24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਪਾਕਿਸਤਾਨ ਨੂੰ 10-12 ਸੂਬਿਆਂ ਵਿਚ ਵੰਡਣ ਦੀ ਤਜਵੀਜ਼ ਲੋਕ-ਵਿਰੋਧ ਹੋਇਆ ਤਿੱਖਾ

ਪਾਕਿਸਤਾਨ ਨੂੰ 10-12 ਸੂਬਿਆਂ ਵਿਚ ਵੰਡਣ ਦੀ ਤਜਵੀਜ਼ ਲੋਕ-ਵਿਰੋਧ ਹੋਇਆ ਤਿੱਖਾ

Ad Position 21
No active advertisement
ਅਜੀਤ ਡੈਸਕ 25-11-2026

ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਦਾ ਰਿਹਾ ਪਾਕਿਸਤਾਨ ਹੁਣ ਇਕ ਹੋਰ ਨਵੀਂ ਸਮੱਸਿਆ ਵਿਚ ਘਿਰਦਾ ਨਜ਼ਰ ਆ ਰਿਹਾ ਹੈ | ਪਾਕਿਸਤਾਨ ਵਿਚ ਇਨ੍ਹਾਂ ਦਿਨਾਂ 'ਚ ਇਹ ਚਰਚਾ ਜ਼ੋਰ-ਸ਼ੋਰ ਨਾਲ ਚੱਲ ਰਹੀ ਹੈ ਕਿ ਦੇਸ਼, ਜਿਸ ਦੀ ਇਸ ਸਮੇਂ ਆਬਾਦੀ 26 ਕਰੋੜ ਦੇ ਲਗਭਗ ਹੈ, ਦੇ 4 ਸੂਬਿਆਂ ਪੰਜਾਬ, ਸਿੰਧ, ਬਲੋਚਿਸਤਾਨ ਅਤੇ ਖੈਬਰ ਪਖ਼ਤੂਨਖ਼ਵਾ ਨੂੰ  10 ਜਾਂ 12 ਸੂਬਿਆਂ ਵਿਚ ਵੰਡ ਦਿੱਤਾ ਜਾਵੇ ਤਾਂ ਕਿ ਲੋਕਾਂ ਨੂੰ  ਬਿਹਤਰ ਪ੍ਰਸ਼ਾਸਨ ਮੁਹੱਈਆ ਕੀਤਾ ਜਾ ਸਕੇ | ਇਸ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਚਾਰੇ ਸੂਬੇ ਆਕਾਰ ਤੇ ਆਬਾਦੀ ਦੇ ਪੱਖ ਤੋਂ ਏਨੇ ਵੱਡੇ ਹਨ, ਕਿ ਉਨ੍ਹਾਂ ਨੂੰ  ਇਕ-ਇਕ ਰਾਜਧਾਨੀ ਤੋਂ ਨਹੀਂ ਚਲਾਇਆ ਜਾ ਸਕਦਾ | ਇਕੱਲੇ ਪੰਜਾਬ ਦੀ ਆਬਾਦੀ ਹੀ 13 ਕਰੋੜ ਹੈ | ਇਸ ਤਜਵੀਜ਼ ਦੀ ਸ਼ੁਰੂਆਤ ਪਾਕਿਸਤਾਨੀ ਫ਼ੌਜ ਵਲੋਂ ਹੋਈ ਹੈ |

ਥਲ ਫ਼ੌਜ ਦੇ ਮੁਖੀ ਆਸਿਮ ਮੁਨੀਰ ਜਿਹੜੇ ਕਿ ਭਾਰਤ ਵਲੋਂ ਕੀਤੇ ਗਏ ਆਪ੍ਰੇਸ਼ਨ ਸੰਧੂਰ ਤੋਂ ਬਾਅਦ ਹੋਰ ਵਧੇਰੇ ਸ਼ਕਤੀਸ਼ਾਲੀ ਹੋ ਕੇ ਉੱਭਰੇ ਸਨ ਅਤੇ ਉਨ੍ਹਾਂ ਨੂੰ  ਸੰਵਿਧਾਨਕ ਸੋਧ ਕਰ ਕੇ ਚੀਫ਼ ਆਫ਼ ਦਾ ਆਰਮੀ ਸਟਾਫ਼ (ਸੀ.ਓ.ਏ.ਐਸ.) ਦਾ ਦਰਜਾ ਵੀ ਦੇ ਦਿੱਤਾ ਗਿਆ ਸੀ, ਇਸ ਸਮੇਂ ਲਗਭਗ ਤਿੰਨਾਂ ਹੀ ਸੈਨਾਵਾਂ ਦੇ ਸੁਪਰ ਮੁਖੀ ਦੇ ਤੌਰ 'ਤੇ ਵਿਚਰ ਰਹੇ ਹਨ | ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਨੇ ਹੀ ਪਾਕਿਸਤਾਨ ਦੀ ਮੌਜੂਦਾ ਗੱਠਜੋੜ ਸਰਕਾਰ, ਜਿਸ ਵਿਚ ਮੁਸਲਿਮ ਲੀਗ ਨਵਾਜ਼ ਸ਼ਰੀਫ਼, ਪੀਪਲਜ਼ ਪਾਰਟੀ ਅਤੇ ਕੁਝ ਹੋਰ ਛੋਟੀਆਂ ਪਾਰਟੀਆਂ ਸ਼ਾਮਿਲ ਹਨ, ਦੇ ਸਾਹਮਣੇ ਇਹ ਪ੍ਰਸਤਾਵ ਰੱਖਿਆ ਹੈ ਕਿ ਪਾਕਿਸਤਾਨ ਨੂੰ  10-12 ਸੂਬਿਆਂ ਵਿਚ ਵੰਡਿਆ ਜਾਏ | ਭਾਵੇਂ ਇਹ ਪ੍ਰਸਤਾਵ ਪਾਕਿਸਤਾਨ ਦੇ ਪ੍ਰਸ਼ਾਸਨ ਨੂੰ  ਬਿਹਤਰ ਢੰਗ ਨਾਲ ਚਲਾਉਣ ਅਤੇ ਸ਼ਕਤੀਆਂ ਦਾ ਵਿਕੇਂਦਰੀਕਰਨ ਕਰਨ ਦੇ ਨਾਂਅ 'ਤੇ ਲਿਆਂਦਾ ਜਾ ਰਿਹਾ ਹੈ, ਪਰ ਅਸਲ ਗੱਲ ਇਹ ਹੈ ਕਿ ਪਾਕਿਸਤਾਨ ਦੀ ਫ਼ੌਜ ਜਿਸ ਦਾ ਪਹਿਲਾਂ ਹੀ ਪ੍ਰਸ਼ਾਸਨ 'ਤੇ ਵੱਡਾ ਦਬਦਬਾ ਬਣਿਆ ਹੋਇਆ ਹੈ, ਉਹ ਕੇਂਦਰ ਤੋਂ ਲੈ ਕੇ ਸੂਬਿਆਂ ਤੱਕ ਆਪਣੀ ਪ੍ਰਸ਼ਾਸਨਿਕ ਪਕੜ ਨੂੰ  ਹੋਰ ਜ਼ਿਆਦਾ ਮਜ਼ਬੂਤ ਕਰਨਾ ਚਾਹੁੰਦੀ ਹੈ, ਕਿਉਂਕਿ ਫ਼ੌਜ ਨੂੰ  ਬਲੋਚਿਸਤਾਨ ਤੇ ਖ਼ੈਬਰ ਪਖ਼ਤੂਨਖ਼ਵਾ ਵਿਚ ਹਥਿਆਰਬੰਦ ਵਿਰੋਧ ਤੇ ਸਿੰਧ 'ਚ ਸਿਆਸੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਦੇਸ਼ ਦੇ ਭਾਸ਼ਾਵਾਂ ਅਤੇ ਨਸਲੀ ਪਛਾਣਾਂ 'ਤੇ ਆਧਾਰਿਤ ਮੌਜੂਦਾ 4 ਸੂਬਿਆਂ ਨੂੰ  ਉਹ ਆਪਣੇ ਰਾਹ ਵਿਚ ਵੱਡੀ ਰੁਕਾਵਟ ਮੰਨਦੀ ਹੈ | ਇਸੇ ਕਰਕੇ ਹੀ ਉਸ ਵਲੋਂ ਇਸ ਪ੍ਰਸਤਾਵ ਨੂੰ  ਅੱਗੇ ਵਧਾਇਆ ਜਾ ਰਿਹਾ ਹੈ | ਇਸ ਸੰਬੰਧੀ ਯੋਜਨਾ ਇਹ ਬਣਾਈ ਜਾ ਰਹੀ ਹੈ ਕਿ ਪਾਕਿਸਤਾਨ ਵਿਚ ਰਾਏਸ਼ੁਮਾਰੀ ਕਰਵਾ ਕੇ ਇਸ ਸੰਬੰਧੀ ਫ਼ੈਸਲਾ ਲਿਆ ਜਾਵੇ | ਭਾਵੇਂ ਇਸ ਪ੍ਰਸਤਾਵ ਦਾ ਗ੍ਰਹਿ ਮੰਤਰੀ ਮੋਹਸਿਨ ਨਕਵੀ, ਰੱਖਿਆ ਮੰਤਰੀ ਖਵਾਜ਼ਾ ਆਸਿਫ਼ ਅਤੇ ਯੋਜਨਾ ਮੰਤਰੀ ਅਹਿਸਨ ਇਕਬਾਲ ਨੇ ਵੀ ਸਮਰਥਨ ਕੀਤਾ ਹੈ, ਪਰ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਅਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਜੋ ਇਸੇ ਪਾਰਟੀ ਨਾਲ ਸੰਬੰਧਿਤ ਹਨ, ਵਲੋਂ ਰਸਮੀ ਤੌਰ 'ਤੇ ਅਜੇ ਇਸ ਸੰਬੰਧੀ ਸਹਿਮਤੀ ਪ੍ਰਗਟ ਕੀਤੀ ਜਾਣੀ ਬਾਕੀ ਹੈ | ਦੂਜੇ ਪਾਸੇ ਸਿੰਧ ਜੋ ਪਾਕਿਸਤਾਨ ਪੀਪਲਜ਼ ਪਾਰਟੀ ਦਾ ਗੜ੍ਹ ਹੈ, ਉਸ ਵਿਚ ਪਾਕਿਸਤਾਨ ਨੂੰ  ਵੱਖ-ਵੱਖ ਸੂਬਿਆਂ 'ਚ ਵੰਡਣ ਦੀ ਯੋਜਨਾ ਦਾ ਤਿੱਖਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ |
ਪਿਛਲੇ ਦਿਨੀਂ ਕਰਾਚੀ ਵਿਚ ਪ੍ਰੈੱਸ ਕਾਨਫਰੰਸ ਕਰ ਕੇ ਬਿਲਾਵਲ ਭੁੱਟੋ ਜ਼ਰਦਾਰੀ ਜਿਹੜੇ ਕਿ ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਹਨ, ਵਲੋਂ ਸਿੰਧ ਨੂੰ  2 ਜਾਂ 3 ਹਿੱਸਿਆਂ ਵਿਚ ਵੰਡਣ ਦਾ ਸਖ਼ਤ ਵਿਰੋਧ ਕੀਤਾ ਗਿਆ ਹੈ | ਉਸ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਸਿੰਧ ਦੇ ਲੋਕ ਇਸ ਯੋਜਨਾ ਨੂੰ  ਸਵੀਕਾਰ ਨਹੀਂ ਕਰਨਗੇ ਤੇ ਇਸ ਨਾਲ ਹਾਲਾਤ ਵਿਗੜ ਸਕਦੇ ਹਨ ਅਤੇ ਖ਼ੂਨ ਖਰਾਬਾ ਵੀ ਹੋ ਸਕਦਾ ਹੈ | ਦੂਜੇ ਪਾਸੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਮੁਖੀ ਇਮਰਾਨ ਖ਼ਾਨ ਜੋ ਇਸ ਸਮੇਂ ਜੇਲ੍ਹ ਵਿਚ ਬੰਦ ਹਨ ਅਤੇ ਸਮੇਂ ਦੀ ਸਰਕਾਰ ਦੇ ਅਨੇਕਾਂ ਪਹਿਲੂਆਂ ਤੋਂ ਦਮਨ ਦਾ ਸਾਹਮਣਾ ਕਰ ਰਹੇ ਹਨ, ਵਲੋਂ ਵੀ ਇਸ ਯੋਜਨਾ ਦਾ ਸਮਰਥਨ ਕੀਤੇ ਜਾਣ ਦੀ ਸੰਭਾਵਨਾ ਨਹੀਂ ਹੈ | ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦਾ ਗੜ੍ਹ ਖ਼ੈਬਰ ਪਖ਼ਤੂਨਖ਼ਵਾ ਹੈ | ਪਿਛਲੇ ਦਿਨੀਂ ਇਮਰਾਨ ਖ਼ਾਨ ਦੀ ਪਾਰਟੀ ਵਲੋਂ ਖੈਬਰ ਪਖ਼ਤੂਨਖ਼ਵਾ ਤੋਂ ਇਸਲਾਮਾਬਾਦ ਵੱਲ ਕੀਤੇ ਗਏ ਮਾਰਚ ਦਾ ਬਹਾਨਾ ਬਣਾ ਕੇ ਉਸ ਦੀ ਸੂਬਾਈ ਸਰਕਾਰ ਨੂੰ  ਵੀ ਸੰਘੀ ਸਰਕਾਰ ਵਲੋਂ ਤੋੜ ਦਿੱਤਾ ਗਿਆ ਹੈ | ਇਸ ਕਾਰਨ ਉਸ ਵਲੋਂ ਮੌਜੂਦਾ ਸੰਘੀ ਸਰਕਾਰ ਦੀ ਇਸ ਯੋਜਨਾ ਨੂੰ  ਸਵੀਕਾਰ ਕੀਤੇ ਜਾਣ ਦੀ ਬਹੁਤ ਘੱਟ ਸੰਭਾਵਨਾ ਹੈ, ਭਾਵੇਂ ਕਿ ਜੇਲ੍ਹ ਵਿਚ ਇਮਰਾਨ ਖ਼ਾਨ ਦੇ ਵਕੀਲਾਂ ਰਾਹੀਂ ਉਸ ਨੂੰ  ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ ਕਿ ਉਹ ਦੇਸ਼ ਨੂੰ  ਵੱਖ-ਵੱਖ ਸੂਬਿਆਂ ਵਿਚ ਵੰਡਣ ਦੀ ਯੋਜਨਾ ਦਾ ਸਮਰਥਨ ਕਰ ਦੇਣ ਤੇ ਇਸ ਦੇ ਬਦਲੇ ਵਿਚ ਸਰਕਾਰ ਉਨ੍ਹਾਂ ਨਾਲ ਨਰਮੀ ਨਾਲ ਪੇਸ਼ ਆ ਸਕਦੀ ਹੈ | ਪਰ ਸਿਆਸੀ ਸੂਤਰਾਂ ਅਨੁਸਾਰ ਇਮਰਾਨ ਖ਼ਾਨ ਨੇ ਸਰਕਾਰ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ | ਉਂਝ ਵੀ ਜੇਕਰ ਦੇਸ਼ ਨੂੰ  ਵੱਖ-ਵੱਖ ਰਾਜਾਂ ਵਿਚ ਵੰਡਣ ਲਈ ਰਾਇਸ਼ੁਮਾਰੀ ਵੀ ਕਰਵਾਉਣੀ ਹੈ, ਤਾਂ ਵੀ ਇਸ ਸੰਬੰਧੀ ਪ੍ਰਸਤਾਵ ਪਹਿਲਾਂ ਪਾਰਲੀਮੈਂਟ 'ਚੋਂ ਪਾਸ ਕਰਵਾਉਣਾ ਪਵੇਗਾ | ਜੇ ਰਾਇਸ਼ੁਮਾਰੀ ਦਾ ਫ਼ੈਸਲਾ ਸਰਕਾਰ ਦੇ ਪੱਖ ਵਿਚ ਆਉਂਦਾ ਹੈ, ਤਾਂ ਉਸ ਤੋਂ ਬਾਅਦ ਵੀ ਵੱਖ-ਵੱਖ ਨਵੇਂ ਸੂਬੇ ਬਣਾਉਣ ਲਈ ਪਾਰਲੀਮੈਂਟ ਦੇ ਦੋਵਾਂ ਸਦਨਾਂ 'ਕੌਮੀ ਅਸੈਂਬਲੀ ਅਤੇ ਸੈਨਿਟ' ਦੋਵਾਂ ਵਿਚ ਦੋ ਤਿਹਾਈ ਬਹੁਮਤ ਦੀ ਲੋੜ ਹੋਵੇਗੀ | ਇਸੇ ਤਰ੍ਹਾਂ ਚਾਰਾਂ ਰਾਜਾਂ ਦੀਆਂ ਸਟੇਟ ਅਸੈਂਬਲੀਆਂ ਵਿਚ ਵੀ ਕਿਸੇ ਅਜਿਹੇ ਪ੍ਰਸਤਾਵ ਨੂੰ  ਪਾਸ ਕਰਵਾਉਣ ਲਈ ਦੋ ਤਿਹਾਈ ਬਹੁਮਤ ਦੀ ਜ਼ਰੂਰਤ ਪਵੇਗੀ | ਅਗਲਾ ਮਹੱਤਵਪੂਰਨ ਪਹਿਲੂ ਇਹ ਵੀ ਹੈ ਕਿ ਪਾਕਿਸਤਾਨ ਦੇ ਵੱਖ-ਵੱਖ ਸੂਬਿਆਂ ਦੇ ਲੋਕਾਂ ਵਲੋਂ ਵੀ ਇਸ ਪ੍ਰਸਤਾਵ ਨੂੰ  ਬਹੁਤਾ ਸਮਰਥਨ ਮਿਲਣ ਦੀ ਸੰਭਾਵਨਾ ਨਹੀਂ ਹੈ, ਕਿਉਂਕਿ ਪਾਕਿਸਤਾਨ ਦੇ ਰਾਜ ਵੱਖ-ਵੱਖ ਭਾਸ਼ਾਵਾਂ ਅਤੇ ਨਸਲੀ ਪਛਾਣਾਂ ਦੇ ਆਧਾਰ 'ਤੇ ਬਣੇ ਹੋਏ ਹਨ | ਇਹ ਰਾਜ ਮਹਿਜ਼ ਪ੍ਰਸ਼ਾਸਨਿਕ ਇਕਾਈਆਂ ਨਹੀਂ ਹਨ, ਇਕ ਤਰ੍ਹਾਂ ਨਾਲ ਇਹ ਵੱਖ-ਵੱਖ ਕੌਮੀਅਤਾਂ ਦੇ ਗ੍ਰਹਿ-ਰਾਜ ਹਨ | ਸਿੰਧ ਵਿਚ ਇਸ ਪ੍ਰਸਤਾਵ ਦਾ ਤਿੱਖਾ ਵਿਰੋਧ ਹੋਣਾ ਸ਼ੁਰੂ ਵੀ ਹੋ ਗਿਆ ਹੈ | ਵੱਖ-ਵੱਖ ਧਿਰਾਂ ਨੇ ਮਿਲ ਕੇ ਉੱਥੇ ਫਰੰਟ ਬਣਾ ਲਿਆ ਹੈ, ਤੇ ਉਨ੍ਹਾਂ ਨੇ ਉੱਥੇ ਰੈਲੀਆਂ ਅਤੇ ਮਾਰਚ ਕਰਨੇ ਸ਼ੁਰੂ ਕਰ ਦਿੱਤੇ ਹਨ | ਉਨ੍ਹਾਂ ਨੇ ਕਿਹਾ ਹੈ ਕਿ ਉਹ ਸਿੰਧ ਦੀ ਇਕ ਇੰਚ ਜ਼ਮੀਨ ਵੀ ਵੰਡਣ ਨਹੀਂ ਦੇਣਗੇ | 
ਬਿਨਾਂ ਸ਼ੱਕ ਪਾਕਿਸਤਾਨ ਦੇ ਚਾਰੇ ਸੂਬਿਆਂ ਦਾ ਗਠਨ ਉਨ੍ਹਾਂ ਦੀਆਂ ਭਾਸ਼ਾਈ ਤੇ ਖੇਤਰੀ ਪਛਾਣਾਂ ਦੇ ਆਧਾਰ 'ਤੇ ਹੋਇਆ ਹੈ ਅਤੇ ਲੋਕ ਆਪਣੀਆਂ ਇਨ੍ਹਾਂ ਪਛਾਣਾਂ 'ਤੇ ਮਾਣ ਵੀ ਮਹਿਸੂਸ ਕਰਦੇ ਹਨ | ਜੇਕਰ ਪਾਕਿਸਤਾਨ ਦੀ ਸਰਕਾਰ ਨੂੰ  ਪ੍ਰਸ਼ਾਸਨਿਕ ਸੁਧਾਰਾਂ ਲਈ ਨਵੇਂ ਸੂਬਿਆਂ ਦੇ ਗਠਨ ਦੀ ਲੋੜ ਮਹਿਸੂਸ ਹੁੰਦੀ ਹੈ, ਤਾਂ ਉਸ ਨੂੰ  ਇਸ ਸੰਬੰਧੀ ਆਮ ਸਹਿਮਤੀ ਬਣਾਉਣੀ ਪਵੇਗੀ | ਪਾਕਿਸਤਾਨ ਦੀ ਸੰਘੀ ਸਰਕਾਰ ਜੇ ਫ਼ੌਜ ਦੇ ਦਬਾਅ ਅਧੀਨ ਕੋਈ ਅਜਿਹਾ ਫ਼ੈਸਲਾ ਜ਼ਬਰਦਸਤੀ ਲਾਗੂ ਕਰਵਾਉਣ ਦੀ ਕੋਸ਼ਿਸ਼ ਕਰਦੀ ਹੈ, ਤਾਂ ਇਸ ਨਾਲ ਹਾਲਾਤ ਵਿਗੜ ਸਕਦੇ ਹਨ ਅਤੇ ਪਾਕਿਸਤਾਨ ਜਿਹੜਾ ਕਿ ਪਹਿਲਾਂ ਹੀ ਅੱਤਵਾਦ, ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਵਿਚ ਬਦਅਮਨੀ ਅਤੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਉਸ ਨੂੰ  ਹੋਰ ਵੀ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਵਿਚਾਰ-ਪ੍ਰਵਾਹ ਅਗਲੀ ਖ਼ਬਰ ਵਾਤਾਵਰਨ ਸੁਰੱਖਿਆ-ਕਿਸਾਨਾਂ ਤੇ ਉਦਯੋਗਾਂ ਲਈ ਮਾਪਦੰਡ ਵੱਖ-ਵੱਖ ਕਿਉਂ?
Ad Position 24