01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਬਹੁਤ ਦੇਰ ਕਰ ਦੀ ਜਨਾਬ! ਆਤੇ ਆਤੇ

ਬਹੁਤ ਦੇਰ ਕਰ ਦੀ ਜਨਾਬ! ਆਤੇ ਆਤੇ

Ad Position 21
No active advertisement
ਅਜੀਤ ਡੈਸਕ 02-10-2026

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ, ਪਰ ਸੂਬਾ ਕਾਂਗਰਸ ਵਿਚ ਪਿਛਲੇ ਕਈ ਮਹੀਨਿਆਂ ਤੋਂ ਆਪਸੀ ਕਸ਼ਮਕਸ਼ ਚਲਦੀ ਆ ਰਹੀ ਹੈ | ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ  ਅਪ੍ਰੈਲ 2022 ਵਿਚ ਸੂਬਾ ਪਾਰਟੀ ਦਾ ਪ੍ਰਧਾਨ ਥਾਪਿਆ ਗਿਆ ਸੀ | ਪਿਛਲੀਆਂ 2024 ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ  ਉਹ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਸਨ | ਉਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਪਾਰਟੀ ਪ੍ਰਧਾਨ ਸਨ | ਪਿਛਲੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੇ ਰਾਜਾ ਵੜਿੰਗ ਦੀ ਅਗਵਾਈ ਵਿਚ 7 ਲੋਕ ਸਭਾ ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ ਸੀ | ਸੂਬਾ ਚੋਣਾਂ ਨੇੜੇ ਹੋਣ ਕਾਰਨ ਪਾਰਟੀ ਵਲੋਂ ਰਾਜਾ ਵੜਿੰਗ ਨੂੰ  ਹੀ ਪ੍ਰਧਾਨਗੀ ਦੇ ਅਹੁਦੇ 'ਤੇ ਬਣਾਈ ਰੱਖਣ ਦਾ ਫ਼ੈਸਲਾ ਕੀਤਾ ਗਿਆ ਸੀ | ਪਰ ਜੁਲਾਈ ਮਹੀਨੇ ਹਾਈਕਮਾਨ ਦੇ ਇਸ ਫ਼ੈਸਲੇ ਦੇ ਐਲਾਨ ਤੋਂ ਬਾਅਦ ਪੰਜਾਬ ਕਾਂਗਰਸ ਵਿਚ ਤਰਥੱਲੀ ਮਚੀ ਨਜ਼ਰ ਆਈ | 

ਚਾਹੇ ਉਸ ਸਮੇਂ ਹਾਈਕਮਾਨ ਵਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ  ਚੋਣਾਂ ਲਈ ਪ੍ਰਚਾਰ ਕਮੇਟੀ ਦਾ ਮੁਖੀ ਐਲਾਨਿਆ ਗਿਆ ਸੀ ਅਤੇ ਪ੍ਰਤਾਪ ਸਿੰਘ ਬਾਜਵਾ ਪਹਿਲਾਂ ਦੀ ਤਰ੍ਹਾਂ ਵਿਰੋਧੀ ਧਿਰ ਦੇ ਨੇਤਾ ਬਣਾਈ ਰੱਖੇ ਗਏ ਸਨ, ਪਰ ਇਸ ਫ਼ੈਸਲੇ ਨਾਲ ਪਾਰਟੀ ਅੰਦਰ ਜੋ ਹੰਗਾਮਾ ਮਚਿਆ ਸੀ, ਉਸ ਨੂੰ  ਥਾਂ-ਸਿਰ ਕਰਨ ਲਈ ਹਾਈਕਮਾਨ ਵਲੋਂ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨੂੰ  ਇਹ ਕੰਮ ਸੌਂਪਿਆ ਗਿਆ ਸੀ, ਜਿਸ ਨੇ ਪੰਜਾਬ ਵਿਚ ਸਾਰੀਆਂ ਧਿਰਾਂ ਨਾਲ ਰਾਬਤਾ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਇਸ ਵਿਚ ਉਹ ਸਫ਼ਲ ਨਾ ਹੋ ਸਕੇ, ਕਿਉਂਕਿ ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਰਾਜਾ ਵੜਿੰਗ ਦੇ ਖਿਲਾਫ਼ ਬਗ਼ਾਵਤੀ ਸੁਰ ਅਖ਼ਤਿਆਰ ਕੀਤੀ ਰੱਖੀ ਸੀ ਅਤੇ ਇਹ ਦੋਸ਼ ਵੀ ਲਾਇਆ ਕਿ ਭੁਪੇਸ਼ ਬਘੇਲ ਇਕ ਤਰ੍ਹਾਂ ਨਾਲ ਰਾਜਾ ਵੜਿੰਗ ਦੀ ਮਦਦ ਕਰ ਰਿਹਾ ਹੈ | ਇਥੋਂ ਤੱਕ ਕਿ ਸੂਬਾ ਪਾਰਟੀ ਵਲੋਂ ਉਸ ਸਮੇਂ ਆਯੋਜਿਤ ਕੀਤੀਆਂ ਗਈਆਂ ਰੈਲੀਆਂ ਅਤੇ ਕਾਨਫ਼ਰੰਸਾਂ ਵਿਚ ਵੀ ਚੰਨੀ ਦੇ ਸਾਥੀਆਂ ਤੋਂ ਇਲਾਵਾ ਹੋਰ ਵੀ ਕਈ ਵੱਡੇ ਕਾਂਗਰਸੀ ਆਗੂ ਅਕਸਰ ਗ਼ੈਰ-ਹਾਜ਼ਰ ਹੀ ਰਹੇ |
ਭੁਪੇਸ਼ ਬਘੇਲ ਸਥਿਤੀ ਨੂੰ  ਸੰਭਾਲ ਸਕਣ ਵਿਚ ਕਾਮਯਾਬ ਨਾ ਹੋ ਸਕੇ | ਇਸੇ ਲਈ ਸਤੰਬਰ ਦੇ ਪਹਿਲੇ ਹਫ਼ਤੇ ਪਾਰਟੀ ਨੇ ਭੁਪੇਸ਼ ਬਘੇਲ ਦੀ ਜਗ੍ਹਾ ਸਚਿਨ ਪਾਇਲਟ ਨੂੰ  ਪੰਜਾਬ ਦਾ ਇੰਚਾਰਜ ਨਿਯੁਕਤ ਕਰਨ ਦਾ ਐਲਾਨ ਕਰ ਦਿੱਤਾ | ਪਾਇਲਟ ਕੁਝ ਹੱਦ ਤੱਕ ਪੰਜਾਬ ਦੇ ਕਾਂਗਰਸੀਆਂ ਦੀ ਖਿੱਚੋ-ਤਾਣ ਨੂੰ  ਠੀਕ ਕਰਨ ਵਿਚ ਕਾਮਯਾਬ ਜ਼ਰੂਰ ਹੋਏ, ਕਿਉਂਕਿ ਜਦੋਂ ਉਹ 15 ਸਤੰਬਰ ਨੂੰ  ਸੂਬਾ ਪਾਰਟੀ ਵਲੋਂ 'ਆਪ' ਸਰਕਾਰ ਦੇ ਖਿਲਾਫ਼ ਚੰਡੀਗੜ੍ਹ ਵਿਚ ਕੀਤੇ ਗਏ ਮੁਜ਼ਾਹਰੇ ਵਿਚ ਸ਼ਾਮਿਲ ਹੋਏ ਤਾਂ ਉਸ ਮੁਜ਼ਾਹਰੇ ਵਿਚ ਸਾਰੇ ਹੀ ਕਾਂਗਰਸੀ ਧੜੇ ਸ਼ਾਮਿਲ ਹੋਏ ਸਨ, ਪਰ ਇਸ ਦੇ ਬਾਵਜੂਦ ਇਹ ਅੰਦਰੂਨੀ ਜੰਗ ਪੂਰੀ ਤਰ੍ਹਾਂ ਖ਼ਤਮ ਨਾ ਹੋ ਸਕੀ, ਜਿਸ ਨੂੰ  ਵੇਖਦਿਆਂ ਹੁਣ  ਰਾਜਾ ਵੜਿੰਗ ਦੀ ਥਾਂ 'ਤੇ ਨਵਾਂ ਸੂਬਾ ਪ੍ਰਧਾਨ ਲਾਉਣ ਦੀ ਨੀਤੀ ਅਪਣਾਈ ਗਈ ਹੈ |
ਪਿਛਲੇ ਮਹੀਨਿਆਂ ਵਿਚ ਜਿੱਥੇ ਕਾਂਗਰਸੀ ਆਪਸ ਵਿਚ ਲੜਦੇ-ਭਿੜਦੇ ਰਹੇ, ਉੱਥੇ ਸ਼ਾਸਨ ਚਲਾ ਰਹੀ ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ ਅਤੇ ਕਈ ਟੁਕੜਿਆਂ ਵਿਚ ਵੰਡੇ ਅਕਾਲੀ ਦਲਾਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕੀਤੀ ਰੱਖੀਆਂ ਅਤੇ ਆਪੋ-ਆਪਣੇ ਢੰਗ ਨਾਲ ਆਉਂਦੀਆਂ ਚੋਣਾਂ ਵਿਚ ਪੂਰੀ ਤਿਆਰੀ ਨਾਲ ਉਤਰਨ ਲਈ ਉਹ ਆਪਣੀ ਯੋਜਨਾਬੰਦੀ ਕਰਦੇ ਰਹੇ | ਇਸ ਸਮੇਂ ਵਿਚ ਕਾਂਗਰਸ ਦੀ ਹਾਲਤ ਪੁਲਾਂ ਹੇਠੋਂ ਬਹੁਤ ਸਾਰਾ ਪਾਣੀ ਵਹਿ ਜਾਣ ਵਰਗੀ ਜਾਪਣ ਲੱਗੀ ਹੈ | ਰਾਹੁਲ ਗਾਂਧੀ ਵਰਗਾ ਆਗੂ ਪਿਛਲੇ ਇਸ ਸਾਰੇ ਸਮੇਂ ਵਿਚ ਪੰਜਾਬ ਦੀਆਂ ਆਉਂਦੀਆਂ ਚੋਣਾਂ ਲਈ ਕੋਈ ਅਮਲੀ ਕਦਮ ਚੁੱਕਣ ਤੋਂ ਅਸਮਰੱਥ ਰਿਹਾ | ਇਸ ਦੀ ਬਜਾਏ ਉਹ ਚਲਦੇ ਕੌਮੀ ਅਤੇ ਕੌਮਾਂਤਰੀ ਘਟਨਾਚੱਕਰ ਵਿਚ ਹੀ ਰੁੱਝਿਆ ਜਾਂ ਉਲਝਿਆ ਰਿਹਾ | ਛੋਟੇ ਜਿਹੇ ਪੰਜਾਬ ਨੂੰ  ਉਸ ਨੇ ਆਪਣੇ ਜਰਨੈਲਾਂ ਦੇ ਹੱਥ ਸੌਂਪ ਦਿੱਤਾ ਅਤੇ ਇਹ ਜਰਨੈਲ ਵੀ ਬਦਲਦੇ ਰਹੇ | ਅਜਿਹੀ ਸਥਿਤੀ ਵਿਚ ਸੂਬਾ ਲੀਡਰਸ਼ਿਪ ਦੀ ਗੁੱਥੀ ਹੋਰ ਵੀ ਉਲਝੀ ਨਜ਼ਰ ਆਉਣ ਲੱਗੀ ਹੈ | ਚੋਣਾਂ ਨੇੜੇ ਆ ਕੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲਣਾ ਲੜਾਈ ਵਿਚ ਘੋੜਾ ਬਦਲਣ ਵਾਲੀ ਕਵਾਇਦ ਹੈ | ਇਸ ਨਾਲ ਪਾਰਟੀ ਅੰਦਰਲਾ ਸੰਕਟ ਕਿੰਨਾ ਕੁ ਹੱਲ ਹੋਵੇਗਾ ਤੇ ਪਾਰਟੀ ਚੋਣਾਂ ਕਿੰਨੀ ਕੁ ਇਕਜੁਟਤਾ ਤੇ ਸਮਰੱਥਾ ਨਾਲ ਲੜ ਸਕੇਗੀ, ਇਹ ਵੇਖਣਾ ਅਜੇ ਬਾਕੀ ਹੈ | ਇਥੇ ਹੇਠਲੀਆਂ ਇਹ ਲਾਈਨਾਂ ਜ਼ਰੂਰ ਢੁਕਦੀਆਂ ਹਨ—
ਬਹੁਤ ਦੇਰ ਕਰ ਦੀ
ਜਨਾਬ! ਆਤੇ ਆਤੇ |

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਜੀਵਨ ਦੇ ਸੰਘਰਸ਼ ਵਿਚ ਉਹ ਜਿੱਤਦੇ ਹਨ, ਜਿਨ੍ਹਾਂ ਵਿਚ ਹਾਲਾਤ 'ਤੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ | ¸ਚਾਰਲਿਸ ਡਾਰਵ... ਅਗਲੀ ਖ਼ਬਰ ਕੌਣ ਬਣੇਗਾ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ?
Ad Position 24