ਸਬਜ਼ੀਆਂ ਦਾ ਇਸਤੇਮਾਲ ਸਿਹਤ ਲਈ ਬੜਾ ਜ਼ਰੂਰੀ ਹੈ | ਨੈਸ਼ਨਲ ਇੰਸਟੀਚਿਊਟ ਆਫ ਨਿਊਟਰੀਸ਼ਨ ਹੈਦਰਾਬਾਦ ਅਨੁਸਾਰ ਹਰ ਵਿਅਕਤੀ ਨੂੰ ਰੋਜ਼ਾਨਾ 300 ਗ੍ਰਾਮ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ | ਘਰੇਲੂ ਪੱਧਰ 'ਤੇ ਸਬਜ਼ੀਆਂ ਲਗਾਉਣ ਲਈ ਬਾਗ਼ਬਾਨੀ ਵਿਭਾਗ ਪੰਜਾਬ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਤੇ ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਚਿਊਟ ਸਬਜ਼ੀਆਂ ਦੀਆਂ ਮਿੰਨੀ ਕਿੱਟਾਂ, ਜਿਸ ਦੀ ਇਕ ਕਿੱਟ ਵਿਚ 8–10 ਤਰ੍ਹਾਂ ਦੀਆਂ ਸਬਜ਼ੀਆਂ ਦੇ ਬੀਜ ਹੁੰਦੇ ਹਨ, ਸਪਲਾਈ ਕਰਦੀਆਂ ਹਨ | ਇਹ ਬੀਜ ਤਿੰਨ ਮਰਲਾ ਜਗ੍ਹਾ ਵਿਚ ਬੀਜੇ ਜਾ ਸਕਦੇ ਹਨ ਅਤੇ ਇਕ ਟੱਬਰ ਦੇ ਮੈਂਬਰਾਂ ਲਈ ਕਾਫੀ ਸਬਜ਼ੀ ਪੈਦਾ ਕਰ ਸਕਦੇ ਹਨ | ਇਨ੍ਹਾਂ ਸਬਜ਼ੀਆਂ ਨੂੰ ਬਗ਼ੀਚੀਆਂ, ਗਮਲਿਆਂ ਜਾਂ ਛੱਤਾਂ 'ਤੇ ਉਗਾ ਕੇ ਲੋੜੀਂਦੇ ਵਿਟਾਮਿਨ, ਮਿਨਰਲ ਅਤੇ ਐਂਟੀਆਕਸੀਡੈਂਟ ਤੱਤ ਪ੍ਰਾਪਤ ਹੁੰਦੇ ਹਨ | ਹਰ ਵਿਅਕਤੀ ਨੂੰ ਆਪਣੇ ਘਰ ਲਈ ਆਪ ਸਬਜ਼ੀਆਂ ਉਗਾਣੀਆਂ ਚਾਹੀਦੀਆਂ ਹਨ |
ਇਸ ਨਾਲ ਆਰਥਿਕ ਲਾਭ ਤਾਂ ਹੁੰਦਾ ਹੀ ਹੈ ਇਸ ਤੋਂ ਇਲਾਵਾ ਨਾਮੁਰਾਦ ਬਿਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ | ਵਪਾਰਕ ਅਤੇ ਘਰੇਲੂ ਪੱਧਰ 'ਤੇ ਸਬਜ਼ੀਆਂ ਉਗਾਉਣ ਵਾਲੇ ਵਿਅਕਤੀਆਂ ਨੂੰ ਮਾਹਿਰਾਂ ਦੀਆਂ ਸਿਫ਼ਾਰਸ਼ਾਂ ਨੂੰ ਅਣਗੌਲਿਆ ਕਰਕੇ ਦੁਕਾਨਦਾਰਾਂ ਦੇ ਕਹਿਣ 'ਤੇ ਜ਼ਹਿਰਾਂ ਦੇ ਸਪਰੇਅ ਨਹੀਂ ਕਰਨੇ ਚਾਹੀਦੇ | ਇਸ ਤਰ੍ਹਾਂ ਸਪਰੇਆਂ ਲਈ ਵਰਤੀਆਂ ਜਾਣ ਵਾਲੀਆਂ ਕੁਝ ਦਵਾਈਆਂ ਜਿਵੇਂ ਫਿਊਰਾਡਾਨ ਜਾਂ ਥੀਮੇਟ ਆਦਿ ਦਾ ਅਸਰ ਸਬਜ਼ੀਆਂ ਵਿਚ ਇਕ ਤੋਂ ਡੇਢ ਮਹੀਨਾ ਰਹਿੰਦਾ ਹੈ, ਜੋ ਮਨੁੱਖੀ ਸਿਹਤ ਲਈ ਘਾਤਕ ਹੈ |
ਖਾਣ ਤੋਂ ਇਲਾਵਾ ਸਬਜ਼ੀਆਂ ਰਾਹੀਂ ਫ਼ਸਲੀ ਭਿੰਨਤਾ ਲਿਆਉਣ ਲਈ ਸਬਜ਼ੀਆਂ ਦੀ ਵਿਸ਼ੇਸ਼ ਭੁੂਮਿਕਾ ਹੈ | ਜੋ ਪੀ.ਏ.ਯੂ. 'ਚ 'ਹਾਰਟੀਕਲਚਰ ਨਾਲੇਜ ਸੈਂਟਰ' ਸਥਾਪਤ ਕੀਤਾ ਗਿਆ ਹੈ, ਉਸ ਲਈ 1200 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ, ਜਿਸ ਵਿਚ ਬਾਗ਼ਬਾਨੀ ਰਾਹੀਂ ਭਿੰਨਤਾ ਲਿਆਉਣ ਲਈ ਸਬਜ਼ੀਆਂ ਦਾ ਵੀ ਹਿੱਸਾ ਹੋਵੇਗਾ | ਸਬਜ਼ੀਆਂ ਛੋਟੇ ਕਿਸਾਨਾਂ ਰਾਹੀਂ ਵਧੇਰੇ ਪੈਦਾ ਕੀਤੀਆਂ ਜਾਂਦੀਆਂ ਹਨ | ਉਨ੍ਹਾਂ ਨੂੰ ਸਬਜ਼ੀਆਂ ਦੀ ਕਾਸ਼ਤ ਵਧਣ ਨਾਲ ਵਿਸ਼ੇਸ਼ ਲਾਭ ਪਹੁੰਚੇਗਾ | ਝੋਨੇ ਦੀ ਕਾਸ਼ਤ ਥੱਲਿਓਾ ਰਕਬਾ ਘਟਾ ਕੇ ਸਬਜ਼ੀਆਂ ਤੇ ਫ਼ਲਾਂ ਦੀ ਕਾਸ਼ਤ ਵਧਾਉਣਾ ਫ਼ਸਲੀ ਭਿੰਨਤਾ ਲਿਆਉਣ ਲਈ ਬੜਾ ਅਹਿਮ ਹੈ | ਪਾਣੀ ਦੀ ਬੱਚਤ ਹੋਵੇਗੀ, ਜ਼ਮੀਨੀ ਪਾਣੀ ਦਾ ਪੱਧਰ ਡਿੱਗਣ ਤੋਂ ਰੁਕੇਗਾ ਅਤੇ ਕਿਸਾਨਾਂ ਲਈ ਰੁਜ਼ਗ਼ਾਰ ਦੇ ਮੌਕੇ ਪੈਦਾ ਹੋਣਗੇ |
ਸਰਦੀਆਂ 'ਚ ਵਰਤਣ ਵਾਲੀਆਂ ਸਬਜ਼ੀਆਂ, ਜਿਨ੍ਹਾਂ 'ਚ ਮੂਲੀ, ਗਾਜਰ, ਪਾਲਕ, ਮੇਥੀ, ਧਨੀਆ, ਬ੍ਰੋਕਲੀ, ਪੀਲੀ ਸਰ੍ਹੋਂ, ਫੁੱਲ ਗੋਭੀ ਅਤੇ ਬੰਦ ਗੋਭੀ ਆਦਿ ਸ਼ਾਮਿਲ ਹਨ, ਨੂੰ ਬੀਜਣ ਦਾ ਯੋਗ ਸਮਾਂ ਸਤੰਬਰ ਦਾ ਮਹੀਨਾ ਹੈ | ਭਾਵੇਂ ਇਹ ਅਕਤੂਬਰ ਦੇ ਆਖਰੀ ਦਿਨਾਂ 'ਚ ਵੀ ਬੀਜੀਆਂ ਜਾਂਦੀਆਂ ਹਨ |
ਇਨ੍ਹਾਂ ਸਬਜ਼ੀਆਂ ਦੀ ਬਿਜਾਈ ਤੋਂ ਪਹਿਲਾਂ ਬਾਗ਼ਬਾਨੀ ਵਿਭਾਗ ਦੇ ਸੇਵਾਮੁਕਤ ਡਿਪਟੀ ਡਾਇਰੈਕਟਰ ਡਾ. ਸਵਰਨ ਸਿੰਘ ਮਾਨ ਕਹਿੰਦੇ ਹਨ ਕਿ ਇਕ ਮਰਲੇ ਲਈ 400 ਕਿਲੋਗ੍ਰਾਮ ਗਲੀ–ਸੜੀ ਰੂੜੀ ਦੀ ਖਾਦ ਜਾਂ 100 ਕਿਲੋਗ੍ਰਾਮ ਵਰਮੀ ਕੰਪੋਸਟ ਜ਼ਮੀਨ ਵਿਚ ਪਾ ਕੇ ਮਿਕਸ ਕਰ ਦੇਣੀ ਚਾਹੀਦੀ ਹੈ | ਵਧੀਆ ਕੁਆਲਿਟੀ ਦੀਆਂ ਸਬਜ਼ੀਆਂ ਦੀਆਂ ਪਨੀਰੀਆਂ ਸੈਂਟਰ ਆਫ ਐਕਸੀਲੈਂਸ (ਕਰਤਾਰਪੁਰ) ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ | ਕਈ ਨਿੱਜੀ ਨਰਸਰੀਆਂ ਵੀ ਸਬਜ਼ੀਆਂ ਦੀ ਸਿਹਤਮੰਦ ਪਨੀਰੀ ਸਪਲਾਈ ਕਰਦੀਆਂ ਹਨ | ਜਿਨ੍ਹਾਂ ਕੋਲ ਘਰੇਲੂ ਬਗੀਚੀ ਲਈ ਜਗ੍ਹਾ ਨਹੀਂ, ਉਹ ਬ੍ਰੋਕਲੀ, ਗੋਭੀ, ਪਿਆਜ਼, ਮੂਲੀ, ਪਾਲਕ, ਪੁਦੀਨਾ ਆਦਿ ਸਬਜ਼ੀਆਂ, ਜਿਨ੍ਹਾਂ ਦੀਆਂ ਜੜ੍ਹਾਂ ਘੱਟ ਡੂੰਘਾਈ ਤੱਕ ਜਾਂਦੀਆਂ ਹਨ, ਨੂੰ ਗਮਲਿਆਂ ਜਾਂ ਕੰਟੇਨਰਾਂ 'ਚ ਵੀ ਬੀਜ ਸਕਦੇ ਹਨ | ਜਿਨ੍ਹਾਂ ਸਬਜ਼ੀਆਂ ਦੀਆਂ ਜੜ੍ਹਾਂ ਦਰਮਿਆਨੀ ਡੂੰਘਾਈ ਤੱਕ ਜਾਂਦੀਆਂ ਹਨ, ਜਿਵੇਂ ਬੀਨਜ, ਗਾਜਰ, ਖੀਰਾ, ਬੈਂਗਣ, ਮਟਰ, ਸ਼ਿਮਲਾ ਮਿਰਚ, ਸ਼ਲਗਮ, ਘੀਆ ਕੱਦੂ, ਸ਼ਕਰਕੰਦੀ ਆਦਿ ਵੀ ਗਮਲਿਆਂ ਜਾਂ ਕੰਟੇਨਰਾਂ 'ਚ ਲਾਈਆਂ ਜਾ ਸਕਦੀਆਂ ਹਨ | ਘਰ ਦੀ ਛੱਤ 'ਤੇ ਪਏ ਗਮਲੇ ਜਾਂ ਕੰਟੇਨਰਾਂ ਨੂੰ ਸਰਦੀਆਂ ਵਿਚ ਹਫ਼ਤੇ ਵਿਚ ਦੋ ਵੇਰ ਹਲਕਾ ਪਾਣੀ ਦੇ ਦੇਣਾ ਚਾਹੀਦਾ ਹੈ | ਬਰਸਾਤੀ ਮੌਸਮ 'ਚ ਪਾਣੀ ਖੜ੍ਹਾ ਨਹੀਂ ਰਹਿਣ ਦੇਣਾ ਚਾਹੀਦਾ | ਕੀੜੇ–ਮਕੌੜੇ ਤੇ ਬਿਮਾਰੀਆਂ ਤੋਂ ਬਚਾਅ ਲਈ ਸਬਜ਼ੀਆਂ ਨੈੱਟ–ਹਾਊਸ ਵਿਚ ਬੀਜੀਆਂ ਜਾਣ | ਉੱਲੀ ਦੀ ਬਿਮਾਰੀ ਤੋਂ ਬਚਾਅ ਲਈ ਇਕ ਲਿਟਰ ਚਾਰ ਦਿਨ ਪੁਰਾਣੀ ਲੱਸੀ ਨੂੰ 15 ਲਿਟਰ ਪਾਣੀ 'ਚ ਪਾ ਕੇ ਸਪਰੇਅ ਕਰਨੀ ਚਾਹੀਦੀ ਹੈ | ਕੀੜੇ–ਮਕੌੜੇ ਤੋਂ ਬਚਾਅ ਲਈ 2 ਕਿੱਲੋਗ੍ਰਾਮ ਲਸਣ, 1 ਕਿਲੋਗ੍ਰਾਮ ਅਦਰਕ ਅਤੇ 1 ਕਿਲੋਗ੍ਰਾਮ ਹਰੀ ਮਿਰਚ ਪੀਸ ਕੇ ਅਤੇ ਕੱਪੜ ਛਾਣ ਕਰਕੇ 15 ਲਿਟਰ ਪਾਣੀ ਵਿਚ ਘੋਲ ਕੇ ਸਪਰੇਅ ਕਰ ਦੇਣਾ ਚਾਹੀਦਾ ਹੈ | ਸਿਉਂਕ ਤੋਂ ਬਚਾਅ ਲਈ 20 ਗ੍ਰਾਮ ਹਿੰਗ ਦਾ ਟੁਕੜਾ ਕੱਪੜੇ ਵਿਚ ਲਪੇਟ ਕੇ ਪਾਣੀ ਵਾਲੀ ਖਾਲ ਵਿਚ ਰੱਖ ਦੇਣਾ ਚਾਹੀਦਾ ਹੈ | 4 ਕਿਲੋਗ੍ਰਾਮ ਨਿੰਮ ਦੇ ਪੱਤੇ ਟਾਹਣੀਆਂ ਨੂੰ 10 ਲਿਟਰ ਪਾਣੀ ਵਿਚ ਪਾ ਕੇ ਅੱਧਾ ਘੰਟਾ ਉਬਾਲ ਕੇ ਇਸ ਘੋਲ ਨੂੰ ਪਾਣੀ ਵਿਚ ਪਾ ਕੇ ਸਬਜ਼ੀਆਂ 'ਚ ਕੀੜੇ–ਮਕੌੜੇ ਅਤੇ ਬਿਮਾਰੀਆਂ ਤੋਂ ਬਚਾਅ ਲਈ ਸਪਰੇਅ ਕੀਤਾ ਜਾ ਸਕਦਾ ਹੈ |
ਪੀ.ਏ.ਯੂ. ਦੇ ਐਡਲ ਡਾਇਰੈਕਟਰ (ਐਕਸਟੈਂਸ਼ਨ) ਤੇ ਸੀਨੀਅਰ ਵਿਗਿਆਨੀ ਡਾ. ਤਰਸੇਮ ਸਿੰਘ ਢਿੱਲੋਂ ਕਹਿੰਦੇ ਹਨ ਕਿ ਗਾਜਰ ਜੋ ਵਿਟਾਮਿਨ ਭਰਪੂਰ ਹੈ, ਹਰ ਵਿਅਕਤੀ ਦੀ ਪਸੰਦੀਦਾ ਸਬਜ਼ੀ ਹੈ | ਇਸ ਦਾ ਚੰਗਾ ਮਿਆਰ ਠੰਢੇ ਮੌਸਮ ਵਿਚ ਹੀ ਬਣਦਾ ਹੈ | ਗਾਜਰ ਤੋਂ ਕਈ ਪਦਾਰਥ ਤਿਆਰ ਕੀਤੇ ਜਾਂਦੇ ਹਨ | ਗਾਜਰਾਂ ਦੀਆਂ ਸੁਧਰੀਆਂ ਕਿਸਮਾਂ ਪੰਜਾਬ ਸੰਤਰੀ, ਪੰਜਾਬ ਜਾਮਣੀ, ਪੰਜਾਬ ਰੋਸ਼ਨੀ, ਪੀਸੀ-161, ਪੰਜਾਬ ਬਲੈਕ ਬਿਊਟੀ ਕਿਸਮਾਂ 'ਚੋਂ ਕੋਈ ਕਿਸਮ ਚੁਣੀ ਜਾ ਸਕਦੀ ਹੈ | ਗਾਜਰ ਆਮ ਤੌਰ 'ਤੇ 90–100 ਦਿਨਾਂ 'ਚ ਪੁਟਾਈ ਲਈ ਤਿਆਰ ਹੋ ਜਾਂਦੀ ਹੈ | ਫੁੱਲ ਗੋਭੀ ਦੀ ਸਫ਼ਲ ਕਾਸ਼ਤ ਲਈ ਠੰਢਾ ਤੇ ਹਲਕਾ ਮੌਸਮ ਸਭ ਤੋਂ ਅਨੁਕੂਲ ਹੈ |
ਬੰਦਗੋਭੀ ਵੀ ਠੰਢੇ ਤੇ ਨਮੀ ਵਾਲੇ ਮੌਸਮ 'ਚ ਵਧੀਆ ਵਾਧਾ ਕਰਦੀ ਹੈ | ਇਸ ਦੀ ਫ਼ਸਲ ਭਾਵੇਂ ਘੱਟ ਤੇ ਵੱਧ ਤਾਪਮਾਨ ਦੋਵੇਂ ਹੀ ਸਹਿ ਸਕਦੀ ਹੈ | ਪਰ ਖ਼ੁਸ਼ਕ ਮੌਸਮ ਇਸ ਦੀ ਗੁਣਵੱਤਾ 'ਤੇ ਮਾੜਾ ਪ੍ਰਭਾਵ ਪਾਉਂਦਾ ਹੈ | ਬ੍ਰੋਕਲੀ ਵੀ ਠੰਢੇ ਤੇ ਨਮੀ ਵਾਲੇ ਮੌਸਮ 'ਚ ਵਧੀਆ ਪੈਦਾਵਾਰ ਦਿੰਦੀ ਹੈ | ਗੋਭੀ ਜਾਤੀ ਦੀਆਂ ਕਿਸਮਾਂ ਲਈ ਖਾਦਾਂ ਤੇ ਸਿੰਜਾਈ ਦੀ ਲੋੜ ਇਕੋ ਜਿਹੀ ਹੈ | ਗੋਭੀ ਦੀ ਫ਼ਸਲ ਤੇ ਮੌਸਮ ਅਨੁਸਾਰ ਤਣਾ ਛੇਦਕ, ਚਮਕੀਲੀ ਪਿੱਠ ਵਾਲਾ ਪਤੰਗਾ, ਤੰਬਾਕੂ ਦੀ ਸੁੰਡੀ, ਤੇਲਾ (ਚੇਪਾ) ਤੇ ਬੰਦਗੋਭੀ ਦੀ ਸੁੰਡੀ ਵਰਗੀ ਸੁੰਡੀਆਂ ਦਾ ਹਮਲਾ ਹੋ ਜਾਂਦਾ ਹੈ, ਜਿਨ੍ਹਾਂ ਦੀ ਰੋਕਥਾਮ ਲਈ ਸਿਫ਼ਾਰਸ਼ ਕੀਤੇ ਸਪਰੇਅ ਵਰਤਣੇ ਚਾਹੀਦੇ ਹਨ |
ਸਬਜ਼ੀਆਂ ਤੋਂ ਪ੍ਰਾਪਤ ਕੀਤੇ ਵਿਟਾਮਿਨ ਅਜਿਹੇ ਤੱਤ ਹਨ, ਜੋ ਸਾਡੇ ਸਰੀਰ ਨੂੰ ਲਾਗ (ਇਨਫੈਕਸ਼ਨ) ਅਤੇ ਬਿਮਾਰੀਆਂ ਤੋਂ ਬਚਾਉਂਦੇ ਹਨ | ਇਹ ਪੌਸ਼ਟਿਕ ਤੱਤ ਮਿਲ ਕੇ ਬਿਹਤਰ ਸਿਹਤ, ਸੋਚਣ ਦੀ ਸ਼ਕਤੀ 'ਚ ਵਾਧਾ, ਕੰਮ ਕਰਨ ਦੀ ਸਮਰੱਥਾ ਤੇ ਸਮੁੱਚੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ |
ਈਮੇਲ : bhagwandass226@gmail.com