01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਸੱਤਾ ਦਾ ਵਿਕੇਂਦਰੀਕਰਨ ਸੀ ਮਹਾਤਮਾ ਗਾਂਧੀ ਦਾ ਸੁਪਨਾ

ਸੱਤਾ ਦਾ ਵਿਕੇਂਦਰੀਕਰਨ ਸੀ ਮਹਾਤਮਾ ਗਾਂਧੀ ਦਾ ਸੁਪਨਾ

Ad Position 21
No active advertisement
ਅਜੀਤ ਡੈਸਕ 02-10-2026

ਅੱਜ ਲਈ ਵਿਸ਼ੇਸ਼

ਵਿਸ਼ਵ ਦੀ ਸਭ ਤੋਂ ਵੱਡੀ ਜਮਹੂਰੀਅਤ ਨੂੰ  ਦਰਪੇਸ਼ ਖ਼ਤਰਿਆਂ ਦੇ ਰੂਬਰੂ ਅਤੇ ਅਸਹਿਣਸ਼ੀਲਤਾ ਦੇ ਅਤਿ ਘਿਨਾਉਣੇ ਮੁਹਾਨੇ ਵੱਲ ਮੂੰਹ ਕਰਕੇ ਖੜ੍ਹੇ ਭਾਰਤ ਵਰਸ਼ ਨੂੰ , ਇਸ ਵੇਲੇ ਜਿਹੜੇ ਰਾਜਨੀਤਕ ਪੁਰਖਿਆਂ ਦੀ, ਬੇਹੱਦ ਸ਼ਿੱਦਤ ਨਾਲ ਯਾਦ ਆ ਰਹੀ ਹੈ, ਉਨ੍ਹਾਂ ਵਿਚੋਂ ਸਭ ਤੋਂ ਮਹੱਤਵਪੂਰਨ ਹਨ, ਮਹਾਤਮਾ ਗਾਂਧੀ |

ਮਹਾਤਮਾ ਗਾਂਧੀ ਇੱਕ ਅਜਿਹੇ ਵਰਤਾਰੇ ਦਾ ਨਾਂਅ ਹੈ, ਜੋ 1915 ਤੋਂ 1948 ਤੱਕ ਇਸ ਦੇਸ਼ ਵਿਚ ਇੰਝ ਵਾਪਰਿਆ, ਕਿ ਉਸ ਦੇ ਵਿਚਾਰਾਂ ਦੀ ਵਿਲੱਖਣਤਾ ਨੇ, ਸੁਤੰਤਰਤਾ ਸੰਗਰਾਮ ਨੂੰ  ਵਿਸ਼ਵ ਭਰ ਵਿਚ ਦਰਸ਼ਨੀ ਸੰਗਰਾਮ ਬਣਾ ਦਿੱਤਾ | 30 ਜਨਵਰੀ, 1948 ਨੂੰ  ਜਦੋਂ  ਉਸ ਦੇ ਵਾਪਰਨ ਨੂੰ  ਵਿਰਾਮ ਦੇਣ ਦਾ ਯਤਨ ਕੀਤਾ ਗਿਆ ਤਾਂ ਵੀ ਉਸ ਦੀ ਵਾਪਰਨ-ਪ੍ਰਕਿਰਿਆ ਰੋਕੀ ਨਾ ਜਾ ਸਕੀ | ਸਗੋਂ ਇਹ ਹੋਰ ਵਧੇਰੇ ਤੇਜ਼ ਵੀ ਹੋ ਗਈ ਅਤੇ ਸਦੀਵੀ ਵੀ | ਉਸ ਦੇ ਵਿਚਾਰਾਂ ਅਤੇ ਉਸ ਦੀ ਸ਼ਖ਼ਸੀਅਤ ਵਿਚ ਅਜਿਹਾ ਕੀ ਸੀ? ਜੋ ਉਸਨੂੰ ਸਦਾ ਜਿਊਾਦਾ ਰੱਖ ਰਿਹਾ ਹੈ | ਇਹ ਇੱਕ ਅਜਿਹਾ ਰਹੱਸ ਹੈ, ਜਿਸ ਨੂੰ  ਸਮਝਣ ਅਤੇ ਮਹਾਤਮਾ ਗਾਂਧੀ ਦੇ ਵਿਚਾਰਾਂ ਦੀ ਰੂਹ ਤੱਕ ਪਹੁੰਚਣ ਲਈ, ਸੁਤੰਤਰਤਾ ਸੰਗਰਾਮ ਦੀਆਂ ਵਿਭਿੰਨ ਪਰਤਾਂ ਸਮੇਤ, ਮਹਾਤਮਾ ਗਾਂਧੀ ਦੀ ਸ਼ਖ਼ਸੀਅਤ ਦੇ ਅਹਿਮ ਪਹਿਲੂਆਂ ਨੂੰ  ਨਿਹਾਰਨਾ ਜ਼ਰੂਰੀ ਹੈ |
ਮਹਾਤਮਾ ਗਾਂਧੀ ਨੇ ਹਿੰਦੁਸਤਾਨ ਪਰਤਣ ਤੋਂ 6 ਸਾਲ ਪਹਿਲਾਂ 1909 ਵਿਚ ਇਕ ਕਿਤਾਬ ਲਿਖੀ ਸੀ, ਜਿਸ ਦਾ ਸਿਰਲੇਖ ਸੀ 'ਹਿੰਦ ਸਵਰਾਜ ਜਾਂ ਇੰਡੀਅਨ ਹੋਮ ਰੂਲ' (8ind Swaraj or 9ndian 8ome Rule) | ਇਹ ਕਿਤਾਬ  ਮੂਲ ਰੂਪ ਵਿਚ ਗੁਜਰਾਤੀ ਵਿਚ ਲਿਖੀ ਗਈ ਸੀ, ਅਤੇ ਇਸ ਦਾ ਸਭ ਤੋਂ ਪਹਿਲਾ ਅਨੁਵਾਦ ਫਰਾਂਸੀਸੀ ਵਿਚ ਹੋਇਆ ਸੀ | ਫੇਰ ਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ ਵਿਚ | ਇਸ ਕਿਤਾਬ ਵਿਚ ਮਹਾਤਮਾ ਗਾਂਧੀ ਨੇ ਸੁਤੰਤਰਤਾ ਦੇ ਸੰਕਲਪ ਨੂੰ  ਸਪੱਸ਼ਟ ਕਰਦਿਆਂ ਕਿਹਾ ਸੀ ਕਿ ਉਹ 'ਹਿੰਦੁਸਤਾਨ ਵਿਚ ਅਜਿਹੇ ਰਾਜ ਦੀ ਸਥਾਪਨਾ ਦਾ ਸੁਪਨਾ ਵੇਖਦੇ ਹਨ, ਜੋ ਸਿਰਫ਼ ਉਪਰਲੇ ਪ੍ਰਬੰਧਾਂ ਵਿਚ ਹੀ ਆਪਣਾ ਨਾ ਹੋਵੇ ਸਗੋਂ ਜ਼ਮੀਨੀ ਹਕੀਕਤ ਨਾਲ ਜੁੜਿਆ ਹੋਇਆ ਗਣਰਾਜ ਵੀ ਹੋਵੇ |'
 ਜਦੋਂ 1915 ਵਿਚ ਉਹ ਭਾਰਤ ਪਰਤੇ ਤਾਂ ਉਨ੍ਹਾਂ ਨੇ ਆਪਣੇ ਰਹਿਣ-ਸਹਿਣ ਨੂੰ  ਦੇਸੀ ਦਿੱਖ ਵਿਚ ਲੈ ਆਂਦਾ | ਜਦੋਂ ਕਿਸੇ ਨੇ ਉਨ੍ਹਾਂ ਨੂੰ  ਭਾਰਤੀਆਂ ਲਈ ਕੋਈ ਸੰਦੇਸ਼ ਦੇਣ ਲਈ ਕਿਹਾ ਤਾਂ ਮਹਾਤਮਾ ਗਾਂਧੀ ਨੇ ਕਿਹਾ ਸੀ 'ਮੇਰਾ ਜੀਵਨ ਹੀ ਮੇਰਾ ਸੰਦੇਸ਼ ਹੈ |'
ਮਹਾਤਮਾ ਗਾਂਧੀ ਦੇ ਮਨ ਵਿਚ 'ਭਾਰਤ' ਸੰਕਲਪ ਦਾ ਅਰਥ ਕੀ ਸੀ? ਇਹ ਸੰਕਲਪ ਸੀ :- 'ਸੱਤਾ ਦੇ ਵਿਕੇਂਦਰੀਕਰਨ ਵਾਲਾ ਭਾਰਤ, ਪਿੰਡ ਪੱਧਰ ਦੀ ਜਮਹੂਰੀਅਤ ਵਾਲਾ ਭਾਰਤ, ਜਾਤਪਾਤ ਰਹਿਤ ਭਾਰਤ, ਸਰਬ ਧਰਮ ਸਨਮਾਨ ਵਾਲਾ ਅਜਿਹਾ ਭਾਰਤ, ਜਿਸ ਵਿਚ ਗ਼ਰੀਬੀ ਲਈ ਕੋਈ ਥਾਂ ਨਾ ਹੋਵੇ, ਭੁੱਖ ਵਰਗਾ ਸ਼ਬਦ ਕਿਸੇ ਸ਼ਬਦਕੋਸ਼ ਵਿਚ ਵੀ ਨਾ ਹੋਵੇ | ਭਿ੍ਸ਼ਟਾਚਾਰ ਰਹਿਤ ਸਮਾਜ ਦੀ ਸਥਾਪਨਾ ਸਿਰਫ਼ ਸੁਪਨਾ ਨਾ ਬਣਿਆ ਰਹੇ |'
ਅਫ਼ਰੀਕਾ ਤੋਂ ਆਉਂਦਿਆਂ ਹੀ ਮਹਾਤਮਾ ਗਾਂਧੀ ਦੇ ਸਾਹਮਣੇ ਵੱਡਾ ਸਵਾਲ ਇਹ  ਸੀ ਕਿ 33 ਕਰੋੜ ਭਾਰਤੀਆਂ ਉਤੇ ਮੁੱਠੀ ਭਰ ਅੰਗਰੇਜ਼ਾਂ ਦੀ ਹਕੂਮਤ ਦਾ ਰਾਜ਼ ਕੀ ਹੈ?
ਮਹਾਤਮਾ ਗਾਂਧੀ ਦਾ ਜਵਾਬ ਸੀ ਕਿ ਇਹ ਅੰਗਰੇਜ਼ਾਂ ਦੀ ਤਾਕਤ ਜਾਂ ਕੂਟਨੀਤੀ ਕਰਕੇ ਨਹੀਂ, ਸਗੋਂ ਉਸ ਸਹਿਯੋਗ ਕਰਕੇ ਹੈ, ਜੋ ਭਾਰਤੀ ਲੋਕ ਉਨ੍ਹਾਂ ਨੂੰ  ਦੇ ਰਹੇ ਹਨ! ਜੇ ਇਹ ਸਹਿਯੋਗ ਖ਼ਤਮ ਹੋ ਜਾਵੇ ਤਾਂ ਅੰਗਰੇਜ਼ੀ ਰਾਜ ਕਾਇਮ ਨਹੀਂ ਰਹਿ ਸਕਦਾ |
 ਇਹ ਭਾਰਤੀ ਅੰਗਰੇਜ਼ਾਂ ਨੂੰ  ਸਹਿਯੋਗ ਦਿੰਦੇ, ਕਿਉਂ ਹਨ? ਮਹਾਤਮਾ ਗਾਂਧੀ ਦਾ ਜਵਾਬ ਸੀ ਕਿ 'ਇਸ ਸਹਿਯੋਗ ਦਾ ਕਾਰਨ ਡਰ ਹੈ |' ਇਹ ਡਰ ਹੀ ਉਹ ਬੁਨਿਆਦ ਸੀ, ਜਿਸ ਕਾਰਨ ਭਾਰਤ ਵਿਚ ਬਰਤਾਨਵੀ ਸਾਮਰਾਜ ਟਿਕਿਆ ਹੋਇਆ ਸੀ | ਜਿਵੇਂ ਜਿਵੇਂ ਇਹ ਡਰ ਘਟਦਾ ਗਿਆ ਆਜ਼ਾਦੀ ਨੇੜੇ ਆਉਂਦੀ ਗਈ |...
ਮਹਾਤਮਾ ਗਾਂਧੀ ਦੇ 33 ਸਾਲਾਂ (1915 ਤੋਂ 1948) ਦੇ ਸਫ਼ਰ ਵਿਚ, ਕੁੱਝ ਅਜਿਹੀਆਂ ਘਟਨਾਵਾਂ ਹਨ, ਜਿਹਨਾਂ ਨੇ ਸੁਤੰਤਰਤਾ ਸੰਗਰਾਮ ਨੂੰ  ਨਵੀਆਂ ਸਿਖਰਾਂ ਪ੍ਰਦਾਨ ਕੀਤੀਆਂ  | ਇਨ੍ਹਾਂ ਘਟਨਾਵਾਂ ਵਿਚ, ਅਪ੍ਰੈਲ 1919 ਦਾ ਜਲਿ੍ਹਆਂਵਾਲਾ ਬਾਗ਼ ਦਾ ਸਾਕਾ, 1920 ਤੋਂ 1925 ਤੱਕ ਦੀ ਗੁਰਦੁਆਰਾ ਸੁਧਾਰ ਲਹਿਰ, 1921 ਦੀਆਂ ਨਨਕਾਣਾ ਸਾਹਿਬ ਦੀਆਂ ਸ਼ਹਾਦਤਾਂ, ਸ੍ਰੀ ਹਰਿਮੰਦਰ ਸਾਹਿਬ ਨੂੰ  ਅੰਗਰੇਜ਼ ਪ੍ਰਸਤ ਪੁਜਾਰੀਆਂ ਤੋਂ ਆਜ਼ਾਦ ਕਰਵਾ ਕੇ ਚਾਬੀਆਂ ਹਾਸਲ ਕਰਨਾ, ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸੰਘਰਸ਼ ਅਤੇ ਸ਼ਹਾਦਤਾਂ ਸ਼ਾਮਿਲ ਹਨ | ਇਹਨਾਂ ਸਾਰੀਆਂ ਘਟਨਾਵਾਂ ਨੂੰ  ਮਹਾਤਮਾ ਗਾਂਧੀ ਦੀ ਨਜ਼ਰ ਥਾਣੀਂ ਵੇਖੀਏ, ਤਾਂ ਜਲਿ੍ਹਆਂ ਵਾਲੇ ਬਾਗ਼ ਦੇ ਕਤਲੇਆਮ ਤੋਂ ਬਾਅਦ ਮਹਾਤਮਾ ਗਾਂਧੀ ਨੇ ਕਿਹਾ ਸੀ:-'ਭੋਲੇ ਭਾਲੇ ਲੋਕਾਂ ਦੇ ਕਾਤਲ ਜਨਰਲ ਡਾਇਰ ਨੂੰ  ਮਿਲਣਾ ਵੀ ਮੇਰੇ ਲਈ ਪਾਪ ਹੈ |'
ਇਸੇ ਘਟਨਾ ਉਪਰੰਤ ਮਹਾਤਮਾ ਗਾਂਧੀ ਨੇ 1920 ਤੋਂ 1922 ਤੱਕ ਦਾ ਨਾ-ਮਿਲਵਰਤਨ ਵੀ ਚਲਾਇਆ ਸੀ | ਸ੍ਰੀ ਨਨਕਾਣਾ ਸਾਹਿਬ ਦੇ ਸਾਕੇ ਉਪਰੰਤ ਤਿੰਨ ਮਾਰਚ 1921 ਨੂੰ  ਮਹਾਤਮਾ ਗਾਂਧੀ ਨਨਕਾਣਾ ਸਾਹਿਬ ਆਏ ਸਨ ਅਤੇ ਸਿੱਖਾਂ ਦੀ ਕੁਰਬਾਨੀ ਨੂੰ  ਉਨ੍ਹਾਂ ਨੇ 'ਕੌਮੀ ਬਹਾਦਰੀ ਦਾ ਕਾਰਨਾਮਾ' ਕਿਹਾ ਸੀ |
ਜਦੋਂ 19 ਜਨਵਰੀ 1922 ਨੂੰ , ਸ੍ਰੀ ਹਰਿਮੰਦਰ ਸਾਹਿਬ ਦਾ ਪ੍ਰਬੰਧ ਬਾਬਾ ਖੜਕ ਸਿੰਘ ਨੂੰ  ਸੌਂਪ ਦਿੱਤਾ ਗਿਆ, ਤਾਂ ਮਹਾਤਮਾ ਗਾਂਧੀ ਨੇ ਕਿਹਾ 'ਆਜ਼ਾਦੀ ਦੀ ਪਹਿਲੀ ਲੜਾਈ ਜਿੱਤ ਲਈ ਗਈ ਹੈ' |...
ਪਰ ਭਗਤ ਸਿੰਘ ਅਤੇ ਸਾਥੀਆਂ ਦੇ ਅੰਦੋਲਨ ਅਤੇ ਕੁਰਬਾਨੀਆਂ ਬਾਰੇ ਮਹਾਤਮਾ ਗਾਂਧੀ ਦੇ ਵਿਚਾਰ ਅਤੇ ਵਿਵਹਾਰ ਸਪੱਸ਼ਟ ਨਹੀਂ ਸਨ |
ਮਹਾਤਮਾ ਗਾਂਧੀ ਦਾ ਜ਼ੋਰ ਫਾਂਸੀ ਦੀ ਸਜ਼ਾ ਨੂੰ  ਬਦਲਣ ਉੱਤੇ ਨਹੀਂ, ਬਲਕਿ ਇਸ ਨੂੰ  ਮੁਲਤਵੀ ਕਰਨ ਉੱਤੇ ਹੀ ਕੇਂਦਰਿਤ ਰਿਹਾ ਸੀ | ਭਗਤ ਸਿੰਘ ਤੇ ਸਾਥੀਆਂ ਨੂੰ  ਫਾਂਸੀ ਦਿੱਤੇ ਜਾਣ ਦੇ ਦਿਨ, 23 ਮਾਰਚ 1931 ਤੋਂ ਪਹਿਲਾਂ, ਕਈ ਦਿਨਾਂ ਤੱਕ ਲਾਰਡ ਇਰਵਨ ਨਾਲ ਵਾਰ-ਵਾਰ ਹੁੰਦੀ, ਵਾਰਤਾ ਦੌਰਾਨ ਹੀ 20 ਮਾਰਚ 1931 ਨੂੰ  ਮਹਾਤਮਾ ਗਾਂਧੀ ਨੇ ਗ੍ਰਹਿ ਸਕੱਤਰ ਹਾਰਬਰਡ ਐਮਰਸਨ ਨਾਲ ਵੀ ਲੰਬੀ ਗੱਲਬਾਤ ਕੀਤੀ ਸੀ |
ਇਸ ਵਾਰਤਾ ਵਿਚ ਵੀ, ਫਾਂਸੀ ਦੀ ਸਜ਼ਾ ਨੂੰ  ਬਦਲਣ ਬਾਰੇ ਕੋਈ ਗੱਲ ਨਾ ਹੋਈ |...
 ਲਾਰਡ ਇਰਵਨ ਨੇ ਆਪਣੀ ਰਿਪੋਰਟ ਵਿਚ ਸਪੱਸ਼ਟ ਲਿਖਿਆ ਹੈ:- 'ਮੈਂ ਉਸ ਨੂੰ  (ਮਹਾਤਮਾ ਗਾਂਧੀ ਨੂੰ ) ਦੱਸ ਦਿੱਤਾ ਸੀ ਕਿ ਮੈਂ ਫਾਂਸੀ ਦੇ ਕੇਸ ਉੱਤੇ ਗਹਿਰੀ ਚਿੰਤਾ ਨਾਲ ਵਿਚਾਰ ਕਰ ਰਿਹਾ ਹਾਂ, ਪਰ ਇਸ ਨੂੰ  ਬਦਲਣ ਦਾ ਕੋਈ ਕਾਰਨ ਮੈਨੂੰ ਨਹੀਂ ਦਿਸ ਰਿਹਾ' | ਇਤਿਹਾਸਕ ਦਸਤਾਵੇਜ਼ ਅਤੇ ਤੱਥਾਂ ਦੀ ਰੌਸ਼ਨੀ ਨੇ, ਸਰਦਾਰ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀ ਵਿਚਾਰਧਾਰਾ ਨੂੰ  ਪਿਆਰ ਕਰਨ ਵਾਲੇ ਦੇਸ਼ ਵਾਸੀਆਂ ਦੇ ਮਨਾਂ ਵਿਚ, ਇਹ ਪ੍ਰਭਾਵ ਸਪੱਸ਼ਟ ਰੂਪ ਵਿਚ  ਬਿਠਾ ਦਿੱਤਾ ਕਿ ਭਗਤ ਸਿੰਘ ਅਤੇ ਸਾਥੀਆਂ ਦੀ ਸ਼ਹਾਦਤ ਨੂੰ  ਰੋਕਣ ਲਈ, ਮਹਾਤਮਾ ਗਾਂਧੀ ਦੀਆਂ ਕੋਸ਼ਿਸ਼ਾਂ, ਗੰਭੀਰ ਨਹੀਂ ਸਨ |...
ਇਸ ਦੇ ਬਾਵਜੂਦ ਸਰਬ ਧਰਮ ਸਨਮਾਨ ਦੀ ਨੀਤੀ ਅਤੇ ਦੇਸ਼ ਦੇ ਵਿਕਾਸ ਪ੍ਰਤੀ ਸਪੱਸ਼ਟ ਵਿਚਾਰਾਂ ਕਾਰਨ ਮਹਾਤਮਾ ਗਾਂਧੀ ਨੂੰ  ਦੇਸ਼ ਵਾਸੀਆਂ ਵਲੋਂ ਬੇਹੱਦ ਸਤਿਕਾਰ ਮਿਲਿਆ ਹੈ |  ਸੰਨ 1925 ਵਿਚ ਲਿਖੀ ਆਪਣੀ ਆਤਮ-ਕਥਾ 'ਸੱਚ ਨਾਲ ਮੇਰੇ ਪ੍ਰਯੋਗ' ਵਿਚ ਮਹਾਤਮਾ ਗਾਂਧੀ ਨੇ ਧਰਮ ਨੂੰ  ਨੈਤਿਕਤਾ ਅਤੇ ਮਾਨਵੀ ਮੁੱਲਾਂ ਦਾ ਸੋਮਾ ਦੱਸਿਆ ਸੀ  | ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਲਈ ਧਰਮ ਦਾ ਅਰਥ ਹਿੰਦੂ, ਮੁਸਲਮਾਨ, ਸਿੱਖ ਜਾਂ ਇਸਾਈ ਹੋਣਾ ਨਹੀਂ, ਸਗੋਂ ਧਰਮ ਦਾ ਅਰਥ ਆਪਣੇ ਪੂਰੇ ਅਸਤਿਤਵ ਵਿਚ ਮਾਨਵੀ ਅਤੇ ਦਿਆਲੂ ਹੋਣਾ ਹੈ | ਧਰਮ ਦੇ ਇਸੇ ਰੂਪ ਉੱਤੇ ਟਿਕੇ ਹੋਏ ਸਨ ਮਹਾਤਮਾ ਗਾਂਧੀ ਦੇ ਵਿਚਾਰ ਅਤੇ ਵਿਹਾਰ | 
ਜਨਮ ਤੋਂ ਹਿੰਦੂ ਹੋਣ ਅਤੇ ਹਿੰਦੂ ਵਿਸ਼ਵਾਸਾਂ ਵਿਚ ਗਹਿਰੀ ਆਸਥਾ ਰੱਖਣ ਦੇ ਬਾਵਜੂਦ ਉਹ ਫ਼ਿਰਕਾਪ੍ਰਸਤੀ ਦੇ ਸਾਰੇ ਰੂਪਾਂ ਹਿੰਦੂ, ਮੁਸਲਿਮ ਜਾਂ ਸਿੱਖ ਦੇ ਖ਼ਿਲਾਫ਼ ਸਨ | ਸੰਨ 1940 ਵਿਚ ਜਦੋਂ ਧਾਰਮਿਕ ਧਰੁਵੀਕਰਨ ਤੇਜ਼ ਹੋਣ ਲੱਗਾ, ਦੋ- ਕੌਮਾਂ ਦਾ ਸਿਧਾਂਤ ਜ਼ੋਰ ਫੜਨ ਲੱਗਾ ਤਾਂ ਮਹਾਤਮਾ ਗਾਂਧੀ ਨੇ ਕਿਹਾ ਸੀ :-
'ਧਰਮ ਕਰਕੇ ਮਨੁੱਖ ਨੂੰ  ਮਨੁੱਖ ਤੋਂ ਵੱਖ ਕੀਤਾ ਜਾਵੇ ਮੈਂ ਇਸ ਨੂੰ  ਸਰਾਸਰ ਗ਼ਲਤ ਮੰਨਦਾ ਹਾਂ, ਹਰ ਵਿਅਕਤੀ ਨੂੰ  ਆਪਣੇ ਧਰਮ ਦਾ ਪਾਲਣ ਕਰਨ ਦੀ ਪੂਰੀ ਆਜ਼ਾਦੀ ਅਤੇ ਅਧਿਕਾਰ ਮਿਲਣਾ ਚਾਹੀਦਾ ਹੈ ਅਤੇ ਧਰਮ ਦੇ ਆਧਾਰ 'ਤੇ ਕੋਈ ਭੇਦ-ਭਾਵ ਨਹੀਂ ਕਰਨਾ ਚਾਹੀਦਾ |
ਜਦੋਂ ਗਊ ਰੱਖਿਆ ਬਾਰੇ ਉਨ੍ਹਾਂ ਨੂੰ  ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਸੀ :-'ਮੈਂ ਇਕ ਗਊ ਨੂੰ  ਬਚਾਉਣ ਲਈ ਕਿਸੇ ਵਿਅਕਤੀ ਦੀ ਹੱਤਿਆ ਵਿਚ ਵਿਸ਼ਵਾਸ ਨਹੀਂ ਰੱਖਦਾ ਅਤੇ ਕਿਸੇ ਵਿਅਕਤੀ ਨੂੰ  ਬਚਾਉਣ ਲਈ ਗਊ ਹੱਤਿਆ ਵਿਚ ਵੀ ਵਿਸ਼ਵਾਸ ਨਹੀਂ ਰੱਖਦਾ |' 
ਵਿਚਾਰਾਂ ਦੇ ਅਜਿਹੇ ਸੰਤੁਲਿਨ ਵਾਲਾ ਮਹਾਤਮਾ ਗਾਂਧੀ ਬਿਹਤਰ ਸਮਾਜ ਦੀ ਸਥਾਪਨਾ ਦੇ ਸੰਕਲਪ ਨੂੰ  ਮੂਲ ਰੂਪ ਵਿਚ ਪਿੰਡ ਦੀ ਪ੍ਰਗਤੀ ਤੋਂ ਸ਼ੁਰੂ ਕਰਦਾ ਸੀ | ਉਸ ਦਾ ਦਿ੍ੜ੍ਹ ਵਿਸ਼ਵਾਸ ਸੀ ਕਿ ਪਿੰਡ ਮਜ਼ਬੂਤ ਹੋਵੇਗਾ ਤਾਂ ਹੀ ਰਾਸ਼ਟਰ ਮਜ਼ਬੂਤ ਹੋਵੇਗਾ |
...ਪਰ ਜਦੋਂ ਰਾਸ਼ਟਰ ਦੀ ਮਜ਼ਬੂਤੀ ਨੂੰ  ਧਰਮਾਂ ਅਤੇ ਫ਼ਿਰਕਿਆਂ ਵਿਚ ਆਪਸੀ ਖਿਚੋਤਾਣ ਪੈਦਾ ਕਰਨ ਦੇ ਨਜ਼ਰੀਏ ਤੋਂ ਵੇਖਿਆ ਜਾ ਰਿਹਾ ਹੋਵੇ, ਜਮਹੂਰੀਅਤ ਦੀ ਪਵਿੱਤਰਤਾ ਨੂੰ  ਪ੍ਰਸ਼ਾਸਨਿਕ ਪ੍ਰਬੰਧਨ ਤੱਕ ਹੀ ਸੀਮਿਤ ਕੀਤਾ ਜਾ ਰਿਹਾ ਹੋਵੇ,ਤਾਂ ਮਹਾਤਮਾ ਗਾਂਧੀ ਦੀ ਸ਼ਖ਼ਸੀਅਤ ਅਤੇ ਸੰਕਲਪਾਂ ਨੂੰ  ਨਿਹਾਰਨਾ ਬੇਹੱਦ ਜ਼ਰੂਰੀ ਹੈ |

-20, ਪ੍ਰੋਫ਼ੈਸਰ ਕਾਲੋਨੀ, ਵਡਾਲਾ ਚੌਕ, ਜਲੰਧਰ-144001
ਮੋਬਾਈਲ : 94171-94812

Ad Position 22
No active advertisement
ਪਿਛਲੀ ਖ਼ਬਰ ਸਾਦਗੀ ਤੇ ਸਾਹਸ ਦੇ ਮੁਜੱਸਮੇ ਸਨ ਲਾਲ ਬਹਾਦੁਰ ਸ਼ਾਸਤਰੀ ਅਗਲੀ ਖ਼ਬਰ ਲੁਟੇਰੇ ਮੋਟਰਸਾਈਕਲ ਸਵਾਰ ਨੂੰ ਧੱਕਾ ਦੇ ਕੇ ਮੋਬਾਈਲ ਖੋਹ ਕੇ ਫ਼ਰਾਰ
Ad Position 24