ਹੌਲੀ-ਹੌਲੀ ਪੰਜਾਬ ਦੇ ਲੋਕਾਂ 'ਤੇ ਅਜਿਹਾ ਸਮਾਂ ਆ ਰਿਹਾ ਹੈ ਕਿ ਹੁਣ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਗੰਭੀਰ ਹੋ ਕੇ 'ਚਿੱਟੇ ਦਾ ਕਾਲਾ ਕਾਰੋਬਾਰ' ਖ਼ਤਮ ਕਰਨ ਲਈ ਜ਼ਮੀਨੀ ਪੱਧਰ 'ਤੇ ਸੰਘਰਸ਼ ਕਰਨਾ ਪਵੇਗਾ | ਇਸ ਦੇ ਨਾਲ ਹੀ ਆਗੂਆਂ ਨੂੰ ਆਪਣੇ ਨਿੱਜੀ ਸਵਾਰਥ ਤੋਂ ਉਪਰ ਉੱਠ ਕੇ ਇਸ ਸੰਘਰਸ਼ ਨਾਲ ਹਰ ਪੰਜਾਬੀ ਨੂੰ ਚਾਹੇ ਉਹ ਕਿਸੇ ਧਰਮ-ਜਾਤ ਜਾਂ ਸਮੂਹ ਦਾ ਹੋਵੇ, ਪਰ ਆਪਣੇ ਦਿਲ 'ਚ ਪੰਜਾਬ ਪ੍ਰਤੀ ਦਰਦ ਰੱਖਦਾ ਹੋਵੇ, ਨੂੰ ਇਸ ਸੰਘਰਸ਼ ਦੇ ਨਾਲ ਜੋੜਨਾ ਪਵੇਗਾ |

ਬਹੁਤੀ ਨੌਜਵਾਨ ਪੀੜ੍ਹੀ ਵਿਦੇਸ਼ਾਂ ਦਾ ਰੁਖ਼ ਕਰ ਚੁੱਕੀ ਹੈ ਅਤੇ ਪੰਜਾਬ 'ਚ ਰਹਿੰਦੇ ਬਹੁਤੇ ਨੌਜਵਾਨਾਂ ਨੂੰ ਕੋਈ ਸੇਧ ਦੇਣ ਵਾਲਾ ਨਜ਼ਰ ਨਹੀਂ ਆਉਂਦਾ, ਜਿਸ ਕਰਕੇ ਉਹ ਦਿਸ਼ਾ ਵਿਹੂਣੇ ਹੋ ਚੁੱਕੇ ਹਨ | ਸਰਕਾਰਾਂ ਦੀਆਂ ਨੀਤੀਆਂ ਨੇ ਸਮਾਜ 'ਚ ਅਜਿਹਾ ਮਾਹੌਲ ਸਿਰਜ ਦਿੱਤਾ ਹੈ ਕਿ ਨੌਜਵਾਨ ਪੀੜ੍ਹੀ ਨੂੰ ਵਿਦੇਸ਼ਾਂ 'ਚ ਆਪਣਾ ਭਵਿੱਖ ਨਜ਼ਰ ਆਉਣ ਲੱਗਾ ਹੈ, ਜਿਸ ਕਰਕੇ ਬਹੁਤੇ ਨੌਜਵਾਨ ਆਪਣੀ ਜਨਮ ਭੂਮੀ ਨੂੰ ਛੱਡ ਕੇ ਵਿਦੇਸ਼ਾਂ ਨੂੰ ਹੀ ਆਪਣੀ ਕਰਮ ਭੂਮੀ ਬਣਾ ਰਹੇ ਹਨ | ਜਿਹੜੇ ਕੁਝ ਕੁ ਨੌਜਵਾਨ ਵਿਦੇਸ਼ ਜਾਣ 'ਚ ਕਾਮਯਾਬ ਨਹੀਂ ਹੋ ਰਹੇ, ਉਹ ਪੰਜਾਬ 'ਚ ਕੋਈ ਰੋਜ਼ਗਾਰ ਜਾਂ ਆਹਰ ਬਣਾਉਣ ਦੀ ਬਜਾਏ ਮਾਨਸਿਕ ਤੌਰ 'ਤੇ ਢਹਿੰਦੀ ਕਲਾ 'ਚ ਜਾ ਕੇ ਆਪਣੇ-ਆਪ ਨੂੰ ਅਸਫ਼ਲ ਮਹਿਸੂਸ ਕਰਨ ਲੱਗਦੇ ਹਨ | ਸਰਕਾਰਾਂ ਦੀਆਂ ਸਿੱਖਿਆ ਅਤੇ ਰੋਜ਼ਗਾਰ ਨੀਤੀਆਂ ਨੌਜਵਾਨਾਂ ਨੂੰ ਸੰਭਾਲਣ 'ਚ ਅਸਫਲ ਸਾਬਤ ਹੋ ਰਹੀਆਂ ਹਨ | ਸਰਕਾਰੀ ਨੀਤੀਆਂ ਜਿੱਥੇ ਵੱਡੇ-ਵੱਡੇ ਕਾਰਪੋਰੇਟ ਘਰਾਣਿਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇ ਕੇ ਪ੍ਰਫੁੱਲਤ ਕਰਨ ਲਈ ਬਣਾਈਆਂ ਜਾਂਦੀਆਂ ਹਨ, ਉੱਥੇ ਇਨ੍ਹਾਂ ਨੀਤੀਆਂ ਦਾ ਮਾੜਾ ਅਸਰ ਘਰੇਲੂ ਉਦਯੋਗਾਂ ਨੂੰ ਖ਼ਤਮ ਕਰਨ 'ਚ ਵੀ ਵੱਡੀ ਭੂਮਿਕਾ ਨਿਭਾ ਰਿਹਾ ਹੈ | ਬੇਰੁਜ਼ਗਾਰ ਹੋਏ ਜਾਂ ਸਿੱਖਿਆ ਤੋਂ ਵਾਂਝੇ ਰਹਿ ਗਏ ਅਜਿਹੇ ਨੌਜਵਾਨ ਵਿਹਲੇ ਰਹਿ ਕੇ ਕੇਵਲ ਸੁਪਨੇ ਦੇਖਦੇ ਹਨ ਬਜਾਏ ਆਪਣੇ ਸੁਪਨੇ ਪੂਰੇ ਕਰਨ ਲਈ ਮਿਹਨਤ ਕਰਨ ਦੇ ਉਹ ਗ਼ਲਤ ਸੰਗਤ 'ਚ ਪੈ ਕੇ ਆਖਿਰ ਨਸ਼ਿਆਂ ਦਾ ਸਹਾਰਾ ਲੈਣ ਲੱਗ ਜਾਂਦੇ ਹਨ | ਜਦੋਂ ਨਸ਼ਿਆਂ ਕਰਕੇ ਵਧੇ ਹੋਏ ਖ਼ਰਚਿਆਂ ਦੀ ਪੂਰਤੀ ਕਰਨੀ ਘਰ-ਪਰਿਵਾਰ ਦੀ ਸਮਰੱਥਾ ਤੋਂ ਬਾਹਰੀ ਹੋ ਜਾਂਦੀ ਹੈ, ਤਾਂ ਉਹ ਆਪਣੇ ਨਸ਼ਿਆਂ ਦੀ ਪੂਰਤੀ ਲਈ ਨਸ਼ੇ ਸਪਲਾਈ ਕਰਨ ਦਾ ਧੰਦਾ ਕਰਨ ਲਗਦੇ ਹਨ | ਨਸ਼ਿਆਂ ਦੀ ਰੋਕਥਾਮ ਦੇ ਕਾਰਜਾਂ 'ਚ ਲੱਗੀਆਂ ਸਰਕਾਰੀ ਏਜੰਸੀਆਂ ਜਾਂ ਇਨ੍ਹਾਂ ਮਾਮਲਿਆਂ ਨਾਲ ਸਿੱਧੇ ਜਾਂ ਅਸਿੱਧੇ ਤਰੀਕੇ ਜੁੜੇ ਕੁਝ ਸੂਤਰਾਂ ਦਾ ਕਹਿਣਾ ਹੈ ਕਿ ਨਸ਼ਿਆਂ ਲਈ ਇਸਤੇਮਾਲ ਹੋਣ ਵਾਲੇ ਚਿੱਟੇ ਦੀ ਹਰ ਵੱਡੀ ਖੇਪ ਸਰਹੱਦ ਪਾਰੋਂ ਆਉਂਦੀ ਹੈ | ਉਨ੍ਹਾਂ ਦੱਸਿਆ ਕਿ ਜੇ ਇਹ ਖੇਪ ਸਰਹੱਦ 'ਤੇ ਹੀ ਕਾਬੂ ਆ ਜਾਵੇ ਤਾਂ ਇਹ ਇਕ ਕਿਲੋ 'ਚੋਂ ਕਰੀਬ 95 ਫ਼ੀਸਦੀ ਸ਼ੁੱਧ ਹੁੰਦੀ ਹੈ, ਪਰ ਜੇ ਇਹ ਖੇਪ ਦੇਸ਼ 'ਚ ਦਾਖ਼ਲ ਹੋ ਜਾਵੇ ਤਾਂ ਦੇਸ਼ 'ਚ ਨਸ਼ਿਆਂ ਦਾ ਵਪਾਰ ਕਰਨ ਵਾਲੇ ਆਪਣਾ ਮੁਨਾਫ਼ਾ ਵਧਾਉਣ ਲਈ ਇਸ ਖੇਪ 'ਚ ਮਿਲਾਵਟ ਕਰਕੇ ਇਸ ਨੂੰ ਤਿੰਨ ਗੁਣਾ ਵਧਾ ਦਿੰਦੇ ਹਨ | ਇਸ ਤਰ੍ਹਾਂ ਚਿੱਟੇ ਦਾ ਕਾਲਾ ਕਾਰੋਬਾਰ ਕਰਨ ਵਾਲਿਆਂ ਨੂੰ ਵੱਡਾ ਮੁਨਾਫ਼ਾ ਹੁੰਦਾ ਹੈ | ਅਕਸਰ ਖ਼ਬਰਾਂ ਮਿਲਦੀਆਂ ਹਨ ਕਿ ਚਿੱਟੇ ਦਾ ਟੀਕਾ ਲਗਾਉਂਦੇ ਹੀ ਨੌਜਵਾਨ ਦੀ ਮੌਤ ਹੋ ਗਈ ਅਤੇ ਉਸ ਦੀ ਲਾਸ਼ ਦੇ ਕੋਲੋਂ ਸਰਿੰਜ ਵੀ ਬਰਾਮਦ ਹੁੰਦੀ ਹੈ, ਜਾਂ ਇਹ ਖ਼ਬਰ ਵੀ ਮਿਲਦੀ ਹੈ ਕਿ ਨਸ਼ੇ ਦੀ ਵਾਧੂ ਮਾਤਰਾ ਲੈਣ ਨਾਲ ਨੌਜਵਾਨ ਦੀ ਮੌਤ ਹੋ ਗਈ, ਇਸ ਸਭ ਲਈ ਵੱਡੇ ਮੁਨਾਫ਼ੇ ਦੇ ਲਾਲਚੀ ਨਸ਼ਿਆਂ ਦੇ ਵਪਾਰੀ ਹੀ ਜ਼ਿੰਮੇਵਾਰ ਹਨ | ਸੂਤਰਾਂ ਅਨੁਸਾਰ ਨਸ਼ਿਆਂ ਦਾ ਖ਼ਤਮਾ ਕਰਨ ਲਈ ਸੂਬੇ ਦੀਆਂ ਸਰਕਾਰੀ ਏਜੰਸੀਆਂ 'ਚ ਵੀ ਕੁਝ ਅਜਿਹੇ ਅਧਿਕਾਰੀ ਹਨ, ਜੋ ਆਪਣੀ ਬਰਾਮਦਗੀ ਨੂੰ ਵੱਡਾ ਦਿਖਾਉਣ ਲਈ ਅਤੇ ਵਾਹ-ਵਾਹੀ ਖੱਟਣ ਲਈ ਚਿੱਟੇ ਦੀ ਬਰਾਮਦ ਹੋਈ ਖੇਪ ਨੂੰ ਹੋਰ ਪਦਾਰਥਾਂ ਦੀ ਮਿਲਾਵਟ ਨਾਲ ਵੱਡਾ ਬਣਾ ਲੈਂਦੇ ਹਨ |
ਪਿਛਲੇ ਸਮੇਂ ਦੌਰਾਨ ਇਹ ਵੀ ਉਜਾਗਰ ਹੋ ਚੁੱਕਾ ਹੈ ਕਿ ਚਿੱਟੇ ਦਾ ਕਾਲਾ ਕਾਰੋਬਾਰ ਕਰਨ ਵਾਲਿਆਂ ਮੁਲਜ਼ਮਾਂ ਦੇ ਨਾਲ ਜ਼ਮੀਰ ਤੋਂ ਮਰ ਚੁੱਕੇ ਕੁਝ ਰਾਜਨੀਤਿਕ ਆਗੂਆਂ ਅਤੇ ਫ਼ਰਜ਼ ਤੋਂ ਬੇਮੁੱਖ ਕੁਝ ਪੁਲਿਸ ਅਧਿਕਾਰੀਆਂ ਦੀ ਵੀ ਮਿਲੀਭੁਗਤ ਹੁੰਦੀ ਹੈ | ਇਸ ਲਈ ਜੇਕਰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਬਚਾਉਣਾ ਹੈ, ਤਾਂ ਸਾਰਿਆਂ ਨੂੰ ਸਾਂਝਾ ਹੰਭਲਾ ਮਾਰਨਾ ਪਵੇਗਾ | ਇਸ ਲਈ ਜਿੱਥੇ ਆਲੇ-ਦੁਆਲੇ ਪ੍ਰਤੀ ਚੌਕਸ ਰਹਿਣ ਦੀ ਲੋੜ ਹੈ, ਉੱਥੇ ਹੀ ਆਪਣੇ ਰਾਜਨੀਤਿਕ ਆਗੂ ਵੀ ਅਜਿਹੇ ਚੁਣਨੇ ਹੋਣਗੇ, ਜੋ ਦੇਸ਼ ਤੇ ਸੂਬੇ ਦੀ ਭਲਾਈ ਪ੍ਰਤੀ ਜਾਗਰੂਕ ਹੋਣ ਅਤੇ ਚਿੱਟੇ ਦੇ ਕਾਲੇ ਕਾਰੋਬਾਰ ਨੂੰ ਠੱਲ੍ਹ ਪਾਉਣ ਲਈ ਬਣਦੇ ਅਤੇ ਢੁਕਵੇਂ ਉਪਰਾਲੇ ਕਰ ਸਕਣ | ਇੱਥੇ ਇਹ ਵੀ ਲੋੜ ਹੈ ਕਿ ਪੰਜਾਬ ਦਾ ਮਾਹੌਲ ਅਜਿਹਾ ਸਿਰਜਿਆ ਜਾਵੇ, ਜਿਸ ਨਾਲ ਨੌਜਵਾਨ ਆਪਣੇ ਵਿਰਸੇ ਨਾਲ ਜੁੜ ਕੇ ਪੰਜਾਬ ਦੀ ਤਰੱਕੀ 'ਚ ਯੋਗਦਾਨ ਪਾ ਸਕਣ ਅਤੇ ਆਪਣੇ ਸੂਬੇ 'ਚ ਹੀ ਆਪਣਾ ਭਵਿੱਖ ਬਣਾਉਣ ਲਈ ਮਿਹਨਤ ਕਰਨ | ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਮੌਕੇ ਮਿਲਣ ਜਾਂ ਫਿਰ ਉਹ ਆਪਣੇ ਕਾਰੋਬਾਰ ਸਥਾਪਤ ਕਰ ਸਕਣ | ਇਸ ਲਈ ਧਾਰਮਿਕ ਸੰਸਥਾਵਾਂ ਨੂੰ ਵੀ ਆਪਣੀ ਭੂਮਿਕਾ ਵਧੀਆ ਢੰਗ ਨਾਲ ਨਿਭਾਉਣੀ ਪਵੇਗੀ, ਤਾਂ ਜੋ ਉਹ ਜਿੱਥੇ ਰਾਜਨੀਤਿਕ ਆਗੂਆਂ ਨੂੰ ਸੇਧ ਦੇ ਸਕਣ, ਉੱਥੇ ਦੇਸ਼ ਕੌਮ ਦੀ ਨੌਜਵਾਨ ਪੀੜ੍ਹੀ ਨੂੰ ਵੀ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਤ ਕਰ ਸਕਣ | ਇਸ ਨਾਲ ਸੂਬੇ ਦੀ ਤਰੱਕੀ ਲਈ ਯੋਗ ਆਗੂ ਮਿਲ ਸਕਣਗੇ, ਜੋ ਆਪਣੀ ਬਜ਼ੁਰਗ ਪੀੜ੍ਹੀ ਦਾ ਸਹਾਰਾ ਤੇ ਅਗਲੇਰੀ ਪੀੜ੍ਹੀ ਦਾ ਆਦਰਸ਼ ਬਣਨਗੇ |
ਮੋਬਾਈਲ : 98142-96441
ਈਮੇਲ : lohiamedia@gmail.com