24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਉਥਲ-ਪੁਥਲ ਭਰੀ ਸਿਆਸਤ ਵਿਚ ਅਹਿਮ ਮੋੜ ਹੋ ਸਕਦੀਆਂ ਹਨ ਪੰਜਾਬ ਚੋਣਾਂ

ਉਥਲ-ਪੁਥਲ ਭਰੀ ਸਿਆਸਤ ਵਿਚ ਅਹਿਮ ਮੋੜ ਹੋ ਸਕਦੀਆਂ ਹਨ ਪੰਜਾਬ ਚੋਣਾਂ

Ad Position 21
No active advertisement
ਅਜੀਤ ਡੈਸਕ 25-09-2026

ਅਗਲੇ ਸਾਲ ਦੇ ਸ਼ੁਰੂ ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸੂਬੇ ਦੇ ਉਥਲ-ਪੁਥਲ ਭਰੇ ਸਿਆਸੀ ਇਤਿਹਾਸ ਵਿਚ ਇਕ ਨਿਰਣਾਇਕ ਮੋੜ ਸਾਬਤ ਹੋ ਸਕਦੀਆਂ ਹਨ | ਮੌਜੂਦਾ ਸਿਆਸੀ ਦਿ੍ਸ਼ ਨੂੰ  ਦੇਖਦਿਆਂ ਆਉਣ ਵਾਲੀਆਂ ਚੋਣਾਂ ਸਿਆਸੀ ਮੁਕਾਬਲੇ ਦੇ ਢੰਗ ਅਤੇ ਇਸ ਦੇ ਸਮੀਕਰਨਾਂ ਨੂੰ  ਨਵੇਂ ਸਿਰੇ ਤੋਂ ਪਰਿਭਾਸ਼ਿਤ ਕਰ ਸਕਦੀਆਂ ਹਨ | ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਪੰਜ ਪ੍ਰਮੁੱਖ ਸਿਆਸੀ ਪਾਰਟੀਆਂ ਸੱਤਾ ਲਈ ਚੋਣ ਮੈਦਾਨ ਵਿਚ ਆਹਮੋ-ਸਾਹਮਣੇ ਹੋਣਗੀਆਂ | ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੂੰ  ਚੁਣੌਤੀ ਦੇ ਰਹੀਆਂ ਚਾਰ ਵਿਰੋਧੀ ਪਾਰਟੀਆਂ ਵਿਚ 'ਵਾਰਿਸ ਪੰਜਾਬ ਦੇ' ਵੀ ਸ਼ਾਮਿਲ ਹੈ | ਇਹ ਇਕ ਨਵੀਂ ਸਿਆਸੀ ਜਥੇਬੰਦੀ ਹੈ, ਜਿਸ ਨੇ ਆਪਣੇ ਸੁਧਾਰਵਾਦੀ ਰੁਖ਼ ਅਤੇ ਸਿਆਸੀ ਬਦਲਾਅ ਦੇ ਵਾਅਦੇ ਕਾਰਨ ਪੇਂਡੂ ਸਿੱਖ ਨੌਜਵਾਨਾਂ ਵਿਚ ਕਾਫ਼ੀ ਪਕੜ ਬਣਾਈ ਹੈ | ਇਹ ਹਾਲਾਤ ਰਵਾਇਤੀ ਸਿਆਸੀ ਪਾਰਟੀਆਂ ਪ੍ਰਤੀ ਲੋਕਾਂ ਦੀ ਘਟ ਰਹੀ ਦਿਲਚਸਪੀ ਵੱਲ ਵੀ ਇਸ਼ਾਰਾ ਕਰਦੇ ਹਨ |

ਆਪਣੀ ਸਿਆਸੀ ਪ੍ਰਸੰਗਿਕਤਾ ਮੁੜ ਹਾਸਿਲ ਕਰਨ ਦੀ ਕੋਸ਼ਿਸ਼ ਕਰ ਰਿਹਾ ਅਕਾਲੀ ਦਲ ਤੇਜ਼ੀ ਨਾਲ ਉੱਭਰ ਰਹੀ ਭਾਜਪਾ ਅਤੇ ਕਾਂਗਰਸ ਵਲੋਂ ਪਹੁੰਚਾਏ ਗਏ ਸਿਆਸੀ ਨੁਕਸਾਨ ਤੋਂ ਉੱਭਰ ਸਕੇਗਾ, ਇਹ ਵੀ ਦੇਖਣ ਵਾਲੀ ਗੱਲ ਹੋਵੇਗੀ | ਇਸ ਦੇ ਨਾਲ ਹੀ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਸੰਭਾਵਿਤ ਗੱਠਜੋੜ ਚੋਣਾਂ ਤੋਂ ਪਹਿਲਾਂ ਅਤੇ ਚੋਣਾਂ ਤੋਂ ਬਾਅਦ ਵੀ ਸਿਆਸੀ ਸਮੀਕਰਨਾਂ ਨੂੰ  ਬਦਲ ਸਕਦਾ ਹੈ ਅਤੇ ਇਹ ਗੱਠਜੋੜ 'ਆਪ' ਦੇ ਸਾਹਮਣੇ ਇਕ ਮੁੱਖ ਚੁਣੌਤੀ ਵਜੋਂ ਉੱਭਰ ਸਕਦਾ ਹੈ | ਇਨ੍ਹਾਂ ਹਾਲਤਾਂ ਵਿਚ ਬਿਖਰੇ ਹੋਏ ਜਨਮਤ ਅਤੇ ਉਸ ਤੋਂ ਪੈਦਾ ਹੋਣ ਵਾਲੀ ਸਿਆਸੀ ਅਸਥਿਰਤਾ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ | ਇਸ ਦਾ ਸੂਬੇ ਦੇ ਵਿਕਾਸ ਦੀਆਂ ਲੋੜਾਂ 'ਤੇ ਗੰਭੀਰ ਅਸਰ ਪੈ ਸਕਦਾ ਹੈ | ਵੱਖ-ਵੱਖ ਵਿਕਾਸ ਸੂਚਕਾਂਕ ਅੰਕਾਂ ਵਿਚ ਪੰਜਾਬ ਦੀ ਸਾਲਾਂ ਤੋਂ ਦਰਜ ਹੋ ਰਹੀ ਗਿਰਾਵਟ ਨੂੰ  ਉਦੋਂ ਤੱਕ ਨਹੀਂ ਰੋਕਿਆ ਜਾ ਸਕਦਾ, ਜਦੋਂ ਤੱਕ ਸੂਬੇ ਦੇ ਨਵੀਨੀਕਰਨ ਅਤੇ ਮੁੜ ਉਭਾਰ ਲਈ ਲੋੜੀਂਦੀਆਂ ਮਹੱਤਵਪੂਰਨ ਨੀਤੀਆਂ 'ਤੇ ਵਿਆਪਕ ਸਿਆਸੀ ਸਹਿਮਤੀ ਨਹੀਂ ਬਣਦੀ |
ਸੋਸ਼ਲ ਮੀਡੀਆ 'ਤੇ ਸਿਆਸੀ ਆਗੂਆਂ ਵਿਚਕਾਰ ਹੋਣ ਵਾਲੀ ਕੌੜੀ ਅਤੇ ਅਸਿਹਤਮੰਦ ਜਨਤਕ ਬਹਿਸ, ਜੋ ਹੁਣ ਇਕ ਨਾ ਮੁੱਕਣ ਵਾਲੇ ਤਮਾਸ਼ੇ ਦਾ ਰੂਪ ਧਾਰ ਚੁੱਕੀ ਹੈ, ਨੇ ਨਾਗਰਿਕਾਂ ਦੀ ਨਜ਼ਰ ਵਿਚ ਆਦਰਸ਼ ਬਣਨ ਵਾਲੇ ਵਿਅਕਤੀਆਂ ਵਜੋਂ ਉਨ੍ਹਾਂ ਦੀ ਨਿੱਜੀ ਭਰੋਸੇਯੋਗਤਾ ਨੂੰ  ਘਟਾਇਆ ਹੈ ਅਤੇ ਪ੍ਰਤੀਨਿਧੀ ਲੋਕਤੰਤਰ ਦੇ ਰਖਵਾਲਿਆਂ ਵਜੋਂ ਸਿਆਸੀ ਪਾਰਟੀਆਂ ਦੀ ਸਾਖ ਨੂੰ  ਵੀ ਕਮਜ਼ੋਰ ਕੀਤਾ ਹੈ | ਹਿੰਸਕ ਜਾਂ ਡਰ ਪੈਦਾ ਕਰਨ ਵਾਲੇ ਲਹਿਜ਼ੇ ਵਿਚ ਕੀਤੀ ਗਈ ਗੱਲਬਾਤ ਲੋਕਤੰਤਰ ਦੀ ਉਸ ਉਦਾਰ ਅਤੇ ਪ੍ਰਭਾਵਸ਼ਾਲੀ ਅਪੀਲ ਨੂੰ  ਕਮਜ਼ੋਰ ਕਰਦੀ ਹੈ, ਜੋ ਰਾਜਨੀਤਕ ਅਤੇ ਸਮਾਜਿਕ ਜੀਵਨ ਨੂੰ  ਸੁਚੱਜੇ ਢੰਗ ਨਾਲ ਚਲਾਉਣ ਵਿਚ ਇਸ ਦੀਆਂ ਕੇਂਦਰੀ ਖੂਬੀਆਂ ਹਨ | ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਜਨਤਕ ਵਿਚਾਰ-ਵਟਾਂਦਰੇ ਦਾ ਪੱਧਰ ਉੱਚਾ ਚੁੱਕਿਆ ਜਾਵੇ ਅਤੇ ਇਸ ਨੂੰ  ਕੜਵਾਹਟ, ਬਦਨਾਮੀ ਅਤੇ ਨਿੱਜੀ ਦੁਸ਼ਮਣੀ ਤੋਂ ਨਿਰਣਾਇਕ ਤੌਰ 'ਤੇ ਦੂਰ ਲਿਜਾਇਆ ਜਾਵੇ |
ਇਕ ਜੀਵੰਤ ਅਤੇ ਖੁਸ਼ਹਾਲ ਸੂਬੇ ਵਜੋਂ ਪੰਜਾਬ ਦੇ ਮੁੜ ਉਭਾਰ ਲਈ ਅਜਿਹੀ ਵਿਸ਼ਾਲ ਦਿਲੀ ਵਾਲੀ ਲੀਡਰਸ਼ਿਪ ਦੀ ਲੋੜ ਹੈ, ਜੋ ਲੰਮੇ ਸਮੇਂ ਤੋਂ ਸੂਬੇ ਦੀ ਸਿਆਸਤ ਨੂੰ  ਪ੍ਰਭਾਵਿਤ ਕਰ ਰਹੀ ਤੰਗਦਿਲੀ ਅਤੇ ਛੋਟੀ ਸੋਚ ਤੋਂ ਉੱਪਰ ਉੱਠ ਸਕੇ | ਅੱਜ ਦੀ ਸਭ ਤੋਂ ਵੱਡੀ ਲੋੜ ਅਜਿਹੇ ਆਗੂਆਂ ਨੂੰ  ਲੱਭਣ ਦੀ ਹੈ, ਜੋ ਆਪਣੇ-ਆਪ ਤੋਂ ਉੱਪਰ ਉੱਠ ਸਕਣ, ਹਾਸ਼ੀਏ 'ਤੇ ਖੜ੍ਹੇ ਅਤੇ ਵੰਚਿਤ ਲੋਕਾਂ ਪ੍ਰਤੀ ਦਇਆ ਅਤੇ ਸੰਵੇਦਨਾ ਨੂੰ  ਸ਼ਾਸਨ ਦਾ ਮੂਲ ਭਾਵ ਬਣਾ ਸਕਣ ਅਤੇ ਸਿਰਫ਼ ਸੱਤਾ ਹਾਸਿਲ ਕਰਨ ਦੇ ਲਾਲਚ ਤੋਂ ਆਪਣੇ-ਆਪ ਨੂੰ  ਬਚਾ ਸਕਣ | ਸਾਨੂੰ ਅਜਿਹੇ ਆਗੂਆਂ ਦੀ ਭਾਲ ਕਰਨੀ ਚਾਹੀਦੀ ਹੈ, ਜੋ ਦਬਦਬੇ ਵਾਲੀ ਸੱਤਾ ਨੂੰ  ਲੋਕਾਂ ਦੀ ਤਾਕਤ ਨਾ ਸਮਝਣ ਅਤੇ ਉਨ੍ਹਾਂ ਲੋਕਾਂ ਤੋਂ ਦੂਰ ਰਹਿਣ, ਜਿਨ੍ਹਾਂ ਦੀ ਲੀਡਰਸ਼ਿਪ ਦਾ ਦਾਅਵਾ ਤਾਕਤ ਦੇ ਨੰਗੇ ਪ੍ਰਦਰਸ਼ਨ ਅਤੇ ਸਮਰਥਕਾਂ ਦਾ ਭੇਸ ਧਾਰਨ ਕੀਤੇ ਸੱਤਾ ਦੇ ਦਲਾਲਾਂ ਦੀ ਖੁਸ਼ਾਮਦ 'ਤੇ ਟਿਕਿਆ ਹੋਵੇ | ਲੋਕਾਂ ਦੇ ਦੁੱਖ ਅਤੇ ਬੇਇਨਸਾਫ਼ੀ ਪ੍ਰਤੀ ਬੇਪਰਵਾਹ ਹੰਕਾਰੀ ਸੱਤਾ ਦਾ ਵਿਰੋਧ ਕਰਨਾ ਇਕ ਅਟੱਲ ਨੈਤਿਕ ਫ਼ਰਜ਼ ਹੈ | ਪੰਜਾਬ ਦੇ ਬਹਾਦਰ ਅਤੇ ਜ਼ਿੰਦਾ-ਦਿਲ ਲੋਕ, ਜੋ ਗੁਰੂਆਂ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈਂਦੇ ਹਨ ਆਪਣੇ ਚੁਣੇ ਹੋਏ ਨੁਮਾਇੰਦਿਆਂ ਤੋਂ ਅਜਿਹੇ ਸ਼ਾਸਨ ਦੇ ਹੱਕਦਾਰ ਹਨ, ਜਿਸ ਦੀ ਬੁਨਿਆਦ ਕਾਨੂੰਨ ਅਤੇ ਇਨਸਾਫ਼ 'ਤੇ ਟਿਕੀ ਹੋਵੇ | ਅਸਲ ਵਿਚ, ਜੋ ਲੋਕ ਕਾਨੂੰਨ ਦੇ ਅਧੀਨ ਰਹਿੰਦੇ ਹਨ, ਉਨ੍ਹਾਂ ਨੂੰ  ਖੁਦ ਵੀ ਕਾਨੂੰਨ ਨਾਲ ਬੱਝੇ ਹੋਣਾ ਚਾਹੀਦਾ ਹੈ ਅਤੇ ਅਜਿਹਾ ਦਿਖਾਈ ਵੀ ਦੇਣਾ ਚਾਹੀਦਾ ਹੈ |
ਪੰਜਾਬ ਜਦੋਂ ਆਪਣੀ ਗੁਆਚੀ ਹੋਈ ਸ਼ਾਨ ਨੂੰ  ਮੁੜ ਹਾਸਿਲ ਕਰਨ ਲਈ ਸੰਘਰਸ਼ ਕਰ ਰਿਹਾ ਹੈ, ਤਾਂ ਇਸ ਨੂੰ  ਅਜਿਹੇ ਆਗੂਆਂ ਦੀ ਅਗਵਾਈ ਵਾਲੀ ਸਰਕਾਰ ਦੀ ਲੋੜ ਹੈ, ਜਿਨ੍ਹਾਂ ਵਿਚ 'ਦਲੇਰ ਆਦਰਸ਼ਵਾਦ' ਹੋਵੇ; ਅਜਿਹੇ ਆਗੂ ਜੋ ਅਜਿਹੀ ਦਿਸ਼ਾ ਤੈਅ ਕਰ ਸਕਣ ਜਿਸ ਨਾਲ ਲੋਕਾਂ ਵਿਚ ਆਸ ਮੁੜ ਜਾਗੇ ਅਤੇ ਰੋਜ਼ਗਾਰ ਪੈਦਾ ਕਰਨ, ਵਿਆਪਕ ਨਸ਼ੇ ਦੀ ਸਮੱਸਿਆ ਨਾਲ ਨਜਿੱਠਣ ਲਈ ਉਦੇਸ਼ਪੂਰਨ ਨੀਤੀਆਂ ਬਣਾਉਣ, ਰਾਜ ਦੀ ਤਾਕਤ ਦੀ ਘੋਰ ਦੁਰਵਰਤੋਂ ਅਤੇ ਉੱਚ ਪੱਧਰ 'ਤੇ ਭਿ੍ਸ਼ਟਾਚਾਰ 'ਤੇ ਪ੍ਰਭਾਵਸ਼ਾਲੀ ਰੋਕ ਲਗਾਉਣ, ਸੂਬੇ ਦੀ ਖੇਤੀਬਾੜੀ ਅਰਥਵਿਵਸਥਾ ਦੇ ਪੁਨਰਗਠਨ ਨਾਲ ਜੁੜੇ ਗੁੰਝਲਦਾਰ ਸਵਾਲਾਂ ਦਾ ਸੋਚ-ਵਿਚਾਰ ਨਾਲ ਜਵਾਬ ਦੇਣ, ਵਾਤਾਵਰਨ ਦੀ ਰੱਖਿਆ ਕਰਨ ਅਤੇ ਸਾਂਝੀ ਵਿਰਾਸਤ 'ਤੇ ਆਧਾਰਿਤ ਸਮਾਜਿਕ ਸਦਭਾਵਨਾ ਨੂੰ  ਕਾਇਮ ਰੱਖਣ ਰਾਹੀਂ ਉਸ ਆਸ ਨੂੰ  ਠੋਸ ਰੂਪ ਦਿੱਤਾ ਜਾ ਸਕੇ |
ਇਨ੍ਹਾਂ ਚੁਣੌਤੀਆਂ ਦੇ ਬਾਵਜੂਦ ਕੀ ਅਸੀਂ ਇਹ ਆਸ ਕਰ ਸਕਦੇ ਹਾਂ ਕਿ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਵਿਚ ਸਿਆਸੀ ਪਾਰਟੀਆਂ ਜਾਤੀਵਾਦੀ ਅਤੇ ਫਿਰਕੂ ਸਿਆਸਤ ਤੋਂ ਉੱਪਰ ਉੱਠਣਗੀਆਂ? ਕੀ ਉਹ ਅਜਿਹੇ ਆਗੂਆਂ ਨੂੰ  ਸਾਹਮਣੇ ਲਿਆ ਸਕਦੀਆਂ ਹਨ, ਜਿਨ੍ਹਾਂ ਕੋਲ ਉਹ ਨੈਤਿਕ ਭਰੋਸੇਯੋਗਤਾ ਹੋਵੇ, ਜੋ ਇਕ ਮਾਣਮੱਤੀ ਅਤੇ ਬਹਾਦਰ ਜਨਤਾ ਨਾਲ ਇਮਾਨਦਾਰੀ ਨਾਲ ਗੱਲ ਕਰ ਸਕਣ ਅਤੇ ਉਸ ਨੂੰ  ਇੱਜ਼ਤ ਨਾਲ ਜੀਵਨ ਬਤੀਤ ਕਰਨ ਦਾ ਮੌਕਾ ਦੇਣ ਦਾ ਵਾਅਦਾ ਕਰ ਸਕਣ? ਜਾਂ ਫਿਰ ਪੰਜਾਬ ਨੂੰ  ਅਜਿਹੇ ਲੋਕਾਂ ਦਾ ਬੋਝ ਝੱਲਦੇ ਰਹਿਣਾ ਪਵੇਗਾ, ਜਿਨ੍ਹਾਂ ਲਈ ਸਿਆਸਤ ਸਹੀ ਅਤੇ ਗਲਤ ਦੀ ਕਿਸੇ ਭਾਵਨਾ ਤੋਂ ਮੁਕਤ ਹੋ ਕੇ ਸਿਰਫ਼ ਸੱਤਾ ਹਾਸਿਲ ਕਰਨ ਦਾ ਸਾਧਨ ਹੈ? ਇਹ ਉਹ ਸਵਾਲ ਹਨ, ਜਿਨ੍ਹਾਂ ਦਾ ਸਾਹਮਣਾ ਸੂਬੇ ਦੀਆਂ ਸਿਆਸੀ ਪਾਰਟੀਆਂ ਅਤੇ ਆਗੂਆਂ ਨੂੰ  ਕਰਨਾ ਹੀ ਪਵੇਗਾ |
ਲੋਕਤੰਤਰ ਦੀ ਸਾਰਥਕਤਾ ਉਦੋਂ ਸਾਬਤ ਹੁੰਦੀ ਹੈ, ਜਦੋਂ ਇਕ ਜਾਗਰੂਕ ਮਤਦਾਤਾ ਉਨ੍ਹਾਂ ਲੋਕਾਂ ਨੂੰ  ਲੀਡਰਸ਼ਿਪ ਸੌਂਪਣ ਦੇ ਯੋਗ ਹੋਵੇ ਜੋ ਨਿਸ਼ਕਾਮ ਭਾਵਨਾ ਨਾਲ ਪ੍ਰੇਰਿਤ ਹੋਣ ਅਤੇ ਅਜਿਹੀ ਸਿਆਸਤ ਲਈ ਵਚਨਬੱਧ ਹੋਣ, ਜਿਸ ਵਿਚ ਮਨੁੱਖੀ ਮਰਿਆਦਾ ਅਤੇ ਲੋਕਾਂ ਦੇ ਸਨਮਾਨ ਨੂੰ  ਸਭ ਤੋਂ ਉੱਚਾ ਸਥਾਨ ਪ੍ਰਾਪਤ ਹੋਵੇ | ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਪੰਜਾਬ ਅਜਿਹੀ ਊਰਜਾਵਾਨ ਸਿਆਸਤ ਦਾ ਮਾਰਗਦਰਸ਼ਕ ਬਣ ਸਕੇ-ਅਜਿਹੀ ਸਿਆਸਤ ਜੋ ਲੋਕਾਂ ਦੀ ਇੱਛਾ-ਸ਼ਕਤੀ ਨੂੰ  ਜਗਾਏ, ਸਾਡੇ ਸੰਸਥਾਪਕਾਂ ਦੇ ਆਦਰਸ਼ਵਾਦ ਤੋਂ ਪ੍ਰੇਰਨਾ ਲਵੇ ਅਤੇ ਉਸ ਇੱਛਾ-ਸ਼ਕਤੀ ਨੂੰ  ਇਕ ਨਵੇਂ ਜਨਤਕ ਉਦੇਸ਼ ਵਿਚ ਬਦਲ ਦੇਵੇ | ਇਸ ਲਈ ਸਿਆਸਤ ਦੇ ਵੱਖ-ਵੱਖ ਖੇਤਰਾਂ ਵਿਚੋਂ ਉੱਤਮ ਲੋਕਾਂ ਅਤੇ ਲੀਡਰਸ਼ਿਪ ਨੂੰ  ਇਕੱਠਾ ਕਰਨ ਅਤੇ ਸੂਬੇ ਵਿਚ ਬਦਲਾਅ ਲਿਆਉਣ ਵਾਲੀ ਲੀਡਰਸ਼ਿਪ ਦੇ ਵਿਕਾਸ ਲਈ ਲੋੜੀਂਦੇ ਹਾਲਾਤ ਪੈਦਾ ਕਰਨ ਦੀ ਲੋੜ ਹੋਵੇਗੀ | ਅਗਲੀਆਂ ਚੋਣਾਂ ਵਿਚ ਇਕ ਵਾਰ ਫਿਰ ਪੰਜਾਬ ਦੇ ਲੋਕਾਂ ਦੀ ਸਾਂਝੀ ਸਿਆਣਪ ਦੀ ਪਰਖ ਹੋਵੇਗੀ |

-ਲੇਖਕ ਸੀਨੀਅਰ ਐਡਵੋਕੇਟ ਤੇ ਸਾਬਕਾ ਕੇਂਦਰੀ ਕਾਨੂੰਨ ਮੰਤਰੀ ਹਨ |

Ad Position 22
No active advertisement
ਪਿਛਲੀ ਖ਼ਬਰ ਬੇਹੱਦ ਗੰਭੀਰ ਹਨ ਚੋਣ ਕਮਿਸ਼ਨ 'ਤੇ ਲੱਗੇ ਦੋਸ਼ ਅਗਲੀ ਖ਼ਬਰ ਮੋਬਾਈਲ ਦੀ ਚਮਕ ਤੇ ਜੰਕ ਫੂਡ ਦਾ ਸੁਆਦ : ਕਿੱਧਰ ਜਾ ਰਿਹਾ ਸਾਡਾ ਬਚਪਨ?
Ad Position 24