04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਏਸ਼ਿਆਈ ਖੇਡਾਂ ਵਿਚ ਬੁਲੰਦ ਹੋਇਆ ਭਾਰਤ ਦਾ ਰੁਤਬਾ

ਏਸ਼ਿਆਈ ਖੇਡਾਂ ਵਿਚ ਬੁਲੰਦ ਹੋਇਆ ਭਾਰਤ ਦਾ ਰੁਤਬਾ

Ad Position 21
No active advertisement
ਅਜੀਤ ਡੈਸਕ 05-10-2026

ਹਾਲ ਹੀ ਵਿਚ ਜਪਾਨ ਦੇ ਸ਼ਹਿਰ ਐਸ਼ੀ ਨਾਗੋਆ 'ਚ ਸਮਾਪਤ ਹੋਏ ਏਸ਼ਿਆਈ ਖੇਡ ਮਹਾਕੁੰਭ ਵਿਚ ਭਾਰਤ ਵਲੋਂ ਪ੍ਰਾਪਤ ਕੀਤੇ ਗਏ ਮੈਡਲਾਂ ਦਾ ਜਲਵਾ ਭਾਵੇਂ 2023 ਦੀਆਂ ਚੀਨ ਵਿਚ ਹੋਈਆਂ ਏਸ਼ਿਆਈ ਖੇਡਾਂ ਜਿਹਾ ਚਮਕਦਾਰ ਨਾ ਰਿਹਾ ਹੋਵੇ, ਪਰ ਇਸ ਮਹਾਕੁੰਭ ਨੇ ਭਾਰਤ ਨੂੰ  ਸਾਲ 2036 ਵਿਚ ਹੋਣ ਵਾਲੀਆਂ ਉਲੰਪਿਕ ਖੇਡਾਂ ਦੀ ਮੇਜ਼ਬਾਨੀ ਦੀ ਦਾਅਵੇਦਾਰੀ ਕਰਨ ਦੇ ਬਹੁਤ ਕਰੀਬ ਲਿਆ ਖੜ੍ਹਾ ਕੀਤਾ ਹੈ | ਜਪਾਨ ਵਿਖੇ ਹੋਏ 20ਵੇਂ ਏਸ਼ਿਆਈ ਖੇਡ ਮਹਾਕੁੰਭ  ਦੀ ਸ਼ੁਰੂਆਤ ਪਿਛਲੇ ਮਹੀਨੇ 19 ਸਤੰਬਰ ਨੂੰ  ਹੋਈ ਸੀ ਅਤੇ ਇਸ ਦੀ ਸਮਾਪਤੀ 4 ਅਕਤੂਬਰ ਨੂੰ  ਹੋਈ ਹੈ | ਇਸ ਲਈ ਭਾਰਤ ਸਰਕਾਰ ਅਤੇ ਉਲੰਪਿਕ ਖੇਡ ਅਧਿਕਾਰੀਆਂ ਦੀਆਂ ਨਜ਼ਰਾਂ ਬਿਨਾਂ ਸ਼ੱਕ ਜਪਾਨ ਪਹੁੰਚੀਆਂ ਭਾਰਤੀ ਖਿਡਾਰੀਆਂ ਦੀਆਂ ਟੀਮਾਂ ਦੇ ਪ੍ਰਦਰਸ਼ਨ 'ਤੇ ਟਿਕੀਆਂ ਹੋਈਆਂ ਸਨ | ਜਪਾਨ ਵਿਚ ਹੋਈਆਂ ਇਨ੍ਹਾਂ ਖੇਡਾਂ ਵਿਚ ਭਾਰਤ ਸਰਕਾਰ ਨੇ 501 ਖਿਡਾਰੀਆਂ ਦਾ ਸ਼ਕਤੀਸ਼ਾਲੀ ਦਲ ਭੇਜਿਆ ਸੀ ਤੇ ਬਿਨਾਂ ਸ਼ੱਕ ਭਾਰਤੀ ਅਧਿਕਾਰੀਆਂ ਅਤੇ ਦੇਸ਼ ਦੇ ਕਰੋੜਾਂ ਖੇਡ ਪ੍ਰਸੰਸਕਾਂ ਅਤੇ ਦਰਸ਼ਕਾਂ ਨੇ ਵੀ ਇਸ ਦਲ ਤੋਂ ਵੱਡੀਆਂ ਉਮੀਦਾਂ ਲਗਾ ਰੱਖੀਆਂ ਸਨ | ਬਿਨਾਂ ਸ਼ੱਕ ਸਾਲ 2036 ਦੀਆਂ ਉਲੰਪਿਕ ਖੇਡਾਂ ਦੇ ਪ੍ਰਬੰਧ ਦੀ ਦਾਅਵੇਦਾਰੀ ਲਈ ਮੌਜੂਦਾ ਏਸ਼ਿਆਈ ਖੇਡਾਂ ਅਤੇ ਆਉਂਦੇ ਦੋ ਸਾਲ ਬਾਅਦ ਸਾਲ 2028 ਵਿਚ ਹੋਣ ਵਾਲੀਆਂ ਉਲੰਪਿਕ ਖੇਡਾਂ ਵਿਚ ਭਾਰਤੀ ਖਿਡਾਰੀਆਂ ਵਲੋਂ ਦਿਖਾਏ ਜਾਣ ਵਾਲੇ ਪ੍ਰਦਰਸ਼ਨ, ਉਤਸ਼ਾਹ ਅਤੇ ਉਨ੍ਹਾਂ ਵਲੋਂ ਪ੍ਰਾਪਤ ਕੀਤੇ ਗਏ ਤਗਮਿਆਂ ਦੀ ਗਿਣਤੀ 'ਤੇ ਬਹੁਤ ਕੁਝ ਨਿਰਭਰ ਕਰੇਗਾ |

ਇਸ ਵਾਰ ਇਸ ਕਸੌਟੀ 'ਤੇ ਭਾਰਤ ਅਤੇ ਭਾਰਤੀ ਖਿਡਾਰੀ ਖਰਾ ਉਤਰੇ ਹਨ | ਇਸ ਦੀ ਮਿਸਾਲ ਮੌਜੂਦਾ ਖੇਡ ਮਹਾਕੁੰਭ ਦੇ ਆਖ਼ਰੀ ਪੜਾਅ 'ਤੇ ਭਾਰਤੀ ਮਹਿਲਾ ਹਾਕੀ ਟੀਮ ਦੀ ਸ਼ਾਨਦਾਰ ਜਿੱਤ ਤੋਂ ਦੇਖੀ ਜਾ ਸਕਦੀ ਹੈ | ਇਸ ਜਿੱਤ ਨੇ ਜਿਥੇ ਭਾਰਤੀ ਹਾਕੀ ਨੂੰ  ਸਾਲ 2028 ਵਿਚ ਲਾਸ ਏਾਜਲਸ ਵਿਚ ਹੋਣ ਵਾਲੀਆਂ ਉਲੰਪਿਕ ਖੇਡਾਂ ਵਿਚ ਸਿੱਧੇ ਭਾਗ ਲੈਣ ਵਾਲੀ ਪਹਿਲੀ ਟੀਮ ਬਣਾ ਦਿੱਤਾ ਹੈ, ਉਥੇ ਇਸ ਜਿੱਤ ਨੇ ਭਾਰਤੀ ਮਹਿਲਾ ਹਾਕੀ ਦੇ ਪਿਛਲੇ 44 ਸਾਲਾਂ ਦੇ ਸੋਨ ਤਗਮੇ ਦੇ ਸੋਕੇ ਨੂੰ  ਵੀ ਖ਼ਤਮ ਕੀਤਾ ਹੈ | ਉਂਝ ਵੀ, ਹਾਕੀ ਤੋਂ ਇਲਾਵਾ ਭਾਰਤੀ ਖਿਡਾਰੀਆਂ ਨੇ ਇਸ ਪੂਰੇ ਖੇਡ ਆਯੋਜਨ ਦੌਰਾਨ ਜਿਸ ਤਰ੍ਹਾਂ ਦੇ ਉਤਸ਼ਾਹ ਅਤੇ ਖ਼ਾਸਕਰ ਅਨੁਸ਼ਾਸਨ ਦਾ ਪ੍ਰਦਰਸ਼ਨ ਕੀਤਾ ਹੈ, ਉਸ ਨੇ  ਭਾਰਤੀ ਖਿਡਾਰੀਆਂ, ਖੇਡ ਅਥਾਰਟੀਆਂ ਅਤੇ ਭਾਰਤ ਸਰਕਾਰ ਦੀ ਦਿੱਖ ਨੂੰ  ਹੋਰ ਵੀ ਵਧਾਇਆ ਹੈ |
ਇਸ ਆਯੋਜਨ ਦੀ ਸ਼ੁਰੂਆਤ ਵਿਚ ਭਾਰਤੀ ਖਿਡਾਰੀਆਂ ਦਾ ਜਲਵਾ ਥੋੜ੍ਹਾ ਮੱਧਮ ਰਿਹਾ ਤੇ ਭਾਰਤ ਨੂੰ  ਪਹਿਲੇ ਤਗਮੇ ਲਈ ਦੋ ਦਿਨਾਂ ਦਾ ਇੰਤਜ਼ਾਰ ਕਰਨਾ ਪਿਆ | ਇਥੋਂ ਤੱਕ ਕਿ ਦੇਸ਼ ਨੂੰ  ਪਹਿਲਾ ਸੋਨ ਤਗਮਾ ਤੀਜੇ ਦਿਨ ਜਾ ਕੇ ਮਿਲਿਆ ਸੀ, ਪਰ ਜਿਵੇਂ-ਜਿਵੇਂ ਇਹ ਆਯੋਜਨ ਅੱਗੇ ਵਧਦਾ ਗਿਆ, ਭਾਰਤੀ ਖਿਡਾਰੀਆਂ ਦੀ ਮੈਡਲ ਪ੍ਰਾਪਤੀ ਵੀ ਵਧਦੀ ਗਈ | ਅਖ਼ੀਰਲੇ ਪੜਾਅ ਵਿਚ ਭਾਰਤੀ ਖਿਡਾਰੀਆਂ ਨੇ ਇਕ-ਇਕ ਦਿਨ ਵਿਚ ਪੰਜ-ਛੇ ਤੱਕ ਸੋਨ ਤਗਮੇ ਜਿੱਤੇ | ਇਕ ਹੀ ਦਿਨ ਵਿਚ 6 ਸੋਨ, ਦੋ ਚਾਂਦੀ ਅਤੇ ਦੋ ਕਾਂਸੇ ਦੇ ਤਗਮੇ ਜਿੱਤਣਾ ਕੋਈ ਛੋਟੀ ਪ੍ਰਾਪਤੀ ਤਾਂ ਕਿਸੇ ਵੀ ਤਰ੍ਹਾਂ ਨਹੀਂ ਕਹੀ ਜਾ ਸਕਦੀ | ਭਾਰਤੀ ਕ੍ਰਿਕੇਟ ਟੀਮ ਨੇ ਪਾਕਿਸਤਾਨ ਨੂੰ  ਇਕ ਔਖੇ ਮੁਕਾਬਲੇ ਵਿਚ ਹਰਾ ਕੇ ਉਸ ਨੂੰ  ਹਰਾਉਣ ਦੀ ਆਪਣੀ ਪਰੰਪਰਾ ਨੂੰ  ਜਾਰੀ ਰੱਖਿਆ | ਅਖ਼ੀਰਲੇ ਦਿਨਾਂ ਵਿਚ ਭਾਰਤੀ ਖਿਡਾਰੀਆਂ ਨੇ ਮਰਦ ਕ੍ਰਿਕੇਟ, ਮਰਦ ਹਾਕੀ, ਕੁਸ਼ਤੀ, ਤੀਰਅੰਦਾਜ਼ੀ ਅਤੇ ਗੋਲਫ਼ ਵਿਚ ਸੋਨ ਤਗਮੇ ਜਿੱਤੇ | ਭਾਰਤੀ ਦਲ ਵਲੋਂ ਦੋ ਚਾਂਦੀ ਅਤੇ ਦੋ ਕਾਂਸੇ ਦੇ ਤਗਮੇ ਜਿੱਤਣਾ ਬਹੁਤ ਵੱਡੀ ਖ਼ੁਸ਼ੀ ਦੀ ਗੱਲ ਬਣੀ | ਦੇਸ਼ ਦੀ ਕੁੱਲ  ਤਗਮਿਆਂ ਦੀ ਗਿਣਤੀ ਭਾਵੇਂ 85 ਰਹੀ, ਜੋ 2023 ਦੀਆਂ ਏਸ਼ਿਆਈ ਖੇਡਾਂ ਵਿਚ ਭਾਰਤ ਦੀ ਪ੍ਰਾਪਤੀ ਤੋਂ ਘੱਟ ਹੈ, ਪਰ 21 ਸੋੋਨ ਤਗਮਿਆਂ ਦੀ ਚਮਕ ਹਨ੍ਹੇਰੇ ਨੂੰ  ਚੀਰ ਕੇ ਉੱਡਦੇ ਜੁਗਨੂੰਆਂ ਵਾਂਗ ਸਾਬਿਤ ਹੋਈ ਹੈ | ਇਹ ਵੀ ਕਿ ਭਾਰਤ ਮੈਡਲ ਸੂਚੀ ਵਿਚ 12ਵੇਂ ਨੰਬਰ ਤੋਂ ਉੱਪਰ ਉੱਠ ਕੇ ਚੌਥੇ ਨੰਬਰ 'ਤੇ ਜਾ ਪਹੁੰਚਿਆ | ਚੀਨ 341 ਤਗਮਿਆਂ ਨਾਲ ਪਹਿਲੇ ਨੰਬਰ 'ਤੇ ਰਿਹਾ, ਜਦਕਿ ਜਪਾਨ 269 ਤਗਮਿਆਂ ਨਾਲ ਦੂਜੇ ਅਤੇ ਦੱਖਣੀ ਕੋਰੀਆ 150 ਤਗਮਿਆਂ ਨਾਲ ਤੀਜੇ ਨੰਬਰ 'ਤੇ ਰਿਹਾ |
ਇਨ੍ਹਾਂ ਮੁਕਾਬਲਿਆਂ ਨਾਲ ਭਾਰਤੀ ਖਿਡਾਰੀਆਂ ਦੇ ਸਮੂਹਿਕ ਪ੍ਰਤਿਭਾ-ਮੁਕਟ ਵਿਚ ਇਕ ਹੋਰ ਮੋਰ ਦਾ ਖੰਭ ਵੀ ਜੁੜਿਆ ਕਿ ਭਾਰਤੀ ਦਲ ਨੇ ਕਈ ਉਨ੍ਹਾਂ ਮੁਕਾਬਲਿਆਂ ਵਿਚ ਵੀ ਆਪਣੀ ਖੇਡ ਦਾ ਲੋਹਾ ਮੰਨਵਾਇਆ, ਜਿਨ੍ਹਾਂ ਦਾ ਦੇਸ਼ ਵਿਚ ਕੋਈ ਬਹੁਤਾ ਰੁਝਾਨ ਨਹੀਂ ਹੈ | ਗੋਲਫ਼ ਵਿਚ ਭਾਰਤ ਦੀ ਧੀ ਪ੍ਰਣਵੀ ਉਰਸ ਸੋਨ ਤਗਮਾ ਜਿੱਤ ਕੇ ਇਸ ਖੇਡ ਲਈ ਪਹਿਲੀ ਮਹਿਲਾ ਸੋਨ ਤਗਮਾ ਜੇਤੂ  ਗੋਲਫਰ ਬਣ ਗਈ | ਦੇਸ਼ ਲਈ ਇਹ ਵੀ ਇਕ ਵੱਡੀ ਮਾਣ ਵਾਲੀ ਗੱਲ ਰਹੀ ਕਿ ਭਾਰਤੀ ਖਿਡਾਰੀਆਂ ਨੇ ਤਿੰਨ-ਤਿੰਨ ਤਗਮੇ ਜਿੱਤ ਕੇ ਪੰਜ ਹੈਟਿ੍ਕਾਂ ਵੀ ਲਗਾਈਆਂ | 23 ਹੋਰ ਖਿਡਾਰੀਆਂ ਨੇ ਦੋ-ਦੋ ਤਗਮੇ ਜਿੱਤੇ | ਹੈਟਿ੍ਕ ਵਾਲੇ ਪੰਜ ਖਿਡਾਰੀ ਕੁਮਕੁਮ ਤੀਰਅੰਦਾਜ਼ੀ, ਨੀਰੂ ਹਾਂਡਾ ਸ਼ੂਟਿੰਗ, ਗੁਲਵੀਰ ਸਿੰਘ ਐਥਲੈਟਿਕਸ, ਰੁਦਰਾਕਸ਼ ਸ਼ੂਟਿੰਗ ਅਤੇ ਵਿਥਿਆ ਰਾਮਰਾਜ ਵੀ ਐਥਲੈਟਿਕਸ ਵਿਚ ਤਗਮਾ ਜੇਤੂ ਰਹੇ | ਸੋਲਾਂ ਦਿਨ ਤੱਕ ਚੱਲੇ ਇਸ ਮਹਾਕੁੰਭ ਵਿਚ ਕੁੱਲ ਮਿਲਾ ਕੇ ਭਾਰਤੀ ਖਿਡਾਰੀਆਂ ਨੇ ਜਿਥੇ ਕੁਸ਼ਤੀ, ਕਬੱਡੀ, ਕ੍ਰਿਕਟ ਅਤੇ ਹਾਕੀ ਵਿਚ ਆਪਣੀ ਸੋਨ ਤਗਮਾ ਜੇਤੂ ਪ੍ਰਤਿਭਾ ਨੂੰ  ਬਰਕਰਾਰ ਰੱਖਿਆ, ਉਥੇ ਕਿਸੇ ਵੀ ਖਿਡਾਰੀ ਨੇ ਕਿਸੇ ਵੀ ਮੌਕੇ 'ਤੇ ਆਪਣੇ ਚਿਹਰੇ 'ਤੇ ਨਿਰਾਸ਼ਾ ਜਾਂ ਥਕਾਨ ਨੂੰ  ਉੱਭਰਨ ਨਹੀਂ ਦਿੱਤਾ | ਭਾਰਤੀ ਮਹਿਲਾ ਅਤੇ ਪੁਰਸ਼ ਹਾਕੀ ਵਿਚ ਖਿਡਾਰੀਆਂ ਨੇ ਸ਼ੁਰੂ ਤੋਂ ਹੀ ਆਪਣਾ ਦਬਦਬਾ ਬਣਾ ਕੇ ਅਖ਼ੀਰ ਤੱਕ ਕਾਇਮ ਰੱਖਿਆ | ਇਸ ਆਯੋਜਨ ਦੀ ਇਕ ਵੱਡੀ ਵਿਸ਼ੇਸ਼ਤਾ ਇਹ ਵੀ ਰਹੀ ਕਿ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਨੇ ਆਪਣੀ ਖੇਡ ਪ੍ਰਤਿਭਾ ਦਾ ਝੰਡਾ ਵਧੇਰੇ ਉੱਚਾ ਕੀਤਾ | ਹਾਕੀ ਵਿਚ ਪੰਜਾਬੀਅਤ ਭਾਰੂ ਰਹੀ, ਤਾਂ ਹੋਰ ਕਈ ਮੁਕਾਬਲਿਆਂ ਵਿਚ ਹਰਿਆਣਾ ਦਾ ਡੰਕਾ ਵੱਜਦਾ ਰਿਹਾ | ਕੁੱਲ ਮਿਲਾ ਕੇ ਜਪਾਨ ਵਿਚ ਸਮਾਪਤ ਹੋਏ ਇਸ ਏਸ਼ਿਆਈ ਖੇਡ ਮਹਾਕੁੰਭ ਨੇ ਭਾਰਤੀ ਖਿਡਾਰੀਆਂ ਦੇ ਮਾਣ ਦੇ ਝੰਡੇ ਨੂੰ  ਹੋਰ ਉਚਾਈ ਤੱਕ ਬੁਲੰਦ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਵਿਚਾਰ-ਪ੍ਰਵਾਹ ਅਗਲੀ ਖ਼ਬਰ 'ਨੈਕਸਟ-ਜੈਨਰੇਸ਼ਨ ਜੀ.ਐੱਸ.ਟੀ.' ਤੇ ਭਾਰਤ ਦੇ ਵਿਕਾਸ ਦਾ ਅਗਲਾ ਪੜਾਅ
Ad Position 24