20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਏ.ਆਈ. ਨਾਲ ਜੁੜੀਆਂ ਨਵੀਆਂ ਚੁਣੌਤੀਆਂ ਤੇ ਸੰਭਾਵਨਾਵਾਂ

ਏ.ਆਈ. ਨਾਲ ਜੁੜੀਆਂ ਨਵੀਆਂ ਚੁਣੌਤੀਆਂ ਤੇ ਸੰਭਾਵਨਾਵਾਂ

Ad Position 21
No active advertisement
ਅਜੀਤ ਡੈਸਕ 21-09-2026

 

ਏ.ਆਈ ਖੋਜ ਕੰਪਨੀ ਐਂਥਰੋਪਿਕ ਦੇ ਖੋਜਕਾਰ ਜੈਕਬ ਕੌਕਸਨ (•acob 3oxon) ਦੀ ਚਿਤਾਵਨੀ ਨਾਲ ਨਵੇਂ ਸਿਰ ਤੋਂ ਏ.ਆਈ. ਸੰਬੰਧੀ ਦੁਨੀਆ ਭਰ ਵਿਚ ਚਰਚਾ ਸ਼ੁਰੂ ਹੋ ਗਈ ਹੈ |
ਇਹ ਚਰਚਾ ਕੇਵਲ ਤਕਨੀਕ ਦੇ ਵਿਕਾਸ ਤੱਕ ਸੀਮਤ ਨਹੀਂ ਹੈ, ਸਗੋਂ ਏ.ਆਈ. ਬਣਾਉਣ ਵਾਲੀਆਂ ਕੰਪਨੀਆਂ ਦੇ ਅਧਿਕਾਰੀਆਂ, ਵਿਗਿਆਨੀਆਂ ਅਤੇ ਚਰਚਿਤ ਨੇਤਾਵਾਂ ਵਲੋਂ ਦਿੱਤੀਆਂ ਚਿਤਾਵਨੀਆਂ ਕਾਰਨ ਸ਼ੁਰੂ ਹੋਈ ਹੈ | 
ਉਪ-ਕੁਲਪਤੀਆਂ ਦੀ ਕਾਨਫਰੰਸ ਨੂੰ  ਸੰਬੋਧਨ ਕਰਦਿਆਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵੀ ਸਮਾਜਿਕ ਤੇ ਮਾਨਵੀ ਤੌਰ 'ਤੇ ਏ.ਆਈ. ਦੀ ਵਰਤੋਂ ਜ਼ਿੰਮੇਵਾਰੀ ਨਾਲ ਕਰਨ 'ਤੇ ਜ਼ੋਰ ਦਿੱਤਾ ਹੈ | ਗੱਲ ਹੁਣ ਇਸ ਤੋਂ ਅੱਗੇ ਨਿਕਲ ਗਈ ਹੈ | ਜੈਕਬ ਕੌਕਸਨ ਨੇ ਕਿਹਾ ਹੈ ਕਿ ਨੇੜ-ਭਵਿੱਖ ਵਿਚ ਇਹ ਮਨੁੱਖ ਜਾਤੀ ਲਈ ਹੀ ਖ਼ਤਰਾ ਬਣ ਸਕਦੀ ਹੈ | ਇਸ ਦੀ ਲਗਾਤਾਰ ਵਧਦੀ ਤਾਕਤ ਨਾਲ ਸੁਰੱਖਿਆ ਸੰਬੰਧੀ ਵੀ ਚਿੰਤਾ ਪੈਦਾ ਹੋ ਗਈ ਹੈ | ਹਰੇਕ ਕੰਪਨੀ ਇਸ ਨੂੰ  ਹੋਰ ਤੇਜ਼, ਹੋਰ ਸਮਰੱਥ ਬਣਾਉਣ 'ਤੇ ਲੱਗੀ ਹੋਈ ਹੈ, ਜਿਸ ਦਿਨ ਅਜਿਹਾ ਸੰਭਵ ਹੋ ਗਿਆ ਤਾਂ ਏ.ਆਈ ਸਿਸਟਮ ਦੇ ਫ਼ੈਸਲਿਆਂ ਨੂੰ  ਸਮਝਣਾ ਅਤੇ ਉਨ੍ਹਾਂ 'ਤੇ ਕੰਟਰੋਲ ਕਰਨਾ ਔਖਾ ਹੋ ਜਾਵੇਗਾ | ਅਜਿਹੇ ਸਮੇਂ ਸਥਿਤੀ ਗੰਭੀਰ ਹੋ ਸਕਦੀ ਹੈ | ਵਿਸ਼ੇਸ਼ ਕਰਕੇ ਜਦੋਂ ਏ.ਆਈ. ਨੂੰ  ਖ਼ੁਦ ਫ਼ੈਸਲੇ ਲੈਣ ਦੇ ਸਮਰੱਥ ਬਣਾ ਦਿੱਤਾ ਗਿਆ ਤਾਂ ਮਨੁੱਖ ਜਾਤੀ ਲਈ ਹੀ ਖ਼ਤਰੇ ਖੜ੍ਹੇ ਹੋ ਜਾਣਗੇ |
ਮਾਰਚ, 2023 ਵਿਚ ਵੀ ਅਜਿਹੀ ਚਿੰਤਾ ਪ੍ਰਗਟ ਕੀਤੀ ਗਈ ਸੀ | ਉਦੋਂ ਇਸ ਖੇਤਰ ਦੀਆਂ ਪ੍ਰਮੁੱਖ ਹਸਤੀਆਂ ਨੇ ਬਹੁਤ ਤਾਕਤਵਰ ਏ.ਆਈ. ਮਾਡਲਾਂ ਦੇ ਵਿਕਾਸ ਨੂੰ  ਕੁਝ ਸਮੇਂ ਲਈ ਰੋਕਣ ਅਤੇ ਉਨ੍ਹਾਂ ਦੀ ਸੁਰੱਖਿਆ ਅਤੇ ਪ੍ਰਭਾਵਾਂ ਦਾ ਗੰਭੀਰ ਅਧਿਐਨ ਕਰਨ ਦੀ ਸਲਾਹ ਦਿੱਤੀ ਸੀ |
ਇਹੀ ਨਹੀਂ, ਇਸ ਨਾਲ ਅਨੇਕ ਹੋਰ ਖ਼ਤਰੇ ਤੇ ਚਿੰਤਾਵਾਂ ਵੀ ਜੁੜੀਆਂ ਹੋਈਆਂ ਹਨ | ਏ.ਆਈ. ਅਤੇ ਆਟੋਮੇਸ਼ਨ ਕਾਰਨ ਬਹੁਤ ਸਾਰੇ ਰਵਾਇਤੀ ਕੰਮ ਮਸ਼ੀਨਾਂ ਦੁਆਰਾ ਕੀਤੇ ਜਾ ਰਹੇ ਹਨ | ਡਾਟਾ ਐਂਟਰੀ ਤੋਂ ਲੈ ਕੇ ਗਾਹਕ ਸੇਵਾ ਅਤੇ ਇਥੋਂ ਤੱਕ ਕਿ ਸਿਰਜਣਾਤਮਕ ਅਤੇ ਵਿਸ਼ਲੇਸ਼ਣਾਤਮਕ ਕੰਮਾਂ ਵਿਚ ਵੀ ਮਨੁੱਖ ਦੀ ਥਾਂ ਏ.ਆਈ. ਲੈ ਰਹੀ ਹੈ, ਜਿਸ ਨਾਲ ਆਰਥਿਕ ਅਸਮਾਨਤਾ ਅਤੇ ਬੇਰੁਜ਼ਗਾਰੀ ਵਧ ਰਹੀ ਹੈ |
ਗ਼ਲਤ ਜਾਣਕਾਰੀ ਅਤੇ ਛੇੜਛਾੜ ਦੀ ਸਮੱਸਿਆ ਨਾਲ ਸਮਾਜ ਅਤੇ ਸਰਕਾਰਾਂ ਪਹਿਲਾਂ ਹੀ ਜੂਝ ਰਹੀਆਂ ਹਨ | ਏ.ਆਈ. ਦੁਆਰਾ ਤਿਆਰ ਕੀਤੀਆਂ ਡੀਪਫੇਕ ਵੀਡੀਓਜ਼, ਤਸਵੀਰਾਂ ਅਤੇ ਆਵਾਜ਼ਾਂ ਨੇ ਸੱਚ ਅਤੇ ਝੂਠ ਵਿਚਾਲੇ ਫ਼ਰਕ ਕਰਨਾ ਕਠਿਨ ਕਰ ਦਿੱਤਾ ਹੈ | ਇਸ ਦੀ ਵਰਤੋਂ ਝੂਠੀਆਂ ਖ਼ਬਰਾਂ ਫੈਲਾਉਣ, ਚੋਣਾਂ ਨੂੰ  ਪ੍ਰਭਾਵਿਤ ਕਰਨ ਅਤੇ ਸਮਾਜਿਕ ਸ਼ਾਂਤੀ ਭੰਗ ਕਰਨ ਲਈ ਕੀਤੀ ਜਾ ਸਕਦੀ ਹੈ |
ਇਸ ਦੀ ਖ਼ੁਦਮੁਖਤਿਆਰ ਹਥਿਆਰ ਵਜੋਂ ਵਰਤੋਂ ਹੋ ਸਕਦੀ ਹੈ | ਫ਼ੌਜੀ ਖੇਤਰ ਵਿਚ ਅਜਿਹੇ ਹਥਿਆਰਾਂ ਦਾ ਵਿਕਾਸ ਹੋ ਰਿਹਾ ਹੈ, ਜਿਹੜੇ ਮਨੁੱਖੀ ਦਖ਼ਲ ਜਾਂ ਕਮਾਂਡ ਤੋਂ ਬਿਨਾਂ ਖ਼ੁਦ ਚੁਣ ਕੇ ਹਮਲਾ ਕਰ ਸਕਦੇ ਹਨ | ਜੇਕਰ ਇਹ ਤਕਨੀਕ ਗ਼ਲਤ ਹੱਥਾਂ ਵਿਚ ਚਲੀ ਜਾਂਦੀ ਹੈ ਤਾਂ ਨਤੀਜੇ ਖ਼ਤਰਨਾਕ ਹੋ ਸਕਦੇ ਹਨ | ਇਹ ਵੀ ਚਿੰਤਾ ਹੈ ਕਿ ਭਵਿੱਖ ਵਿਚ ਮਨੁੱਖ ਦਾ ਇਸ ਤੋਂ ਕੰਟਰੋਲ ਖ਼ਤਮ ਹੋ ਸਕਦਾ ਹੈ | ਏ.ਆਈ. ਦੇ ਅਜਿਹੇ 'ਸੁਪਰ-ਇੰਟੈਲੀਜੈਂਸ' ਪੱਧਰ ਦੇ ਮਾਡਲ ਮਨੁੱਖ ਲਈ ਘਾਤਕ ਸਿੱਧ ਹੋ ਸਕਦੇ ਹਨ |
ਦੂਸਰਾ ਮਹੱਤਵਪੂਰਨ ਪਹਿਲੂ ਇਹ ਹੈ ਕਿ ਇਸ ਦੀ ਇਕ ਸਾਧਨ ਦੇ ਰੂਪ ਵਿਚ ਸੁਚੱਜੀ ਵਰਤੋਂ ਹੋ ਰਹੀ ਹੈ | ਉਪਰੋਕਤ ਚਿੰਤਾਵਾਂ ਦੇ ਪ੍ਰਸੰਗ ਵਿਚ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਏ.ਆਈ. ਆਪਣੇ-ਆਪ ਵਿਚ ਕੋਈ ਬੁਰੀ ਤਾਕਤ ਜਾਂ ਜੀਵ ਨਹੀਂ ਹੈ | ਇਹ ਮਨੁੱਖ ਵਲੋਂ ਬਣਾਇਆ ਗਿਆ ਇਕ ਤਕਨੀਕੀ ਸੰਦ ਹੈ | ਇਹ ਜਟਿਲ ਸਮੱਸਿਆਵਾਂ ਦਾ ਤੱਤਫਟ ਹੱਲ ਕਰਨ ਦੇ ਸਮਰੱਥ ਹੈ | ਇਹ ਕੈਂਸਰ ਵਰਗੀਆਂ ਗੁੰਝਲਦਾਰ ਬਿਮਾਰੀਆਂ ਦੇ ਇਲਾਜ ਅਤੇ ਊਰਜਾ-ਸੰਕਟ ਜਿਹੀਆਂ ਵਿਸ਼ਵ-ਵਿਆਪੀ ਸਮੱਸਿਆਵਾਂ ਦੇ ਹੱਲ ਲੱਭਣ ਵਿਚ ਮਨੁੱਖਤਾ ਦੀ ਮਦਦ ਕਰ ਰਹੀ ਹੈ | ਇਸ ਵਿਚ ਚੇਤਨਾ ਦੀ ਘਾਟ ਹੈ | ਮੌਜੂਦਾ ਏ.ਆਈ. ਸਿਸਟਮ ਸਿਰਫ਼ ਡਾਟਾ ਅਤੇ ਐਲਗੌਰਿਦਮ ਦੇ ਆਧਾਰ 'ਤੇ ਕੰਮ ਕਰਦੇ ਹਨ | ਉਨ੍ਹਾਂ ਵਿਚ ਮਨੁੱਖਾਂ ਵਾਂਗ ਭਾਵਨਾਵਾਂ, ਇੱਛਾਵਾਂ ਜਾਂ ਕੋਈ ਨਿੱਜੀ ਸੁਆਰਥ ਨਹੀਂ ਹੁੰਦਾ | ਇਸ ਲਈ ਉਹ ਆਪਣੇ-ਆਪ ਜਾਣਬੁੱਝ ਕੇ ਮਨੁੱਖਤਾ ਨੂੰ  ਨੁਕਸਾਨ ਪਹੁੰਚਾਉਣ ਦੀ ਯੋਜਨਾ ਨਹੀਂ ਬਣਾ ਸਕਦੇ | ਇਕ ਪਾਸੇ ਇਹ ਤਕਨੀਕ ਨੌਕਰੀਆਂ ਖ਼ਤਮ ਕਰ ਰਹੀ ਹੈ, ਦੂਸਰੇ ਪਾਸੇ ਨਵੀਂ ਕਿਸਮ ਦੀਆਂ ਨੌਕਰੀਆਂ ਪੈਦਾ ਵੀ ਕਰ ਰਹੀ ਹੈ | ਜਿਵੇਂ ਏ.ਆਈ. ਐਥਿਕਸ, ਡਾਟਾ ਸਾਇੰਸ ਅਤੇ ਮਸ਼ੀਨ ਲਰਨਿੰਗ ਇੰਜੀਨੀਅਰਿੰਗ ਆਦਿ |
ਅਸਲ ਖ਼ਤਰਾ ਏ.ਆਈ. ਮਸ਼ੀਨ ਦਾ ਨਹੀਂ, ਸਗੋਂ ਇਸ ਗੱਲ ਦਾ ਹੈ ਕਿ ਮਨੁੱਖ ਇਸ ਤਾਕਤਵਰ ਤਕਨੀਕ ਦੀ ਵਰਤੋਂ ਕਿਵੇਂ ਕਰਦੇ ਹਨ? ਜੇਕਰ ਅਸੀਂ ਸਹੀ ਨਿਯਮ, ਨੈਤਿਕ ਮਾਪਦੰਡ ਅਤੇ ਅੰਤਰਰਾਸ਼ਟਰੀ ਸਮਝੌਤੇ ਕਰਕੇ ਤੈਅਸ਼ੁਦਾ ਅਨੁਸ਼ਾਸਨ ਵਿਚ ਰਹਿ ਕੇ ਇਸ ਦੀ ਵਰਤੋਂ ਕਰਦੇ ਹਾਂ ਤਾਂ ਏ.ਆਈ. ਮਨੁੱਖਤਾ ਦੇ ਵਿਨਾਸ਼ ਦਾ ਕਾਰਨ ਬਣਨ ਦੀ ਬਜਾਏ, ਵਿਕਾਸ ਦੀ ਸਭ ਤੋਂ ਵੱਡੀ ਤਾਕਤ ਬਣ ਸਕਦੀ ਹੈ | ਇਸ ਤਕਨੀਕ ਨੂੰ  ਮਨੁੱਖੀ ਕਦਰਾਂ-ਕੀਮਤਾਂ ਦੇ ਅਨੁਕੂਲ ਰੱਖਣਾ ਅਤੇ ਇਸ ਦੀ ਪਾਰਦਰਸ਼ਿਤਾ ਯਕੀਨੀ ਬਣਾਉਣਾ ਹੀ ਸਾਡੇ ਸੁਰੱਖਿਅਤ ਭਵਿੱਖ ਦੀ ਕੁੰਜੀ ਹੈ |
ਦੁਨੀਆ ਦੇ ਵੱਖ-ਵੱਖ ਦੇਸ਼ ਆਪਣੀਆਂ ਜ਼ਰੂਰਤਾਂ ਅਨੁਸਾਰ ਨਿਯਮ-ਕਾਨੂੰਨ ਬਣਾ ਰਹੇ ਹਨ | ਇਸ ਦਿਸ਼ਾ ਵਿਚ ਯੂਰਪੀਅਨ ਯੂਨੀਅਨ ਨੇ ਪਹਿਲ ਕੀਤੀ ਹੈ | ਅਮਰੀਕਾ ਵਿਚ ਸੂਬਿਆਂ ਦੇ ਪੱਧਰ 'ਤੇ ਕਾਨੂੰਨ ਬਣ ਰਹੇ ਹਨ | ਚੀਨ ਵਿਚ ਵੱਖ-ਵੱਖ ਖੇਤਰਾਂ ਲਈ ਛੇ ਵੱਖ-ਵੱਖ ਨਿਯਮ ਲਾਗੂ ਹਨ | ਭਾਰਤ ਵਿਚ ਅਜਿਹਾ ਕੋਈ ਨਿਯਮ-ਕਾਨੂੰਨ ਨਹੀਂ ਹੈ | ਪਰ ਕੁੱਝ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ | ਲੋੜ ਇਸ ਗੱਲ ਦੀ ਹੈ ਕਿ ਨਿਯਮ-ਕਾਨੂੰਨ ਇੰਨੇ ਸਖ਼ਤ ਨਾ ਹੋਣ ਕਿ ਤਕਨੀਕ ਦਾ ਵਿਕਾਸ ਰੁਕ ਜਾਵੇ | ਇੰਨੇ ਢਿੱਲੇ ਵੀ ਨਾ ਹੋਣ ਕਿ ਸੁਰੱਖਿਆ ਅਤੇ ਨਿੱਜਤਾ ਨੂੰ  ਖ਼ਤਰਾ ਪੈਦਾ ਹੋ ਜਾਵੇ |
ਈ-ਮੇਲ : prof_kulbir0yahoo.com

Ad Position 22
No active advertisement
ਪਿਛਲੀ ਖ਼ਬਰ ਸਾਡੇ ਅੰਦਰ ਵੀ ਇਕ ਦੁਨੀਆ ਅਗਲੀ ਖ਼ਬਰ ਕੀ ਯੂ.ਪੀ.ਆਈ. ਨੂੰ ਖੁਦ ਹੀ ਕਮਜ਼ੋਰ ਕਰ ਰਹੀ ਹੈ ਸਰਕਾਰ?
Ad Position 24