09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਬਣਦੇ ਵਿਗੜਦੇ ਰਿਸ਼ਤੇ

ਬਣਦੇ ਵਿਗੜਦੇ ਰਿਸ਼ਤੇ

Ad Position 21
repet_subhas-goyals [Copy P29]
ਅਜੀਤ ਡੈਸਕ 09-09-2026

ਆਉਂਦੇ ਦਿਨਾਂ ਵਿਚ ਭਾਰਤ 'ਚ ਬਿ੍ਕਸ ਦੇਸ਼ਾਂ ਦੇ ਮੁਖੀਆਂ ਦੀ ਮੀਟਿੰਗ ਹੋਣ ਜਾ ਰਹੀ ਹੈ | ਭਾਰਤ ਤੋਂ ਇਲਾਵਾ ਚੀਨ ਅਤੇ ਰੂਸ ਵੀ ਇਸ 11 ਮੈਂਬਰੀ ਸੰਗਠਨ ਵਿਚ ਸ਼ਾਮਿਲ ਹਨ | ਇਸ ਸੰਗਠਨ ਦਾ ਮੁੱਖ ਉਦੇਸ਼ ਆਰਥਿਕ ਮਜ਼ਬੂਤੀ ਲਈ ਮਿਲ ਕੇ ਕੰਮ ਕਰਨਾ ਹੈ | ਇਸ ਤੋਂ ਪਹਿਲਾਂ ਇਕ ਵਾਰ ਫਿਰ ਭਾਰਤ ਅਤੇ ਚੀਨ ਵਿਚਕਾਰ ਦੇ ਸਰਹੱਦੀ ਮਸਲੇ ਨੂੰ  ਲੈ ਕੇ ਗੱਲਬਾਤ ਵਿਚ ਤੇਜ਼ੀ ਆਈ ਹੈ | ਦੋਹਾਂ ਦੇਸ਼ਾਂ ਦੀ ਸਰਹੱਦ ਲਗਭਗ 3500 ਕਿਲੋਮੀਟਰ ਲੰਬੀ ਹੈ | 1962 ਵਿਚ ਚੀਨ ਨੇ ਸਰਹੱਦੀ ਵਿਵਾਦ ਨੂੰ  ਲੈ ਕੇ ਹੀ ਭਾਰਤ 'ਤੇ ਹਮਲਾ ਕੀਤਾ ਸੀ | ਇਸ ਤੋਂ ਪਹਿਲਾਂ ਪੰਡਤ ਜਵਾਹਰ ਲਾਲ ਨਹਿਰੂ ਦੇ ਚੀਨੀ ਹਮਰੁਤਬਾ ਚਾਊ ਐਨਲਾਈ ਨਾਲ ਬੜੇ ਚੰਗੇ ਸੰਬੰਧ ਸਨ | ਦੋਵੇਂ ਦੇਸ਼ ਆਪਸੀ ਸਹਿਯੋਗ ਲਈ ਕੀਤੇ ਗਏ ਪੰਚਸ਼ੀਲ ਸਮਝੌਤੇ ਦੀ ਭਾਵਨਾ ਨਾਲ ਚੱਲ ਰਹੇ ਸਨ ਪਰ ਚੀਨ ਦੇ ਹਮਲੇ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਸੰਬੰਧ ਵਿਗੜਦੇ ਗਏ | ਚਾਹੇ ਸਮੇਂ-ਸਮੇਂ ਦੋਹਾਂ ਦੇਸ਼ਾਂ ਦੇ ਆਗੂਆਂ ਦੇ ਇਕ- ਦੂਸਰੇ ਦੇਸ਼ ਦੇ ਦੌਰਿਆਂ ਨਾਲ ਇਹ ਸੰਬੰਧ ਕੁਝ ਸੁਧਰਦੇ ਵੀ ਰਹੇ | ਇਸ ਦੇ ਨਾਲ ਗੁਆਂਢੀ ਹੋਣ ਕਰਕੇ ਦੋਹਾਂ ਦੇਸ਼ਾਂ ਦਾ ਆਪਸੀ ਵਪਾਰ ਵੀ ਚਲਦਾ ਰਿਹਾ |
ਚਾਹੇ ਇਸ ਖੇਤਰ ਵਿਚ ਚੀਨ ਭਾਰਤ ਤੋਂ ਅੱਗੇ ਅਤੇ ਪਹਿਲਾ ਖਿਡਾਰੀ ਬਣਿਆ ਨਜ਼ਰ ਆਉਂਦਾ ਰਿਹਾ ਹੈ | ਪਰ ਇਸ ਦੇ ਨਾਲ-ਨਾਲ ਦੋਹਾਂ ਦੇਸ਼ਾਂ ਵਿਚ ਤਣਾਅ ਵੀ ਲਗਾਤਾਰ ਬਣਿਆ ਰਿਹਾ ਹੈ | ਇਹ ਤਣਾਅ ਸਾਲ 2020 ਵਿਚ ਲੱਦਾਖ ਦੀ ਗਲਵਾਨ ਘਾਟੀ ਵਿਚ ਦੋਹਾਂ ਦੇਸ਼ਾਂ ਦੇ ਫ਼ੌਜੀਆਂ ਦੀ ਖ਼ੂਨੀ ਝੜਪ ਵਿਚ ਬਦਲ ਗਿਆ, ਜਿਸ ਵਿਚ ਦੋਹਾਂ ਦੇਸ਼ਾਂ ਦੇ ਦਰਜਨਾਂ ਫ਼ੌਜੀ ਮਾਰੇ ਗਏ ਸਨ | ਉਸ ਤੋਂ ਬਾਅਦ ਹੁਣ ਤੱਕ ਆਪਸੀ ਸੰਬੰਧ ਆਮ ਵਾਂਗ ਨਹੀਂ ਹੋ ਸਕੇ | ਚਾਹੇ ਇਸ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਵੱਡੇ ਅਤੇ ਛੋਟੇ ਆਗੂ ਆਪਸੀ ਦੌਰੇ ਜ਼ਰੂਰ ਕਰਦੇ ਰਹੇ | ਇਸ ਤੋਂ ਪਹਿਲਾਂ ਭੂਟਾਨ ਦੀ ਸਰਹੱਦ 'ਤੇ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ 2 ਮਹੀਨਿਆਂ ਤੱਕ ਆਹਮੋ-ਸਾਹਮਣੇ ਖੜ੍ਹੀਆਂ ਰਹੀਆਂ ਸਨ | ਗਲਵਾਨ ਦੇ ਘਟਨਾਕ੍ਰਮ ਤੋਂ ਬਾਅਦ ਭਾਰਤ ਨੇ ਪੂਰੀ ਦਿ੍ੜ੍ਹਤਾ ਅਤੇ ਦਲੇਰੀ ਨਾਲ ਸਰਹੱਦਾਂ 'ਤੇ ਚੀਨੀ ਫ਼ੌਜਾਂ ਦੇ ਸਾਹਮਣੇ ਡਟਣ ਦੀ ਹਿੰਮਤ ਦਿਖਾਈ ਸੀ | ਗਲਵਾਨ ਦੀ ਘਟਨਾ ਤੋਂ ਬਾਅਦ ਹੁਣ ਤੱਕ ਦੋਹਾਂ ਦੇਸ਼ਾਂ ਵਿਚ ਉੱਚ ਫ਼ੌਜੀ ਪੱਧਰ 'ਤੇ ਦਰਜਨਾਂ ਹੀ ਮੀਟਿੰਗਾਂ ਹੁੰਦੀਆਂ ਰਹੀਆਂ ਹਨ, ਜਿਸ ਦੀ ਕੜੀ ਵਜੋਂ ਹੀ ਪਿਛਲੇ ਦਿਨੀਂ ਅਰੁਣਾਚਲ ਪ੍ਰਦੇਸ਼ ਸੈਕਟਰ ਵਿਚ ਅਸਲ ਕੰਟਰੋਲ ਰੇਖਾ 'ਤੇ ਦੋਹਾਂ ਦੇਸ਼ਾਂ ਦੇ ਕਮਾਂਡਰਾਂ ਵਿਚ ਵਾਚਾਕਮਾਈ ਸਰਹੱਦੀ ਸਥਾਨ 'ਤੇ ਮੀਟਿੰਗ ਹੋਈ ਅਤੇ ਦੋਹਾਂ ਨੇ ਹੀ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਸੰਬੰਧੀ ਚਰਚਾ ਕੀਤੀ | ਇਸ ਤੋਂ ਪਹਿਲਾਂ ਇਹ ਵੀ ਖ਼ਬਰਾਂ ਮਿਲਦੀਆਂ ਰਹੀਆਂ ਹਨ ਕਿ ਅਰੁਣਾਚਲ ਪ੍ਰਦੇਸ਼ ਦੇ ਸਰਹੱਦੀ ਇਲਾਕੇ ਵਿਚ ਚੀਨੀ ਫ਼ੌਜ ਨੇ ਹਮਲਾਵਰ ਰੁਖ਼ ਅਖ਼ਤਿਆਰ ਕੀਤਾ ਹੋਇਆ ਹੈ ਅਤੇ ਉਹ ਭਾਰਤੀ ਇਲਾਕੇ ਵਿਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੀ ਹੈ | ਹੁਣ ਕੋਰ ਕਮਾਂਡਰਾਂ ਦੀ ਮੀਟਿੰਗ ਤੋਂ ਪਹਿਲਾਂ 25 ਅਗਸਤ ਨੂੰ  ਬੀਜਿੰਗ ਵਿਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਵਿਚਕਾਰ ਵੀ ਗੱਲਬਾਤ ਹੋਈ ਹੈ | ਪਿਛਲੇ ਦਿਨੀਂ ਸਾਬਕਾ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਅਨਿਲ ਚੌਹਾਨ ਨੇ ਇਕ ਸਮਾਗਮ ਵਿਚ ਬੋਲਦਿਆਂ ਭਾਰਤ ਅਤੇ ਚੀਨ ਨੂੰ  ਏਸ਼ੀਆ ਦੀਆਂ ਦੋ ਵੱਡੀਆਂ ਤਾਕਤਾਂ, ਵੱਡੇ ਅਰਥਚਾਰਿਆਂ ਅਤੇ ਚਿਰਾਂ ਪੁਰਾਣੀਆਂ ਸੱਭਿਅਤਾਵਾਂ ਵਾਲੇ ਮੁਲਕ ਕਿਹਾ ਸੀ | ਇਸ ਦੇ ਨਾਲ ਹੀ ਉਨ੍ਹਾਂ ਨੇ ਏਸ਼ੀਆ ਦੇ ਭਵਿੱਖ ਨੂੰ  ਇਨ੍ਹਾਂ ਦੋਹਾਂ ਦੇਸ਼ਾਂ ਦੇ ਆਪਸੀ ਸੰਬੰਧਾਂ ਨਾਲ ਜੋੜਿਆ ਸੀ |
ਬਿਨਾਂ ਸ਼ੱਕ ਅੱਜ ਚੀਨ ਅਤੇ ਭਾਰਤ ਕੌਮਾਂਤਰੀ ਮੰਚ 'ਤੇ 2 ਵੱਡੀਆਂ ਤਾਕਤਾਂ ਵਜੋਂ ਉੱਭਰ ਰਹੇ ਹਨ ਪਰ ਚੀਨ ਦੀ ਪਸਾਰਵਾਦ ਦੀ ਨੀਤੀ ਕਰਕੇ ਭਾਰਤ ਹਮੇਸ਼ਾ ਇਸ ਨੂੰ  ਸ਼ੰਕਾ ਦੀ ਨਜ਼ਰ ਨਾਲ ਹੀ ਦੇਖਦਾ ਰਿਹਾ ਹੈ | ਚੀਨ ਦਾ ਅਜਿਹਾ ਰਵੱਈਆ ਸਿਰਫ਼ ਭਾਰਤ ਨਾਲ ਹੀ ਨਹੀਂ, ਸਗੋਂ ਜਪਾਨ ਅਤੇ ਦੱਖਣੀ ਚੀਨੀ ਸਾਗਰ ਵਿਚ ਆਪਣੇ ਦਰਜਨਾਂ ਹੀ ਗੁਆਂਢੀ ਦੇਸ਼ਾਂ ਪ੍ਰਤੀ ਵੀ ਬਣਿਆ ਰਿਹਾ ਹੈ | ਚੀਨ ਅਨੁਪਾਤਨ ਇਨ੍ਹਾਂ ਛੋਟੇ ਮੁਲਕਾਂ ਦੇ ਮੁਕਾਬਲੇ ਵਿਚ ਸਮੁੰਦਰ 'ਤੇ ਵੱਧ ਤੋਂ ਵੱਧ ਅਧਿਕਾਰ ਜਤਾਉਂਦਾ ਰਿਹਾ ਹੈ, ਜੋ ਹੋਰਾਂ ਦੇਸ਼ਾਂ ਲਈ ਖ਼ਤਰੇ ਦੀ ਘੰਟੀ ਦੀ ਤਰ੍ਹਾਂ ਹੈ | ਕੌਮਾਂਤਰੀ ਜਹਾਜ਼ ਮਾਰਗਾਂ 'ਤੇ ਵੀ ਵਧ ਤੋਂ ਵਧ ਆਪਣਾ ਅਧਿਕਾਰ ਜਮਾਉਣ ਦੀ ਚੀਨ ਦੀ ਨੀਤੀ ਕਾਰਨ ਆਸਟ੍ਰੇਲੀਆ ਅਤੇ ਯੂਰਪ ਦੇ ਬਹੁਤੇ ਦੇਸ਼ ਵੀ ਉਸ ਨੂੰ  ਸ਼ੱਕੀ ਨਜ਼ਰਾਂ ਨਾਲ ਦੇਖਦੇ ਰਹੇ ਹਨ | ਅਜਿਹੀ ਵਿਸਥਾਰਵਾਦੀ ਨੀਤੀ ਕਿਸੇ ਸਮੇਂ ਵੱਡੇ ਟਕਰਾਅ ਨੂੰ  ਵੀ ਜਨਮ ਦੇ ਸਕਦੀ ਹੈ | ਚੀਨ ਨੇ ਭਾਰਤ ਦੇ ਗੁਆਂਢੀ ਦੇਸ਼ਾਂ 'ਤੇ ਵੀ ਆਪਣਾ ਆਰਥਿਕ ਪ੍ਰਭਾਵ ਬਣਾਉਣ ਦੀ ਨੀਤੀ ਜਾਰੀ ਰੱਖੀ ਹੋਈ ਹੈ, ਜਿਸ ਨਾਲ ਭਾਰਤ ਦੀਆਂ ਸ਼ੰਕਾਵਾਂ ਵਿਚ ਵਾਧਾ ਹੁੰਦਾ ਰਿਹਾ ਹੈ | ਦਿੱਲੀ ਵਿਚ ਹੋਣ ਵਾਲਾ ਬਿ੍ਕਸ ਸੰਮੇਲਨ ਇਨ੍ਹਾਂ ਸ਼ੰਕਾਵਾਂ ਨੂੰ  ਕਿੰਨੀ ਕੁ ਹੱਦ ਤੱਕ ਦੂਰ ਕਰ ਸਕੇਗਾ ਅਤੇ ਵਿਸ਼ਵ ਲਈ ਕੀ ਸੁਨੇਹਾ ਲੈ ਕੇ ਆਵੇਗਾ, ਹੁਣ ਇਹ ਵੇਖਣਾ ਬਾਕੀ ਹੋਵੇਗਾ |

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਦੋਸਤੀ ਅਜਿਹੀ ਸੁਨਹਿਰੀ ਤੰਦ ਹੈ, ਜਿਸ ਵਿਚ ਦੁਨੀਆ ਦੇ ਦਿਲ ਪਰੋਏ ਜਾ ਸਕਦੇ ਹਨ | ¸ਜੌਨ ਐਵਲਿਨ ਅਗਲੀ ਖ਼ਬਰ ਵਧਦੀ ਮਹਿੰਗਾਈ ਨੂੰ ਕਿਵੇਂ ਰੋਕਿਆ ਜਾਵੇ?
Ad Position 24