03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਵਿਦੇਸ਼ੀ ਮੰਦੀ ਦਾ ਪੰਜਾਬ 'ਤੇ ਆਰਥਿਕ ਅਤੇ ਸਮਾਜਿਕ ਪ੍ਰਭਾਵ

ਵਿਦੇਸ਼ੀ ਮੰਦੀ ਦਾ ਪੰਜਾਬ 'ਤੇ ਆਰਥਿਕ ਅਤੇ ਸਮਾਜਿਕ ਪ੍ਰਭਾਵ

Ad Position 21
No active advertisement
ਅਜੀਤ ਡੈਸਕ 04-10-2026

ਅਜੋਕੇ ਦੌਰ 'ਚ ਜਦੋਂ ਪੂਰੀ ਦੁਨੀਆ ਇਕ ਪਿੰਡ ਵਿਚ ਤਬਦੀਲ ਹੋ ਚੁੱਕੀ ਹੈ ਤਾਂ ਹਰ ਦੇਸ਼ ਦੀ ਆਰਥਿਕਤਾ ਕਿਸੇ ਨਾ ਕਿਸੇ ਰੂਪ ਵਿਚ ਦੂਜੇ ਦੇਸ਼ਾਂ ਨਾਲ ਜੁੜੀ ਹੋਈ ਹੈ | ਭਾਰਤ ਦਾ ਮੋਢੀ ਤੇ ਖੇਤੀਬਾੜੀ ਪ੍ਰਧਾਨ ਸੂਬਾ ਪੰਜਾਬ ਵੀ ਇਸ ਪ੍ਰਭਾਵ ਤੋਂ ਅਛੂਤਾ ਨਹੀਂ ਰਿਹਾ | ਪੰਜਾਬ ਦੀ ਆਰਥਿਕ, ਸਮਾਜਿਕ ਤੇ ਸੱਭਿਆਚਾਰਕ ਬਣਤਰ ਕੁਝ ਇਸ ਤਰ੍ਹਾਂ ਦੀ ਹੈ, ਕਿ ਇਸ ਦਾ ਦੁਨੀਆ ਦੇ ਵਿਕਸਿਤ ਦੇਸ਼ਾਂ ਜਿਵੇਂ ਕਿ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਅਤੇ ਯੂਰਪੀਅਨ ਯੂਨੀਅਨ ਨਾਲ ਡੂੰਘਾ ਤੇ ਅਟੁੱਟ ਸੰਬੰਧ ਹੈ | ਜਦੋਂ ਕਦੇ ਵੀ ਇਨ੍ਹਾਂ ਪੱਛਮੀ ਜਾਂ ਵਿਕਸਿਤ ਦੇਸ਼ਾਂ ਵਿਚ ਆਰਥਿਕ ਮੰਦੀ, ਮੁਦਰਾ ਸਫ਼ੀਤੀ ਭਾਵ ਕਿ ਮਹਿੰਗਾਈ ਜਾਂ ਬੇਰੁਜ਼ਗਾਰੀ ਦਾ ਦੌਰ ਆਉਂਦਾ ਹੈ ਤਾਂ ਇਸ ਦਾ ਸਭ ਤੋਂ ਪਹਿਲਾ ਪ੍ਰਤੱਖ ਤੇ ਅਪ੍ਰਤੱਖ ਅਸਰ ਪੰਜਾਬ ਦੀ ਧਰਤੀ 'ਤੇ ਦੇਖਣ ਨੂੰ  ਮਿਲਦਾ ਹੈ | ਵਿਦੇਸ਼ੀ ਮੰਦੀ ਦੇ ਇਹ ਪ੍ਰਭਾਵ ਸਿਰਫ਼ ਪੂੰਜੀ ਤੱਕ ਸੀਮਤ ਨਹੀਂ ਰਹਿੰਦੇ, ਸਗੋਂ ਇਹ ਪੰਜਾਬ ਦੇ ਘਰਾਂ, ਬਾਜ਼ਾਰਾਂ, ਉਦਯੋਗਾਂ, ਵਿੱਦਿਅਕ ਅਦਾਰਿਆਂ ਤੇ ਮਾਨਸਿਕ ਤਾਣੇ-ਬਾਣੇ ਨੂੰ  ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ | ਇਸ ਗਲੋਬਲ ਆਰਥਿਕ ਸੰਕਟ ਦੀ ਮਾਰ ਹੇਠ ਪੰਜਾਬ ਦੀ ਅਰਥਵਿਵਸਥਾ ਦੇ ਵੱਖ-ਵੱਖ ਪਹਿਲੂ ਆਉਂਦੇ ਹਨ | ਪੰਜਾਬ ਦੀ ਆਰਥਿਕ ਰੀੜ੍ਹ ਦੀ ਹੱਡੀ 'ਚ ਵਿਦੇਸ਼ਾਂ ਤੋਂ ਆਉਣ ਵਾਲਾ ਪੈਸਾ ਵੱਡੀ ਭੂਮਿਕਾ ਨਿਭਾਉਂਦਾ ਹੈ |

ਵਿਦੇਸ਼ੀ ਰਹਿੰਦੇ ਪ੍ਰਵਾਸੀ ਆਪਣੀ ਕਮਾਈ ਦਾ ਵੱਡਾ ਹਿੱਸਾ ਪੰਜਾਬ ਰਹਿੰਦੇ ਮਾਪਿਆਂ, ਬੱਚਿਆਂ ਤੇ ਰਿਸ਼ਤੇਦਾਰਾਂ ਨੂੰ  ਭੇਜਦੇ ਹਨ, ਜਿਸ ਨਾਲ ਨਾ ਸਿਰਫ਼ ਪੇਂਡੂ ਖੇਤਰਾਂ 'ਚ ਵੱਡੇ ਤੇ ਆਲੀਸ਼ਾਨ ਘਰ ਬਣਦੇ ਹਨ, ਸਗੋਂ ਸਥਾਨਕ ਪੱਧਰ 'ਤੇ ਖ਼ਪਤ ਤੇ ਵਪਾਰ ਵੀ ਪ੍ਰਫੁੱਲਿਤ ਹੁੰਦਾ ਹੈ | ਪਰ ਜਦੋਂ ਵਿਦੇਸ਼ਾਂ 'ਚ ਆਰਥਿਕ ਮੰਦੀ ਆਉਂਦੀ ਹੈ ਤਾਂ ਉੱਥੋਂ ਦੀਆਂ ਕੰਪਨੀਆਂ ਦੀ ਆਮਦਨ ਘਟਦੀ ਹੈ, ਜਿਸ ਕਾਰਨ ਕਾਮਿਆਂ ਦੀ ਛਾਂਟੀ ਕੀਤੀ ਜਾਂਦੀ ਹੈ ਜਾਂ ਤਨਖਾਹਾਂ 'ਚ ਭਾਰੀ ਕਟੌਤੀ ਕੀਤੀ ਜਾਂਦੀ ਹੈ ਤੇ ਅਜਿਹੇ ਸਮੇਂ ਪ੍ਰਵਾਸੀ ਪੰਜਾਬੀਆਂ ਵਲੋਂ ਪੰਜਾਬ ਵੱਲ ਭੇਜੇ ਜਾਣ ਵਾਲੇ ਪੈਸੇ ਦੀ ਮਾਤਰਾ 'ਚ ਵੀ ਭਾਰੀ ਗਿਰਾਵਟ ਆਉਂਦੀ ਹੈ | ਇਸੇ ਕਾਰਨ ਇੱਥੋਂ ਦੇ ਸਥਾਨਕ ਬਾਜ਼ਾਰਾਂ 'ਚ ਨਕਦੀ ਦੀ ਤੰਗੀ ਪੈਦਾ ਹੋ ਜਾਂਦੀ ਹੈ ਤੇ ਬਾਜ਼ਾਰਾਂ ਵਿਚ ਮੰਦੀ ਦਾ ਦੌਰ ਸ਼ੁਰੂ ਹੋ ਜਾਂਦਾ ਹੈ | ਵਿਦੇਸ਼ੀ ਮੰਦੀ ਦਾ ਦੂਸਰਾ ਤੇ ਸਭ ਤੋਂ ਗੰਭੀਰ ਪ੍ਰਭਾਵ ਪੰਜਾਬ ਦੇ ਉਦਯੋਗਿਕ ਖੇਤਰ 'ਤੇ ਪੈਂਦਾ ਹੈ | ਪੰਜਾਬ ਨੂੰ  ਉਦਯੋਗਿਕ ਤੌਰ 'ਤੇ ਅੱਗੇ ਵਧਾਉਣ ਵਿਚ ਲੁਧਿਆਣਾ, ਜਲੰਧਰ, ਅੰਮਿ੍ਤਸਰ, ਮੰਡੀ ਗੋਬਿੰਦਗੜ੍ਹ ਤੇ ਬਟਾਲੇ ਵਰਗੇ ਸ਼ਹਿਰਾਂ ਦਾ ਅਹਿਮ ਯੋਗਦਾਨ ਹੈ | ਪਰ ਜਦੋਂ ਵਿਸ਼ਵ ਪੱਧਰ 'ਤੇ ਅਮਰੀਕਾ ਜਾਂ ਯੂਰਪੀਅਨ ਦੇਸ਼ਾਂ 'ਚ ਮੰਦੀ ਆਉਂਦੀ ਹੈ ਤਾਂ ਉੱਥੋਂ ਦੇ ਖ਼ਪਤਕਾਰਾਂ ਦੀ ਖਰੀਦ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ ਤੇ ਉਹ ਗ਼ੈਰ-ਜ਼ਰੂਰੀ ਵਸਤੂਆਂ ਦੀ ਖਰੀਦ ਘਟਾ ਦਿੰਦੇ ਹਨ, ਜਿਸ ਨਾਲ ਪੰਜਾਬ ਦੇ ਉਕਤ ਸ਼ਹਿਰਾਂ ਤੋਂ ਹੋਣ ਵਾਲਾ ਨਿਰਯਾਤ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ | ਪੰਜਾਬ ਦੀਆਂ ਫੈਕਟਰੀਆਂ ਨੂੰ  ਆਪਣਾ ਉਤਪਾਦਨ ਅੱਧਾ ਜਾਂ ਇਸ ਤੋਂ ਵੀ ਘੱਟ ਕਰਨਾ ਪੈਂਦਾ ਹੈ | ਕਈ ਛੋਟੇ ਤੇ ਮੱਧਵਰਗ ਦੇ ਉਦਯੋਗ ਇਸ ਮੰਦੀ ਨੂੰ  ਝੱਲਣ ਵਿਚ ਅਸਮਰੱਥ ਹੋਣ ਕਾਰਨ ਆਪਣੇ ਦਰਵਾਜ਼ੇ ਬੰਦ ਕਰਨ ਲਈ ਮਜਬੂਰ ਹੋ ਜਾਂਦੇ ਹਨ | ਵੱਡੀ ਗਿਣਤੀ 'ਚ ਫੈਕਟਰੀ ਮਜ਼ਦੂਰ ਬੇਰੁਜ਼ਗਾਰ ਹੋ ਜਾਂਦੇ ਹਨ ਤੇ ਪੰਜਾਬ 'ਚ ਬੇਰੁਜ਼ਗਾਰੀ ਦੀ ਦਰ ਵਿਚ ਚਿੰਤਾਜਨਕ ਵਾਧਾ ਹੁੰਦਾ ਹੈ |
ਪੰਜਾਬ ਦੇ ਨੌਜਵਾਨਾਂ 'ਚ ਪਿਛਲੇ ਕੁਝ ਦਹਾਕਿਆਂ ਦੌਰਾਨ ਵਿਦੇਸ਼ਾਂ, ਖ਼ਾਸ ਕਰਕੇ ਕੈਨੇਡਾ, ਯੂਰਪ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿਚ ਉੱਚ ਸਿੱਖਿਆ ਪ੍ਰਾਪਤ ਕਰਨ ਅਤੇ ਸਥਾਈ ਨਿਵਾਸ ਹਾਸਿਲ ਕਰਨ ਦਾ ਰੁਝਾਨ ਅਥਾਹ ਵਧਿਆ ਹੈ | ਲੱਖਾਂ ਵਿਦਿਆਰਥੀ ਹਰ ਸਾਲ ਕਰੋੜਾਂ ਰੁਪਏ ਖ਼ਰਚ ਕੇ ਵਿਦੇਸ਼ਾਂ 'ਚ ਪੜ੍ਹਨ ਜਾਂਦੇ ਹਨ | ਪਰ ਜਦੋਂ ਵਿਦੇਸ਼ਾਂ ਵਿਚ ਆਰਥਿਕ ਮੰਦੀ ਆਉਂਦੀ ਹੈ ਤਾਂ ਉੱਥੋਂ ਦੀਆਂ ਸਰਕਾਰਾਂ ਆਪਣੀਆਂ ਨੀਤੀਆਂ ਸਖ਼ਤ ਕਰ ਦਿੰਦੀਆਂ ਹਨ ਤੇ ਵਿਦੇਸ਼ੀ ਵਿਦਿਆਰਥੀਆਂ ਲਈ ਕੰਮ ਕਰਨ ਦੇ ਘੰਟੇ ਸੀਮਤ ਕਰ ਦਿੱਤੇ ਜਾਂਦੇ ਹਨ ਜਾਂ ਪਾਰਟ-ਟਾਈਮ ਨੌਕਰੀਆਂ ਬੰਦ ਹੋ ਜਾਂਦੀਆਂ ਹਨ | ਵਿਦੇਸ਼ੀ ਵਿਦਿਆਰਥੀਆਂ ਲਈ ਫੀਸ ਭਰਨੀ ਤੇ ਹੋਰ ਖਰਚਾ ਪੂਰਾ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ | ਇਸ ਦਾ ਸਿੱਧਾ ਪ੍ਰਭਾਵ ਪੰਜਾਬ ਬੈਠੇ ਉਨ੍ਹਾਂ ਦੇ ਮਾਪਿਆਂ 'ਤੇ ਪੈਂਦਾ ਹੈ, ਜਿਨ੍ਹਾਂ ਨੂੰ  ਆਪਣੀ ਬੱਚਤ, ਜ਼ਮੀਨਾਂ ਤੇ ਘਰ ਤੱਕ ਗਿਰਵੀ ਰੱਖ ਕੇ ਜਾਂ ਬੈਂਕਾਂ ਤੋਂ ਭਾਰੀ ਵਿਆਜ 'ਤੇ ਕਰਜ਼ੇ ਲੈ ਕੇ ਆਪਣੇ ਬੱਚਿਆਂ ਨੂੰ  ਪੈਸੇ ਭੇਜਣੇ ਪੈਂਦੇ ਹਨ | ਵਿਦੇਸ਼ੀ ਮੰਦੀ ਕਾਰਨ ਸਟੱਡੀ ਵੀਜ਼ਾ ਦੇ ਨਾਂਅ 'ਤੇ ਚਲਦਾ ਕਰੋੜਾਂ ਰੁਪਏ ਦਾ ਟ੍ਰੈਵਲ ਤੇ ਕੰਸਲਟੈਂਸੀ ਦਾ ਕਾਰੋਬਾਰ ਵੀ ਮੰਦੀ ਦੀ ਲਪੇਟ 'ਚ ਆ ਜਾਂਦਾ ਹੈ | ਪੰਜਾਬ ਤੋਂ ਵੱਡੇ ਪੱਧਰ 'ਤੇ ਬਾਸਮਤੀ ਚੌਲ, ਆਲੂ, ਸ਼ਹਿਦ ਤੇ ਮਸਾਲੇ ਮੱਧ ਪੂਰਬੀ ਦੇਸ਼ਾਂ, ਯੂਰਪ ਤੇ ਅਮਰੀਕਾ ਨੂੰ  ਨਿਰਯਾਤ ਕੀਤੇ ਜਾਂਦੇ ਹਨ | ਜਦੋਂ ਅੰਤਰਰਾਸ਼ਟਰੀ ਬਾਜ਼ਾਰ 'ਚ ਮੰਦੀ ਆਉਂਦੀ ਹੈ ਤਾਂ ਨਿਰਯਾਤ ਕੀਤੇ ਜਾਣ ਵਾਲੇ ਉਕਤ ਉਤਪਾਦਾਂ ਦੀ ਮੰਗ ਘਟ ਜਾਂਦੀ ਹੈ, ਜਿਸ ਕਾਰਨ ਕਿਸਾਨਾਂ ਨੂੰ  ਉਨ੍ਹਾਂ ਦੀ ਫ਼ਸਲ ਦੇ ਵਾਜਬ ਭਾਅ ਨਹੀਂ ਮਿਲਦੇ ਤੇ ਕਿਸਾਨਾਂ ਨੂੰ  ਖੇਤੀ ਘਾਟੇ ਦਾ ਸੌਦਾ ਜਾਪਣ ਲੱਗ ਜਾਂਦੀ ਹੈ | ਇਸ ਤਰ੍ਹਾਂ ਪੇਂਡੂ ਅਰਥਵਿਵਸਥਾ ਦਾ ਸੰਤੁਲਨ ਬੁਰੀ ਤਰ੍ਹਾਂ ਵਿਗੜ ਜਾਂਦਾ ਹੈ |
ਪੰਜਾਬ ਦੇ ਰੀਅਲ ਅਸਟੇਟ ਭਾਵ ਜਾਇਦਾਦ ਤੇ ਉਸਾਰੀ ਖੇਤਰ 'ਤੇ ਵਿਦੇਸ਼ੀ ਮੰਦੀ ਦਾ ਪ੍ਰਭਾਵ ਬਹੁਤ ਸਪੱਸ਼ਟ ਤੌਰ 'ਤੇ ਦੇਖਿਆ ਜਾ ਸਕਦਾ ਹੈ | ਪੰਜਾਬ 'ਚ ਪਿਛਲੇ ਕਈ ਦਹਾਕਿਆਂ ਤੋਂ ਰੀਅਲ ਅਸਟੇਟ ਮਾਰਕੀਟ ਨੂੰ  ਬਹੁਤ ਵੱਡਾ ਹੁੰਗਾਰਾ ਪ੍ਰਵਾਸੀ ਪੰਜਾਬੀਆਂ ਵਲੋਂ ਮਿਲਦਾ ਰਿਹਾ ਹੈ | ਐਨ.ਆਰ.ਆਈ. ਆਪਣੇ ਪਿੰਡਾਂ ਤੇ ਸ਼ਹਿਰਾਂ 'ਚ ਜ਼ਮੀਨਾਂ ਖਰੀਦਣ, ਆਧੁਨਿਕ ਕੋਠੀਆਂ ਬਣਾਉਣ ਅਤੇ ਵਪਾਰਕ ਪ੍ਰੋਜੈਕਟਾਂ ਵਿਚ ਭਾਰੀ ਨਿਵੇਸ਼ ਕਰਦੇ ਹਨ | ਪਰ ਜਦੋਂ ਵਿਕਸਿਤ ਦੇਸ਼ਾਂ ਵਿਚ ਆਰਥਿਕ ਮੰਦੀ ਆਉਂਦੀ ਹੈ ਤੇ ਪ੍ਰਵਾਸੀਆਂ ਦੀ ਨਿੱਜੀ ਆਮਦਨ ਜਾਂ ਵਪਾਰਕ ਮੁਨਾਫ਼ਾ ਘਟਦਾ ਹੈ ਤਾਂ ਉਹ ਪੰਜਾਬ 'ਚ ਜਾਇਦਾਦਾਂ ਦੀ ਖਰੀਦੋ-ਫਰੋਖ਼ਤ ਬੰਦ ਕਰ ਦਿੰਦੇ ਹਨ ਜਾਂ ਆਪਣੇ ਪੈਸੇ ਨੂੰ  ਵਿਦੇਸ਼ਾਂ 'ਚ ਸੁਰੱਖਿਅਤ ਰੱਖਣ ਨੂੰ  ਤਰਜੀਹ ਦਿੰਦੇ ਹਨ | ਇਸ ਨਾਲ ਪੰਜਾਬ ਦਾ ਪ੍ਰਾਪਰਟੀ ਬਾਜ਼ਾਰ ਪੂਰੀ ਤਰ੍ਹਾਂ ਖੜੋਤ ਦਾ ਸ਼ਿਕਾਰ ਬਣ ਜਾਂਦਾ ਹੈ | ਜ਼ਮੀਨਾਂ ਤੇ ਪਲਾਟਾਂ ਦੀਆਂ ਕੀਮਤਾਂ ਡਿਗਣ ਲੱਗਦੀਆਂ ਹਨ ਤੇ ਜਿਨ੍ਹਾਂ ਨੇ ਪ੍ਰਾਪਰਟੀ 'ਚ ਉਮੀਦ ਲਾ ਕੇ ਪੂੰਜੀ ਨਿਵੇਸ਼ ਕੀਤਾ ਹੁੰਦਾ ਹੈ, ਉਨ੍ਹਾਂ ਨੂੰ  ਭਾਰੀ ਨੁਕਸਾਨ ਉਠਾਉਣਾ ਪੈਂਦਾ ਹੈ | ਉਸਾਰੀ ਤੇ ਪ੍ਰਾਪਰਟੀ ਦੀ ਮੰਦੀ ਦਾ ਸਿੱਧਾ ਅਸਰ ਸੀਮੈਂਟ, ਸਰੀਆ, ਰੇਤਾ, ਬਜਰੀ ਵੇਚਣ ਵਾਲੇ ਦੁਕਾਨਦਾਰਾਂ ਅਤੇ ਦਿਹਾੜੀਦਾਰ-ਮਜ਼ਦੂਰਾਂ ਦੀ ਰੋਜ਼ੀ-ਰੋਟੀ 'ਤੇ ਪੈਂਦਾ ਹੈ | ਪੰਜਾਬ ਦੀ ਬੈਂਕਿੰਗ ਪ੍ਰਣਾਲੀ ਅਤੇ ਗ਼ੈਰ-ਰਸਮੀ ਕਰਜ਼ਾ ਬਾਜ਼ਾਰ 'ਤੇ ਵੀ ਵਿਦੇਸ਼ੀ ਮੰਦੀ ਦਾ ਡੂੰਘਾ ਅਸਰ ਪੈਂਦਾ ਹੈ | ਜਦੋਂ ਵਿਦੇਸ਼ੀਂ ਬੈਠੇ ਪਰਿਵਾਰਾਂ ਦੀ ਆਮਦਨ ਘਟਦੀ ਹੈ ਜਾਂ ਪੰਜਾਬ 'ਚ ਨੌਕਰੀਆਂ ਖੁੱਸ ਜਾਂਦੀਆਂ ਹਨ ਤਾਂ ਲੋਕ ਲਏ ਹੋਏ ਕਰਜ਼ਿਆਂ ਦੀਆਂ ਕਿਸ਼ਤਾਂ ਸਮੇਂ ਸਿਰ ਅਦਾ ਨਹੀਂ ਕਰ ਪਾਉਂਦੇ | ਇਸ ਨਾਲ ਵਪਾਰਕ ਬੈਂਕਾਂ, ਸਹਿਕਾਰੀ ਸੁਸਾਇਟੀਆਂ ਅਤੇ ਮਾਈਕ੍ਰੋਫਾਈਨਾਂਸ ਕੰਪਨੀਆਂ ਦੇ ਡੁੱਬਣ ਵਾਲੇ ਕਰਜ਼ੇ ਵਧਣ ਲਗਦੇ ਹਨ | ਜਦੋਂ ਆਰਥਿਕ ਚੱਕਰ ਵਿਗੜਦਾ ਹੈ ਤਾਂ ਇਹ ਗ਼ੈਰ-ਰਸਮੀ ਕਰਜ਼ੇ ਦਾ ਜਾਲ ਇੰਨਾ ਖ਼ਤਰਨਾਕ ਰੂਪ ਧਾਰਨ ਕਰ ਲੈਂਦਾ ਹੈ ਕਿ ਲੋਕਾਂ ਨੂੰ  ਆਪਣੀਆਂ ਜ਼ਮੀਨਾਂ ਤੇ ਕੀਮਤੀ ਸਾਮਾਨ ਤੱਕ ਵੇਚਣ ਲਈ ਮਜਬੂਰ ਹੋਣਾ ਪੈਂਦਾ ਹੈ | ਆਰਥਿਕ ਮੰਦੀ ਦਾ ਸਭ ਤੋਂ ਵੱਧ ਪੀੜਾਦਾਇਕ ਪੱਖ ਇਸ ਦਾ ਸਮਾਜਿਕ ਤੇ ਮਾਨਸਿਕ ਪ੍ਰਭਾਵ ਹੈ | ਜਦੋਂ ਆਰਥਿਕ ਸੰਕਟ ਕਾਰਨ ਪਰਿਵਾਰਾਂ ਦੀ ਆਮਦਨ ਡਿਗਦੀ ਹੈ ਤੇ ਕਰਜ਼ੇ ਦਾ ਬੋਝ ਵਧਦਾ ਹੈ ਤਾਂ ਇਸ ਨਾਲ ਘਰੇਲੂ ਕਲੇਸ਼, ਤਣਾਅ ਤੇ ਸਮਾਜਿਕ ਅਸ਼ਾਂਤੀ ਵਧਦੀ ਹੈ | ਵਿਦੇਸ਼ਾਂ 'ਚ ਫਸੇ ਹੋਏ ਨੌਜਵਾਨ, ਜਿਨ੍ਹਾਂ ਨੇ ਆਪਣੇ ਮਾਪਿਆਂ ਦੀਆਂ ਉਮੀਦਾਂ ਦਾ ਭਾਰ ਚੁੱਕਿਆ ਹੁੰਦਾ ਹੈ, ਜਦੋਂ ਉੱਥੇ ਰੁਜ਼ਗਾਰ ਨਾ ਮਿਲਣ ਕਾਰਨ ਮਾਨਸਿਕ ਤਣਾਅ ਦਾ ਸ਼ਿਕਾਰ ਹੁੰਦੇ ਹਨ ਤਾਂ ਇਸ ਨਾਲ ਪੰਜਾਬ ਬੈਠੇ ਉਨ੍ਹਾਂ ਦੇ ਮਾਪਿਆਂ ਨੂੰ  ਵੀ ਗੂੜ੍ਹਾ ਸਦਮਾ ਪਹੁੰਚਦਾ ਹੈ | ਇਨ੍ਹਾਂ ਸਾਰੇ ਹਾਲਾਤ ਤੋਂ ਇਹ ਬਿਲਕੁਲ ਸਪੱਸ਼ਟ ਹੋ ਜਾਂਦਾ ਹੈ ਕਿ ਪੰਜਾਬ ਦੀ ਆਰਥਿਕਤਾ ਦਾ ਦੂਜੇ ਦੇਸ਼ਾਂ ਅਤੇ ਵਿਦੇਸ਼ੀ ਮਾਲੀਏ 'ਤੇ ਜ਼ਿਆਦਾ ਨਿਰਭਰ ਹੋਣਾ ਸੂਬੇ ਲਈ ਭਵਿੱਖ ਵਿਚ ਵੱਡਾ ਖ਼ਤਰਾ ਬਣ ਸਕਦਾ ਹੈ |
ਵਿਦੇਸ਼ੀ ਮੰਦੀ ਦੇ ਨੁਕਸਾਨਦੇਹ ਪ੍ਰਭਾਵਾਂ ਤੋਂ ਬਚਣ ਲਈ ਪੰਜਾਬ ਸਰਕਾਰ ਦੇ ਨੀਤੀ ਘਾੜਿਆਂ ਅਤੇ ਉਦਯੋਗਪਤੀਆਂ ਨੂੰ  ਮਿਲ ਕੇ ਇਕ ਠੋਸ ਤੇ ਦੂਰਅੰਦੇਸ਼ੀ ਵਾਲੀ ਰਣਨੀਤੀ ਤਿਆਰ ਕਰਨੀ ਪਵੇਗੀ | ਸੂਬੇ ਵਿਚ ਸਥਾਨਕ ਉਦਯੋਗਾਂ ਨੂੰ  ਮੁੜ ਸੁਰਜੀਤ ਕਰਨ, ਸੂਚਨਾ ਤਕਨਾਲੋਜੀ ਅਤੇ ਸੇਵਾ ਖੇਤਰ ਨੂੰ  ਉਤਸ਼ਾਹਿਤ ਕਰਨ ਅਤੇ ਛੋਟੇ ਪੰਜਾਬੀ ਉਦਯੋਗਾਂ ਨੂੰ  ਗਲੋਬਲ ਪੱਧਰ 'ਤੇ ਮੁਕਾਬਲੇਯੋਗ ਬਣਾਉਣ ਲਈ ਸਰਕਾਰੀ ਸਹਾਇਤਾ ਅਤੇ ਰਿਆਇਤਾਂ ਦੇਣ ਦੀ ਲੋੜ ਹੈ | ਖੇਤੀਬਾੜੀ ਖੇਤਰ ਵਿਚ ਵੀ ਰਵਾਇਤੀ ਕਣਕ-ਝੋਨੇ ਦੇ ਚੱਕਰ 'ਚੋਂ ਨਿਕਲ ਕੇ ਫ਼ਸਲੀ ਭਿੰਨਤਾ ਅਪਣਾਉਣੀ ਪਵੇਗੀ ਅਤੇ ਫੂਡ ਪ੍ਰੋਸੈਸਿੰਗ ਉਦਯੋਗਾਂ ਨੂੰ  ਪੰਜਾਬ ਦੇ ਪਿੰਡਾਂ ਤੱਕ ਲਿਜਾਣਾ ਹੋਵੇਗਾ ਤਾਂ ਜੋ ਨੌਜਵਾਨਾਂ ਨੂੰ  ਵਿਦੇਸ਼ਾਂ ਵੱਲ ਭੱਜਣ ਦੀ ਬਜਾਏ ਆਪਣੇ ਹੀ ਸੂਬੇ ਵਿਚ ਰੁਜ਼ਗਾਰ ਦੇ ਬਿਹਤਰ ਮੌਕੇ ਮਿਲ ਸਕਣ | ਜੇ ਪੰਜਾਬ ਆਪਣੀ ਸਥਾਨਕ ਆਰਥਿਕਤਾ ਨੂੰ  ਮਜ਼ਬੂਤ ਕਰ ਲੈਂਦਾ ਹੈ ਅਤੇ ਸਵੈ-ਨਿਰਭਰਤਾ ਦੇ ਰਾਹ 'ਤੇ ਅੱਗੇ ਵਧਦਾ ਹੈ ਤਾਂ ਆਉਣ ਵਾਲੇ ਸਮੇਂ ਵਿਚ ਵਿਸ਼ਵ ਪੱਧਰ 'ਤੇ ਆਉਣ ਵਾਲੀ ਕਿਸੇ ਵੀ ਤਰ੍ਹਾਂ ਦੀ ਆਰਥਿਕ ਮੰਦੀ ਦੇ ਮਾੜੇ ਪ੍ਰਭਾਵਾਂ ਤੋਂ ਪੰਜਾਬ ਦੇ ਲੋਕਾਂ ਨੂੰ  ਬਚਾਇਆ ਜਾ ਸਕੇਗਾ |

-ਮੋਬਾਈਲ : 98786-05965

Ad Position 22
No active advertisement
ਪਿਛਲੀ ਖ਼ਬਰ ਚੋਣ ਕਮਿਸ਼ਨ 'ਤੇ ਉੱਠਦੇ ਸੁਆਲ ਅਗਲੀ ਖ਼ਬਰ ਪੰਜਾਬੀਆਂ ਲਈ 2026 ਦਾ ਸਤੰਬਰ ਮਹੀਨਾ
Ad Position 24