ਨੇ ਦੁੱਖ ਸਹਿ ਕੇ ਦੂਜਿਆਂ ਨੂੰ ਸੁੱਖ ਪ੍ਰਦਾਨ ਕੀਤਾ | ਉਨ੍ਹਾਂ ਨੇ ਸੰਕਟ ਵਿਚ ਵੀ ਹੌਂਸਲਾ ਨਹੀਂ ਹਾਰਿਆ | ਉਨ੍ਹਾਂ ਨੇ ਰਾਜ ਸੱਤਾ ਦਾ ਸੁੱਖ ਭੋਗਣ ਨਾਲੋਂ ਪਿਤਾ ਦੇ ਹੁਕਮ ਤੇ ਭਰਾਵਾਂ ਦੇ ਪਿਆਰ ਨੂੰ ਤਰਜੀਹ ਦਿੱਤੀ | ਬਨਵਾਸ ਤੋਂ ਮੁੜਨ ਮਗਰੋਂ ਉਹ ਆਪਣੀ ਮਾਂ ਕੌਸ਼ੱਲਿਆ ਨੂੰ ਨਹੀਂ, ਸਗੋਂ ਬਨਵਾਸ ਦਿਵਾਉਣ ਵਾਲੀ ਭਰਤ ਦੀ ਮਾਂ ਕੈਕੇਈ ਨੂੰ ਮਿਲਣ ਗਏ | ਕੈਕੇਈ ਤੇ ਮੰਥਰਾ ਵਲੋਂ ਆਪਣੀ ਗ਼ਲਤੀ ਮੰਨੇ ਜਾਣ 'ਤੇ ਉਨ੍ਹਾਂ ਨੇ ਕਿਹਾ, 'ਤੁਸੀਂ ਕੋਈ ਗ਼ਲਤੀ ਨਹੀਂ ਕੀਤੀ, ਇਹ ਵਿਧੀ ਦਾ ਵਿਧਾਨ ਸੀ | ਤੁਸੀਂ ਤਾਂ ਮੈਨੂੰ ਆਪਣੇ ਫ਼ਰਜ਼ ਨਿਭਾਉਣ ਦਾ ਮੌਕਾ ਦਿੱਤਾ ਹੈ |' ਲਛਮਣ, ਸ਼ਤਰੂਘਨ ਤੇ ਭਰਤ ਨੇ ਵੀ ਆਪਣੇ ਫ਼ਰਜ਼ਾਂ ਤੇ ਆਦਰਸ਼ਾਂ ਦਾ ਪਾਲਣ ਕਰਦਿਆਂ ਆਦਰਸ਼ ਭਰਾ ਹੋਣ ਦਾ ਪ੍ਰਮਾਣ ਦਿੱਤਾ | ਰਾਵਣ ਵਿਦਵਾਨ ਪੁਰਸ਼ ਹੁੰਦੇ ਹੋਏ ਵੀ ਇਤਿਹਾਸ ਵਿਚ ਅੱਤਿਆਚਾਰੀ, ਧੋਖੇਬਾਜ਼, ਸੱਤਾ ਦਾ ਲਾਲਚੀ ਤੇ ਖ਼ੁਦਗਰਜ ਸਿੱਧ ਹੋਇਆ, ਕਿਉਂਕਿ ਉਸ ਨੇ ਸੱਚਾਈ ਦਾ ਸਾਥ ਦੇਣ ਤੇ ਠੀਕ ਸਲਾਹ ਦੇਣ ਵਾਲੇ ਆਪਣੇ ਭਰਾ ਵਿਭੀਸ਼ਣ ਨੂੰ ਰਾਜ ਦਰਬਾਰ 'ਚੋਂ ਕੱਢ ਦਿੱਤਾ ਸੀ | ਸੱਚ ਦਾ ਸਾਥ ਦੇਣ ਵਾਲਾ ਵਿਭੀਸ਼ਣ ਸ਼ਰਧਾ ਦਾ ਪਾਤਰ ਬਣ ਗਿਆ ਤੇ ਰਾਵਣ ਨੂੰ ਨਿੰਦਿਆ ਗਿਆ |
ਭਗਵਾਨ ਰਾਮ ਦੇ ਭਰਾਵਾਂ ਨੇ ਮਾਤਾ ਸੀਤਾ ਨੂੰ ਮਾਂ ਦੇ ਰੂਪ 'ਚ ਸਨਮਾਨ ਦਿੱਤਾ, ਇਸ ਲਈ ਉਹ ਇਤਿਹਾਸ ਵਿਚ ਸ਼ਰਧਾ ਦੇ ਪਾਤਰ ਬਣ ਗਏ ਪਰ ਰਾਜਾ ਬਾਲੀ ਨੇ ਰਾਜ ਦੇ ਲੋਭ 'ਚ ਆਪਣੇ ਭਰਾ ਸੁਗਰੀਵ ਦੀ ਪਤਨੀ 'ਤੇ ਕਬਜ਼ਾ ਕਰ ਕੇ ਉਸ ਨੂੰ ਰਾਜ ਤੋਂ ਬਾਹਰ ਕੱਢ ਦਿੱਤਾ | ਇਸ ਲਈ ਉਹ ਘਿ੍ਣਾ ਦਾ ਪਾਤਰ ਬਣ ਗਿਆ ਤੇ ਉਸ ਨੂੰ ਆਪਣੇ ਮਾੜੇ ਕਰਮਾਂ ਦੀ ਸਜ਼ਾ ਭੁਗਤਣੀ ਪਈ | ਸੁਗਰੀਵ ਤੇ ਰਾਜਾ ਬਾਲੀ ਦਾ ਪੁੱਤਰ ਅੰਗਦ ਦੋਵੇਂ ਸਨਮਾਨ ਦੇ ਪਾਤਰ ਬਣੇ, ਕਿਉਂਕਿ ਉਨ੍ਹਾਂ ਨੇ ਅੱਤਿਆਚਾਰ, ਅਨਿਆਂ ਦੇ ਪ੍ਰਤੀਕ ਰਾਵਣ ਦੇ ਨਾਸ਼ ਲਈ ਭਗਵਾਨ ਰਾਮ ਦਾ ਸਾਥ ਦਿੱਤਾ | ਭਗਵਾਨ ਰਾਮ ਨੇ ਸੱਚਾਈ ਦਾ ਸਾਥ ਦੇਣ ਵਾਲੇ ਆਪਣੇ ਮਿੱਤਰ ਸੁਗਰੀਵ, ਅੰਗਦ, ਵਿਭੀਸ਼ਣ ਤੇ ਹਨੂੰਮਾਨ ਦਾ ਸਨਮਾਨ ਕੀਤਾ, ਪਰ ਰਾਵਣ ਨੇ ਮਾਤਾ ਸੀਤਾ ਦੀ ਰਖਵਾਲੀ ਕਰਨ ਵਾਲੇ ਆਪਣੇ ਮਿੱਤਰ ਜਟਾਯੂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਮਾਰੀਚ ਨੂੰ ਸੋਨੇ ਦੇ ਹਿਰਨ ਦਾ ਰੂਪ ਧਾਰ ਕੇ ਮਾਤਾ ਸੀਤਾ ਨੂੰ ਧੋਖਾ ਦੇਣ ਲਈ ਮਜਬੂਰ ਕਰਕੇ, ਉਸ ਦੀ ਮਿੱਤਰਤਾ ਦਾ ਨਾਜਾਇਜ਼ ਲਾਭ ਉਠਾਉਣ ਦੀ ਕੋਸ਼ਿਸ਼ ਕੀਤੀ | ਇਸ ਲਈ ਰਾਵਣ ਤੇ ਮਾਰੀਚ ਨਿੰਦਣਯੋਗ ਬਣ ਗਏ | ਸਰੂਪਨਖਾ ਦਾ ਔਰਤ ਦੇ ਮਰਿਆਦਿਤ ਰੂਪ ਦੀ ਉਲੰਘਣਾ ਕਰਕੇ ਸਜ਼ਾ ਭੁਗਤਣਾ, ਉਸ ਨੂੰ ਘਿ੍ਣਾ ਦਾ ਪਾਤਰ ਬਣਾ ਦਿੰਦਾ ਹੈ | ਰਾਵਣ ਦੀ ਪਤਨੀ ਮੰਦੋਦਰੀ ਦਾ ਆਪਣੇ ਪਤੀ ਰਾਵਣ ਨੂੰ ਬੁਰੇ ਕਰਮਾਂ ਦਾ ਰਾਹ ਛੱਡ ਕੇ ਮਾਤਾ ਸੀਤਾ ਨੂੰ ਭਗਵਾਨ ਰਾਮ ਕੋਲ ਛੱਡ ਆਉਣ ਅਤੇ ਉਨ੍ਹਾਂ ਤੋਂ ਮਾਫ਼ੀ ਮੰਗਣ ਦੀ ਸਲਾਹ ਦੇਣਾ, ਉਸ ਦੀ ਮਹਾਨ ਸੋਚ ਨੂੰ ਪ੍ਰਮਾਣਿਤ ਕਰਦਾ ਹੈ | ਭਗਵਾਨ ਰਾਮ ਦਾ ਮਾਤਾ ਭੀਲਣੀ ਦੇ ਜੂਠੇ ਬੇਰ ਖਾਣਾ ਉਨ੍ਹਾਂ ਦੇ ਔਰਤਾਂ ਪ੍ਰਤੀ ਸਨਮਾਨ ਭਾਵ ਨੂੰ ਪ੍ਰਗਟਾਉਂਦਾ ਹੈ | ਮਾਤਾ ਸੀਤਾ ਨੇ ਰਾਜ ਸੁੱਖ ਭੋਗਣ ਨਾਲੋਂ ਆਪਣੇ ਪਤੀ ਭਗਵਾਨ ਰਾਮ ਨਾਲ ਬਨਵਾਸ 'ਤੇ ਜਾਣ ਨੂੰ ਤਰਜੀਹ ਦੇ ਕੇ ਔਰਤ ਦੇ ਆਦਰਸ਼ ਅਤੇ ਮਰਿਆਦਿਤ ਰੂਪ ਦੀ ਉਦਾਹਰਨ ਪੇਸ਼ ਕੀਤੀ | ਮਾਤਾ ਸੁਮਿਤ੍ਰਾ ਨੇ ਆਪਣੇ ਪੁੱਤਰਾਂ ਸ਼ਤਰੂਘਨ ਤੇ ਲਛਮਣ ਨੂੰ ਭਗਵਾਨ ਰਾਮ ਦਾ ਸਾਥ ਦੇਣ ਦੀ ਪ੍ਰੇਰਨਾ ਦੇ ਕੇ ਆਦਰਸ਼ ਮਾਂ ਹੋਣ ਦਾ ਪ੍ਰਮਾਣ ਦਿੱਤਾ | ਆਪਣੇ ਮਾਤਾ-ਪਿਤਾ ਨੂੰ ਆਪਣੇ ਮੋਢਿਆਂ 'ਤੇ ਬਹਿੰਗੀ 'ਚ ਤੀਰਥ ਯਾਤਰਾ ਕਰਾਉਣ ਵਾਲੇ ਸਰਵਣ ਪੁੱਤਰ ਦੂਜਿਆਂ ਲਈ ਸਦਾ ਆਦਰਸ਼ ਬਣੇ ਰਹਿੰਦੇ ਹਨ |
'ਰਾਮਚਰਿਤ ਮਾਨਸ' ਦੇ ਸਾਰੇ ਪਾਤਰ ਯੁੱਗਾਂ-ਯੁਗਾਤਰਾਂ ਤੱਕ ਇਹ ਸੁਨੇਹਾ ਦਿੰਦੇ ਰਹਿਣਗੇ ਕਿ ਆਦਰਸ਼ਾਂ, ਫ਼ਰਜ਼ਾਂ, ਮਰਿਆਦਾਵਾਂ 'ਤੇ ਪਹਿਰਾ ਦੇਣ ਵਾਲੇ ਅਤੇ ਧਰਮ, ਸੱਚਾਈ ਤੇ ਨਿਆਂ ਦਾ ਸਾਥ ਦੇਣ ਵਾਲੇ ਲੋਕ ਅਮਰ ਹੋ ਜਾਂਦੇ ਹਨ | ਉਹ ਪੂਜੇ ਤੇ ਸਨਮਾਨੇ ਜਾਂਦੇ ਹਨ |
ਉਨ੍ਹਾਂ ਦੀਆਂ ਲੀਲਾਵਾਂ ਖੇਡੀਆਂ ਜਾਂਦੀਆਂ ਹਨ ਪਰ ਅੱਤਿਆਚਾਰੀ, ਝੂਠੇ, ਸਵਾਰਥੀ, ਲਾਲਚੀ ਤੇ ਅਨਿਆਂ ਦਾ ਸਾਥ ਦੇਣ ਵਾਲੇ ਲੋਕਾਂ ਦਾ ਨਾਸ਼ ਹੋ ਜਾਂਦਾ ਹੈ, ਉਹ ਨਫ਼ਰਤ ਤੇ ਨਿੰਦਾ ਦੇ ਪਾਤਰ ਬਣ ਜਾਂਦੇ ਹਨ | ਰਾਮ ਰਾਜ ਅਤੇ ਰਾਵਣ ਰਾਜ ਵਿਚ ਫ਼ਰਕ ਇਨ੍ਹਾਂ ਆਦਰਸ਼ਾਂ, ਫ਼ਰਜ਼ਾਂ ਅਤੇ ਮਰਿਆਦਾਵਾਂ ਤੋਂ ਹੀ ਪ੍ਰਮਾਣਿਤ ਹੁੰਦਾ ਹੈ |
ਮੋਬਾਈਲ : 98726 27136