20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਕਿਉਂ ਹਿੰਸਕ ਪ੍ਰਦਰਸ਼ਨਾਂ ਦਾ ਸਾਹਮਣਾ ਕਰ ਰਿਹਾ ਹੈ ਫਰਾਂਸ?

ਕਿਉਂ ਹਿੰਸਕ ਪ੍ਰਦਰਸ਼ਨਾਂ ਦਾ ਸਾਹਮਣਾ ਕਰ ਰਿਹਾ ਹੈ ਫਰਾਂਸ?

Ad Position 21
No active advertisement
ਅਜੀਤ ਡੈਸਕ 21-10-2026

ਫਰਾਂਸ ਵਿਚ ਹਿੰਸਕ ਵਿਰੋਧ ਪ੍ਰਦਰਸ਼ਨਾਂ ਦੇ ਚਲਦਿਆਂ ਹੁਣ ਪ੍ਰਦਰਸ਼ਨਕਾਰੀਆਂ ਨਾਲ ਨਜਿੱਠਣ ਲਈ ਉੱਥੋਂ ਦੀ ਸਰਕਾਰ ਨੇ ਅੰਸ਼ਕ ਤੌਰ 'ਤੇ ਕਰਫਿਊ ਲਾ ਦਿੱਤਾ ਹੈ | ਫਰਾਂਸ ਵਿਚ ਅਕਤੂਬਰ 2026 'ਚ ਵਧ ਰਹੀ ਮਹਿੰਗਾਈ, ਜੀਵਨ ਬਸਰ ਕਰਨ ਦੀਆਂ ਉੱਚ ਲਾਗਤਾਂ, ਸਕੂਲਾਂ ਦੀ ਮੰਦੀ ਹਾਲਤ ਅਤੇ ਦਿਨੋ-ਦਿਨ ਮਾੜੀਆਂ ਹੁੰਦੀਆਂ ਜਾ ਰਹੀਆਂ ਜਨਤਕ ਸੇਵਾਵਾਂ ਖ਼ਿਲਾਫ਼ ਦੇਸ਼ ਵਿਆਪੀ ਹਿੰਸਕ ਵਿਰੋਧ ਪ੍ਰਦਰਸ਼ਨਾਂ ਨੇ ਹਾਲ ਹੀ ਦੇ ਸਾਲਾਂ ਦੀ ਸਭ ਤੋਂ ਭਿਆਨਕ ਅਸ਼ਾਂਤੀ ਦਾ ਰੂਪ ਲੈ ਲਿਆ ਹੈ | ਹਾਲਾਂਕਿ ਸਭ ਤੋਂ ਵੱਧ ਹਿੰਸਾ ਵਾਲਾ ਦਿਨ 17 ਅਕਤੂਬਰ ਦਾ ਰਿਹਾ, ਪਰ ਹਿੰਸਕ ਵਿਰੋਧ ਪ੍ਰਦਰਸ਼ਨ ਇਸ ਤੋਂ ਬਾਅਦ ਵੀ ਜਾਰੀ ਹੈ | ਲਿਮੋਗੇਸ ਦੇ ਇਤਿਹਾਸਕ ਟਾਊਨ ਹਾਲ ਨੂੰ  ਅੱਗ ਲਾ ਦਿੱਤੀ, ਦੁਕਾਨਾਂ ਨੂੰ  ਲੁੱਟਿਆ ਗਿਆ ਤੇ ਨੁਕਸਾਨ ਪਹੁੰਚਾਇਆ ਗਿਆ ਅਤੇ ਥਾਂ-ਥਾਂ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਝੜਪਾਂ ਹੋ ਰਹੀਆਂ ਹਨ | ਲੱਖਾਂ ਲੋਕ ਸੜਕਾਂ 'ਤੇ ਉੱਤਰੇ ਹੋਏ ਹਨ ਅਤੇ ਪੁਲਿਸ ਹੰਝੂ ਗੈਸ ਦੇ ਗੋਲੇ ਛੱਡ ਰਹੀ ਹੈ | ਇਕ ਪ੍ਰਦਰਸ਼ਨਕਾਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਵੀ ਹੋਈ ਹੈ, 2400 ਤੋਂ ਵੱਧ ਲੋਕਾਂ ਨੂੰ  ਹਿਰਾਸਤ ਵਿਚ ਲਿਆ ਗਿਆ ਹੈ, ਜਦਕਿ 600 ਤੋਂ ਵੱਧ ਅਧਿਕਾਰੀ ਜ਼ਖ਼ਮੀ ਹੋਏ ਹਨ |

ਚਿੰਤਾ ਵਾਲੀ ਗੱਲ ਇਹ ਵੀ ਹੈ ਕਿ ਫਰਾਂਸ ਦੀ ਇਹ ਅੱਗ ਯੂਰਪ ਦੇ ਹੋਰ ਦੇਸ਼ਾਂ ਵੱਲ ਵੀ ਵਧਣ ਲੱਗੀ ਹੈ | ਮਿਲਾਨ ਤੇ ਇਟਲੀ ਦੇ ਹੋਰ ਸ਼ਹਿਰਾਂ 'ਚ ਦੁਕਾਨਾਂ ਵਿਚ ਲੁੱਟ, ਪੱਥਰਬਾਜ਼ੀ ਅਤੇ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਹਿੰਸਕ ਝੜਪਾਂ ਦੀਆਂ ਖ਼ਬਰਾਂ ਹਨ | ਪੁਰਤਗਾਲ 'ਚ ਲਿਸਬਨ ਦੇ ਰੇਸੀਓ ਸੁਕੇਅਰ 'ਤੇ ਸੈਂਕੜੇ ਲੋਕ ਇਕੱਠੇ ਹੋਏ ਹਨ, ਜੋ ਅਣਮਿੱਥੇ ਸਮੇਂ ਲਈ ਧਰਨਾ ਪ੍ਰਦਰਸ਼ਨ ਕਰਨ ਦੀ ਧਮਕੀ ਦੇ ਰਹੇ ਹਨ | ਧਿਆਨ ਰਹੇ ਕਿ ਇਕ ਹਫ਼ਤਾ ਪਹਿਲਾਂ ਪੁਲਿਸ ਨੇ ਲਿਸਬਨ 'ਚ ਇਕ ਹਾਊਸਿੰਗ ਪ੍ਰੋਟੈਸਟ ਕੈਂਪ ਤੋਂ ਪ੍ਰਦਰਸ਼ਨਕਾਰੀਆਂ ਨੂੰ  ਜਬਰੀ ਹਟਾਇਆ ਸੀ, ਜਿਸ ਵਿਚ ਲਗਭਗ 40 ਵਿਅਕਤੀ ਜ਼ਖ਼ਮੀ ਹੋ ਗਏ ਸਨ | ਇਸ ਘਟਨਾ ਤੋਂ ਬਾਅਦ ਹੀ ਇਹ ਪ੍ਰਦਰਸ਼ਨ ਦੇਸ਼ ਭਰ 'ਚ ਫੈਲ ਗਿਆ | ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਦੇ ਕਾਰਨ ਹਨ ਵੱਧ ਕਿਰਾਏ, ਘੱਟ ਤਨਖ਼ਾਹਾਂ ਅਤੇ ਤੇਲ ਤੇ ਭੋਜਨ ਦੇ ਵਧ ਰਹੇ ਭਾਅ |
ਫਰਾਂਸ ਵਿਚ ਇਹ ਅੰਦੋਲਨ ਅਚਾਨਕ ਸ਼ੁਰੂ ਨਹੀਂ ਹੋਇਆ, ਇਸ ਪਿੱਛੇ ਅਨੇਕਾਂ ਮੁੱਖ ਕਾਰਨ ਹਨ | ਇਸ ਸੰਕਟ ਦੀ ਸ਼ੁਰੂਆਤ ਸਤੰਬਰ 2026 ਦੇ ਮੱਧ ਵਿਚ ਪੈਰਿਸ ਦੇ ਉਪ ਨਗਰਾਂ ਤੋਂ ਸਕੂਲੀ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਸਥਾਨਕ ਪ੍ਰਦਰਸ਼ਨ ਨਾਲ ਹੋਈ ਸੀ | ਪ੍ਰਦਰਸ਼ਨਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਵੱਡੀ ਘਾਟ, ਜਮਾਤਾਂ ਵਿਚ ਹੱਦੋਂ ਵੱਧ ਭੀੜ, ਖੰਡਰ ਬਣਦਾ ਜਾ ਰਿਹਾ ਬੁਨਿਆਦੀ ਢਾਂਚਾ ਅਤੇ ਭਿਆਨਕ ਗਰਮੀ (ਯੂਰਪੀ ਹੀਟ ਵੇਵ) ਦੌਰਾਨ ਮਾੜੀਆਂ ਸਥਿਤੀਆਂ ਦਾ ਵਿਰੋਧ ਕਰ ਰਹੇ ਸਨ | ਬਾਅਦ ਵਿਚ ਇਸ ਅੰਦੋਲਨ 'ਚ ਟ੍ਰੇਡ ਯੂਨੀਅਨ, 'ਯੈਲੋ ਵੈਸਟ' ਦੇ ਸਾਬਕਾ ਪ੍ਰਦਰਸ਼ਨਕਾਰੀ ਅਤੇ ਆਮ ਨਾਗਰਿਕ ਵੀ ਸ਼ਾਮਿਲ ਹੋ ਗਏ | ਅਸਲ ਵਿਚ ਨਾਗਰਿਕ ਸਰਕਾਰ ਦੁਆਰਾ ਜਨਤਕ ਸੇਵਾਵਾਂ ਦੀ ਅਣਦੇਖੀ ਅਤੇ ਸਿਰਫ਼ ਅਮੀਰਾਂ ਨੂੰ  ਲਾਭ ਪਹੁੰਚਾਉਣ ਵਾਲੀਆਂ ਨੀਤੀਆਂ ਖ਼ਿਲਾਫ਼ ਰੋਸ ਪ੍ਰਗਟਾਅ ਰਹੇ ਹਨ | ਨਾਰਾਜ਼ਗੀ ਤੇ ਗੁੱਸੇ ਦੇ ਇਹ ਕਾਰਨ ਤੁਹਾਨੂੰ ਜਾਣੇ-ਪਛਾਣੇ ਲੱਗ ਰਹੇ ਹੋਣਗੇ, ਕਿਉਂਕਿ ਵਿਸ਼ਵ ਦੇ ਜ਼ਿਆਦਾਤਰ ਦੇਸ਼ਾਂ ਵਿਚ ਅੱਜ ਇਹੀ ਸਮੱਸਿਆਵਾਂ ਹਨ ਅਤੇ ਇਨ੍ਹਾਂ ਕਾਰਨ ਹੀ ਵਿਦਿਆਰਥੀ ਤੇ ਆਮ ਲੋਕ ਸੜਕਾਂ 'ਤੇ ਆਉਣ ਲਈ ਮਜਬੂਰ ਹੋਏ ਹਨ | ਅੰਨ੍ਹੇ ਪੂੰਜੀਵਾਦ ਨੇ ਸਰਕਾਰਾਂ ਦੀ ਮਦਦ ਨਾਲ ਕੁਝ ਲੋਕਾਂ ਨੂੰ  ਤਾਂ ਖ਼ਜ਼ਾਨੇ ਦੇ ਭੰਡਾਰ ਦੇ ਦਿੱਤੇ, ਜਦਕਿ ਜ਼ਿਆਦਾਤਰ ਨਾਗਰਿਕ ਰੋਜ਼ੀ-ਰੋਟੀ ਲਈ ਵੀ ਸੰਘਰਸ਼ ਕਰਨ ਲਈ ਮਜਬੂਰ ਹਨ | ਪਰ ਸਮੱਸਿਆਵਾਂ ਦਾ ਹੱਲ ਕਰਨ ਦੀ ਥਾਂ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਪ੍ਰਦਰਸ਼ਨਕਾਰੀਆਂ ਨੂੰ  'ਭਾਰੀ ਕੀਮਤ' ਚੁਕਾਉਣ ਦੀ ਧਮਕੀ ਦੇ ਰਹੇ ਹਨ ਤੇ ਉਨ੍ਹਾਂ ਨੇ ਸਥਾਨਕ ਮੇਅਰਾਂ ਤੇ ਅਧਿਕਾਰੀਆਂ ਨੂੰ  ਲੋੜ ਪੈਣ 'ਤੇ ਪ੍ਰਦਰਸ਼ਨਾਂ 'ਤੇ ਪਾਬੰਦੀ ਲਾਉਣ ਦੇ ਅਧਿਕਾਰ ਵੀ ਦਿੱਤੇ ਹਨ | ਮੈਕਰੋਨ ਦਸ ਸਾਲਾਂ ਤੱਕ ਸੱਤਾ 'ਚ ਰਹਿਣ ਤੋਂ ਬਾਅਦ 2027 ਵਿਚ ਆਪਣਾ ਅਹੁਦਾ ਛੱਡ ਦੇਣਗੇ | ਉਨ੍ਹਾਂ ਦਾ ਕਾਰਜਕਾਲ ਸਮਾਜਿਕ ਅਸ਼ਾਂਤੀ, ਕਮਜ਼ੋਰ ਆਰਥਿਕਤਾ ਅਤੇ ਲਗਾਤਾਰ ਵਧਦੇ ਕਰਜ਼ੇ ਦੁਆਰਾ ਪਰਿਭਾਸ਼ਿਤ ਕੀਤਾ ਜਾ ਰਿਹਾ ਹੈ | ਫਰਾਂਸ 'ਚ 2027 ਵਿਚ ਰਾਸ਼ਟਰਪਤੀ ਚੋਣਾਂ ਹੋਣਗੀਆਂ | ਚੋਣਾਂ ਤੋਂ ਪਹਿਲਾਂ ਇਸ ਸੰਕਟ ਨੇ ਮੈਕਰੋਨ ਸਰਕਾਰ 'ਤੇ ਭਾਰੀ ਰਾਜਨੀਤਕ ਦਬਾਅ ਬਣਾਇਆ ਹੋਇਆ ਹੈ | ਇਹ ਸਹੀ ਹੈ ਕਿ ਇਹ ਵਿਰੋਧ ਪ੍ਰਦਰਸ਼ਨ ਸਰਕਾਰਾਂ ਖ਼ਿਲਾਫ਼ ਪ੍ਰਤੀਤ ਹੋ ਰਹੇ ਹਨ ਅਤੇ ਮਹਿੰਗਾਈ, ਬੁਨਿਆਦੀ ਸਹੂਲਤਾਂ ਦੀ ਘਾਟ ਆਦਿ ਇਸ ਦੇ ਕਾਰਨ ਹਨ, ਪਰ ਇਸ ਬੈਚੇਨੀ ਲਈ ਪੂਰੇ ਯੂਰਪ ਵਿਚ ਦੋ ਮੁੱਖ ਕਾਰਨ ਹਨ- ਪਹਿਲਾ ਇਹ ਕਿ ਨੀਤੀਆਂ ਜੋ ਅਮੀਰਾਂ ਨੂੰ  ਹੋਰ ਅਮੀਰ ਅਤੇ ਗਰੀਬਾਂ ਨੂੰ  ਹੋਰ ਗਰੀਬ ਬਣਾਉਂਦੀਆਂ ਹਨ ਅਤੇ ਦੂਜਾ ਇਹ ਕਿ ਸਮਾਜ ਭਲਾਈ ਵਿਵਸਥਾ ਨੌਜਵਾਨਾਂ ਨੂੰ  ਨਜ਼ਰਅੰਦਾਜ਼ ਕਰਕੇ ਸਹੂਲਤਾਂ ਦੀ ਵੰਡ ਬਜ਼ੁਰਗਾਂ 'ਚ ਕਰਦੀ ਹੈ |
ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਸਕਦਾ ਕਿ ਫਰਾਂਸ ਨੇ ਹਰ ਕੁਝ ਸਾਲਾਂ ਬਾਅਦ ਭਿਆਨਕ ਪ੍ਰਦਰਸ਼ਨਾਂ ਦੀ ਆਦਤ ਜਿਹੀ ਬਣਾ ਲਈ ਹੈ | ਇਸ ਲਈ ਮੌਜੂਦਾ ਅਸ਼ਾਂਤੀ, ਅਗਜ਼ਨੀ ਤੇ ਹਫੜਾ-ਦਫੜੀ ਵਾਲੀ ਸਥਿਤੀ ਨੂੰ  ਅਚਾਨਕ ਬਣੀ ਨਹੀਂ ਕਿਹਾ ਜਾ ਸਕਦਾ | ਇਨ੍ਹਾਂ ਪ੍ਰਦਰਸ਼ਨ 'ਚ ਇਕ ਨਿਸਚਿਤ ਪੈਟਰਨ ਦੇਖਣ ਨੂੰ  ਮਿਲਦਾ ਹੈ | ਪ੍ਰਦਰਸ਼ਨਕਾਰੀ ਸਿਰ ਤੋਂ ਪੈਰਾਂ ਤੱਕ ਕਾਲੇ ਕੱਪੜੇ ਪਾ ਕੇ 'ਬਲੈਕ ਬਲਾਕ' ਏਜੰਡੇ ਦੀ ਥਾਂ ਇਕ ਖ਼ਾਸ ਸ਼ੈਲੀ 'ਚ ਪ੍ਰਦਰਸ਼ਨ ਕਰਦੇ ਹਨ ਜਿਵੇਂ ਤੇਜ਼ੀ ਨਾਲ ਆਉਣਾ ਤੇ ਭੰਨਤੋੜ ਕਰਕੇ ਫ਼ਰਾਰ ਹੋਣ ਜਾਣਾ | ਜਿਵੇਂ ਕਿ ਉੱਪਰ ਦੱਸਿਆ ਹੈ ਕਿ ਇਹ ਪ੍ਰਦਰਸ਼ਨ ਵਿਦਿਆਰਥੀਆਂ ਦੀਆਂ ਮੰਗਾਂ ਨਾਲ ਸ਼ੁਰੂ ਹੋਇਆ, ਪਰ ਹੁਣ ਰਿਕਾਰਡ ਕਰਜ਼ੇ ਅਤੇ ਕੱਟੜਪੰਥੀਆਂ ਵਿਚਕਾਰ ਭਿਆਨਕ ਵੰਡ ਨੇ ਸੰਕਟ ਨੂੰ  ਭੰਬਲਭੂਸੇ 'ਚ ਬਦਲ ਦਿੱਤਾ ਹੈ | ਮਾਰਸੇਲ ਦੇ ਮੇਅਰ ਅਨੁਸਾਰ, 'ਵਿਦਿਆਰਥੀਆਂ ਤੇ ਹੋਰਾਂ ਦੀਆਂ ਮੰਗਾਂ ਜਾਇਜ਼ ਹਨ, ਪਰ ਹੁਣ ਕੋਈ ਉਨ੍ਹਾਂ ਨੂੰ  ਸੁਣ ਨਹੀਂ ਰਿਹਾ, ਕਿਉਂਕਿ ਮੂਰਖ (ਬਲੈਕ ਬਲਾਕ) ਹਰ ਥਾਂ ਭੰਨਤੋੜ ਕਰ ਰਹੇ ਹਨ |' ਇਹ ਬਿਆਨ ਸਹੀ ਜਾਪ ਰਿਹਾ ਹੈ |
ਦਾਰਸ਼ਨਿਕਾਂ ਦਾ ਦੇਸ਼ ਫਰਾਂਸ ਆਪਣੇ ਆਪ ਨਾਲ ਹੀ ਇਕ ਅਰਥਪੂਰਨ ਗੱਲਬਾਤ ਨਹੀਂ ਕਰ ਪਾ ਰਿਹਾ | ਰਾਜਨੀਤਕ ਵਿਸ਼ਲੇਸ਼ਕ ਅਲੈਗਜ਼ੈਂਡਰ ਕੌਚਨਰ ਅਨੁਸਾਰ, 'ਫਰਾਂਸ ਇਸ ਬਾਰੇ ਇਕ ਰਾਜਨੀਤਕ ਬਹਿਸ ਨਹੀਂ ਕਰ ਪਾ ਰਿਹਾ, ਕਿ ਇਹ ਕਿੱਥੇ ਖੜ੍ਹਾ ਹੈ ਤੇ ਹੁਣ ਇਸ ਨੂੰ  ਕਿੱਥੇ ਜਾਣ ਦੀ ਲੋੜ ਹੈ |' ਦਰਅਸਲ, ਫਰਾਂਸ ਤੇ ਹੋਰ ਵਿਕਸਤ ਯੂਰਪੀਅਨ ਦੇਸ਼ ਜੋ ਵਿਸ਼ਵ ਦੇ 'ਜੀਵਨ ਸ਼ੈਲੀ 'ਚ ਸੁਪਰਪਾਵਰ' ਹਨ, ਨੂੰ  ਲੰਬੇ ਸਮੇਂ ਤੋਂ ਨਵੇਂ ਸਮਾਜਿਕ ਸੰਤੁਲਨ ਦੀ ਲੋੜ ਹੈ, ਜੋ ਬਸਤੀਵਾਦ ਤੋਂ ਮੁਕਤ ਸੰਸਾਰ 'ਚ ਪੀੜ੍ਹੀਆਂ ਅਤੇ ਵਰਗਾਂ ਵਿਚਾਲੇ ਉਮੀਦਾਂ ਦਾ ਪ੍ਰਬੰਧਨ ਕਰ ਸਕੇ, ਭਾਵ ਦੌਲਤ ਦੀ ਵੰਡ ਇਸ ਤਰ੍ਹਾਂ ਹੋਵੇ ਕਿ ਨੌਜਵਾਨ ਤੇ ਬਜ਼ੁਰਗ ਅਤੇ ਅਮੀਰ ਤੇ ਗਰੀਬ ਕਿਸੇ ਹੱਦ ਤੱਕ ਸੰਤੁਸ਼ਟ ਹੋ ਸਕਣ | ਉਂਝ ਨਵੇਂ ਆਰਥਿਕ ਸੰਤੁਲਨ ਦੀ ਲੋੜ ਸਿਰਫ਼ ਫਰਾਂਸ ਨੂੰ  ਹੀ ਨਹੀਂ, ਸਗੋਂ ਸਪੇਨ, ਇਟਲੀ ਆਦਿ ਯੂਰਪੀ ਦੇਸ਼ਾਂ ਦੇ ਨਾਲ-ਨਾਲ ਏਸ਼ੀਆ ਤੇ ਅਫਰੀਕਾ ਦੇ ਦੇਸ਼ਾਂ ਨੂੰ  ਵੀ ਹੈ, ਜਿੱਥੇ ਨੌਜਵਾਨ ਸੜਕਾਂ 'ਤੇ ਸੰਘਰਸ਼ ਕਰ ਰਹੇ ਹਨ | ਪਰ ਸਰਕਾਰਾਂ ਇਸ ਸੰਤੁਲਨ ਨੂੰ  ਵੱਖ-ਵੱਖ ਕਾਰਨਾਂ ਕਰਕੇ ਸਥਾਪਤ ਨਹੀਂ ਕਰਨਾ ਚਾਹੁੰਦੀਆਂ ਅਤੇ ਅਖ਼ੀਰ ਨਤੀਜਾ ਇਹ ਹੈ ਕਿ ਅੜਿੱਕਾ ਜਾਰੀ ਹੈ | ਫਰਾਂਸ ਦੇ ਮੌਜੂਦਾ ਸੰਕਟ ਨੂੰ  ਸਮਝਣ ਲਈ ਇਸ ਦੀ ਪੈਨਸ਼ਨ ਸਥਿਤੀ ਨੂੰ  ਜਾਨਣਾ ਵੀ ਜ਼ਰੂਰੀ ਹੈ |
ਫਰਾਂਸ ਆਪਣੀ ਜੀ.ਡੀ.ਪੀ. ਦਾ 5.1 ਫ਼ੀਸਦੀ ਸਿੱਖਿਆ 'ਤੇ ਖ਼ਰਚ ਕਰਦਾ ਹੈ, ਜੋ ਹੋਰ ਦੇਸ਼ਾਂ ਦੀ ਤੁਲਨਾ 'ਚ ਬਹੁਤ ਜ਼ਿਆਦਾ ਹੈ | ਪਰ ਇਹ ਪੈਸਾ ਅਕਾਦਮਿਕ ਸਹੂਲਤਾਂ ਨੂੰ  ਸੁਧਾਰਨ, ਨਵੇਂ ਅਧਿਆਪਕਾਂ ਦੀ ਭਰਤੀ ਅਤੇ ਤੇਜ਼ੀ ਨਾਲ ਬਦਲ ਰਹੇ ਨੌਕਰੀ ਬਾਜ਼ਾਰ ਦੇ ਹਿਸਾਬ ਨਾਲ ਪਾਠਕ੍ਰਮ ਬਣਾਉਣ 'ਚ ਨਹੀਂ ਲਾਇਆ ਜਾਂਦਾ | ਇਕ ਚੌਥਾਈ ਤੋਂ ਵੱਧ ਫੰਡ ਅਧਿਆਪਕਾਂ ਦੀ ਪੈਨਸ਼ਨ 'ਚ ਚਲਾ ਜਾਂਦਾ ਹੈ | ਮੈਕਰੋਨ ਜਦੋਂ 10 ਸਾਲ ਪਹਿਲਾਂ ਫਰਾਂਸ ਦੇ ਸਭ ਤੋਂ ਛੋਟੀ ਉਮਰ ਦੇ ਰਾਸ਼ਟਰਪਤੀ ਬਣੇ ਸਨ, ਤਾਂ ਉਨ੍ਹਾਂ ਨੇ ਤਬਦੀਲੀ ਲਿਆਉਣ ਦੇ ਉਦੇਸ਼ ਨਾਲ ਸੇਵਾਮੁਕਤੀ ਦੀ ਉਮਰ ਅਧਿਕਾਰਕ ਤੌਰ 'ਤੇ 62 ਤੋਂ ਵਧਾ ਕੇ 64 ਸਾਲ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਕਿ ਪੈਨਸ਼ਨ ਅਦਾਇਗੀ 'ਚ ਦੋ ਸਾਲ ਦੀ ਦੇਰੀ ਕੀਤੀ ਜਾ ਸਕੇ, ਪਰ ਇਸ ਦਾ ਜ਼ਬਰਦਸਤ ਵਿਰੋਧ ਹੋਇਆ ਤੇ ਸਰਕਾਰ ਦੇ ਹੌਸਲੇ ਢਹਿ ਗਏ | ਸਰਕਾਰ ਨੂੰ  ਕਰਜ਼ਾ ਲੈਣਾ ਪਿਆ, ਜੋ ਕਿ ਪਿਛਲੇ 25 ਸਾਲਾਂ ਦੌਰਾਨ ਇਸ ਸਮੇਂ ਆਪਣੀ ਉੱਚ ਸੀਮਾ 'ਤੇ ਹੈ | ਪਰ ਇਸ ਤਰ੍ਹਾਂ ਲਗਦਾ ਹੈ ਹੈ ਜਿਵੇਂ ਫਰਾਂਸ ਨੂੰ  ਸਰਜਰੀ ਦੀ ਲੋੜ ਸੀ ਪਰ ਸਿਰਫ਼ ਮਲ੍ਹਮ ਪੱਟੀ ਕੰਮ ਚਲਾਇਆ ਜਾਂਦਾ ਰਿਹਾ ਹੈ ਅਤੇ ਨਤੀਜਾ ਇਹ ਨਿਕਲਿਆ ਕਿ ਵਿਸ਼ਵ ਦੀ ਸੱਤਵੀਂ ਸਭ ਤੋਂ ਵੱਡੀ ਅਰਥਵਿਵਸਥਾ ਨੂੰ  ਲੰਗੜਾਅ ਕੇ ਚੱਲਣਾ ਪੈ ਰਿਹਾ ਹੈ ਤੇ ਆਪਣੇ ਹੀ ਲੋਕਾਂ ਦੀ ਨਾਰਾਜ਼ਗੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ |

-(ਲੇਖਕ ਸਿੱਖਿਆ ਖੇਤਰ ਨਾਲ ਜੁੜੇ ਹੋਏ ਹਨ |)
ਇਮੇਜ ਰਿਫਲੈਕਸ਼ਨ ਸੈਂਟਰ

Ad Position 22
No active advertisement
ਪਿਛਲੀ ਖ਼ਬਰ ਝੋਟਾ ਹੱਤਿਆ ਕਾਂਡ ਦੀ ਜਾਂਚ ਸੀ.ਬੀ.ਆਈ. ਦੇ ਹਵਾਲੇ ਅਗਲੀ ਖ਼ਬਰ ਕੀਮਤੀ ਸਰੋਤ ਪਾਣੀ ਨੂੰ ਬਚਾਇਆ ਜਾਵੇ
Ad Position 24