ਪੰਜਾਬ 'ਚ ਮਿਲਾਵਟਖੋਰੀ ਦੀ ਸਮੱਸਿਆ ਇਕ ਵਾਰ ਫਿਰ ਤੋਂ ਭਿਆਨਕ ਰੂਪ ਵਿਚ ਸਾਹਮਣੇ ਆਈ ਹੈ | ਖਾਧ ਪਦਾਰਥਾਂ 'ਚ ਮਿਲਾਵਟ ਹਮੇਸ਼ਾ ਤੋਂ ਸਰਕਾਰ ਤੇ ਸਮਾਜ ਲਈ ਸਿਰਦਰਦ ਬਣੀ ਰਹੀ ਹੈ | ਦੁੱਧ, ਖੋਆ, ਪਨੀਰ, ਦੇਸੀ ਘਿਓ ਵਿਚ ਮਿਲਾਵਟ ਹੋਣ ਬਾਰੇ ਖ਼ਬਰਾਂ ਹਮੇਸ਼ਾ ਸੁਰਖੀਆਂ ਬਣਦੀਆਂ ਰਹੀਆਂ ਹਨ, ਪਰ ਪਿਛਲੇ ਕੁਝ ਦਿਨਾਂ ਤੋਂ ਮਿਲਾਵਟ ਦੇ ਖ਼ਤਰਨਾਕ ਢੰਗ ਨਾਲ ਵਧਣ ਦੀਆਂ ਖ਼ਬਰਾਂ ਆ ਰਹੀਆਂ ਹਨ | ਦਾਲਾਂ 'ਚ ਕੰਕਰ ਤੇ ਮਸਾਲਿਆਂ 'ਚ ਘੋੜੇ ਦੀ ਲਿੱਦ ਦੀ ਮਿਲਾਵਟ ਦੀਆਂ ਖ਼ਬਰਾਂ ਬੇਹੱਦ ਚਿੰਤਾ ਵਾਲੀਆਂ ਹਨ | ਨਕਲੀ ਦੁੱਧ ਬਣਾਉਣ ਲਈ ਕਾਸਟਿਕ ਸੋਡੇ ਤੇ ਮਿਲਾਵਟੀ ਘਿਓ 'ਚ ਜਾਨਵਰਾਂ ਦੀ ਚਰਬੀ ਮਿਲਾਉਣ ਦੀਆਂ ਖ਼ਬਰਾਂ ਨੇ ਵੀ ਆਮ ਲੋਕਾਂ ਦੀ ਪ੍ਰੇਸ਼ਾਨੀ ਨੂੰ ਵਧਾਇਆ ਹੈ | ਇੱਥੋਂ ਤੱਕ ਕਿ ਹੁਣ ਤਾਂ ਖਾਦ ਤੇ ਕੀਟਨਾਸ਼ਕ ਵੀ ਨਕਲੀ ਆਉਣ ਲੱਗ ਪਏ ਹਨ, ਜਿਸ ਕਾਰਨ ਪਸ਼ੂਆਂ ਦੇ ਚਾਰੇ, ਕਣਕ, ਚੌਲ, ਦਾਲਾਂ ਆਦਿ ਵਿਚ ਜ਼ਹਿਰੀਲੇ ਤੱਤ ਵਧੇਰੇ ਪਾਏ ਜਾਣ ਦੀਆਂ ਰਿਪੋਰਟਾਂ ਹਨ | ਇਨ੍ਹਾਂ ਦਿਨਾਂ 'ਚ ਖਾਦ ਦੇ ਜਿੰਨੇ ਵੀ ਨਮੂਨੇ ਭਰੇ ਗਏ, ਉਨ੍ਹਾਂ 'ਚੋਂ ਜ਼ਿਆਦਾਤਰ ਫੇਲ੍ਹ ਹੋਏ ਹਨ | ਇਸ ਕਾਰਨ ਮਿੱਟੀ ਦੀ ਗੁਣਵੱਤਾ ਵੀ ਘਟ ਰਹੀ ਹੈ | ਇਸ ਸਮੱਸਿਆ ਦਾ ਵੱਡਾ ਤੇ ਗੰਭੀਰ ਪੱਖ ਇਹ ਵੀ ਹੈ ਕਿ ਤਿਉਹਾਰੀ ਸੀਜ਼ਨ 'ਚ ਮਿਲਾਵਟੀ ਪਦਾਰਥਾਂ ਦੀ ਬਾਜ਼ਾਰਾਂ ਵਿਚ ਭਰਮਾਰ ਵਧ ਜਾਂਦੀ ਹੈ | ਅਜਿਹੇ 'ਚ ਸਰਕਾਰ ਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਵੀ ਵਧ ਜਾਂਦੀ ਹੈ, ਪਰ ਥੋੜ੍ਹੀ ਜਿਹੀ ਕੁਤਾਹੀ ਕਾਰਨ ਮਿਲਾਵਟਖੋਰ ਬਚ ਨਿਕਲਦੇ ਹਨ | ਵੈਸੇ ਵੀ ਪ੍ਰਸ਼ਾਸਨਿਕ ਅਮਲੇ ਨਾਲ ਮਿਲੀਭੁਗਤ ਕੀਤੇ ਬਗੈਰ ਇੰਨੇ ਵੱਡੇ ਪੱਧਰ 'ਤੇ ਮਿਲਾਵਟਖੋਰੀ ਸੰਭਵ ਨਹੀਂ ਹੈ |
ਦੇਸ਼ ਵਿਚ ਇਸ ਸਮੇਂ ਤਿਉਹਾਰਾਂ ਤੇ ਮੇਲਿਆਂ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਪੰਜਾਬ ਵਿਚ ਤਿਉਹਾਰਾਂ ਦੌਰਾਨ ਵੱਡੇ ਪੱਧਰ 'ਤੇ ਮਠਿਆਈਆਂ ਲੈਣ-ਦੇਣ ਦਾ ਰਿਵਾਜ ਹੈ | ਇਸ ਦੌਰਾਨ ਸੂਬੇ 'ਚ ਵੱਡੇ ਪੱਧਰ 'ਤੇ ਨਕਲੀ ਤੇ ਜ਼ਹਿਰੀਲੇ ਖੋਏ-ਪਨੀਰ ਦਾ ਕਾਰੋਬਾਰ ਸਿਖਰਾਂ 'ਤੇ ਹੈ | ਪੰਜਾਬ 'ਚ ਰੋਜ਼ਾਨਾ ਵੱਡੇ ਪੱਧਰ 'ਤੇ ਨਕਲੀ ਪਨੀਰ ਫੜਿਆ ਜਾ ਰਿਹਾ ਹੈ | ਹੁਣ ਤੱਕ ਪਨੀਰ ਦੇ ਭਰੇ ਗਏ ਨਮੂਨਿਆਂ 'ਚੋਂ 42 ਫ਼ੀਸਦੀ ਨਮੂਨੇ ਲੈਬੋਰਟਰੀਆਂ 'ਚ ਫੇਲ੍ਹ ਹੋਏ ਹਨ ਤੇ ਇਨ੍ਹਾਂ 'ਚੋਂ 20 ਫ਼ੀਸਦੀ ਪਨੀਰ ਇਨਸਾਨਾਂ ਦੇ ਬਿਲਕੁੱਲ ਖਾਣ ਯੋਗ ਨਹੀਂ ਹੈ | ਇਹ ਪਨੀਰ ਬਾਜ਼ਾਰੀ ਭਾਅ ਤੋਂ ਸਸਤਾ ਤੇ ਵਿਕਰੀ ਵੱਧ ਹੋਣ ਕਰਕੇ ਇਹ ਦੁਕਾਨਦਾਰਾਂ ਲਈ ਦੋਹਰੇ ਲਾਭ ਦਾ ਸੌਦਾ ਬਣ ਜਾਂਦਾ ਹੈ | ਨਕਲੀ ਦੁੱਧ, ਪਨੀਰ ਤੇ ਖੋਆ ਬਣਾਉਣ ਲਈ ਅਕਸਰ ਯੂਰੀਆ ਖਾਦ, ਕਾਸਟਿਕ ਸੋਡਾ ਤੇ ਤੇਜ਼ਾਬ ਜਿਹੇ ਖ਼ਤਰਨਾਕ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ | ਮਿਲਾਵਟੀ ਦੁੱਧ-ਪਨੀਰ ਦਿਲ ਤੇ ਫੇਫੜਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਤੇ ਇਸ ਦੀ ਵਰਤੋਂ ਨਾਲ ਕੈਂਸਰ ਜਿਹੀ ਬਿਮਾਰੀ ਦੇ ਵਿਸ਼ਾਣੂ ਪੈਦਾ ਹੋਣ ਲੱਗਦੇ ਹਨ | ਸਰਕਾਰ ਵਲੋਂ ਨਕਲੀ ਦੁੱਧ, ਪਨੀਰ ਤੇ ਖੋਏ ਦੀ ਵਿਕਰੀ 'ਤੇ ਪਾਬੰਦੀ ਲਾਉਣ ਦੇ ਬਾਵਜੂਦ ਕੁਝ ਪ੍ਰਸ਼ਾਸਨਿਕ ਤੱਤਾਂ ਦੀ ਮਿਲੀਭੁਗਤ ਨਾਲ ਇਹ ਗ਼ੈਰ-ਕਾਨੂੰਨੀ ਧੰਦਾ ਲਗਾਤਾਰ ਜਾਰੀ ਹੈ | ਭਾਵੇਂ ਸੂਬਾ ਸਰਕਾਰ ਦਾ ਖ਼ੁਰਾਕ ਸਪਲਾਈ ਵਿਭਾਗ ਅਜਿਹੇ ਅਸਮਾਜਿਕ ਤੱਤਾਂ ਪਿੱਛੇ ਹੱਥ ਧੋ ਕੇ ਪਿਆ ਹੋਇਆ ਹੈ | ਉੱਤਰ ਪ੍ਰਦੇਸ਼ ਤੋਂ ਲਿਆਂਦੇ ਗਏ 22,000 ਕਿੱਲੋ ਦੇਸੀ ਘਿਓ ਦੇ ਲਗਭਗ ਸਾਰੇ ਨਮੂਨੇ ਫੇਲ੍ਹ ਹੋ ਗਏ | ਇਸੇ ਸੰਬੰਧ 'ਚ ਕੋਟਕਪੂਰਾ ਦੀਆਂ ਕਈ ਫਰਮਾਂ ਵਿਰੁੱਧ ਮਾਮਲੇ ਵੀ ਦਰਜ ਕੀਤੇ ਗਏ | ਪੰਜਾਬ ਦੇ ਜਲੰਧਰ ਸ਼ਹਿਰ 'ਚ ਇਕ ਮਹੀਨੇ ਦੌਰਾਨ ਤੀਜੀ ਵਾਰ ਵੱਡੀ ਮਾਤਰਾ ਵਿਚ ਮਿਲਾਵਟੀ ਪਨੀਰ ਫੜਿਆ ਗਿਆ ਹੈ | ਇੱਥੇ 2 ਸਤੰਬਰ ਨੂੰ 425 ਕਿੱਲੋ ਨਕਲੀ ਪਨੀਰ ਜ਼ਬਤ ਕੀਤਾ ਗਿਆ ਸੀ, ਜਦਕਿ ਬਰਨਾਲੇ ਵਿਚ 600 ਕਿੱਲੋ ਨਕਲੀ ਪਨੀਰ ਫੜ ਕੇ ਇਸ ਦੇ ਨਮੂਨੇ ਖਰੜ ਲੈਬੋਰਟਰੀ 'ਚ ਭੇਜੇ ਗਏ ਹਨ | ਪਰ ਅਜੇ ਤੱਕ ਸੀ.ਆਈ.ਏ. ਤੇ ਖ਼ੁਰਾਕ ਸਪਲਾਈ ਵਿਭਾਗ ਦੀਆਂ ਸਾਂਝੀਆਂ ਕਾਰਵਾਈਆਂ 'ਚ ਕੋਈ ਵੀ ਵੱਡੀ ਮੱਛੀ ਨਹੀਂ ਫੜੀ ਗਈ |
ਅਸੀਂ ਸਮਝਦੇ ਹਾਂ ਕਿ ਸਰਕਾਰ ਨੂੰ ਵਿਆਪਕ ਪੱਧਰ 'ਤੇ ਵੱਡੇ ਲੋਕਾਂ ਦੀ ਪੁਸ਼ਤਪਨਾਹੀ 'ਚ ਮਾਨਵਤਾ ਖ਼ਿਲਾਫ਼ ਕੀਤੇ ਜਾ ਰਹੇ ਮਿਲਾਵਟ ਦੇ ਇਸ ਗ਼ੈਰ-ਕਾਨੂੰਨੀ ਕਾਰੋਬਾਰ 'ਤੇ ਸਖ਼ਤੀ ਨਾਲ ਕਾਰਵਾਈ ਕਰਨੀ ਚਾਹੀਦੀ ਹੈ | ਮਿਲਾਵਟ ਦਾ ਇਹ ਧੰਦਾ ਸਮਾਜ-ਵਿਰੋਧੀ ਤੱਤਾਂ ਤੇ ਵੱਡੇ ਲੋਕਾਂ ਦੇ ਹੱਥਾਂ ਵਿਚ ਚਲੇ ਜਾਣ ਕਾਰਨ ਰਾਸ਼ਟਰੀ ਏਕਤਾ ਅਤੇ ਅਖੰਡਤਾ ਵੀ ਪ੍ਰਭਾਵਿਤ ਹੋ ਸਕਦੀ ਹੈ | ਪੰਜਾਬ ਸਰਕਾਰ ਨੇ ਇਸ ਧੰਦੇ ਨੂੰ ਰੋਕਣ ਲਈ ਕਈ ਪ੍ਰਭਾਵਸ਼ਾਲੀ ਕਦਮ ਉਠਾਏ ਹਨ | ਜੇ ਫਿਰ ਵੀ ਇਹ ਧੰਦਾ ਲਗਾਤਾਰ ਵਧ-ਫੁੱਲ ਰਿਹਾ ਹੈ ਤਾਂ ਬਿਨਾਂ ਸ਼ੱਕ ਕਿਤੇ ਨਾ ਕਿਤੇ ਕੋਈ ਗੜਬੜ ਜ਼ਰੂਰ ਹੈ | ਆਉਣ ਵਾਲੇ ਦਿਨਾਂ 'ਚ ਜਦੋਂ ਤਿਉਹਾਰੀ ਸੀਜ਼ਨ ਆਪਣੇ ਸਿਖਰ 'ਤੇ ਹੋਵੇਗਾ ਤਾਂ ਨਾਲ ਹੀ ਚੋਣ ਸਰਗਰਮੀਆਂ ਵੀ ਵਧ ਜਾਣਗੀਆਂ | ਅਜਿਹੇ 'ਚ ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਮਾਨਵਤਾ ਦੇ ਹਿੱਤ 'ਚ ਮਿਲਾਵਟ ਦੇ ਇਸ ਗ਼ੈਰ-ਕਾਨੂੰਨੀ ਧੰਦੇ ਨੂੰ ਖ਼ਤਮ ਕਰਨ ਲਈ ਦਿ੍ੜ੍ਹ ਇਰਾਦੇ ਨਾਲ ਕਾਰਵਾਈ ਕਰੇ |