03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਪੰਜਾਬੀਆਂ ਲਈ 2026 ਦਾ ਸਤੰਬਰ ਮਹੀਨਾ

ਪੰਜਾਬੀਆਂ ਲਈ 2026 ਦਾ ਸਤੰਬਰ ਮਹੀਨਾ

Ad Position 21
No active advertisement
ਅਜੀਤ ਡੈਸਕ 04-10-2026

ਹਰਭਜਨ ਸਿੰਘ ਬਾਜਵਾ (ਬਟਾਲਾ) ਪੰਜਾਬ ਦੇ ਉੱਘੇ ਫੋਟੋਗ੍ਰਾਫਰ, ਪੱਤਰਕਾਰ ਤੇ ਪੰਜਾਬੀ ਸਾਹਿਤਕਾਰ ਸਨ | ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਦੇ ਅੰਦਰੇਟਾ ਜਾ ਕੇ ਮਸ਼ਹੂਰ ਚਿੱਤਰਕਾਰ ਸਰਦਾਰ ਸੋਭਾ ਸਿੰਘ ਕੋਲੋਂ ਚਿੱਤਰਕਾਰੀ ਦੇ ਗੁਣ ਸਿੱਖੇ ਸਨ | ਬਾਅਦ 'ਚ ਉਨ੍ਹਾਂ ਨੇ ਫ਼ੋਟੋਗ੍ਰਾਫ਼ੀ ਨੂੰ  ਅਪਣਾਇਆ ਤੇ ਬਟਾਲਾ 'ਚ ਆਪਣਾ 'ਬਾਜਵਾ ਫ਼ੋਟੋਜ਼' ਸਥਾਪਿਤ ਕਰ ਲਿਆ | ਉਨ੍ਹਾਂ ਨੇ ਪੰਜਾਬ ਦੇ ਵੱਡੇ ਸਾਹਿਤਕਾਰਾਂ (ਜਿਵੇਂ ਗੁਰਬਖ਼ਸ਼ ਸਿੰਘ ਪ੍ਰੀਤਲੜੀ, ਪ੍ਰੋ. ਮੋਹਨ ਸਿੰਘ, ਸੰਤ ਸਿੰਘ ਸੇਖੋਂ, ਸ਼ਿਵ ਕੁਮਾਰ ਬਟਾਲਵੀ, ਜਸਵੰਤ ਸਿੰਘ ਕੰਵਲ ਆਦਿ) ਅਤੇ ਪੰਜਾਬ ਦੀ ਵਿਰਾਸਤ ਨੂੰ  ਆਪਣੇ ਕੈਮਰੇ 'ਚ ਕੈਦ ਕੀਤਾ | ਫ਼ੋਟੋਗ੍ਰਾਫ਼ੀ ਤੋਂ ਇਲਾਵਾ ਉਹ ਪੰਜਾਬੀ ਦੇ ਸ਼ਾਇਰ ਵੀ ਸਨ | ਉਨ੍ਹਾਂ ਦੇ ਤਿੰਨ ਕਾਵਿ-ਸੰਗ੍ਰਹਿ ਛਪੇ ਹਨ—ਸੁੱਕੇ ਕੱਖਾਂ ਥੱਲੇ ਅੱਗ, ਮੌਤ ਇਕ ਆਸ ਦੀ ਅਤੇ ਤਰੇਲ ਦੀ ਇਕ ਬੰੂਦ | ਉਨ੍ਹਾਂ ਨੇ ਆਪਣੀਆਂ ਖਿੱਚੀਆਂ ਇਤਿਹਾਸਕ ਤਸਵੀਰਾਂ ਅਤੇ ਸਲਾਈਡਾਂ 'ਪੰਜਾਬੀ ਸੱਥ ਲਾਂਬੜਾ' ਨੂੰ  ਸੌਂਪੀਆਂ ਅਤੇ ਆਪਣੀ ਨਿੱਜੀ ਲਾਇਬ੍ਰੇਰੀ ਬਾਬਾ ਆਇਆ ਸਿੰਘ ਰਿਆੜਕੀ ਕਾਲਜ (ਤੁਗਲਵਾਲਾ, ਗੁਰਦਾਸਪੁਰ) ਨੂੰ  ਦਾਨ ਕੀਤੀ, ਜਿੱਥੇ ਉਨ੍ਹਾਂ ਦੇ ਨਾਂਅ 'ਤੇ ਵਿਸ਼ੇਸ਼ ਵਿੰਗ ਬਣਾਇਆ ਗਿਆ ਹੈ | ਉਹ ਖੁੱਲ੍ਹੇ ਸੁਭਾਅ ਦੇ ਮਿਲਾਪੜੇ ਵਿਅਕਤੀ ਸਨ | ਉਨ੍ਹਾਂ ਦਾ ਦਿਹਾਂਤ 12 ਸਤੰਬਰ 2026 ਨੂੰ  85 ਸਾਲ ਦੀ ਉਮਰ 'ਚ ਬਟਾਲਾ ਵਿਖੇ ਹੋਇਆ | ਉਹ ਖੁਸ਼ੀਆ ਵੰਡ ਕੇ ਤੁਰ ਗਏ | ਉਨ੍ਹਾਂ ਨਮਿਤ ਸ਼ਰਧਾਂਜਲੀ ਸਮਾਗਮ 'ਚ ਸਾਬਕਾ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ, ਬਲਬੀਰ ਸਿੰਘ ਸਿੱਧੂ, ਸੀਨੀਅਰ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਅਕਾਲੀ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ, ਬੀਬੀ ਹਰਜਿੰਦਰ ਕੌਰ, ਜਥੇਦਾਰ ਜਗਜੀਤ ਸਿੰਘ ਰਤਨਗੜ੍ਹ, ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਸਾਬਕਾ ਚੇਅਰਮੈਨ ਜਤਿੰਦਰ ਸਿੰਘ ਔਲਖ, ਸਾਬਕਾ ਪੁਲਿਸ ਅਧਿਕਾਰੀ ਰਾਜਦੀਪ ਸਿੰਘ ਗਿੱਲ, ਸਾਬਕਾ ਆਈ.ਏ.ਐਸ. ਸੁਖਪਾਲ ਸਿੰਘ ਗਿੱਲ ਨੇ ਹਾਜ਼ਰੀ ਭਰੀ | ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਸਕੱਤਰ ਕਰਨਲ (ਸੇਵਾਮੁਕਤ) ਜਸਮੇਰ ਸਿੰਘ ਬਾਲਾ ਦੀ ਅਗਵਾਈ ਵਿਚ ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਸੀਨੀਅਰ ਮੈਂਬਰ, ਇੰਜ. ਸੁਰਿੰਦਰ ਸਿੰਘ ਵਿਰਦੀ, ਡਾ. ਗੁਰਦਰਸ਼ਨ ਸਿੰਘ ਢਿੱਲੋਂ, ਸੁਖਦੇਵ ਸਿੰਘ ਸਿੱਧੂ, ਗੁਰਦਰਸ਼ਨ ਸਿੰਘ ਬਾਹੀਆ, ਸੁਖਪਾਲ ਸਿੰਘ ਕੰਗ, ਹਰਪ੍ਰੀਤ ਸਿੰਘ ਡੋਡ, ਰਘਬੀਰ ਸਿੰਘ ਢਿੱਲੋਂ, ਡਾ. ਬਲਕਾਰ ਸਿੰਘ, ਐਡਵੋਕੇਟ ਕਰਨਦੀਪ ਸਿੰਘ ਚੀਮਾ, ਡਾ. ਉਜਾਗਰ ਸਿੰਘ ਤੇ ਭਗਵੰਤਪਾਲ ਸਿੰਘ ਸੱਚਰ ਨੇ ਵੀ ਸਮਾਗਮ ਨੂੰ  ਸੰਬੋਧਨ ਕੀਤਾ |

ਗੁਰਦੇਵ ਸਿੰਘ ਬਰਾੜ ਦਾ ਵਿਛੋੜਾ
ਇਸ ਸਤੰਬਰ ਮਹੀਨੇ ਵਿਚ ਸਵ. ਗੁਰਦੇਵ ਸਿੰਘ ਬਰਾੜ ਵੀ ਸਾਨੂੰ ਵਿਛੋੜਾ ਦੇ ਗਏ | ਉਹ 1984 'ਚ ਅੰਮਿ੍ਤਸਰ ਦੇ ਡਿਪਟੀ ਕਮਿਸ਼ਨਰ ਸਨ | ਉਨ੍ਹਾਂ ਦੇ ਛੋਟੇ ਸਪੁੱਤਰ ਗੁਰਬੀਰ ਸਿੰਘ ਬਰਾੜ ਨੇ ਆਪਣੇ ਪਿਤਾ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿੰਦੇ ਸਨ ਤੇ ਹਰ ਇਕ ਨੂੰ  ਹਰ ਹਾਲਤ 'ਚ ਚੜ੍ਹਦੀ ਕਲਾ 'ਚ ਰਹਿਣ ਦੀ ਪ੍ਰੇਰਨਾ ਦਿੰਦੇ ਸਨ | ਪ੍ਰਸ਼ਾਸਕੀ ਸੇਵਾ ਤੋਂ ਬਾਅਦ ਉਨ੍ਹਾਂ ਨੇ ਆਪਣਾ ਪੂਰਾ ਜੀਵਨ ਸਿੱਖਿਆ ਦੇ ਪਸਾਰ ਲਈ ਸਮਰਪਿਤ ਕਰ ਦਿੱਤਾ | ਉਹ ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਲੰਮਾ ਸਮਾਂ ਪ੍ਰਧਾਨ ਰਹੇ | ਇਸ ਸੁਸਾਇਟੀ ਅਧੀਨ ਚੰਡੀਗੜ੍ਹ ਅਤੇ ਪੰਜਾਬ ਦੇ ਪ੍ਰਮੁੱਖ ਵਿੱਦਿਅਕ ਅਦਾਰੇ ਚਲਦੇ ਹਨ, ਜਿਨ੍ਹਾਂ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26 ਚੰਡੀਗੜ੍ਹ, ਗੁਰੂ ਗੋਬਿੰਦ ਸਿੰਘ ਕਾਲਜ ਫ਼ਾਰ ਵਿਮੈਨ ਚੰਡੀਗੜ੍ਹ, ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਫ਼ਾਰਮੇਸੀ, ਸਿੱਖ ਨੈਸ਼ਨਲ ਕਾਲਜ (ਬੰਗਾ ਤੇ ਕਾਦੀਆਂ) ਸ਼ਾਮਿਲ ਹਨ | ਉਹ ਫ਼ਰੀਦਕੋਟ ਦੀਆਂ ਦਸਮੇਸ਼ ਸਿੱਖਿਆ ਸੰਸਥਾਵਾਂ ਦੇ ਵੀ ਪ੍ਰਧਾਨ ਸਨ | ਉਨ੍ਹਾਂ ਨੇ ਸੰਸਥਾਵਾਂ 'ਚ ਸਖ਼ਤ ਨਿਯਮ ਬਣਾਇਆ ਹੋਇਆ ਸੀ ਕਿ ਕਿਸੇ ਵੀ ਲੋੜਵੰਦ ਲੜਕੀ ਨੂੰ  ਸਿਰਫ਼ ਇਸ ਕਰਕੇ ਦਾਖ਼ਲਾ ਦੇਣੋਂ ਨਾ ਰੋਕਿਆ ਜਾਵੇ, ਕਿ ਉਹ ਫ਼ੀਸ ਨਹੀਂ ਭਰ ਸਕਦੀ | ਚੰਡੀਗੜ੍ਹ ਦੀਆਂ ਬਸਤੀਆਂ 'ਚ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਦੀਆਂ ਧੀਆਂ ਦੀ ਪੜ੍ਹਾਈ ਦਾ ਖ਼ਰਚਾ ਵੀ ਸੁਸਾਇਟੀ ਵਲੋਂ ਚੁੱਕਿਆ ਜਾਂਦਾ ਸੀ | ਉਨ੍ਹਾਂ ਦੇ ਅਕਾਲ ਚਲਾਣੇ 'ਤੇ ਪੰਜਾਬ ਤੇ ਚੰਡੀਗੜ੍ਹ ਦੇ ਪ੍ਰਸ਼ਾਸਕੀ ਤੇ ਵਿੱਦਿਅਕ ਹਲਕਿਆਂ 'ਚ ਡੰੂਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | 23 ਸਤੰਬਰ 2026 ਨੂੰ  ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਅਤੇ ਭੋਗ ਪਾਇਆ ਗਿਆ | ਇਸੇ ਮਹੀਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ 119ਵਾਂ ਜਨਮ ਦਿਵਸ ਵੀ ਮਨਾਇਆ ਗਿਆ | ਉਹ ਸੁਤੰਤਰਤਾ ਸੰਘਰਸ਼ ਦੇ ਪ੍ਰਮੁੱਖ, ਪ੍ਰਭਾਵੀ ਕ੍ਰਾਂਤੀਕਾਰੀਆਂ 'ਚੋਂ ਇਕ ਸਨ | ਉਨ੍ਹਾਂ ਦੀ 23 ਸਾਲ ਦੀ ਉਮਰ 'ਚ ਡੰੂਘੀ ਵਿਚਾਰਧਾਰਾ ਅਤੇ ਦਲੇਰੀ ਨਾਲ ਦਿੱਤੀ ਗਈ ਸ਼ਹਾਦਤ ਨੇ ਦੇਸ਼ ਦੇ ਸੁਤੰਤਰਤਾ ਸੰਗਰਾਮ ਨੂੰ  ਨਵਾਂ ਮੋੜ ਦਿੱਤਾ | ਅਸੈਂਬਲੀ ਬੰਬ ਧਮਾਕੇ ਨਾਲ ਸੰਬੰਧਿਤ ਕੇਸ ਦੀ ਅਪੀਲ ਦੀ ਨਾਟਕੀ ਪੇਸ਼ਕਾਰੀ ਅੱਜ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ | ਨਾਟਕ ਦਾ ਨਾਂਅ 'ਗੁਨਾਹਗਾਰ', ਲਿਖਣ ਵਾਲਾ ਹਰੀਸ਼ ਜੈਨ ਤੇ ਪ੍ਰਕਾਸ਼ਕ ਲੋਕਗੀਤ ਪ੍ਰਕਾਸ਼ਨ ਹੈ | ਇਸ ਕੇਸ ਦੀ ਸੁਣਵਾਈ ਲਾਹੌਰ ਹਾਈ ਕੋਰਟ 'ਚ ਤਿੰਨ ਦਿਨ ਚੱਲੀ ਸੀ | ਇਸ ਵਿਚ ਬੀ.ਕੇ. ਦੱਤ ਦਾ ਵਕੀਲ ਆਸਫ ਅਲੀ ਸੀ ਤੇ ਭਗਤ ਸਿੰਘ ਨੇ ਇਸ ਕੇਸ ਵਿਚ ਖ਼ੁਦ ਜਿਰਹ ਕੀਤੀ ਸੀ | 6 ਜਨਵਰੀ ਤੋਂ ਲੈ ਕੇ 9 ਜਨਵਰੀ 1930 ਤੱਕ ਇਹ ਬਹਿਸ ਹੋਈ ਸੀ, ਜਿਸ ਨੇ 'ਗੁਨਾਹਗਾਰ' ਨਾਟਕ ਲਿਖੇ ਜਾਣ ਲਈ ਹਰੀਸ਼ ਜੈਨ ਨੂੰ  ਪ੍ਰੇਰਿਆ ਸੀ |

ਈ-ਮੇਲ : sandhugulzar@yahoo.com

Ad Position 22
No active advertisement
ਪਿਛਲੀ ਖ਼ਬਰ ਵਿਦੇਸ਼ੀ ਮੰਦੀ ਦਾ ਪੰਜਾਬ 'ਤੇ ਆਰਥਿਕ ਅਤੇ ਸਮਾਜਿਕ ਪ੍ਰਭਾਵ ਅਗਲੀ ਖ਼ਬਰ ਵਿਕਾਸ ਅਤੇ ਵਿਰਾਸਤ ਵਿਚਲੀ ਜੰਗ ਲੜ ਰਹੀਆਂ ਕਿਤਾਬਾਂ
Ad Position 24