20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਪੰਜਾਬ ਦੀ ਬਦਹਾਲੀ ਦੇ ਦੋ ਵੱਡੇ ਕਾਰਨ

ਪੰਜਾਬ ਦੀ ਬਦਹਾਲੀ ਦੇ ਦੋ ਵੱਡੇ ਕਾਰਨ

Ad Position 21
No active advertisement
ਅਜੀਤ ਡੈਸਕ 20-09-2026

 

ਵਰਤਮਾਨ ਸਰਕਾਰ ਦੇ ਯਤਨਾਂ ਦੇ ਬਾਵਜੂਦ ਪੰਜਾਬ ਅਜੇ ਆਰਥਿਕ ਤੌਰ 'ਤੇ ਸਮਰੱਥ ਰਾਜ ਨਹੀਂ ਬਣ ਸਕਿਆ | ਉਂਜ ਤਾਂ ਇਸ ਦੇ ਕਈ ਕਾਰਨ ਹਨ ਪਰ ਮੇਰੇ ਖ਼ਿਆਲ ਵਿਚ ਇਸ ਦੇ ਦੋ ਪ੍ਰਮੁੱਖ ਕਾਰਨ ਹਨ | ਪਹਿਲਾ ਕਾਰਨ ਹੈ ਬੇਮਤਲਬ, ਬੇਸਿਰ ਪੈਰ ਅਤੇ ਆਦਰਸ਼ਹੀਣ ਗਾਇਕੀ | ਅਜਿਹਾ ਵਰਤਾਰਾ ਪ੍ਰਵਾਸੀ ਗਾਇਕਾਂ ਦੀ ਬਦੌਲਤ ਪੰਜਾਬ ਵਿਚ ਆਇਆ | ਦੂਜੇ ਮੁਲਕਾਂ ਵਿਚ ਪਰਵਾਸ ਕਰਨ ਵਾਲੇ ਪੰਜਾਬੀਆਂ ਦਾ ਵਿੱਦਿਅਕ ਪੱਧਰ, ਮਾਨਸਿਕਤਾ, ਸੋਚ ਅਤੀ ਸਾਧਾਰਨ ਲੋਕਾਂ ਵਾਲੀ ਹੈ | ਉਨ੍ਹਾਂ ਦਾ ਮਕਸਦ ਕੇਵਲ ਪੈਸੇ ਕਮਾ ਕੇ ਜ਼ਿੰਦਗੀ ਜਿਊਣ ਦਾ ਹੈ | ਵੱਡੇ ਆਦਰਸ਼, ਵੱਡੀ ਸੋਚ ਵਿਚ ਵਿੱਦਿਆ ਅਗਾਂਹ ਵਧਣ ਦੀ ਇੱਛਾ, ਨਾਂਅ ਕਮਾਉਣਾ ਉਨ੍ਹਾਂ ਦੇ ਏਜੰਡੇ ਵਿਚ ਨਹੀਂ | ਏਸੇ 'ਖਾਓ ਪੀਓ ਐਸ਼ ਕਰੋ ਮਿੱਤਰੋ' ਵਾਲਾ ਨਾਅਰਾ ਉਨ੍ਹਾਂ ਨੂੰ  ਬੜਾ ਰਾਸ ਆ ਰਿਹਾ ਹੈ | ਮੈਰਿਜ ਪੈਲੇਸ ਵਾਲਾ ਸੱਭਿਆਚਾਰ ਉਥੋਂ ਚੱਲ ਕੇ ਪੰਜਾਬ ਵਿਚ ਆ ਦਾਖ਼ਲ ਹੋਇਆ | ਅੱਜ ਪੰਜਾਬ ਦਾ ਸ਼ਾਇਦ ਹੀ ਕੋਈ ਪਿੰਡ, ਕਸਬਾ ਜਾਂ ਇਲਾਕਾ ਹੋਵੇ, ਜਿਥੇ ਗਾਇਕਾਂ ਦੀ ûੜ ਹੋਵੇ | ਹਰ ਪਾਸੇ ਗਾਇਕਾਂ ਦਾ ਮੋਹਲੇਧਾਰ ਮੀਂਹ ਪਿਆ ਹੈ | ਸੈਲੀਬਰਿਟੀ ਬਣਨ ਦੇ ਚੱਕਰ ਵਿਚ ਹਰ ਕੋਈ ਪਿਆ ਹੋਇਆ ਹੈ | ਹਰ ਪਿੰਡ ਵਿਚ ਕੋਈ ਨਾ ਕੋਈ 'ਸ਼ਾਹ' ਜ਼ਰੂਰ ਹੈ ਜਿਸ ਦੇ ਮਜ਼ਾਰ ਉੱਪਰ ਉਰਸ ਲਗਦਾ ਹੈ | ਇਨ੍ਹਾਂ ਉਰਸਾਂ ਨੇ ਗਾਇਕ ਜੋੜੀਆਂ ਦੇ ਪੌਂ ਬਾਰਾਂ ਕਰ ਰੱਖੇ ਹਨ | ਗਾਇਕੀ ਦੀਆਂ ਬਾਰੀਕੀਆਂ ਤੋਂ ਬਹੁਤੇ ਗਾਇਕ ਅਨਜਾਣ ਹਨ | ਗੀਤਾਂ ਦੀ ਗੁਣਵੱਤਾ ਬਾਰੇ ਕੋਈ ਗੱਲ ਨਾ ਹੀ ਕੀਤੀ ਜਾਵੇ ਤਾਂ ਚੰਗਾ ਹੈ | ਟੈਲੀਵਿਜ਼ਨ ਚੈਨਲਾਂ ਤੋਂ ਸਪਾਂਸਰ ਹੋ ਰਹੇ ਗਾਇਕੀ ਦੇ ਪ੍ਰੋਗਰਾਮਾਂ ਵਿਚੋਂ ਇਹ ਗੱਲ ਨਿੱਤਰ ਕੇ ਸਾਮ੍ਹਣੇ ਆ ਰਹੀ ਹੈ |
ਇਸ ਗਾਇਕੀ ਦੇ ਮਾਰੂ ਪ੍ਰਭਾਵ ਨੌਜਵਾਨਾਂ ਉੱਪਰ ਖ਼ਾਸ ਤੌਰ 'ਤੇ ਪੈ ਰਹੇ ਹਨ | ਕਲਾ ਵਿਹੀਣ ਲੋਕ ਨਵੀਂ ਆਟੋ ਟਿਊਨਿੰਗ ਤਕਨਾਲੋਜੀ ਨਾਲ ਪ੍ਰਸਿੱਧ ਹੋਣਾ ਚਾਹੁੰਦੇ ਹਨ | ਇਸ ਦਾ ਨਤੀਜਾ ਇਹ ਹੈ ਕਿ ਨੌਜਵਾਨੀ ਦਾ ਇਕ ਵੱਡਾ ਹਿੱਸਾ ਕੰਮ ਵਲੋਂ ਮੂੰਹ ਮੋੜੀ ਖੜਾ ਹੈ | ਅੱਜ ਪੰਜਾਬ ਦੀ ਜੀ.ਡੀ.ਪੀ. ਅਤੇ ਪ੍ਰਤੀ ਵਿਅਕਤੀ ਆਮਦਨੀ ਬਾਰੇ ਕੋਈ ਬਹੁਤੀ ਗੱਲ ਇਸ ਕਰਕੇ ਨਹੀਂ ਕਰਦਾ ਕਿਉਂਕਿ ਇਹ ਬਹੁਤ ਥੱਲੇ ਹੈ | ਹਰ ਕੋਈ ਪੰਜਾਬ ਛੱਡ ਕੇ ਪ੍ਰਵਾਸੀ ਬਣਨਾ ਚਾਹੁੰਦਾ ਹੈ | ਗਾਇਕਾਂ ਦੇ ਪਏ ਮੋਹਲੇਧਾਰ ਮੀਂਹ ਵਿਚ ਕਈ ਗਾਇਕ ਜਾਇਦਾਦਾਂ ਵੇਚ ਵੱਟ ਕੇ ਰੁੜ੍ਹ ਪੁੜ ਗਏ ਹਨ | ਇਨ੍ਹਾਂ ਗਾਇਕਾਂ ਦੇ ਲੱਚਰ ਤੇ ਨਸ਼ਿਆਂ ਨੂੰ  ਉਤਸ਼ਾਹਤ ਕਰਦੇ ਗੀਤਾਂ ਨੇ ਸਿੱਖ ਧਰਮ ਨੂੰ  ਕਿੰਨੀ ਹਾਨੀ ਪਹੁੰਚਾਈ ਹੈ? ਇਹ ਇਕ ਵੱਖਰਾ ਵਿਸ਼ਾ ਹੈ | ਇਕ ਤਰਕ ਵਜੋਂ ਕਿਹਾ ਜਾਂਦਾ ਹੈ ਕਿ ਪੰਜਾਬੀ ਗਾਇਕੀ ਨੇ ਪੰਜਾਬ ਅਤੇ ਪੰਜਾਬੀ ਦੀ ਧਾਕ ਦੁਨੀਆ ਤੱਕ ਪਹੁੰਚਾਈ ਹੈ | ਇਹ ਅਧੂਰਾ ਸੱਚ ਹੈ | ਪੰਜਾਬ ਅਤੇ ਪੰਜਾਬੀ ਦੀ ਧਾਕ ਬੁਧੀਮਾਨ ੱਤੇ ਜਾਗਰੂਕ ਲੋਕਾਂ ਦੇ ਯਤਨਾਂ ਸਦਕਾ ਪਈ ਹੈ | ਆਪਣੇ ਵਿਰਸੇ, ਬੋਲੀ, ਇਤਿਹਾਸ ਅਤੇ ਸੱਭਿਆਚਾਰ ਬਾਰੇ ਕੀਤੇ ਗਏ ਯਤਨਾਂ ਸਦਕਾ ਅਜਿਹਾ ਹੋਇਆ ਹੈ | ਬਹੁਤ ਘੱਟ ਅਤੇ ਵਿਰਲੇ ਟਾਵੇਂ ਗਾਇਕਾਂ ਨੂੰ  ਇਹ ਸਿਹਰਾ ਦਿੱਤਾ ਜਾ ਸਕਦਾ ਹੈ | ਸੁਰ, ਤਾਲ, ਲੈਅ ਜਾਂ ਰਾਗ ਦੀ ਸਮਝ ਦੀ ਬਜਾਇ ਇਹ ਗਾਇਕ ਗਾਉਣ ਸਮੇਂ ਇੰਜ ਦਿਸਦੇ ਜਾਂ ਐਕਸ਼ਨ ਕਰਦੇ ਹਨ ਜਿਵੇਂ ਕਿਸੇ ਯੁੱਧ ਲਈ ਲਲਕਾਰ ਰਹੇ ਹੋਣ | ਗੀਤ ਸੰਗੀਤ ਤਾਂ ਸਕੂਨ ਦੇਣ ਵਾਲੀ ਕਲਾ ਹੈ, ਨਾ ਕਿ ਉਤੇਜਿਤ ਕਰਕੇ ਵਿਚਲਿਤ ਕਰਨ ਵਾਲੀ | ਕੁਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਇਸ ਕਲਾ ਵਿਹੀਣ ਅਤੇ ਕਚਘਰੜ ਗਾਇਕੀ ਨੇ ਪੰਜਾਬ ਨੂੰ  ਗ਼ਲਤ ਪਾਸੇ ਤੋਰਨ ਵਿਚ ਭਰਪੂਰ ਹਿੱਸਾ ਪਾਇਆ ਹੈ |
ਪੰਜਾਬ ਦੀ ਬਦਹਾਲੀ ਦਾ ਦੂਜਾ ਵੱਡਾ ਕਾਰਨ ਹੈ ਖੇਤੀ ਖੇਤਰ ਵਿਚ ਲੋੜ ਤੋਂ ਵੱਧ ਮਸ਼ੀਨਰੀ | ਮਸ਼ੀਨਰੀ ਕੰਮ ਨੂੰ  ਸੁਖਾਲਾ ਕਰਨ ਅਤੇ ਪੈਦਾਵਾਰ ਵਧਾਉਣ ਦਾ ਸੰਦ ਹੈ, ਨਾ ਕਿ ਬੇਰੁਜ਼ਗਾਰੀ ਅਤੇ ਵਿਹਲ ਵਿਚ ਵਾਧਾ ਕਰਨ ਲਈ | ਪਹਿਲੀ ਉਦਾਹਰਨ ਟ੍ਰੈਕਟਰ ਦੀ ਦੇਣੀ ਬਣਦੀ ਹੈ | ਮਾਹਿਰਾਂ ਨੇ ਟ੍ਰੈਕਟਰ ਦੇ ਕੰਮ ਕਰਨ ਦੇ ਪ੍ਰਤੀਦਿਨ ਘੰਟੇ ਨਿਸਚਿਤ ਕਰ ਰੱਖੇ ਹਨ ਕਿ ਜੇਕਰ ਕੋਈ ਟ੍ਰੈਕਟਰ ਏਨੇ ਘੰਟੇ ਚੱਲੇ ਤਾਂ ਹੀ ਫਾਇਦੇਮੰਦ ਹੈ ਜਾਂ ਕਹਿ ਲਵੋ ਕਿ ਉਸ ਦੀ ਕੀਮਤ ਵਸੂਲ ਹੋ ਰਹੀ ਹੈ | ਜੇ ਉਹ ਘੱਟ ਚਲਦਾ ਹੈ ਤਾਂ ਨੁਕਸਾਨਦੇਹ ਹੈ | ਨਿਰਾਪੁਰਾ ਟ੍ਰੈਕਟਰ ਹੀ ਨਹੀਂ ਟਰਾਲੀ, ਕਲਟੀਵੇਟਰ, ਰੋਟਾਵੇਟਰ, ਸੁਹਾਗਾ, ਕਰਾਹਾ, ਜੰਗਰਾ ਆਦਿ ਕਈ ਅਜਿਹੇ ਸੰਦ ਹਨ ਜਿਨ੍ਹਾਂ ਦੀ ਖਰੀਦ ਕੀਤੀ ਜਾਂਦੀ ਹੈ | ਲੋੜ ਤੋਂ ਵਧ ਮਸ਼ੀਨਰੀ (Over mechanisation) ਦਾ ਸਭ ਤੋਂ ਵੱਧ ਨੁਕਸਾਨ ਰੁਜ਼ਗਾਰ ਨੂੰ  ਹੋਇਆ ਹੈ | ਪਿੰਡਾਂ ਵਿਚੋਂ ਸ਼ਹਿਰਾਂ ਨੂੰ  ਪਰਵਾਸ ਇਸੇ ਕਰਕੇ ਹੋਇਆ ਹੈ, ਕਿਉਂਕਿ ਪਿੰਡਾਂ ਵਿਚ ਰੁਜ਼ਗਾਰ ਦੇ ਮੌਕੇ ਬਹੁਤ ਘਟ ਗਏ ਹਨ | ਪਹਿਲਾਂ ਰੁਜ਼ਗਾਰ ਤਕਰੀਬਨ ਸਾਰਾ ਸਾਲ ਹੀ ਚਲਦਾ ਰਹਿੰਦਾ ਸੀ, ਕਈਆਂ ਮੌਕਿਆਂ ਉੱਪਰ ਵਧੇਰੇ ਲੋਕਾਂ (ਮਜ਼ਦੂਰਾਂ) ਦਾ ਪ੍ਰਬੰਧ ਕਰਨਾ ਪੈਂਦਾ ਸੀ | ਹਾੜੀ, ਸਾਉਣੀ ਦੀ ਵਾਢੀ ਅਤੇ ਫਸਲਾਂ ਨੂੰ  ਸਾਂਭਣ ਲਈ ਘੱਟੋ-ਘੱਟ ਦੋ ਮਹੀਨੇ ਬੜੇ ਰੁਝੇਵਿਆਂ ਭਰੇ ਹੁੰਦੇ ਸਨ ਪਰ ਅੱਜ ਇਹ ਸਭ ਕੁਝ ਘੰਟਿਆਂ ਜਾਂ ਕੁਝ ਦਿਨਾਂ ਤੱਕ ਸੀਮਿਤ ਹੋ ਗਿਆ ਹੈ | ਕੰਬਾਈਨਾਂ ਜਾਂ ਰੀਪਰਾਂ ਦੀ ਥਾਂ ਹੱਥੀਂ ਵਾਢੀ ਕਰਨ ਨਾਲ ਕਾਮਿਆਂ ਨੂੰ  ਰੁਜ਼ਗਾਰ ਵੀ ਮਿਲਦਾ ਸੀ ਅਤੇ ਤੂੜੀ ਵੀ ਬਣ ਜਾਂਦੀ ਸੀ | ਤੂੜੀ ਨੂੰ  ਸਾਂਭਣ ਲਈ ਮੂਸਲ (ਕੁੱਪ) ਬੰਨ੍ਹੇ ਜਾਂਦੇ ਸਨ | ਵੱਡੇ ਰਕਬੇ ਵਾਲਿਆਂ ਨੇ ਦਲਾਨ ਬਣਾਏ ਹੋਏ ਸਨ | ਅੱਜ ਪੰਜਾਬ ਤੂੜੀ ਦੀ ਘਾਟ ਨਾਲ ਜੂਝ ਰਿਹਾ ਹੈ | ਪਹਿਲਾਂ ਭਾਅ ਕੁਇੰਟਲਾਂ ਵਿਚ ਮਿਥਿਆ ਜਾਂਦਾ ਸੀ, ਅੱਜ ਕੱਲ੍ਹ ਕਿਲੋਆਂ ਤੱਕ ਸਿਮਟ ਗਿਆ ਹੈ | ਤੂੜੀ ਮਹਿੰਗੀ ਹੋਣ ਕਰਕੇ ਖਲ, ਚੋਕਰ, ਫੀਡ ਆਦਿ ਮਹਿੰਗੇ ਹੋ ਗਏ ਹਨ | ਜਿਸ ਕਰਕੇ ਦੁੱਧ ਅਤੇ ਇਸ ਤੋਂ ਬਣੇ ਪਦਾਰਥ ਮਹਿੰਗੇ ਹੋ ਗਏ ਹਨ | ਆਬਾਦੀ ਦੇ ਅਨੁਪਾਤ ਨਾਲ ਪੰਜਾਬ ਵਿਚ ਲਵੇਰੇ ਪਸ਼ੂਆਂ ਦੀ ਘਾਟ ਹੈ ਪਰ ਦੁੱਧ ਤਾਂ ਸਾਰਿਆਂ ਦੀ ਲੋੜ ਹੈ | ਇਹ ਘਾਟ ਪੂਰੀ ਕਰਨ ਲਈ ਨਕਲੀ ਦੁੱਧ ਅਤੇ ਨਕਲੀ ਦੁੱਧ ਪਦਾਰਥ ਬਣਾਏ ਜਾ ਰਹੇ ਹਨ, ਜਿਸ ਕਰਕੇ ਖਲਕਤ ਬੀਮਾਰ ਹੋ ਰਹੀ ਹੈ | ਕਹਿਣ ਦਾ ਭਾਵ ਇਹ ਹੈ ਕਿ ਲੋੜੋਂ ਵੱਧ ਮਸ਼ੀਨਰੀ ਨੇ ਜਿੱਥੇ ਲੋਕਾਂ ਕੋਲੋਂ ਰੁਜ਼ਗਾਰ ਖੋਹ ਲਿਆ ਹੈ, ਉੱਥੇ ਮਹਿੰਗਾਈ ਵਿਚ ਵੀ ਢੇਰ ਸਾਰਾ ਵਾਧਾ ਹੋਇਆ ਹੈ | ਅੱਜ ਕੱਲ੍ਹ ਟ੍ਰੈਕਟਰ ਖੇਤਾਂ ਨਾਲੋਂ ਵਧੇਰੇ ਸੜਕਾਂ ਉੱਪਰ ਚਲਦੇ ਹਨ | ਰੋੜੀ, ਰੇਤ, ਬਜਰੀ, ਸੀਮੈਂਟ ਅਤੇ ਭਰਤ ਪਾਉਣ ਵਾਲਿਆਂ ਨੇ ਆਪੋ-ਆਪਣੇ ਸੰਦ ਖਰੀਦ ਰੱਖੇ ਹਨ, ਕਿਉਂਕਿ ਇਹ ਉਨ੍ਹਾਂ ਦੀ ਰੋਜ਼ਾਨਾ ਦੀ ਜ਼ਰੂਰਤ ਹੈ ਪਰ ਖੇਤੀ ਖੇਤਰ ਅਜਿਹਾ ਨਹੀਂ | ਵਧੇਰੇ ਰਕਬੇ ਵਾਲਿਆਂ ਨੂੰ  ਮਸ਼ੀਨਰੀ ਦੀ ਲੋੜ ਹੈ | ਪਰ ਘੱਟ ਰਕਬੇ ਵਾਲੇ ਇਹ ਸਭ ਕੁੱਝ ਕਿਰਾਏ 'ਤੇ ਵੀ ਲੈ ਸਕਦੇ ਹਨ ਅਤੇ ਦਿਲਚਸਪ ਗੱਲ ਇਹ ਹੈ ਕਿ ਪੰਜਾਬ ਵਿਚ 85 ਪ੍ਰਤੀਸ਼ਤ ਕਿਸਾਨ ਛੋਟੇ ਅਤੇ ਸੀਮਾਂਤ ਕਿਸਾਨ ਹਨ, ਜਿਨ੍ਹਾਂ ਨੂੰ  ਇਨ੍ਹਾਂ ਸੰਦਾਂ ਦੀ ਖਰੀਦ ਦੀ ਲੋੜ ਨਹੀਂ | ਅਸਲ ਵਿਚ ਇਹ ਸਾਰਾ ਤਾਮ ਝਾਮ ਫੋਕੇ ਵਿਖਾਵੇ ਵਿਚੋਂ ਨਿਕਲਿਆ ਹੈ, ਜਿਸ ਤੋਂ ਬਚਣ ਦੀ ਲੋੜ ਹੈ | ਕੁਝ ਲੋਕਾਂ ਦਾ ਤਰਕ ਹੋਵੇਗਾ ਕਿ ਮੌਸਮ ਦੀ ਮਾਰ ਤੋਂ ਬਚਣ ਲਈ ਮਸ਼ੀਨਰੀ ਜ਼ਰੂਰੀ ਹੈ | ਸਾਡਾ ਜਵਾਬ ਹੈ ਕਿ ਮੌਸਮ ਦਾ ਵਿਗਾੜ ਕੋਈ ਨਵੀਂ ਗੱਲ ਨਹੀਂ | ਇਹ ਹਰ ਸਾਲ ਹੁੰਦਾ ਹੈ | ਇਹ ਕਿਸਾਨ ਦੀ ਹੋਣੀ ਨਾਲ ਜੁੜਿਆ ਵਰਤਾਰਾ ਹੈ | ਸਾਲ ਤਾਂ ਪੱਕਾ ਯਾਦ ਨਹੀਂ ਪਰ ਚਾਲੀ ਕੁ ਸਾਲ ਪਹਿਲਾਂ ਕਣਕ ਦੀ ਵਾਢੀ ਸਮੇਂ ਅਜਿਹੇ ਝੱਖੜ ਝੁੱਲੇ ਸਨ ਕਿ ਕਿਸਾਨਾਂ ਦੀਆਂ ਬੰਨ੍ਹੀਆਂ ਹੋਈਆਂ ਭਰੀਆਂ ਦੂਜੇ ਕਿਸਾਨਾਂ ਦੇ ਖੇਤਾਂ ਵਿਚ ਉਲਟ ਕੇ ਜਾ ਪਈਆਂ ਸਨ | ਧੁੱਪ ਲੁਆਉਣ ਲਈ ਭਰੀਆਂ ਪਲਟੀਆਂ ਜਾਂਦੀਆਂ ਤਾਂ ਮੀਂਹ ਪੈ ਜਾਂਦਾ | ਕਿਸਾਨ ਦਾ ਨੁਕਸਾਨ ਤਾਂ ਹੁੰਦਾ ਹੈ ਪਰ ਲੋੜ ਤੋਂ ਵਧੇਰੇ ਮਸ਼ੀਨਰੀ ਖਰੀਦਣ ਜਿੰਨਾ ਨਹੀਂ | ਇਤਿਹਾਸ ਨੂੰ  ਪੁੱਠਾ ਗੇੜਾ ਨਹੀਂ ਦਿੱਤਾ ਜਾ ਸਕਦਾ ਅਤੇ ਮਸ਼ੀਨਰੀ ਤੋਂ ਕੰਮ ਲੈਣਾ ਮਨੁੱਖ ਦਾ ਅਧਿਕਾਰ ਹੈ, ਪਰ ਪੰਜਾਬੀਆਂ ਨੂੰ  ਬੇਲੋੜੇ ਵਿਖਾਵੇ ਤੋਂ ਬਚਣਾ ਚਾਹੀਦਾ ਹੈ, ਤਾਂ ਹੀ ਜਾਨ ਸੌਖੀ ਹੋ ਸਕੇਗੀ |
-ਮੋਬਾਈਲ : 98889-39808

Ad Position 22
No active advertisement
ਪਿਛਲੀ ਖ਼ਬਰ ਕੀ ਯੂ.ਪੀ.ਆਈ. ਨੂੰ ਖੁਦ ਹੀ ਕਮਜ਼ੋਰ ਕਰ ਰਹੀ ਹੈ ਸਰਕਾਰ? ਅਗਲੀ ਖ਼ਬਰ ਚਿੰਤਾਜਨਕ ਹੈ ਮਿਲਾਵਟਖੋਰੀ ਦਾ ਵਧਣਾ
Ad Position 24