01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਸਾਦਗੀ ਤੇ ਸਾਹਸ ਦੇ ਮੁਜੱਸਮੇ ਸਨ ਲਾਲ ਬਹਾਦੁਰ ਸ਼ਾਸਤਰੀ

ਸਾਦਗੀ ਤੇ ਸਾਹਸ ਦੇ ਮੁਜੱਸਮੇ ਸਨ ਲਾਲ ਬਹਾਦੁਰ ਸ਼ਾਸਤਰੀ

Ad Position 21
No active advertisement
ਅਜੀਤ ਡੈਸਕ 02-10-2026

ਜਨਮ ਦਿਵਸ 'ਤੇ ਵਿਸ਼ੇਸ਼

ਭਾਰਤ ਦੀ ਆਜ਼ਾਦੀ ਦੀ ਲਹਿਰ ਤੋਂ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਪੁੱਜਣ ਵਾਲੇ ਲਾਲ ਬਹਾਦੁਰ ਸ਼ਾਸਤਰੀ ਜੀ ਭਾਰਤੀ ਇਤਿਹਾਸ ਦੀ ਅਜਿਹੀ ਸ਼ਖ਼ਸੀਅਤ ਹਨ, ਜਿਨ੍ਹਾਂ ਦਾ ਨਾਂਅ ਸਾਦਗੀ, ਇਮਾਨਦਾਰੀ, ਦੇਸ਼ ਭਗਤੀ ਤੇ ਦਿ੍ੜ੍ਹ ਸੰਕਲਪ ਨਾਲ ਸਦਾ ਲਈ ਜੁੜ ਗਿਆ ਹੈ | ਉਨ੍ਹਾਂ ਦਾ ਸਾਦਾ ਜੀਵਨ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਮਹਾਨਤਾ ਅਹੁਦੇ, ਦੌਲਤ ਜਾਂ ਕੱਦ ਨਾਲ ਨਹੀਂ, ਸਗੋਂ ਮਨੁੱਖ ਦੇ ਵਿਚਾਰਾਂ, ਕਰਮਾਂ ਤੇ ਨੈਤਿਕਤਾ ਨਾਲ ਮਾਪੀ ਜਾਂਦੀ ਹੈ | ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦਾ ਕਾਰਜਕਾਲ ਭਾਵੇਂ ਸਿਰਫ਼ 18 ਮਹੀਨੇ ਦਾ ਸੀ, ਪਰ ਆਪਣੇ ਛੋਟੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਦੇਸ਼ ਨੂੰ  ਮੁਸ਼ਕਿਲ ਹਾਲਾਤ 'ਚ ਜਿਸ ਦਿ੍ੜਤਾ, ਹੌਂਸਲੇ ਤੇ ਆਤਮਵਿਸ਼ਵਾਸ ਨਾਲ ਸੰਭਾਲਿਆ ਉਸ ਦੀ ਕੋਈ ਹੋਰ ਮਿਸਾਲ ਨਹੀਂ ਹੈ | ਉਨ੍ਹਾਂ ਵਲੋਂ ਦਿੱਤਾ ਨਾਅਰਾ: 'ਜੈ ਜਵਾਨ, ਜੈ ਕਿਸਾਨ' ਅੱਜ ਵੀ ਭਾਰਤ ਦੇ ਸੈਨਿਕਾਂ ਤੇ ਕਿਸਾਨਾਂ ਦੇ ਮਹੱਤਵ ਨੂੰ  ਦਰਸਾਉਂਦਾ ਹੈ |

ਲਾਲ ਬਹਾਦੁਰ ਸ਼ਾਸਤਰੀ ਜੀ ਦਾ ਜਨਮ 2 ਅਕਤੂਬਰ 1904 ਨੂੰ  ਉੱਤਰ ਪ੍ਰਦੇਸ਼ ਦੇ ਮੁਗਲਸਰਾਏ 'ਚ ਪਿਤਾ ਸ਼ਾਰਦਾ ਪ੍ਰਸਾਦ ਸ਼੍ਰੀਵਾਸਤਵ ਤੇ ਮਾਤਾ ਰਾਮਦੁਲਾਰੀ ਦੇਵੀ ਦੇ ਘਰ ਹੋਇਆ | ਬਚਪਨ ਵਿਚ ਹੀ ਪਿਤਾ ਦਾ ਸਾਇਆ ਸਿਰ ਤੋਂ ਉੱਠ ਜਾਣ ਕਾਰਨ ਉਨ੍ਹਾਂ ਦਾ ਪਾਲਣ-ਪੋਸ਼ਣ ਬਹੁਤ ਮੁਸ਼ਕਿਲ ਹਾਲਾਤ ਵਿਚ ਹੋਇਆ | ਉਨ੍ਹਾਂ ਦੀ ਮੁੱਢਲੀ ਸਿੱਖਿਆ ਵਾਰਾਨਸੀ 'ਚ ਹੋਈ | ਉਨ੍ਹਾਂ ਦੇ ਅੰਦਰ ਬਚਪਨ ਤੋਂ ਹੀ ਸਵੈਮਾਣ, ਹਿੰਮਤ ਤੇ ਦੇਸ਼ ਪਿਆਰ ਦੀ ਭਾਵਨਾ ਮੌਜੂਦ ਸੀ, ਉਨ੍ਹਾਂ ਨੂੰ  ਕਾਸ਼ੀ ਵਿਦਿਆਪੀਠ ਤੋਂ ਉੱਚ ਸਿੱਖਿਆ ਪੂਰੀ ਕਰਨ 'ਤੇ 'ਸ਼ਾਸਤਰੀ' ਦੀ ਮਿਲੀ ਉਪਾਧੀ ਬਾਅਦ 'ਚ ਉਨ੍ਹਾਂ ਦੇ ਨਾਂਅ ਦੀ ਪਛਾਣ ਬਣ ਗਈ | ਦੇਸ਼ ਦੀ ਗੁਲਾਮੀ ਨੇ ਨੌਜਵਾਨ ਸ਼ਾਸਤਰੀ ਦੇ ਮਨ 'ਤੇ ਡੂੰਘਾ ਪ੍ਰਭਾਵ ਪਾਇਆ ਤੇ ਉਹ ਮਹਾਤਮਾ ਗਾਂਧੀ ਜੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਆਜ਼ਾਦੀ ਦੇ ਸੰਘਰਸ਼ ਵਿੱਚ ਕੁੱਦ ਪਏ | ਉਨ੍ਹਾਂ ਅਸਹਿਯੋਗ ਅੰਦੋਲਨ, ਸਿਵਲ ਨਾਫ਼ਰਮਾਨੀ ਅੰਦੋਲਨ, ਨਮਕ ਸੱਤਿਆਗ੍ਰਹਿ ਤੇ ਭਾਰਤ ਛੱਡੋ ਅੰਦੋਲਨ ਵਰਗੀਆਂ ਰਾਸ਼ਟਰੀ ਲਹਿਰਾਂ 'ਚ ਪੂਰੀ ਸਰਗਰਮੀ ਨਾਲ ਹਿੱਸਾ ਲਿਆ | ਆਜ਼ਾਦੀ ਦੇ ਸੰਘਰਸ਼ ਦੌਰਾਨ ਉਨ੍ਹਾਂ ਨੂੰ  ਕਈ ਵਾਰ ਜੇਲ੍ਹ ਜਾਣਾ ਪਿਆ, ਜੇਲ੍ਹਾਂ ਦੀਆਂ ਸਖ਼ਤੀਆਂ ਨੇ ਉਨ੍ਹਾਂ ਦੇ ਹੌਂਸਲੇ ਤੇ ਚਰਿੱਤਰ ਨੂੰ  ਹੋਰ ਵੀ ਮਜ਼ਬੂਤ ਕੀਤਾ | 
ਦੇਸ਼ ਦੀ ਆਜ਼ਾਦੀ ਤੋਂ ਬਾਅਦ ਸ਼ਾਸਤਰੀ ਜੀ ਨੇ ਪ੍ਰਸ਼ਾਸਨ ਤੇ ਰਾਜਨੀਤੀ 'ਚ ਕਈ ਮਹੱਤਵਪੂਰਨ ਜ਼ਿੰਮੇਵਾਰੀਆਂ ਨਿਭਾਈਆਂ | ਉਨ੍ਹਾਂ ਉੱਤਰ ਪ੍ਰਦੇਸ਼ ਸਰਕਾਰ 'ਚ ਪੁਲਿਸ ਤੇ ਆਵਾਜਾਈ ਮੰਤਰੀ ਵਜੋਂ ਕੰਮ ਕੀਤਾ | ਉਨ੍ਹਾਂ ਕੇਂਦਰੀ ਮੰਤਰੀ-ਮੰਡਲ ਵਿਚ ਰੇਲਵੇ, ਗ੍ਰਹਿ, ਵਣਜ ਤੇ ਉਦਯੋਗ ਵਰਗੇ ਮਹੱਤਵਪੂਰਨ ਵਿਭਾਗਾਂ ਦੀ ਜ਼ਿੰਮੇਵਾਰੀ ਸੰਭਾਲੀ | ਉਨ੍ਹਾਂ ਆਪਣੇ ਰੇਲ ਮੰਤਰੀ ਦੇ ਕਾਰਜਕਾਲ ਦੌਰਾਨ ਵਾਪਰੇ ਇਕ ਰੇਲ ਹਾਦਸੇ ਦੀ ਨੈਤਿਕ ਜ਼ਿੰਮੇਵਾਰੀ ਸਵੀਕਾਰ ਕਰਦਿਆਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ | ਉਨ੍ਹਾਂ ਦਾ ਇਹ ਕਦਮ ਅੱਜ ਵੀ ਜਨ-ਜੀਵਨ 'ਚ ਜਵਾਬਦੇਹੀ ਦੀ ਮਿਸਾਲ ਵਜੋਂ ਯਾਦ ਕੀਤਾ ਜਾਂਦਾ ਹੈ | ਪੰਡਿਤ ਜਵਾਹਰ ਲਾਲ ਨਹਿਰੂ ਦੇ ਦਿਹਾਂਤ ਤੋਂ ਬਾਅਦ ਜੂਨ 1964 'ਚ ਜਦੋਂ ਸ਼ਾਸਤਰੀ ਜੀ ਨੇ ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ ਤਾਂ ਦੇਸ਼ ਖੁਰਾਕ ਦੀ ਕਮੀ ਤੇ ਕਈ ਹੋਰ ਚੁਣੌਤੀਆਂ ਨਾਲ ਘਿਰਿਆ ਹੋਇਆ ਸੀ | ਉਨ੍ਹਾਂ ਦੇਸ਼ਵਾਸੀਆਂ ਨੂੰ  ਸੰਜਮ ਤੇ ਸਹਿਯੋਗ ਦੀ ਅਪੀਲ ਕਰਦਿਆਂ ਖ਼ੁਦ ਸਾਦਗੀ ਨੂੰ  ਆਪਣੇ ਜੀਵਨ ਦਾ ਹਿੱਸਾ ਬਣਾਇਆ | ਸ਼ਾਸਤਰੀ ਜੀ ਦੀ ਸਰਕਾਰ ਨੇ ਖੇਤੀਬਾੜੀ ਉਤਪਾਦਨ ਵਧਾਉਣ ਤੇ ਦੇਸ਼ ਨੂੰ  ਖੁਰਾਕ ਦੇ ਮਾਮਲੇ ਵਿਚ ਆਤਮਨਿਰਭਰ ਬਣਾਉਣ ਦੀ ਦਿਸ਼ਾ 'ਚ ਕਈ ਮਹੱਤਵਪੂਰਨ ਕਦਮ ਚੁੱਕੇ | ਇਸੇ ਦੌਰ 'ਚ ਹਰੀ ਕ੍ਰਾਂਤੀ ਲਈ ਮਾਹÏਲ ਤਿਆਰ ਹੋਇਆ ਤੇ ਦੁੱਧ ਉਤਪਾਦਨ ਵਧਾਉਣ ਵਾਲੀਆਂ ਸਹਿਕਾਰੀ ਕੋਸ਼ਿਸ਼ਾਂ ਨੂੰ  ਉਤਸ਼ਾਹ ਮਿਲਿਆ |
ਜਦੋਂ 1965 'ਚ ਭਾਰਤ-ਪਾਕਿਸਤਾਨ ਯੁੱਧ ਨੇ ਦੇਸ਼ ਦੇ ਸਾਹਮਣੇ ਇਕ ਵੱਡੀ ਚੁਣੌਤੀ ਖੜ੍ਹੀ ਕਰ ਦਿੱਤੀ ਤਾਂ ਸ਼ਾਸਤਰੀ ਜੀ ਨੇ ਪੂਰੀ ਦਿ੍ੜ੍ਹਤਾ ਤੇ ਬਹਾਦਰੀ ਨਾਲ ਦੇਸ਼ ਦੀ ਅਗਵਾਈ ਕੀਤੀ | ਇਸੇ ਦੌਰ 'ਚ ਉਨ੍ਹਾਂ ਵਲੋਂ ਦੇਸ਼ ਨੂੰ  ਦਿੱਤਾ ਨਾਅਰਾ ਅੱਜ ਵੀ ਭਾਰਤ ਦੀ ਰਾਸ਼ਟਰੀ ਚੇਤਨਾ ਵਿਚ ਗੂੰਜਦਾ ਹੈ | ਉਨ੍ਹਾਂ ਚਾਰ ਸ਼ਬਦਾਂ ਦੇ ਨਾਅਰੇ 'ਜੈ ਜਵਾਨ, ਜੈ ਕਿਸਾਨ' ਨਾਲ ਦੇਸ਼ ਦੀ ਸੁਰੱਖਿਆ ਤੇ ਅੰਨ ਦੀ ਪੈਦਾਵਾਰ ਦੋਹਾਂ ਨੂੰ  ਰਾਸ਼ਟਰ ਦੀ ਤਾਕਤ ਨਾਲ ਜੋੜ ਦਿੱਤਾ | ਸਰਹੱਦ 'ਤੇ ਦੇਸ਼ ਦੀ ਰੱਖਿਆ ਕਰਨ ਵਾਲਾ ਜਵਾਨ ਤੇ ਖੇਤਾਂ 'ਚ ਅੰਨ ਉਗਾਉਣ ਵਾਲਾ ਕਿਸਾਨ ਦੋਵੇਂ ਦੇਸ਼ ਦੀ ਮਜ਼ਬੂਤੀ ਦੇ ਅਹਿਮ ਥੰਮ੍ਹ ਬਣ ਗਏ | 1965 ਦੇ ਯੁੱਧ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਕਾਰ ਸ਼ਾਂਤੀ ਲਈ ਸੋਵੀਅਤ ਸੰਘ ਦੇ ਤਾਸ਼ਕੰਦ 'ਚ ਵਾਰਤਾਵਾਂ ਹੋਈਆਂ | ਲਾਲ ਬਹਾਦੁਰ ਸ਼ਾਸਤਰੀ ਜੀ ਨੇ ਪਾਕਿਸਤਾਨ ਦੇ ਰਾਸ਼ਟਰਪਤੀ ਅਯੂਬ ਖਾਨ ਨਾਲ ਤਾਸ਼ਕੰਦ ਵਿਚ ਸਮਝੌਤੇ 'ਤੇ ਦਸਤਖ਼ਤ ਕੀਤੇ | ਪਰ ਇਸ ਇਤਿਹਾਸਕ ਸਮਝੌਤੇ ਤੋਂ ਬਾਅਦ 11 ਜਨਵਰੀ 1966 ਨੂੰ  ਸ਼ਾਸਤਰੀ ਜੀ ਦਾ ਤਾਸ਼ਕੰਦ 'ਚ ਹੀ ਦਿਹਾਂਤ ਹੋ ਗਿਆ | 
   ਭਾਰਤ ਸਰਕਾਰ ਨੇ ਉਨ੍ਹਾਂ ਨੂੰ  ਬਾਅਦ ਵਿਚ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ 'ਭਾਰਤ ਰਤਨ' ਨਾਲ ਸਨਮਾਨਿਤ ਕੀਤਾ | ਦਿੱਲੀ ਵਿਚ ਯਮੁਨਾ ਦੇ ਕੰਢੇ ਉਨ੍ਹਾਂ ਦੀ ਸਮਾਧੀ 'ਵਿਜੈ ਘਾਟ' ਦੇ ਨਾਂਅ ਨਾਲ ਜਾਣੀ ਜਾਂਦੀ ਹੈ | ਸ਼ਾਸਤਰੀ ਜੀ ਦਾ ਜੀਵਨ ਸਾਨੂੰ ਸਿੱਖਿਆ ਦਿੰਦਾ ਹੈ, ਕਿ ਸੱਚੀ ਤਾਕਤ ਅਹੁਦੇ 'ਚ ਨਹੀਂ, ਸਗੋਂ ਚਰਿੱਤਰ ਵਿਚ ਹੁੰਦੀ ਹੈ | ਸਾਦਾ ਜੀਵਨ, ਉੱਚੇ ਵਿਚਾਰ, ਇਮਾਨਦਾਰੀ ਤੇ ਦੇਸ਼ ਪ੍ਰਤੀ ਸਮਰਪਣ ਨੇ ਉਨ੍ਹਾਂ ਨੂੰ  ਲੋਕਾਂ ਦੇ ਦਿਲਾਂ 'ਚ ਅਮਰ ਕਰ ਦਿੱਤਾ | ਉਨ੍ਹਾਂ ਦਾ ਜੀਵਨ ਅੱਜ ਦੀ ਪੀੜ੍ਹੀ ਲਈ ਪ੍ਰੇਰਨਾ ਸਰੋਤ ਹੈ, ਜੋ ਸਾਨੂੰ ਯਾਦ ਦਿਵਾਉਂਦਾ ਹੈ ਕਿ ਮੁਸ਼ਕਿਲਾਂ ਭਾਵੇਂ ਕਿੰਨੀਆਂ ਵੀ ਵੱਡੀਆਂ ਹੋਣ ਦਿ੍ੜ ਇਰਾਦੇ ਨਾਲ ਇਕ ਸਧਾਰਨ ਦਿੱਖਣ ਵਾਲਾ ਇਨਸਾਨ ਵੀ ਇਤਿਹਾਸ ਦੀ ਦਿਸ਼ਾ ਬਦਲ ਸਕਦਾ ਹੈ | ਸ਼ਾਸਤਰੀ ਜੀ ਦਾ ਨਾਂਅ ਭਾਰਤ ਦੇ ਇਤਿਹਾਸ ਵਿਚ ਸਾਦਗੀ, ਸੱਚਾਈ, ਦਿ੍ੜਤਾ ਤੇ ਰਾਸ਼ਟਰ ਸੇਵਾ ਦੇ ਪ੍ਰਤੀਕ ਵਜੋਂ ਸਦਾ ਚਮਕਦਾ ਰਹੇਗਾ |

-ਮੰਡੀ ਅਹਿਮਦਗੜ੍ਹ |
ਮੋਬਾਈਲ : 97815-90500

Ad Position 22
No active advertisement
ਪਿਛਲੀ ਖ਼ਬਰ ਕੌਣ ਬਣੇਗਾ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ? ਅਗਲੀ ਖ਼ਬਰ ਸੱਤਾ ਦਾ ਵਿਕੇਂਦਰੀਕਰਨ ਸੀ ਮਹਾਤਮਾ ਗਾਂਧੀ ਦਾ ਸੁਪਨਾ
Ad Position 24