08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਸਿਹਤਯਾਬੀ ਵਿਚ ਅਹਿਮ ਰੋਲ ਅਦਾ ਕਰਦੀ ਹੈ ਫਿਜ਼ੀਓਥਰੈਪੀ

ਸਿਹਤਯਾਬੀ ਵਿਚ ਅਹਿਮ ਰੋਲ ਅਦਾ ਕਰਦੀ ਹੈ ਫਿਜ਼ੀਓਥਰੈਪੀ

Ad Position 21
repet_subhas-goyals [Copy P29]
ਅਜੀਤ ਡੈਸਕ 08-09-2026

ਵਿਸ਼ਵ ਫਿਜ਼ੀਓਥੈਰੇਪੀ ਦਿਵਸ 'ਤੇ ਵਿਸ਼ੇਸ਼

ਹਰ ਸਾਲ 8 ਸਤੰਬਰ ਨੂੰ  ਵਿਸ਼ਵ ਫਿਜ਼ੀਓਥੈਰੇਪੀ ਦਿਵਸ ਮਨਾਇਆ ਜਾਂਦਾ ਹੈ | ਇਹ ਦਿਨ ਦੁਨੀਆ ਭਰ 'ਚ ਫਿਜ਼ੀਓਥੈਰੇਪਿਸਟਾਂ ਦੇ ਯੋਗਦਾਨ ਦੀ ਮਹੱਤਤਾ ਦਰਸਾਉਣ ਅਤੇ ਲੋਕਾਂ ਨੂੰ  ਸਰੀਰਕ ਸਿਹਤ, ਗਤੀਸ਼ੀਲਤਾ ਤੇ ਸਿਹਤ ਬਹਾਲੀ ਵਿਚ ਫਿਜ਼ੀਓਥੈਰੇਪੀ ਦੀ ਮਹੱਤਵਪੂਰਨ ਭੂਮਿਕਾ ਸੰਬੰਧੀ ਜਾਗਰੂਕ ਕਰਨ ਦਾ ਮੌਕਾ ਦਿੰਦਾ ਹੈ | ਫਿਜ਼ੀਓਥੈਰੇਪੀ ਅੱਜ ਸਿਰਫ਼ ਸੱਟ ਜਾਂ ਫ੍ਰੈਕਚਰ ਤੋਂ ਬਾਅਦ ਹੋਣ ਵਾਲੀ ਚਿਕਿਤਸਾ ਤੱਕ ਸੀਮਤ ਨਾ ਰਹਿ ਕੇ ਆਧੁਨਿਕ ਸਰੀਰਕ ਸਿਹਤਯਾਬੀ ਦਾ ਇੱਕ ਮਹੱਤਵਪੂਰਨ ਆਧਾਰ ਬਣ ਚੁੱਕੀ ਹੈ | ਪੁਰਾਤਨ ਸਮਿਆਂ ਤੋਂ ਹੀ ਮਨੁੱਖ ਸੱਟ, ਬਿਮਾਰੀ ਜਾਂ ਸਰੀਰ ਦੇ ਕਿਸੇ ਅੰਗ ਦੀ ਕਮਜ਼ੋਰੀ ਨੂੰ  ਦੂਰ ਕਰਨ ਲਈ ਕਸਰਤ, ਮਾਲਿਸ਼ ਤੇ ਕੁਦਰਤੀ ਇਲਾਜ ਦਾ ਸਹਾਰਾ ਲੈਂਦਾ ਆ ਰਿਹਾ ਹੈ | ਪ੍ਰਾਚੀਨ ਭਾਰਤੀ ਚਿਕਿਤਸਾ ਪਰੰਪਰਾ ਵਿਚ ਕਸਰਤ,  ਤੇਲ ਦੀ ਮਾਲਿਸ਼ ਤੇ ਜਲ ਚਿਕਿਤਸਾ ਦਾ ਜ਼ਿਕਰ ਮਿਲਦਾ ਹੈ | ਪ੍ਰਾਚੀਨ ਯੂਨਾਨੀ ਤੇ ਰੋਮਨ ਸੱਭਿਆਚਾਰਾਂ ਵਿਚ ਵੀ ਸਰੀਰਕ ਕਸਰਤ ਤੇ ਮਾਲਿਸ਼ ਨੂੰ  ਤੰਦਰੁਸਤ ਸਰੀਰ ਲਈ ਮਹੱਤਵਪੂਰਨ ਮੰਨਿਆ ਜਾਂਦਾ ਸੀ | ਹਾਲਾਂਕਿ ਇਨ੍ਹਾਂ ਪਰੰਪਰਾਗਤ ਤਰੀਕਿਆਂ ਨੂੰ  ਵਿਵਸਥਿਤ ਤੇ ਵਿਗਿਆਨਕ ਰੂਪ ਦੇਣ ਦੀ ਦਿਸ਼ਾ 'ਚ 19ਵੀਂ ਸਦੀ ਦੇ ਸਵੀਡਿਸ਼ ਅਧਿਆਪਕ ਤੇ ਕਸਰਤ ਮਾਹਿਰ ਪੇਰ ਹੈਨਰਿਕ ਲਿੰਗ ਦਾ ਯੋਗਦਾਨ ਇਤਿਹਾਸਕ ਹੈ |
ਪੇਰ ਹੈਨਰਿਕ ਲਿੰਗ ਨੇ ਕਸਰਤ ਨੂੰ  ਸਿਰਫ਼ ਸਰੀਰਕ ਤਾਕਤ ਵਧਾਉਣ ਦਾ ਸਾਧਨ ਨਾ ਮੰਨ ਕੇ ਇਸ ਨੂੰ  ਸਿਹਤ ਦੀ ਪੁਨਰ ਬਹਾਲੀ ਨਾਲ ਜੋੜਨ ਦਾ ਯਤਨ ਕੀਤਾ | ਉਨ੍ਹਾਂ ਨੇ 1813 'ਚ ਸਟਾਕਹੋਮ ਵਿਖੇ ਰਾਇਲ ਸੈਂਟਰਲ ਇੰਸਟੀਚਿਊਟ ਆਫ਼ ਜਿਮਨਾਸਟਿਕਸ ਦੀ ਸਥਾਪਨਾ ਕਰਕੇ ਵਿਵਸਥਿਤ ਕਸਰਤ ਤੇ ਮੈਨੂਅਲ ਤਕਨੀਕਾਂ ਰਾਹੀਂ ਸਰੀਰ ਦੀ ਗਤੀਸ਼ੀਲਤਾ ਤੇ ਕਾਰਗੁਜ਼ਾਰੀ ਵਿਚ ਸੁਧਾਰ ਲਿਆਉਣ 'ਤੇ ਜ਼ੋਰ ਦਿੱਤਾ | ਇਸੇ ਯੋਗਦਾਨ ਕਾਰਨ ਉਨ੍ਹਾਂ ਨੂੰ  ਆਧੁਨਿਕ ਫਿਜ਼ੀਓਥੈਰੇਪੀ ਦੇ ਵਿਕਾਸ ਦੇ ਮੁੱਖ ਅਗਵਾਨਾਂ 'ਚ ਸ਼ਾਮਿਲ ਕੀਤਾ ਜਾਂਦਾ ਹੈ ਤੇ ਵਿਆਪਕ ਤੌਰ 'ਤੇ ਆਧੁਨਿਕ ਫਿਜ਼ੀਓਥੈਰੇਪੀ ਦਾ ਜਨਕ ਵੀ ਕਿਹਾ ਜਾਂਦਾ ਹੈ | ਲਿੰਗ ਵਲੋਂ ਵਿਕਸਿਤ ਕੀਤੀ ਗਈ ਕਸਰਤ ਪ੍ਰਣਾਲੀ ਦਾ ਪ੍ਰਭਾਵ ਹੌਲੀ-ਹੌਲੀ ਸਵੀਡਨ ਤੋਂ ਬਾਹਰ ਯੂਰਪ ਦੇ ਹੋਰ ਹਿੱਸਿਆਂ ਤੱਕ ਪਹੁੰਚਿਆ | ਇਲਾਜਾਤਮਕ ਕਸਰਤ ਤੇ ਮੈਨੂਅਲ ਤਕਨੀਕਾਂ ਦੀ ਵਰਤੋਂ ਵੱਖ-ਵੱਖ ਸੱਟਾਂ ਤੇ ਸਰੀਰਕ ਸਮੱਸਿਆਵਾਂ ਨੂੰ  ਦੂਰ ਕਰਨ 'ਚ ਹੋਣ ਲੱਗੀ | 20ਵੀਂ ਸਦੀ ਵਿਚ ਜੰਗਾਂ ਦੌਰਾਨ ਜ਼ਖ਼ਮੀ ਸੈਨਿਕਾਂ ਦੀ ਸਿਹਤ ਬਹਾਲੀ 'ਚ ਫਿਜ਼ੀਓਥੈਰੇਪੀ ਦੀ ਉਪਯੋਗਤਾ ਹੋਰ ਵੀ ਵਧਣ ਬਾਅਦ ਹਸਪਤਾਲਾਂ, ਸਿਹਤ ਬਹਾਲੀ ਦੇ ਕੇਂਦਰਾਂ, ਖੇਡ ਚਿਕਿਤਸਾ ਤੇ ਹੋਰ ਸਿਹਤ ਸੇਵਾਵਾਂ ਵਿਚ ਇਸ ਦੀ ਮਹੱਤਤਾ ਲਗਾਤਾਰ ਵਧਦੀ ਗਈ |
ਭਾਰਤ ਵਿਚ ਵੀ ਫਿਜ਼ੀਓਥੈਰੇਪੀ ਨੇ ਹੌਲੀ-ਹੌਲੀ ਚਿਕਿਤਸਾ ਪ੍ਰਣਾਲੀ 'ਚ ਆਪਣੀ ਮਹੱਤਵਪੂਰਨ ਥਾਂ ਬਣਾ ਲਈ ਹੈ | 20ਵੀਂ ਸਦੀ ਦੇ ਮੱਧ ਵਿਚ ਹਸਪਤਾਲਾਂ ਤੇ ਮੈਡੀਕਲ ਸੰਸਥਾਵਾਂ 'ਚ ਫਿਜ਼ੀਓਥੈਰੇਪੀ ਸੇਵਾਵਾਂ ਦਾ ਵਿਸਥਾਰ ਹੋਇਆ ਤੇ ਸਿਖਲਾਈ ਪ੍ਰਾਪਤ ਫਿਜ਼ੀਓਥੈਰੇਪਿਸਟ ਤਿਆਰ ਹੋਣ ਲੱਗੇ | ਅੱਜ ਇਹ ਸਿਹਤ ਬਹਾਲੀ ਸੰਬੰਧੀ ਚਿਕਿਤਸਾ ਦੀ ਇੱਕ ਮਹੱਤਵਪੂਰਨ ਸ਼ਾਖਾ ਹੈ ਅਤੇ ਦੇਸ਼ ਵਿਚ ਵੱਖ-ਵੱਖ ਉਮਰ ਵਰਗਾਂ ਦੇ ਲੋਕ ਇਸ ਦਾ ਲਾਭ ਲੈ ਰਹੇ ਹਨ | ਫਿਜ਼ੀਓਥੈਰੇਪੀ ਦਾ ਖੇਤਰ ਹੁਣ ਬਹੁਤ ਵਿਸ਼ਾਲ ਹੋ ਚੁੱਕਾ ਹੈ | ਸਟ੍ਰੋਕ, ਲਕਵਾ, ਰੀੜ੍ਹ ਦੀ ਹੱਡੀ ਦੀ ਸੱਟ, ਖੇਡਾਂ ਨਾਲ ਸੰਬੰਧਿਤ ਸੱਟਾਂ, ਗਠੀਆ, ਮਾਸਪੇਸ਼ੀਆਂ ਤੇ ਜੋੜਾਂ ਦੀਆਂ ਸਮੱਸਿਆਵਾਂ, ਸਾਹ ਨਾਲ ਸੰਬੰਧਿਤ ਬਿਮਾਰੀਆਂ ਤੇ ਵੱਖ-ਵੱਖ ਸਰਜਰੀਆਂ ਤੋਂ ਬਾਅਦ ਪੁਨਰਵਾਸ ਵਿਚ ਇਸ ਦੀ ਮਹੱਤਵਪੂਰਨ ਭੂਮਿਕਾ ਹੈ | ਇਸ ਦਾ ਉਦੇਸ਼ ਸਿਰਫ਼ ਦਰਦ ਘਟਾਉਣਾ ਨਹੀਂ, ਸਗੋਂ ਵਿਅਕਤੀ ਦੀ ਗਤੀਸ਼ੀਲਤਾ, ਸਰੀਰਕ ਸਮਰੱਥਾ ਤੇ ਜੀਵਨ ਵਿਚ ਆਤਮਨਿਰਭਰਤਾ ਨੂੰ  ਮੁੜ ਬਹਾਲ ਕਰਨਾ ਵੀ ਹੈ | ਆਧੁਨਿਕ ਫਿਜ਼ੀਓਥੈਰੇਪੀ ਵਿਚ ਮਰੀਜ਼ ਦੀ ਸਥਿਤੀ ਤੇ ਲੋੜ ਅਨੁਸਾਰ ਇਲਾਜਾਤਮਕ ਕਸਰਤ, ਮੈਨੂਅਲ ਥੈਰੇਪੀ, ਸੰਤੁਲਨ ਤੇ ਗਤੀਸ਼ੀਲਤਾ ਦੀ ਸਿਖਲਾਈ, ਸਰੀਰਕ ਮੁਦਰਾ ਵਿਚ ਸੁਧਾਰ ਤੇ ਹੋਰ ਸਿਹਤ ਬਹਾਲੀ ਤਕਨੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ | ਇਲਾਜ ਦੀ ਪ੍ਰਕਿਰਿਆ ਵਿਅਕਤੀ ਦੀ ਉਮਰ, ਸਰੀਰਕ ਸਮਰੱਥਾ ਤੇ ਸਮੱਸਿਆ ਦੇ ਅਨੁਸਾਰ ਨਿਰਧਾਰਤ ਕੀਤੀ ਜਾਂਦੀ ਹੈ | ਇਸ ਲਈ ਮਾਹਿਰ ਦੀ ਸਲਾਹ ਤੇ ਨਿਗਰਾਨੀ ਹੇਠ ਕੀਤੀ ਸਿਹਤ ਬਹਾਲੀ ਵਧੇਰੇ ਸੁਰੱਖਿਅਤ ਹੁੰਦੀ ਹੈ | ਅੱਜ ਦੀ ਬਦਲਦੀ ਜੀਵਨਸ਼ੈਲੀ 'ਚ ਫਿਜ਼ੀਓਥੈਰੇਪੀ ਦੀ ਉਪਯੋਗਤਾ ਹੋਰ ਵੀ ਵਧ ਗਈ ਹੈ | ਲੰਬੇ ਸਮੇਂ ਤੱਕ ਬੈਠ ਕੇ ਕੰਮ ਕਰਨਾ, ਸਰੀਰਕ ਸਰਗਰਮੀਆਂ 'ਚ ਕਮੀ, ਖੇਡਾਂ ਦੌਰਾਨ ਹੋਣ ਵਾਲੀਆਂ ਸੱਟਾਂ ਤੇ ਵਧਦੀ ਉਮਰ ਨਾਲ ਜੁੜੀਆਂ ਮਾਸਪੇਸ਼ੀਆਂ ਤੇ ਜੋੜਾਂ ਦੀਆਂ ਸਮੱਸਿਆਵਾਂ ਲੋਕਾਂ ਦੀ ਗਤੀਸ਼ੀਲਤਾ ਨੂੰ  ਪ੍ਰਭਾਵਿਤ ਕਰ ਰਹੀਆਂ ਹਨ | ਅਜਿਹੇ ਵਿਚ ਫਿਜ਼ੀਓਥੈਰੇਪੀ ਵਿਅਕਤੀ ਨੂੰ  ਮੁੜ ਸਰਗਰਮ ਜੀਵਨ ਵੱਲ ਲਿਆਉਣ 'ਚ ਅਹਿਮ ਭੂਮਿਕਾ ਨਿਭਾਅ ਸਕਦੀ ਹੈ | ਪੇਰ ਹੈਨਰਿਕ ਲਿੰਗ ਦਾ ਜਨਮ 15 ਨਵੰਬਰ, 1776 ਨੂੰ  ਸਵੀਡਨ 'ਚ ਹੋਇਆ ਸੀ | ਉਹ ਅਧਿਆਪਕ, ਕਵੀ ਤੇ ਸਰੀਰਕ ਕਸਰਤ ਦੇ ਮਾਹਿਰ ਸਨ | ਉਨ੍ਹਾਂ ਦਾ ਸਭ ਤੋਂ ਮਹੱਤਵਪੂਰਨ ਯੋਗਦਾਨ ਇਲਾਜਾਤਮਕ ਪੱਖ ਤੋਂ ਵਿਵਸਥਿਤ ਕਸਰਤ ਪ੍ਰਣਾਲੀ ਦੇ ਵਿਕਾਸ ਤੇ ਸਾਲ 1813 ਵਿਚ ਸਟਾਕਹੋਮ 'ਚ ਰਾਇਲ ਸੈਂਟਰਲ ਇੰਸਟੀਚਿਊਟ ਆਫ਼ ਜਿਮਨਾਸਟਿਕਸ ਦੀ ਸਥਾਪਨਾ ਕਰਨ ਨੂੰ  ਮੰਨਿਆ ਜਾਂਦਾ ਹੈ | ਉਨ੍ਹਾਂ ਦਾ ਦਿਹਾਂਤ 3 ਮਈ, 1839 ਨੂੰ  ਹੋਇਆ | ਉਨ੍ਹਾਂ ਦੇ ਵਿਚਾਰਾਂ ਨੇ ਕਸਰਤ ਤੇ ਸਰੀਰਕ ਪੁਨਰ ਬਹਾਲੀ ਨੂੰ  ਵਿਵਸਥਿਤ ਰੂਪ ਦੇਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ |
ਵਿਸ਼ਵ ਫਿਜ਼ੀਓਥੈਰੇਪੀ ਦਿਵਸ ਸਾਨੂੰ ਇਹ ਸਮਝਣ ਦਾ ਮੌਕਾ ਦਿੰਦਾ ਹੈ ਕਿ ਕਿਸੇ ਬਿਮਾਰੀ ਜਾਂ ਸੱਟ ਤੋਂ ਠੀਕ ਹੋਣਾ ਸਿਰਫ਼ ਦਵਾਈਆਂ ਅਤੇ ਸਰਜਰੀ ਤੱਕ ਸੀਮਿਤ ਨਹੀਂ ਹੈ | ਕਈ ਹਾਲਤਾਂ ਵਿਚ ਸਰੀਰ ਦੀ ਗੁਆਚੀ ਤਾਕਤ, ਸੰਤੁਲਨ ਅਤੇ ਗਤੀਸ਼ੀਲਤਾ ਵਾਪਸ ਹਾਸਿਲ ਕਰਨ ਲਈ ਫਿਜ਼ੀਓਥਰੈਪੀ ਵੀ ਉਨੀ ਹੀ ਮਹੱਤਵਪੂਰਨ ਹੁੰਦੀ ਹੈ | ਫਿਜ਼ੀਓਥੈਰੇਪਿਸਟ ਇਸ ਪ੍ਰਕਿਰਿਆ ਵਿਚ ਵਿਅਕਤੀ ਨੂੰ  ਹੌਲੀ-ਹੌਲੀ ਬਿਹਤਰ ਸਰੀਰਕ ਸਮਰੱਥਾ ਅਤੇ ਆਤਮਨਿਰਭਰਤਾ ਵੱਲ ਲਿਜਾਣ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ | ਫਿਜ਼ੀਓਥੈਰੇਪੀ ਦੀ ਸਭ ਤੋਂ ਵੱਡੀ ਉਪਲਬਧੀ ਇਹ ਹੈ ਕਿ ਇਹ ਵਿਅਕਤੀ ਨੂੰ  ਸਿਰਫ਼ ਇਲਾਜ ਦਾ ਅਨੁਭਵ ਨਹੀਂ ਦਿੰਦੀ, ਸਗੋਂ ਉਸ ਨੂੰ  ਮੁੜ ਚੱਲਣ, ਉੱਠਣ, ਕੰਮ ਕਰਨ ਅਤੇ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਆਤਮਵਿਸ਼ਵਾਸ ਨਾਲ ਜੀਣ ਦੀ ਸਮਰੱਥਾ ਹਾਸਿਲ ਕਰਨ ਵਿਚ ਮਦਦ ਕਰਦੀ ਹੈ | ਇਸ ਤਰ੍ਹਾਂ ਪੇਰ ਹੈਨਰਿਕ ਦੀ ਵਿਰਾਸਤ ਅੱਜ ਆਧੁਨਿਕ ਪੁਨਰਵਾਸ ਚਿਕਿਤਸਾ ਵਿਚ ਸਪੱਸ਼ਟ ਤੌਰ 'ਤੇ ਦਿਖਾਈ ਦਿੰਦੀ ਹੈ ਤੇ ਦੁਨੀਆ ਭਰ 'ਚ ਕਰੋੜਾਂ ਲੋਕਾਂ ਦੇ ਜੀਵਨ ਨੂੰ  ਬਿਹਤਰ ਬਣਾਉਣ ਵਿਚ ਯੋਗਦਾਨ ਪਾ ਰਹੀ ਹੈ |

-ਮੋਬਾਈਲ : 90412-95900

Ad Position 22
No active advertisement
ਪਿਛਲੀ ਖ਼ਬਰ ਵਿਕਾਸ ਦਰ ਸੰਬੰਧੀ ਬੇਵਿਸ਼ਵਾਸੀ ਕਿਉਂ? ਅਗਲੀ ਖ਼ਬਰ ਫ਼ਸਲੀ ਵਿਭਿੰਨਤਾ ਤੇ ਸਬਜ਼ੀਆਂ ਦੀ ਕਾਸ਼ਤ
Ad Position 24